ਬਟਾਲਾ/ਕਾਦੀਆਂ (ਬੇਰੀ, ਜੀਸ਼ਾਨ)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਅੱਜ ਪਾਰਲੀਮੈਂਟ 'ਚ ਇਰਾਕ ਲਾਪਤਾ ਹੋਏ 39 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕਰਨ 'ਤੇ ਕਾਦੀਆਂ ਦੇ ਮਦਨ ਲਾਲ ਦੇ ਘਰ 'ਚ ਮਾਤਮ ਛਾ ਗਿਆ। ਮਦਨ ਲਾਲ ਦਾ ਬੇਟਾ ਰਾਕੇਸ਼ ਕੁਮਾਰ ਵੀ ਇਨ੍ਹਾਂ ਭਾਰਤੀਆਂ ਨਾਲ ਇਰਾਕ ਦੇ ਸ਼ਹਿਰ ਮੋਸੁਲ 'ਚ ਗਿਆ ਸੀ ਪਰ ਉਸਦਾ ਵੀ ਕੋਈ ਅਤਾ-ਪਤਾ ਨਹੀਂ ਲੱਗਾ। ਮਦਨ ਲਾਲ ਨੇ 'ਜਗ ਬਾਣੀ' ਨੂੰ ਦੱਸਿਆ ਕਿ ਉਸਦਾ ਲੜਕਾ ਸਤੰਬਰ 2013 'ਚ ਇਰਾਕ ਦੇ ਸ਼ਹਿਰ ਮੋਸੁਲ ਗਿਆ ਸੀ। 16 ਜੂਨ 2014 ਨੂੰ ਉਨ੍ਹਾਂ ਦੇ ਲੜਕੇ ਦਾ ਆਖਰੀ ਫੋਨ ਆਇਆ ਕਿ ਉਨ੍ਹਾਂ ਦੀ ਕੰਪਨੀ 'ਤੇ ਆਈ. ਐੱਸ. ਆਈ. ਐੱਸ. ਨੇ ਕਬਜ਼ਾ ਕਰ ਲਿਆ ਹੈ ਅਤੇ ਸਾਨੂੰ ਕਿਧਰੇ ਲੈ ਕੇ ਜਾ ਰਹੇ ਹਨ, ਪਤਾ ਨਹੀਂ। ਉਪਰੰਤ ਉਸ ਦਾ ਕੋਈ ਫੋਨ ਨਹੀਂ ਆਇਆ।
ਉਨ੍ਹਾਂ ਦੱਸਿਆ ਕਿ ਉਹ ਆਪਣੇ ਲੜਕੇ ਲਈ ਵਿਦੇਸ਼ ਮੰਤਰੀ ਨਾਲ ਕਈ ਵਾਰ ਮਿਲ ਚੁੱਕੇ ਹਨ। ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ ਜਾਂਦਾ ਰਿਹਾ ਕਿ ਉਨ੍ਹਾਂ ਦਾ ਲੜਕਾ ਕਿਸੇ ਧਾਗਾ ਮਿੱਲ 'ਚ ਕੰਮ ਕਰ ਰਿਹਾ ਹੈ। ਉਹ ਜਲਦ ਹੀ ਘਰ ਆ ਜਾਵੇਗਾ ਪਰ ਅੱਜ ਉਨ੍ਹਾਂ ਦੇ ਇਸ ਬਿਆਨ ਨੇ ਸਾਡੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਮਦਨ ਲਾਲ ਨੇ ਨਮ ਅੱਖਾਂ ਨਾਲ ਦੱਸਿਆ ਕਿ 2 ਲੱਖ ਰੁਪਏ ਲੋਕਾਂ ਤੋਂ ਸੂਦ 'ਤੇ ਲੈ ਕੇ ਆਪਣੇ ਲੜਕੇ ਨੂੰ ਇਰਾਕ ਭੇਜਿਆ ਸੀ। ਉਨ੍ਹਾਂ ਦੇ ਲੜਕੇ ਨੇ ਕਰਜ਼ਾ ਲਾਹੁਣ ਲਈ ਕੇਵਲ 22 ਹਜ਼ਾਰ ਹੀ ਭੇਜਿਆ ਸੀ। ਜੋਤੀ ਅਤੇ ਮਮਤਾ ਆਪਣੇ ਭਰਾ ਦੀ ਮੌਤ ਦਾ ਸਮਾਚਾਰ ਸੁਣਦੇ ਹੀ ਬੇਹੋਸ਼ ਹੋ ਗਈਆਂ।
ਮਦਨ ਲਾਲ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਸੁਸ਼ਮਾ ਸਵਰਾਜ ਵੱਲੋਂ ਉਨ੍ਹਾਂ ਦੇ ਲੜਕੇ ਦੇ ਮ੍ਰਿਤਕ ਸਰੀਰ ਨੂੰ ਲਿਆ ਕੇ ਉਨ੍ਹਾਂ ਨੂੰ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ। ਉਹ ਹੁਣ ਇਸ ਇੰਤਜ਼ਾਰ 'ਚ ਹਨ ਕਿ ਉਹ ਕਦੋਂ ਆਉਂਦਾ ਹੈ।
ਘਰ ਦੀ ਗਰੀਬੀ ਕੱਟਣ ਲਈ ਇਰਾਕ ਗਿਆ ਸੀ ਜੈਤਪੁਰ ਦਾ ਗੁਰਦੀਪ
NEXT STORY