ਚੰਡੀਗੜ੍ਹ, (ਰਮਨਜੀਤ)- ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਲਗਭਗ 2 ਮਹੀਨਿਆਂ ਤੋਂ ਪੰਜਾਬ ਵਿਚ ਅਤੇ ਹੁਣ ਕੌਂਮੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚ ਚੁੱਕੇ ਕਿਸਾਨ ਅੰਦੋਲਨ ਨੂੰ ਮਿਲ ਰਹੇ ਸਮਰਥਨ ਦਾ ਘੇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੂੰ ਨਾ ਸਿਰਫ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਸਮਾਜਕ ਅਤੇ ਭਾਵਨਾਤਮਕ ਸਮਰਥਨ ਹਾਸਲ ਹੋ ਰਿਹਾ ਹੈ, ਸਗੋਂ ਵਿਦੇਸ਼ਾਂ ਵਿਚ ਵੀ ਇਸ ਦੇ ਪੱਖ ਵਿਚ ਆਵਾਜ਼ ਬੁਲੰਦ ਹੋ ਰਹੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਉਨ੍ਹਾਂ ਦੇ ਸਮਰਥਨ ਨੂੰ ਭਾਰਤ ਸਰਕਾਰ ਨੇ ਗੈਰ-ਜ਼ਰੂਰੀ ਕਰਾਰ ਦਿੱਤਾ। ਵਿਦੇਸ਼ਾਂ ਵਿਚ ਅੰਦੋਲਨ ਦੀ ਚਰਚਾ ਨਾਲ ਨਾ ਸਿਰਫ ਕਿਸਾਨ ਸੰਗਠਨਾਂ ਨੂੰ ਹੌਂਸਲਾ ਮਿਲਿਆ ਹੈ, ਸਗੋਂ ਗਲੋਬਲ ਹੋ ਰਹੇ ਇਸ ਪ੍ਰਦਰਸ਼ਨ ਨੂੰ ਵੇਖ ਨੌਜਵਾਨਾਂ ਦੀ ਹਿੱਸੇਦਾਰੀ ਵੀ ਵੱਧ ਰਹੀ ਹੈ।
ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਸ਼ੁਰੂ ਹੋਏ ਸ਼ਾਂਤਮਈ ਕਿਸਾਨ ਅੰਦੋਲਨ ਦੀ ਚਰਚਾ ਨਾ ਸਿਰਫ ਏਸ਼ੀਆ ਪੈਸੀਫਿਕ, ਸਗੋਂ 7 ਸਮੁੰਦਰੋਂ ਪਾਰ ਅਮਰੀਕੀ ਮਹਾਦੀਪ ਦੇ ਦੇਸ਼ਾਂ ਵਿਚ ਵੀ ਛਿੜੀ ਹੋਈ ਹੈ। ਕੈਨੇਡਾ ਦੇ ਸ਼ਹਿਰਾਂ ਵੈਨਕੂਵਰ, ਸਰੀ, ਟੋਰਾਂਟੋ, ਓਟਾਵਾ ਅਤੇ ਅਮਰੀਕੀ ਰਾਜਾਂ, ਜਿਨ੍ਹਾਂ ਵਿਚ ਕੈਲੀਫੋਰਨੀਆ ਤੋਂ ਲੈ ਕੇ ਨਿਊਯਾਰਕ ਤੱਕ ਸ਼ਾਮਿਲ ਹਨ, ’ਚ ਵੀ ਅੰਦੋਲਨਕਾਰੀ ਕਿਸਾਨਾਂ ਦੇ ਸਮਰਥਨ ਵਿਚ ਪ੍ਰਦਰਸ਼ਨ ਅਤੇ ਕਾਰ ਰੈਲੀਆਂ ਹੋ ਰਹੀਆਂ ਹਨ। ਭਾਰਤੀ ਮੂਲ ਦੇ ਲੋਕਾਂ ਦੀ ਚੰਗੀ-ਖਾਸੀ ਹਾਜ਼ਰੀ ਹੋਣ ਕਾਰਣ ਯੂਰਪੀ ਦੇਸ਼ਾਂ ਵਿਚ ਵੀ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਹੈ। ਉੱਥੇ ਹੀ, ਆਸਟ੍ਰੇਲੀਅਨ ਮਹਾਦੀਪ ’ਤੇ ਵੀ ਭਾਰਤ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਲੋਕਾਂ ਨੇ ਰੋਸ ਰੈਲੀਆਂ ਦਾ ਆਯੋਜਨ ਕੀਤਾ ਹੈ।
ਓਧਰ, ਗੁਆਂਢੀ ਦੇਸ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ, ਜਿਸ ’ਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ। ਕਿਸਾਨ ਅੰਦੋਲਨ ਦੇ ਸਮਰਥਨ ਵਿਚ ਜਿਨ੍ਹਾਂ ਦੇਸ਼ਾਂ ਵਿਚ ਪ੍ਰਦਰਸ਼ਨ ਹੋ ਰਹੇ ਹਨ, ਉਹ ਉਹੀ ਦੇਸ਼ ਹੈ, ਜਿਥੇ ਪੰਜਾਬੀ ਮੂਲ ਦੇ ਲੋਕਾਂ ਦੀ ਆਬਾਦੀ ਚੰਗੀ-ਖਾਸੀ ਹੈ।
