ਜਲੰਧਰ (ਅਨਿਲ ਪਾਹਵਾ)– ਪੰਜਾਬ ਦੇ ਸਿਆਸੀ ਗਲਿਆਰਿਆਂ ’ਚ ਇਨ੍ਹੀਂ ਦਿਨੀਂ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਦਾ ਬੋਲਬਾਲਾ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਭਾਜਪਾ ਤਕ ਵਿਚ ਇਨ੍ਹਾਂ ਚੋਣਾਂ ਸਬੰਧੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਇਕ-ਦੂਜੇ ’ਤੇ ਦੋਸ਼ ਲੱਗ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਜਿੱਥੇ ਬੀਬੀ ਜਗੀਰ ਕੌਰ ਦੇ ਮੈਦਾਨ ’ਚ ਉਤਰਨ ਤੋਂ ਖਫ਼ਾ ਹੈ, ਉੱਥੇ ਹੀ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਬੀਬੀ ਜਗੀਰ ਕੌਰ ਦੀ ਰਣਨੀਤੀ ਪਿੱਛੇ ਇਕਬਾਲ ਸਿੰਘ ਲਾਲਪੁਰਾ ਦਾ ਨਾਂ ਲੈ ਕੇ ਬਾਕਾਇਦਾ ਕਹਿ ਰਹੇ ਹਨ ਕਿ ਪੂਰੀ ਬਿਸਾਤ ਉਨ੍ਹਾਂ ਦੀ ਵਿਛਾਈ ਹੋਈ ਹੈ। ਇਸ ਦੇ ਨਾਲ ਹੀ ਕਈ ਹੋਰ ਮਸਲਿਆਂ ’ਤੇ ਅਸੀਂ ਇਕਬਾਲ ਸਿੰਘ ਲਾਲਪੁਰਾ ਨਾਲ ਗੱਲਬਾਤ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਮੁੱਖ ਅੰਸ਼ :
•ਸਿੱਖ ਸਿਆਸਤ ਦਾ ਕੇਂਦਰੀਕਰਨ ਕੀ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ?
ਮੈਂ ਪਿਛਲੇ 63 ਸਾਲਾਂ ਤੋਂ ਇਕ ਅੰਮ੍ਰਿਤਧਾਰੀ ਸਿੱਖ ਹਾਂ। ਮੇਰੀ ਸਿੱਖ ਧਰਮ ਵਿਚ ਪੂਰੀ ਆਸਥਾ ਹੈ। ਮੈਂ ਇਹ ਵੀ ਜਾਣਦਾ ਹਾਂ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਧਰਮ ਦੇ ਮਾਮਲੇ ’ਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਮੈਂ ਜਿਸ ਪਾਰਟੀ ਜਾਂ ਸੰਸਥਾ ਨਾਲ ਸਬੰਧ ਰੱਖਦਾ ਹਾਂ, ਉਹ ਵੀ ਕਿਸੇ ਧਰਮ ਜਾਂ ਧਾਰਮਿਕ ਸੰਸਥਾ ਵਿਚ ਦਖਲਅੰਦਾਜ਼ੀ ਨਹੀਂ ਕਰਦੀ। ਮੈਂ ਤਾਂ ਕੌਮੀ ਘੱਟਗਿਣਤੀ ਕਮਿਸ਼ਨ ਦਾ ਪ੍ਰਧਾਨ ਬਣਨ ਪਿੱਛੋਂ ਆਪਣਾ ਧਾਰਮਿਕ ਅਹੁਦਾ ਵੀ ਇਸ ਲਈ ਛੱਡ ਦਿੱਤਾ।
ਇਹ ਵੀ ਪੜ੍ਹੋ : ਪੰਜ ਤੱਤਾਂ ’ਚ ਵਿਲੀਨ ਹੋਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ, ਅੰਤਿਮ ਯਾਤਰਾ ’ਚ ਸਮਰਥਕਾਂ ਦਾ ਉਮੜਿਆ ਹਜੂਮ
•ਤੁਹਾਡੇ ’ਤੇ ਐੱਸ. ਜੀ. ਪੀ. ਸੀ. ਦੇ ਮੈਂਬਰਾਂ ਨੂੰ ਲਾਲਚ ਦੇਣ ਦਾ ਦੋਸ਼ ਲੱਗਾ ਹੈ?
