ਜਲੰਧਰ (ਧਵਨ) — ਪੰਜਾਬ 'ਚ ਸਾਬਕਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ 1000 ਕਰੋੜ ਦੇ ਸਿੰਚਾਈ ਘਪਲੇ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਨੇ ਤੇਜ਼ ਕਰ ਦਿੱਤੀ ਹੈ। ਵਿਜੀਲੈਂਸ ਦੇ ਡਾਇਰੈਕਟਰ ਬੀ. ਕੇ. ਉੱਪਲ ਨੇ ਪਿਛਲੇ ਦਿਨੀਂ ਇਸ ਸਬੰਧ 'ਚ ਆਪਣੀ ਰਿਪੋਰਟ ਸੂਬੇ ਦੇ ਮੁੱਖ ਸਕੱਤਰ ਨਾਲ ਸਾਂਝੀ ਕੀਤੀ ਸੀ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਵਿਜੀਲੈਂਸ ਬਿਊਰੋ ਨੇ ਇਸ ਬਹੁ-ਕਰੋੜੀ ਘਪਲੇ ਨਾਲ ਸਬੰਧਤ ਸਰਕਾਰੀ ਕਾਗਜ਼ਾਤ ਨੂੰ ਚੰਡੀਗੜ੍ਹ ਤਲਬ ਕਰ ਲਿਆ ਹੈ। ਵੱਖ-ਵੱਖ ਜ਼ਿਲਿਆਂ 'ਚ ਕੰਮ ਕਰ ਰਹੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਘਪਲੇ ਨਾਲ ਜੁੜੇ ਸਾਰੇ ਕਾਗਜ਼ਾਤ ਚੰਡੀਗੜ੍ਹ ਪਹੁੰਚਾਉਣ ਲਈ ਕਿਹਾ ਗਿਆ ਹੈ।
1000 ਕਰੋੜ ਦੇ ਇਸ ਘਪਲੇ ਨੂੰ ਲੈ ਕੇ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਹਰੀ ਝੰਡੀ ਲੈਣ ਤੋਂ ਬਾਅਦ ਕੇਸ ਦਰਜ ਕੀਤਾ ਸੀ। ਘਪਲੇ ਦਾ ਮੁੱਖ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਤੇ 6 ਹੋਰ ਮੁਲਜ਼ਮ ਇਸ ਸਮੇਂ ਫਰਾਰ ਹਨ ਕਿਉਂਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਇਸ ਘਪਲੇ ਨੂੰ ਲੈ ਕੇ ਕਈ ਅਧਿਕਾਰੀ ਵੀ ਜਾਂਚ ਦੇ ਘੇਰੇ 'ਚ ਆ ਸਕਦੇ ਹਨ, ਜੋ ਇਸ ਸਮੇਂ ਸਿੰਚਾਈ ਵਿਭਾਗ 'ਚ ਕੰਮ ਕਰ ਰਹੇ ਹਨ।
ਦੱਸਿਆ ਜਾਂਦਾ ਹੈ ਕਿ ਉਪਰੋਕਤ ਠੇਕੇਦਾਰ ਦਾ ਕੰਮ ਪੂਰੇ ਪੰਜਾਬ 'ਚ ਫੈਲਿਆ ਹੋਇਆ ਸੀ, ਇਸ ਲਈ ਵਿਜੀਲੈਂਸ ਤੇ ਸਿੰਚਾਈ ਵਿਭਾਗ ਨੇ ਪੂਰੇ
ਪੰਜਾਬ ਨਾਲ ਸਬੰਧਤ ਠੇਕੇਦਾਰਾਂ ਵਲੋਂ ਕਰਵਾਏ
ਗਏ ਕੰਮਾਂ ਨੂੰ ਲੈ ਕੇ ਸਾਰੇ ਕਾਗਜ਼ ਚੰਡੀਗੜ੍ਹ ਮੰਗਵਾਏ ਹਨ। ਦੱਸਿਆ ਜਾਂਦਾ ਹੈ ਕਿ ਵਿਜੀਲੈਂਸ ਵਲੋਂ ਇਸ ਘਪਲੇ ਦੀ ਜਾਂਚ ਨੂੰ ਹੋਰ ਤੇਜ਼ ਕਰ ਕੇ ਇਸ ਨੂੰ ਅੰਜਾਮ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਜੀਲੈਂਸ ਦੀ ਜਾਂਚ ਤੇਜ਼ ਹੋਣ ਤੋਂ ਬਾਅਦ ਘਪਲੇ 'ਚ ਪ੍ਰਤੱਖ ਤੇ ਅਪ੍ਰਤੱਖ ਤੌਰ 'ਤੇ ਸ਼ਾਮਲ ਹੋਰ ਲੋਕਾਂ 'ਚ ਵੀ ਹਲਚਲ ਮਚੀ ਹੋਈ ਹੈ। ਮੁੱਖ ਮੁਲਜ਼ਮ ਤੇ ਠੇਕੇਦਾਰ ਜੇਕਰ ਵਿਜੀਲੈਂਸ ਦੀ ਪਕੜ 'ਚ ਆ ਗਿਆ ਤਾਂ ਕਈ ਮਹੱਤਵਪੂਰਨ ਰਹੱਸ ਸਾਹਮਣੇ ਆਉਣ ਦੀ ਸੰਭਾਵਨਾ ਹੈ। ਪਤਾ ਲੱਗਾ ਹੈ ਕਿ ਅਗਲੇ 4-5 ਦਿਨਾਂ ਤਕ ਚੰਡੀਗੜ੍ਹ 'ਚ ਸਿੰਚਾਈ ਘਪਲੇ ਦੀ ਜਾਂਚ ਨੂੰ ਲੈ ਕੇ ਕਾਫੀ ਹਲਚਲ ਰਹਿਣ ਵਾਲੀ ਹੈ। ਵੱਖ-ਵੱਖ ਜ਼ਿਲਿਆਂ ਤੋਂ ਅਧਿਕਾਰੀਆਂ ਨੂੰ ਅਗਲੇ ਕੁਝ ਦਿਨਾਂ ਤਕ ਚੰਡੀਗੜ੍ਹ 'ਚ ਡੇਰਾ ਲਾਉਣ ਦੇ ਨਿਰੇਦਸ਼ ਜਾਰੀ ਕਰ ਦਿੱਤੇ ਗਏ ਹਨ।
ਜਲੰਧਰੋਂ ਕੁੱਲੂ ਮਨਾਲੀ ਗਏ 5 ਦੋਸਤ ਹੋਏ ਹਾਦਸੇ ਦਾ ਸ਼ਿਕਾਰ, 1 ਦੀ ਮੌਤ
NEXT STORY