ਪਟਿਆਲਾ/ਰੱਖੜਾ (ਰਣਜੀਤ ਰਾਣਾ)-ਸੂਬੇ ਭਰ 'ਚ 28 ਫਰਵਰੀ ਤੋਂ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ ਪਰ ਮੁੱਖ ਮੰਤਰੀ ਦੇ ਜ਼ਿਲੇ ਅੰਦਰ ਜ਼ਿਲਾ ਸਿੱਖਿਆ ਅਧਿਕਾਰੀ ਦੀ ਅਣਗਹਿਲੀ ਕਾਰਨ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੁਕਮ ਵੀ ਹਵਾ ਹੋ ਕੇ ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਜੋ 7 ਤੋਂ 11 ਕਿਲੋਮੀਟਰ ਤੱਕ ਦੂਰ ਕੇਂਦਰ ਬਣਾ ਦਿੱਤੇ ਗਏ ਸਨ। ਇਸ ਸਬੰਧੀ ਸਕੱਤਰ ਕੋਲ ਪੁੱਜੀਆਂ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਵਿਚਾਰਦੇ ਹੋਏ ਪ੍ਰੀਖਿਆ ਕੇਂਦਰਾਂ 'ਚ ਤਬਦੀਲੀ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ ਪਰ ਜ਼ਿਲਾ ਸਿੱਖਿਆ ਅਧਿਕਾਰੀ ਨੇ ਇਨ੍ਹਾਂ ਕੇਂਦਰਾਂ ਦੀ ਸਥਿਤੀ ਵਿਚ ਕੋਈ ਬਦਲਾਅ ਕਰਨਾ ਜ਼ਰੂਰੀ ਨਹੀਂ ਸਮਝਿਆ।
ਇਸ ਕਾਰਨ ਸਰਕਾਰੀ ਸਕੂਲਾਂ 'ਚ ਪੜ੍ਹਦੇ ਆਮ ਵਰਗ ਦੇ ਵਿਦਿਆਰਥੀਆਂ ਅਤੇ ਮਾਪਿਆਂ 'ਚ ਕੇਂਦਰਾਂ ਦੀ ਦੂਰੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਮਾਪਿਆਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਬੱਚਿਆਂ ਨੂੰ ਕੇਂਦਰਾਂ ਤੱਕ ਕਿਵੇਂ ਪਹੁੰਚਾਇਆ ਜਾਵੇਗਾ? ਜੇਕਰ ਮੁੱਖ ਮੰਤਰੀ ਦੇ ਜ਼ਿਲੇ ਅੰਦਰ ਹੀ ਅਧਿਕਾਰੀ ਆਪਣੀ ਮਨਮਰਜ਼ੀਆਂ ਕਾਰਨ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲਾ ਰਹੇ ਹਨ ਤਾਂ ਸੂਬੇ ਦੇ ਬਾਕੀ ਜ਼ਿਲਿਆਂ ਅੰਦਰ ਕੀ ਸਥਿਤੀ ਹੋਵੇਗੀ?
