ਪਟਿਆਲਾ (ਬਲਜਿੰਦਰ) - ਡੇਰਾ ਸਿਰਸਾ ਮੁਖੀ ਸਬੰਧੀ 25 ਅਗਸਤ ਨੂੰ ਆਉਣ ਵਾਲੇ ਫੈਸਲੇ ਤੋਂ ਪਹਿਲਾਂ ਪਟਿਆਲਾ ਪੁਲਸ ਪੱਬਾਂ ਭਾਰ ਹੋ ਗਈ ਹੈ। ਤਿੰਨ ਦਿਨ ਪਹਿਲਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ 'ਤੇ ਡੀ. ਜੀ. ਪੀ. ਸ਼੍ਰੀ ਸੁਰੇਸ਼ ਅਰੋੜਾ ਪਟਿਆਲਾ ਪਹੁੰਚੇ। ਉਨ੍ਹਾਂ ਪਹਿਲਾਂ ਹਵਾਈ ਸਰਵੇਖਣ ਕੀਤਾ। ਇਸ ਤੋਂ ਬਾਅਦ ਸ਼੍ਰੀ ਅਰੋੜਾ, ਏ. ਡੀ. ਜੀ. ਪੀ. ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ ਤੇ ਏ. ਡੀ. ਜੀ. ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਨੇ ਐੈੱਸ. ਐੈੱਚ. ਓ. ਰੈਂਕ ਤੱਕ ਸਮੁੱਚੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਪੂਰੀ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ। ਇਸ ਤੋਂ ਇਲਾਵਾ ਸਮੁੱਚੇ ਅਧਿਕਾਰੀਆਂ ਤੋਂ ਫੀਡਬੈਕ ਵੀ ਲਈ।
ਮੀਟਿੰਗ ਤੋਂ ਬਾਅਦ ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਨੇ ਦੱਸਿਆ ਕਿ ਪਟਿਆਲਾ ਪੁਲਸ ਪੂਰੀ ਤਰ੍ਹਾਂ ਤਿਆਰ ਹੈ। ਅੱਜ ਸ਼ਾਮ ਤੱਕ ਪੈਰਾ-ਮਿਲਟਰੀ ਫੋਰਸ ਪਟਿਆਲਾ ਪਹੁੰਚ ਜਾਵੇਗੀ। ਉਨ੍ਹਾਂ ਦੱਸਿਆ ਕਿ 25 ਅਗਸਤ ਨੂੰ ਹਰਿਆਣਾ ਨਾਲ ਲਗਦੇ ਸਮੁੱਚੇ ਬਾਰਡਰ ਨੂੰ ਸੀਲ ਕਰ ਦਿੱਤਾ ਜਾਵੇਗਾ। ਇਸ ਦੀਆਂ ਤਿਆਰੀਆਂ ਲਈ ਅੱਜ ਪੰਜਾਬ ਤੇ ਹਰਿਆਣਾ ਅਧਿਕਾਰੀਆਂ ਦੀ ਇਕ ਇੰਟਰ ਸਟੇਟ ਮੀਟਿੰਗ ਵੀ ਹੋਈ। ਸਮੁੱਚੇ ਮਾਮਲੇ ਦੀ ਵੀਡੀਓਗ੍ਰਾਫੀ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ। ਸਮੁੱਚੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਡੇਰਾ ਪ੍ਰੇਮੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰਾ ਬਣਾ ਕੇ ਰੱਖਣ। ਸਰਕਾਰ ਵੱਲੋਂ 25 ਅਗਸਤ ਨੂੰ ਕਿਸੇ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ। ਇਸ ਸਬੰਧੀ ਚੀਫ ਸੈਕਟਰੀ ਵੱਲੋਂ ਪ੍ਰਭਾਵਿਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ 'ਤੇ ਸਮੁੱਚੀ ਸਥਿਤੀ ਦਾ ਜਾਇਜ਼ਾ ਲਿਆ।
5000 ਤੋਂ ਉੱਪਰ ਗਰੇਡ ਵਾਲੇ ਅਧਿਕਾਰੀਆਂ ਨੂੰ ਮਿਲੀਆਂ ਐਗਜ਼ੈਕਟਿਵ ਪਾਵਰਾਂ