‘ਭਾਰਤੀ ਦੂਤਘਰਾਂ ਨੂੰ ਦੇਣੀ ਪੈ ਰਹੀ ਹੈ ਸਫ਼ਾਈ’
ਲਗਭਗ ਇਕ ਹਫਤੇ ਤੋਂ ਦਿੱਲੀ ਦੀਆਂ ਹੱਦਾਂ ’ਤੇ ਡੇਰਾ ਲਾਈ ਬੈਠੇ ਕਿਸਾਨਾਂ ਦੇ ਸਮਰਥਨ ਅਤੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ਰੋਕਣ ਲਈ ਵਰਤੀ ਗਈ ਤਾਕਤ ਖਿਲਾਫ ਦੇਸ਼ਾਂ-ਵਿਦੇਸ਼ਾਂ ਵਿਚ ਹੋ ਰਹੇ ਪ੍ਰਦਰਸ਼ਨਾਂ ਦੇ ਕਾਰਨ ਭਾਰਤ ਸਰਕਾਰ ਨੂੰ ਵਿਦੇਸ਼ਾਂ ਵਿਚ ਆਪਣੇ ਦੂਤਘਰਾਂ ਨੂੰ ਇਸ ਮਾਮਲੇ ਵਿਚ ਸਰਗਰਮ ਕਰਨਾ ਪਿਆ। ਕੈਨੇਡਾ, ਫ਼ਰਾਂਸ, ਚੀਨ, ਪਾਕਿਸਤਾਨ, ਯੂ. ਕੇ. ਅਤੇ ਕੁਝ ਹੋਰ ਦੇਸ਼ਾਂ ਵਿਚ ਸਥਿਤ ਦੂਤਘਰਾਂ ਨੂੰ ਨਵੇਂ ਖੇਤੀ ਕਾਨੂੰਨਾਂ ’ਤੇ ਫੈਲਾਏ ਜਾ ਭੁਲੇਖੇ ਦੂਰ ਕਰਨ ਲਈ ‘ਫੈਕਟਸ ਐਂਡ ਮਿਥਸ’ ਕੈਂਪੇਨ ਚਲਾਉਣਾ ਪਿਆ। ਇਸ ਦੇ ਜ਼ਰੀਏ ਨਵੇਂ ਖੇਤੀ ਕਾਨੂੰਨਾਂ ਬਾਰੇ ਤੱਥਾਂ ਸਮੇਤ ਜਾਣਕਾਰੀ ਸਾਂਝੀ ਕਰ ਕੇ ਭਰਮ ਦੀ ਕਾਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
‘ਖੁਫ਼ੀਆ ਏਜੰਸੀਆਂ ਹੋਈਆਂ ਚੌਕਸ’
ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਮਿਲ ਰਹੇ ਸਮਰਥਨ ਨੂੰ ਵੇਖਦੇ ਹੋਏ ਭਾਰਤੀ ਖੁਫੀਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਇਹ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਤੇ ਕਿਸਾਨ ਅੰਦੋਲਨ ਦੇ ਸਮਰਥਨ ਦੀ ਆੜ ਵਿਚ ਵਿਦੇਸ਼ਾਂ ਵਿਚ ਬੈਠੇ ਅੱਤਵਾਦੀ ਸਮਰਥਕ ਗਰੁੱਪਾਂ ਵਲੋਂ ਭਾਰਤ ਵਿਚ ਗੜਬੜੀ ਫੈਲਾਉਣ ਦੀ ਕੋਸ਼ਿਸ਼ ਨਾ ਕੀਤਾ ਜਾਵੇ। ਕਿਸਾਨ ਸੰਗਠਨਾਂ ਨੂੰ ਵਿਦੇਸ਼ਾਂ ਤੋਂ ਮਿਲ ਰਹੀ ਆਰਥਿਕ ਸਹਾਇਤਾ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਇਹ ਯਕੀਨੀ ਕੀਤਾ ਜਾ ਰਿਹਾ ਹੈ ਕਿ ਵਿਦੇਸ਼ੀ ਆਰਥਿਕ ਸਹਾਇਤਾ ਦਾ ਇਸਤੇਮਾਲ ਕਿਸਾਨ ਅੰਦੋਲਨ ਤੋਂ ਇਲਾਵਾ ਕਿਸੇ ਗੈਰ-ਸਮਾਜਿਕ ਗਤੀਵਿਧੀ ਵਿਚ ਨਾ ਹੋਵੇ। ਧਿਆਨ ਰਹੇ ਕਿ ਕਿਸਾਨ ਅੰਦੋਲਨ ਦੌਰਾਨ ਹੀ ਭਾਰਤ ਵਲੋਂ ਪਾਬੰਦੀਸ਼ੁਦਾ 'ਸਿੱਖਸ ਫਾਰ ਜਸਟਿਸ' ਨਾਮਕ ਅੱਤਵਾਦੀ ਸੰਗਠਨ ਨੇ ਕਿਸਾਨਾਂ ਨੂੰ ਆਰਥਿਕ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਕਿਉਂਕਿ ਸੰਗਠਨ ਕਾਫ਼ੀ ਸਮੇਂ ਤੋਂ ਪੰਜਾਬ ਵਿਚ ਦਹਿਸ਼ਤਗਰਦ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਇਸ ਲਈ ਪੰਜਾਬ ਪੁਲਸ ਅਤੇ ਦੇਸ਼ ਦੀਆਂ ਖੁਫੀਆ ਏਜੰਸੀਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਪਿਆ ਹੈ।