ਮੈਂ ਅੱਜ ਲਗਭਗ 4 ਮਹੀਨਿਆਂ ਬਾਅਦ ਪੰਜਾਬ ਆਇਆ ਹਾਂ। ਪੀ. ਐੱਮ. ਨਰਿੰਦਰ ਮੋਦੀ ਨੂੰ ਰਿਸੀਵ ਕਰਨ ਲਈ ਮੈਂ ਇੱਥੇ ਆਇਆ ਹਾਂ। ਮੈਂ ਕਿਸੇ ਵੀ ਤਰ੍ਹਾਂ ਸਿਆਸੀ ਤੌਰ ’ਤੇ ਐਕਟਿਵ ਨਹੀਂ ਰਿਹਾ ਅਤੇ ਨਾ ਹੀ ਮੇਰੀ ਕੋਈ ਦਿਲਚਸਪੀ ਹੈ। ਅਸੀਂ ਭਾਜਪਾ ਵਾਲਿਆਂ ਨੇ ਨਾ ਹੀ ਕੋਈ ਉਮੀਦਵਾਰ ਖੜ੍ਹਾ ਕੀਤਾ ਹੈ ਅਤੇ ਨਾ ਹੀ ਭਾਜਪਾ ਨੂੰ ਐੱਸ. ਜੀ. ਪੀ. ਸੀ. ਚੋਣਾਂ ਵਿਚ ਕੋਈ ਦਿਲਚਸਪੀ ਹੈ। ਪਤਾ ਨਹੀਂ ਅਕਾਲੀ ਦਲ ਦੇ ਲੋਕਾਂ ਨੂੰ ਕਿਸ ਗੱਲ ਦੀ ਖੁੰਨਸ ਹੈ ਅਤੇ ਉਹ ਆਪਣਾ ਦਿਮਾਗੀ ਸੰਤੁਲਨ ਗੁਆ ਰਹੇ ਹਨ।
•ਕੀ ਐੱਸ. ਜੀ. ਪੀ. ਸੀ. ਦੇ ਮਾਧਿਅਮ ਰਾਹੀਂ ਸਿੱਖ ਪਾਲੀਟਿਕਸ ’ਚ ਐਂਟਰੀ ਕਰ ਰਹੀ ਹੈ ਭਾਜਪਾ?
1954 ’ਚ ਪਹਿਲੀ ਵਾਰ ਐੱਸ. ਜੀ. ਪੀ. ਸੀ. ਨੇ ਮੰਗ ਕੀਤੀ ਸੀ ਕਿ ਇਕ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ, ਜਿਸ ਵਿਚ ਦੇਸ਼ ਭਰ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਇਕ ਲੀਡਰ ਦੇ ਅਧੀਨ ਹੋਵੇ। ਕਈ ਯਤਨਾਂ ਤੋਂ ਬਾਅਦ ਵੀ ਇਹ ਨਹੀਂ ਬਣ ਸਕਿਆ। ਫਿਰ 1997-98 ’ਚ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੌਰਾਨ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਤਿਆਰੀ ਕੀਤੀ ਗਈ ਅਤੇ ਇਕ ਪ੍ਰਸਤਾਵ ਬਣਾ ਕੇ ਪ੍ਰਵਾਨਗੀ ਲਈ ਐੱਸ. ਜੀ. ਪੀ. ਸੀ. ਕੋਲ ਭੇਜ ਦਿੱਤਾ ਗਿਆ ਪਰ ਇਸ ਦੌਰਾਨ ਕਿਹਾ ਗਿਆ ਕਿ ਇਸ ਐਕਟ ਕਾਰਨ ਪੰਜਾਬ ’ਚ ਬਾਹਰਲੇ ਸੂਬਿਆਂ ਦੇ ਗੁਰਦੁਆਰਿਆਂ ਦੀ ਦਖਲਅੰਦਾਜ਼ੀ ਵਧ ਸਕਦੀ ਹੈ, ਜਿਸ ਕਾਰਨ ਇਸ ਨੂੰ ਡੰਪ ਕਰਵਾਉਣ ਦੀ ਮੰਗ ਕੀਤੀ ਗਈ। ਇਹ ਪ੍ਰਸਤਾਵ ਅਜੇ ਵੀ ਐੱਸ. ਜੀ. ਪੀ. ਸੀ. ਕੋਲ ਪਿਆ ਹੈ। ਸਹਿਜਧਾਰੀ ਪੰਥ ਦੇ ਪੱਖ ’ਚ ਵੋਟ ਕਰਦੇ ਰਹੇ ਹਨ ਪਰ ਇਨ੍ਹਾਂ ਨੇ ਨੋਟੀਫਿਕੇਸ਼ਨ ਜਾਰੀ ਕਰਨ ਲਈ ਕਿਹਾ, ਜਿਸ ਵਿਚ ਸਹਿਜਧਾਰੀ ਦਾ ਵੋਟ ਅਧਿਕਾਰ ਖਤਮ ਕਰਨ ਦੀ ਗੱਲ ਕਹੀ ਗਈ। ਅਟਲ ਜੀ ਦੀ ਸਰਕਾਰ ਨੇ ਉਸੇ ਵੇਲੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਸ ਤੋਂ ਬਾਅਦ 2011 ’ਚ ਮਾਣਯੋਗ ਅਦਾਲਤ ਨੇ ਇਸ ਨੋਟੀਫਿਕੇਸ਼ਨ ਨੂੰ ਗਲਤ ਕਰਾਰ ਦਿੱਤਾ ਅਤੇ ਸਹਿਜਧਾਰੀਆਂ ਦੇ ਵੋਟ ਅਧਿਕਾਰ ਨੂੰ ਖਤਮ ਕਰਨ ’ਤੇ ਵੀ ਇਤਰਾਜ਼ ਜ਼ਾਹਿਰ ਕੀਤੀ। ਇਨ੍ਹਾਂ ਦੇ ਕਹਿਣ ’ਤੇ ਮੋਦੀ ਸਰਕਾਰ ਨੇ ਫਿਰ ਇਸ ਪ੍ਰਸਤਾਵ ਨੂੰ ਸੰਸਦ ’ਚ ਪਾਸ ਕੀਤਾ। ਬਾਦਲ ਸਾਹਿਬ ਨੇ ਜੋ ਵੀ ਕਿਹਾ, ਉਹ ਭਾਜਪਾ ਦੀ ਸਰਕਾਰ ਨੇ ਹਮੇਸ਼ਾ ਕੀਤਾ ਅਤੇ ਇਹ ਤੱਥਾਂ ’ਤੇ ਆਧਾਰਤ ਗੱਲ ਹੈ। ਅਸੀਂ ਹੁਣ ਵੀ ਚਾਹੁੰਦੇ ਹਾਂ ਕਿ ਸਿੱਖ ਸੰਸਥਾਵਾਂ ਮਜ਼ਬੂਤ ਹੋਣ। ਭਾਵੇਂ ਇਸ ਵਿਚ ਕਰਤਾਰਪੁਰ ਕੋਰੀਡੋਰ ਹੋਵੇ ਜਾਂ ਵੀਰ ਬਾਲ ਦਿਵਸ ਮਨਾਉਣਾ ਹੋਵੇ, ਇਹ ਸਭ ਕੁਝ ਕਰਨ ਲਈ ਮੋਦੀ ਸਰਕਾਰ ਤਿਆਰੀ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ’ਤੇ ਦੋਸ਼ ਲਾਉਣਾ ਬੇਬੁਨਿਆਦ ਹੈ।
ਇਹ ਵੀ ਪੜ੍ਹੋ : ਗੜ੍ਹਸ਼ੰਕਰ ਵਿਖੇ ਵੱਡੀ ਵਾਰਦਾਤ, 85 ਸਾਲਾ ਬਜ਼ੁਰਗ ਦਾ ਕਤਲ, ਬਾਥਰੂਮ 'ਚੋਂ ਮਿਲੀ ਲਾਸ਼
•ਅਕਾਲੀ-ਭਾਜਪਾ ਨਾਲ ਫਿਰ ਹੋ ਸਕਦਾ ਹੈ ਪੈਚਅਪ?