ਪ੍ਰਿੰਸੀਪਲਾਂ ਨੇ ਪ੍ਰੀਖਿਆਰਥੀਆਂ ਨੂੰ ਕੇਂਦਰਾਂ ਤੱਕ ਪਹੁੰਚਾਉਣ ਤੋਂ ਕੀਤਾ ਇਨਕਾਰ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪ੍ਰੀਖਿਆਵਾਂ ਦੀ ਤਾਰੀਖ ਨੇੜੇ ਆਉਣ ਕਰ ਕੇ ਕੇਂਦਰਾਂ ਦੀ ਅਦਲਾ-ਬਦਲੀ ਨੂੰ ਲੈ ਕੇ ਸਿੱਖਿਆ ਅਧਿਕਾਰੀ ਸ਼ਸ਼ੋਪੰਜ ਵਿਚ ਹੈ। ਜ਼ਿਲਾ ਸਿੱਖਿਆ ਅਧਿਕਾਰੀ ਨੇ ਪ੍ਰੀਖਿਆਰਥੀਆਂ ਨੂੰ ਦੂਰੀ ਵਾਲੇ ਕੇਂਦਰਾਂ ਤੱਕ ਪਹੁੰਚਾਉਣ ਲਈ ਕਿਹਾ ਹੈ ਪਰ ਬਹੁਤੇ ਪ੍ਰਿੰਸੀਪਲਾਂ ਨੇ ਪ੍ਰੀਖਿਆਰਥੀਆਂ ਨੂੰ ਟ੍ਰਾਂਸਪੋਰਟ ਰਾਹੀਂ ਪਹੁੰਚਾਉਣ ਤੋਂ ਸਾਫ ਨਾਂਹ ਕਰ ਦਿੱਤੀ ਹੈ ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਕਿਸਮ ਦਾ ਖਰਚਾ ਕਿਸ ਖਾਤੇ ਵਿਚ ਪਾਇਆ ਜਾਵੇਗਾ? ਜ਼ਿਲਾ ਸਿੱਖਿਆ ਅਧਿਕਾਰੀ ਵੱਲੋਂ ਜ਼ਿਲੇ ਭਰ ਦੇ ਪਿੰ੍ਰਸੀਪਲਾਂ ਨੂੰ ਜਬਰੀ ਤੌਰ 'ਤੇ ਪ੍ਰੀਖਿਆ ਕੇਂਦਰਾਂ ਤੱਕ ਬੱਚਿਆਂ ਨੂੰ ਪਹੁੰਚਾਉਣ ਲਈ ਹੁਕਮ ਥੋਪੇ ਜਾ ਰਹੇ ਹਨ। ਜੇਕਰ ਕੇਂਦਰਾਂ ਦੀ ਦੂਰੀ ਨਾ ਘਟਾਈ ਗਈ ਤਾਂ ਵਿਦਿਆਰਥੀਆਂ ਦੇ ਪੇਪਰਾਂ ਨੂੰ ਲੈ ਕੇ ਆਮ ਵਰਗ ਦੇ ਗਰੀਬ ਲੋਕਾਂ ਨਾਲ ਖਿਲਵਾੜ ਹੋਵੇਗਾ ਕਿਉਂਕਿ ਸਰਕਾਰੀ ਸਕੂਲਾਂ ਵਿਚ ਜ਼ਿਆਦਾਤਰ ਹੇਠਲੇ ਤਬਕੇ ਦੇ ਬੱਚੇ ਹੀ ਪੜ੍ਹਦੇ ਹਨ।
ਵਿਭਾਗ ਦੀ ਮਨਮਰਜ਼ੀ ਕਾਰਨ ਨਕਲ ਮਾਫੀਆ ਸਰਗਰਮ
ਜ਼ਿਲੇ ਅੰਦਰ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਕੇਂਦਰਾਂ ਦੀ ਦੂਰੀ ਘੱਟ ਕਰਨ ਦੀਆਂ ਹਦਾਇਤਾਂ ਮਿਲਣ ਤੋਂ ਬਾਅਦ ਵੀ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਇਸਨੂੰ ਲੈ ਕੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜ਼ਿਲਾ ਸਿੱਖਿਆ ਵਿਭਾਗ ਦੀ ਮਨਮਰਜ਼ੀ ਕਾਰਨ ਨਕਲ ਮਾਫੀਆ ਦੇ ਸਰਗਰਮ ਹੋਣ ਦੀਆਂ ਕਨਸੋਆਂ ਜ਼ੋਰਾਂ 'ਤੇ ਹਨ। ਚੰਗੇ ਅਕਸ ਵਾਲੇ ਕਈ ਨਿੱਜੀ ਸਕੂਲਾਂ ਦੇ ਹਰ ਵਾਰ ਕੇਂਦਰ ਬਣਨ 'ਤੇ ਜ਼ਿਲਾ ਸਿੱਖਿਆ ਅਧਿਕਾਰੀ ਅਤੇ ਹੋਰ ਬਾਬੂਆਂ ਦੀ ਮਿਲੀਭੁਗਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
'ਜਨਤਾ ਦੀ ਸੱਥ' 'ਚ ਪਰਮਿੰਦਰ ਸਿੰਘ ਢੀਂਡਸਾ (Promo)
NEXT STORY