ਇਹ ਵੀ ਪੜ੍ਹੋ- ਸ਼ਾਹਕੋਟ ਦੇ ਪਤੀ-ਪਤਨੀ ਤੇ 19 ਦਿਨਾਂ ਬੱਚੀ ਦੀ ਆਸਟ੍ਰੇਲੀਆ ’ਚ ਅੱਗ ਲੱਗਣ ਕਾਰਨ ਮੌਤ
‘ਗਾਇਕਾਂ ਅਤੇ ਕਲਾਕਾਰਾਂ ਦੀ ਸਰਗਰਮੀ ਨਾਲ ਵੀ ਵਧਿਆ ਸਮਰਥਨ’
ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਸਾਨ ਅੰਦੋਲਨ ਨੂੰ ਇਸ ਵਾਰ ਨੌਜਵਾਨ ਪੀੜ੍ਹੀ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸ ਵਿਚ ਜਿਥੇ ਕਿਸਾਨ ਸੰਗਠਨਾਂ ਵਲੋਂ ਕਈ ਮਹੀਨਿਆਂ ਤੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੀ ਵੱਡੀ ਹਿੱਸੇਦਾਰੀ ਰਹੀ ਹੈ, ਉਥੇ ਹੀ ਪੰਜਾਬੀ ਗੀਤ-ਸੰਗੀਤ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਦੇ ਯੋਗਦਾਨ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਸਾਨਾਂ ਦੇ ਪ੍ਰੋਗਰਾਮ ਤਹਿਤ ਹੀ ਸ਼ੰਭੂ ਬਾਰਡਰ ’ਤੇ ਲੱਗੇ ਪੱਕੇ ਮੋਰਚੇ ਵਿਚ ਕਈ ਪੰਜਾਬੀ ਗਾਇਕਾਂ ਅਤੇ ਫਿਲਮੀ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ ਅਤੇ ਨੌਜਵਾਨਾਂ ਦੇ ਸਮਰਥਨ ਨਾਲ ਲਗਾਤਾਰ ਮੋਰਚੇ ਨੂੰ ਮਜ਼ਬੂਤ ਕੀਤਾ। ਦਿਲਜੀਤ ਦੋਸਾਂਝ ਅਤੇ ਗੁਰਦਾਸ ਮਾਨ ਤੋਂ ਲੈ ਕੇ ਕੰਵਰ ਗਰੇਵਾਲ ਅਤੇ ਹੋਰ ਕਲਾਕਾਰਾਂ ਨੇ ਨਾ ਸਿਰਫ ਪੰਜਾਬ ਸਗੋਂ ਦੇਸ਼ ਭਰ ਦੇ ਲੋਕਾਂ ਨੂੰ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਦਿੱਲੀ ਬਾਰਡਰ ’ਤੇ ਲੱਗੇ ਮੋਰਚਿਆਂ ’ਤੇ ਵੀ ਇਕ ਹਫ਼ਤੇ ਦੌਰਾਨ ਕਈ ਗਾਇਕ ਅਤੇ ਕਲਾਕਾਰ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਗਾਇਕਾਂ ਅਤੇ ਕਲਾਕਾਰਾਂ ’ਤੇ ਵਿਦੇਸ਼ਾਂ ਵਿਚ ਵੱਸੇ ਪੰਜਾਬੀਆਂ ਵਲੋਂ ਸਮਰਥਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਵਿਦੇਸ਼ੀ ਧਰਤੀ ’ਤੇ ਫਿਲਮਾਂ ਅਤੇ ਲਾਈਵ ਸ਼ੋਅ ਨੂੰ ਹੋਣ ਵਾਲੀ ਕਮਾਈ ਦੇ ਮੱਦੇਨਜ਼ਰ ਕਲਾਕਾਰ ਅੰਦੋਲਨ ਵਿਚ ‘ਸਮਾਜਿਕ ਅਤੇ ਨੈਤਿਕ’ ਜ਼ਿੰਮੇਵਾਰੀ ਨਿਭਾਉਣ ਪਹੁੰਚ ਰਹੇ ਹਨ।
ਕਿਸਾਨ ਅੰਦੋਲਨ ਨੂੰ ਕੌਮਾਂਤਰੀ ਪੱਧਰ 'ਤੇ ਮਿਲ ਰਿਹੈ ਭਾਰੀ ਸਮਰਥਨ ਸਬੰਧੀ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਨਾਲ 7 ਮਰੀਜ਼ਾਂ ਦੀ ਮੌਤ, 111 ਪਾਜ਼ੇਟਿਵ
NEXT STORY