ਅਕਾਲੀ ਦਲ ਨੇ ਕਦੇ ਵੀ ਭਾਜਪਾ ਨਾਲ ਰਿਸ਼ਤਾ ਬਣਾ ਕੇ ਰੱਖਣ ਦੀ ਗੱਲ ਨਹੀਂ ਕੀਤੀ। ਇਹ ਕਹਿੰਦੇ ਹਨ ਕਿ ਭਾਜਪਾ ਸਿੱਖਾਂ ਦੇ ਧਰਮਾਂ ’ਚ ਦਖਲਅੰਦਾਜ਼ੀ ਕਰ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਅਕਾਲੀ ਹਮੇਸ਼ਾ ਭਾਜਪਾ ਦੀ ਹਰ ਜਗ੍ਹਾ ਵਰਤੋਂ ਕਰਦੇ ਰਹੇ ਹਨ। ਅਕਾਲੀ ਦਲ ਨੂੰ ਤਾਂ ਆਤਮ-ਮੰਥਨ ਕਰਨਾ ਚਾਹੀਦਾ ਹੈ ਕਿ ਜਿਸ ਪਾਰਟੀ ਨਾਲ ਪਿਛਲੇ 26 ਸਾਲਾਂ ਤੋਂ ਇਕੱਠੇ ਕੰਮ ਕਰਦੇ ਰਹੇ ਹਨ, ਅੱਜ ਇਸ ਤਰ੍ਹਾਂ ਦੇ ਦੋਸ਼ ਲਾ ਰਹੇ ਹਨ। ਜੇ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਵਰਗੀਆਂ ਸਿਆਸੀ ਪਾਰਟੀਆਂ ਐੱਸ. ਜੀ. ਪੀ. ਸੀ. ’ਚ ਦਖਲ ਨਹੀਂ ਦੇ ਸਕਦੀਆਂ ਤਾਂ ਫਿਰ ਕੀ ਅਕਾਲੀ ਦਲ ਵੱਲੋਂ ਇਸ ਵਿਚ ਦਖਲਅੰਦਾਜ਼ੀ ਕਰਨਾ ਸਹੀ ਹੈ? ਜੇ ਤੁਸੀਂ ਸਿਆਸੀ ਹੋ ਤਾਂ ਖੁੱਲ੍ਹ ਕੇ ਸਿਆਸਤ ਕਰੋ ਅਤੇ ਜੇ ਧਾਰਮਿਕ ਹੋ ਤਾਂ ਫਿਰ ਸੱਚ ਬੋਲੋ।
•ਸੁਧੀਰ ਸੂਰੀ ਕਤਲਕਾਂਡ ’ਤੇ ਤੁਸੀਂ ਕੀ ਕਹੋਗੇ?
ਮੈਂ ਹਰ ਕਤਲ ਤੇ ਹਮਲੇ ਦੀ ਨਿੰਦਾ ਕਰਦਾ ਹਾਂ। ਜੇ ਕੋਈ ਸੰਵਿਧਾਨ ਦੇ ਵਿਰੁੱਧ ਜਾ ਕੇ ਕੰਮ ਕਰਦਾ ਹੈ ਤਾਂ ਸਰਕਾਰੀ ਸਿਸਟਮ ਨੂੰ ਉਸ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਕੋਈ ਵੀ ਕਾਨੂੰਨ ਕਿਸੇ ਦਾ ਕਤਲ ਤੇ ਬੇਇੱਜ਼ਤ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਇਹ ਪੰਜਾਬ ਸਰਕਾਰ ਦੀ ਨਾਕਾਮਯਾਬੀ ਹੈ, ਜੋ ਸੂਬੇ ’ਚ ਕਾਨੂੰਨ ਵਿਵਸਥਾ ਨੂੰ ਦਰੁਸਤ ਨਹੀਂ ਕਰ ਸਕੀ। ਆਮ ਆਦਮੀ ਪਾਰਟੀ ਦਾ ਸੀਨੀਅਰ ਨੇਤਾ ਕੈਨੇਡਾ ਜਾ ਕੇ ਸਿੱਖਸ ਫਾਰ ਜਸਟਿਸ ਦੇ ਚੀਫ ਪੰਨੂ ਨਾਲ ਫੋਟੋ ਖਿਚਵਾ ਰਿਹਾ ਹੈ ਤਾਂ ਫਿਰ ਤੁਸੀਂ ਇਸ ਰਾਹੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਕੀ ਤੁਸੀਂ ਖਾਲਿਸਤਾਨ ਦਾ ਸਮਰਥਨ ਕਰਦੇ ਹੋ? ਇਹ ਸਾਰੇ ਮੁੱਦੇ ਕੇਂਦਰ ਸਰਕਾਰ ਦੇ ਧਿਆਨ ’ਚ ਹਨ।
•ਹਿੰਦੂ-ਸਿੱਖ-ਈਸਾਈ ਭਾਈਚਾਰੇ ਦਰਿਆਨ ਚੱਲ ਰਹੇ ਤਕਰਾਰ ’ਤੇ ਤੁਸੀਂ ਕੀ ਕਹੋਗੇ?
ਮੈਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਨੂੰ ਲਿਖ ਰਿਹਾ ਹਾਂ ਕਿ ਮੈਨੂੰ ਈਸਾਈ ਮਿਸ਼ਨਰੀਆਂ ਦੀਆਂ ਸਰਗਰਮੀਆਂ ਬਾਰੇ ਰਿਪੋਰਟ ਦਿੱਤੀ ਜਾਵੇ। ਮੈਂ ਈਸਾਈ ਭਾਈਚਾਰੇ ਤੇ ਸਿੱਖ ਪ੍ਰਤੀਨਿਧੀਆਂ ਦੀ ਆਪਣੇ ਦਫਤਰ ’ਚ ਇਕ ਬੈਠਕ ਵੀ ਕਰਵਾਈ ਹੈ ਤਾਂ ਜੋ ਇਨ੍ਹਾਂ ਦਾ ਆਪਸ ’ਚ ਤਰਰਾਰ ਘੱਟ ਹੋ ਸਕੇ ਪਰ ਕਾਨੂੰਨ ਵਿਵਸਥਾ ਬਣਾਈ ਰੱਖਣਾ ਤਾਂ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਅਸੀਂ ਆਪਣੇ ਪੱਧਰ ’ਤੇ ਸਰਕਾਰ ਨੂੰ ਜਾਣਕਾਰੀ ਦੇ ਸਕਦੇ ਹਾਂ ਜਾਂ ਅਲਰਟ ਕਰ ਸਕਦੇ ਹਾਂ ਪਰ ਕਾਨੂੰਨ ਵਿਵਸਥਾ ਤਾਂ ਸਰਕਾਰ ਨੇ ਖੁਦ ਦੇਖਣੀ ਹੈ।
ਇਹ ਵੀ ਪੜ੍ਹੋ :ਸੁਧੀਰ ਸੂਰੀ ਕਤਲ ਕਾਂਡ: ਪਾਕਿ ਬੈਠੇ ਗੋਪਾਲ ਸਿੰਘ ਚਾਵਲਾ ਖ਼ਿਲਾਫ਼ ਪੰਜਾਬ ਪੁਲਸ ਵੱਲੋਂ FIR ਦਰਜ
•ਅੰਮ੍ਰਿਤਪਾਲ ਦੀਆਂ ਸਰਗਰਮੀਆਂ ਤੇ ਦੋਸ਼ਾਂ ਬਾਰੇ ਕੀ ਕਹੋਗੇ?