ਸਰਕਾਰ ਨੇ ਹਰ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ 5000 ਤੋਂ ਉੱਪਰ ਗਰੇਡ ਵਾਲੇ ਸਮੁੱਚੇ ਅਧਿਕਾਰੀਆਂ ਨੂੰ ਐਗਜ਼ੈਕਟਿਵ ਪਾਵਰਾਂ ਦੇ ਦਿੱਤੀਆਂ ਹਨ। ਇਸ ਤੋਂ ਪਹਿਲਾਂ ਐੱਸ. ਡੀ. ਐੈੱਮ. ਅਤੇ ਤਹਿਸੀਲਦਾਰ ਤੱਕ ਹੀ ਮੈਜਿਸਟ੍ਰੇਟ ਦੀਆਂ ਐਗਜ਼ੈਕਟਿਵ ਪਾਵਰਾਂ ਹੁੰਦੀਆਂ ਸਨ ਕਿਉਂਕਿ ਐੱਸ. ਡੀ. ਐੈੱਮ. ਤੇ ਤਹਿਸੀਲਦਾਰ ਅਧੀਨ ਬਹੁਤ ਵੱਡਾ ਏਰੀਆ ਆ ਜਾਂਦਾ ਹੈ। ਕਿਸੇ ਵੀ ਥਾਂ 'ਤੇ ਕੋਈ ਫੈਸਲਾ ਲੈਣ ਲਈ 5000 ਤੋਂ ਉੱਪਰ ਜਿਹੜੇ ਵੀ ਸਰਕਾਰੀ ਅਫਸਰਾਂ ਦਾ ਗਰੇਡ ਹੈ, ਉਨ੍ਹਾਂ ਨੂੰ 30 ਸਤੰਬਰ ਤੱਕ ਐਗਜ਼ੈਕਟਿਵ ਮੈਜਿਸਟ੍ਰੇਟ ਦੀਆਂ ਪਾਵਰਾਂ ਦਿੱਤੀਆਂ ਗਈਆਂ ਹਨ। ਇਸ ਨਾਲ ਕਿਸੇ ਵੀ ਸਮੇਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਇਸ ਦਾਇਰੇ ਵਿਚ ਆਉਣ ਵਾਲੇ ਅਧਿਕਾਰੀ ਡਿਪਟੀ ਕਮਿਸ਼ਨਰ ਦੇ ਹੁਕਮਾਂ ਨਾਲ ਕਿਤੇ ਵੀ ਆਪਣੀਆਂ ਐਗਜ਼ੈਕਟਿਵ ਪਾਵਰਾਂ ਇਸਤੇਮਾਲ ਕਰ ਸਕਦੇ ਹਨ। ਇਹ ਫੈਸਲਾ ਐਮਰਜੈਂਸੀ ਸਥਿਤੀਆਂ ਵਿਚ ਹੀ ਲਿਆ ਜਾਂਦਾ ਹੈ।
ਸਿਵਲ ਤੇ ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ
ਸਰਕਾਰ ਨੇ 25 ਅਗਸਤ ਨੂੰ ਆਉਣ ਵਾਲੇ ਫੈਸਲੇ ਸਬੰਧੀ ਕਿਸੇ ਤਰ੍ਹਾਂ ਦੇ ਗੰਭੀਰ ਹਾਲਾਤ ਪੈਦਾ ਹੋਣ ਦੀ ਸਥਿਤੀ ਦੇ ਮੱਦੇਨਜ਼ਰ ਸਿਵਲ ਤੇ ਪੁਲਸ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੂੰ ਆਪਣੇ ਸਟੇਸ਼ਨਾਂ 'ਤੇ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਾਰੇ ਐੱਸ. ਡੀ. ਐੈੱਮ. ਅਤੇ ਇਸ ਤੋਂ ਹੇਠਾਂ ਦੇ ਅਧਿਕਾਰੀਆਂ ਨੂੰ ਪਿੰਡ-ਪਿੰਡ ਜਾ ਕੇ ਮੋਹਤਬਰ ਵਿਅਕਤੀਆਂ ਨਾਲ ਰਾਬਤਾ ਬਣਾਉਣ ਲਈ ਕਿਹਾ ਗਿਆ ਹੈ ਤਾਂ ਕਿ ਆਪਸੀ ਭਾਈਚਾਰਾ ਅਤੇ ਸ਼ਾਂਤੀ ਬਣੀ ਰਹੇ।
ਐਮਰਜੈਂਸੀ ਹਾਲਾਤ ਲਈ ਬਣਾਏ ਗਏ ਹੈਲੀਪੈਡ
ਐਮਰਜੈਂਸੀ ਹਾਲਾਤ ਲਈ ਹੈਲੀਪੈਡ ਬਣਾਏ ਗਏ ਹਨ। ਅਜਿਹੇ ਹਾਲਾਤ ਵਿਚ ਸੜਕਾਂ ਜਾਮ ਕਰ ਦਿੱਤੀਆਂ ਜਾਂਦੀਆਂ ਹਨ। ਇਸ ਦੀ ਪੁਸ਼ਟੀ ਪੁਲਸ ਪ੍ਰਸ਼ਾਸਨ ਵੱਲੋਂ ਅਜੇ ਨਹੀਂ ਕੀਤੀ ਜਾ ਰਹੀ ਪਰ ਪੁਲਸ ਨੇ ਕਿਸੇ ਵੀ ਥਾਂ 'ਤੇ ਲੋੜੀਂਦੀ ਫੋਰਸ ਪਹੁੰਚਾਉਣ ਲਈ ਕੁੱਝ ਹੈਲੀਪੈਡ ਬਣਾਏ ਹਨ।
ਸੜਕ ਹਾਦਸੇ 'ਚ ਰਾਹਗੀਰ ਦੀ ਦਰਦਨਾਕ ਮੌਤ
NEXT STORY