ਮੈਂ ਕਿਸੇ ਵਿਅਕਤੀ ਵਿਸ਼ੇਸ਼ ’ਤੇ ਕੋਈ ਗੱਲਬਾਤ ਨਹੀਂ ਕਰਨੀ ਚਾਹੁੰਦਾ ਕਿਉਂਕਿ ਉਹ ਨਾ ਤਾਂ ਸੰਵਿਧਾਨਕ ਅਹੁਦੇ ’ਤੇ ਹੈ ਅਤੇ ਨਾ ਹੀ ਸਿਆਸੀ ਅਹੁਦੇ ’ਤੇ। ਸਮਾਜਿਕ ਸੰਗਠਨ ਬਹੁਤ ਸਾਰੇ ਬਣਦੇ ਹਨ ਪਰ ਇਸ ਵਿਚ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਵਿਦੇਸ਼ੀ ਤਾਕਤ ਦਾ ਕੋਈ ਹੱਥ ਤਾਂ ਨਹੀਂ। ਕਿਸੇ ਵਿਦੇਸ਼ੀ ਤਾਕਤ ਨੇ ਆਪਣੇ ਮਨਸੂਬਿਆਂ ਲਈ ਕਿਸੇ ਖਾਸ ਵਿਅਕਤੀ ਨੂੰ ਨਿਯੁਕਤ ਤਾਂ ਨਹੀਂ ਕੀਤਾ। ਜਿਸ ਵਿਅਕਤੀ ਨੇ ਅੰਮ੍ਰਿਤ ਹੀ ਅਜੇ 2 ਮਹੀਨੇ ਪਹਿਲਾਂ ਛਕਿਆ ਹੋਵੇ, ਉਹ ਕਿਵੇਂ ਨਿਯੁਕਤ ਹੋਇਆ? ਇਸ ਸਾਰੇ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ।
•ਖ਼ੁਫ਼ੀਆ ਏਜੰਸੀਆਂ ’ਤੇ ਵੀ ਉੱਠ ਰਹੇ ਹਨ ਸਵਾਲ?
ਮੈਂ ਖ਼ੁਦ ਬੜੀ ਦੇਰ ਇੰਟੈਲੀਜੈਂਸ ’ਚ ਰਿਹਾ ਹਾਂ। ਇੰਟੈਲੀਜੈਂਸ ’ਤੇ ਕਈ ਤਰ੍ਹਾਂ ਦੇ ਦੋਸ਼ ਲੱਗਦੇ ਰਹਿੰਦੇ ਹਨ ਪਰ ਇੰਟੈਲੀਜੈਂਸ ਨੇ ਅਲਰਟ ਵੀ ਕੀਤਾ ਹੋਵੇਗਾ ਤਾਂ ਵੀ ਇਹ ਸੂਬੇ ਦੀ ਮਸ਼ੀਨੀ ਪ੍ਰਣਾਲੀ ਦੀ ਅਸਫਲਤਾ ਹੈ। ਥਾਣਿਆਂ, ਚੌਕੀਆਂ ’ਤੇ ਹਮਲੇ ਹੋ ਰਹੇ ਹਨ, ਸੜਕਾਂ ’ਤੇ ਦੇਸ਼-ਵਿਰੋਧੀ ਨਾਅਰੇ ਲਿਖੇ ਜਾ ਰਹੇ ਹਨ, ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਫਿਰ ਵੀ ਕੋਈ ਕਾਰਵਾਈ ਨਾ ਹੋਵੇ, ਇਸ ਤੋਂ ਮੈਨੂੰ ਲਗਦਾ ਹੈ ਕਿ ਕਿਤੇ ਪੰਜਾਬ ਦਾ ਨੁਕਸਾਨ ਨਾ ਹੋ ਜਾਵੇ ਕਿਉਂਕਿ ਪੰਜਾਬ ਨਾ ਹਿੰਦੂ ਹੈ, ਨਾ ਮੁਸਲਮਾਨ ਹੈ, ਪੰਜਾਬ ਗੁਰੂਆਂ ਦੇ ਨਾਂ ’ਤੇ ਜਿੱਤਿਆ ਹੈ। ਸਾਡਾ ਸਾਰਿਆਂ ਦਾ ਖੂਨ ਦਾ ਨਾਤਾ ਹੈ।
ਇਹ ਵੀ ਪੜ੍ਹੋ : ‘ਬਾਬਾ ਨਾਨਕ’ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ ਸ਼ਹਿਰ, ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੁੱਤ ਨੂੰ ਅਗਵਾ ਕਰਨ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਮੰਗੀ 10 ਲੱਖ ਦੀ ਫਿਰੌਤੀ
NEXT STORY