ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਬੱਚੇ ਘਰ ਦੀ ਰੌਣਕ ਹੁੰਦੇ ਹਨ, ਜਿਨ੍ਹਾਂ ਦੀਆਂ ਤੋਤਲੀਆਂ ਗੱਲਾਂ, ਕਿਲਕਾਰੀਆਂ ਅਤੇ ਹਾਸਿਆਂ ਨਾਲ ਮਾਹੌਲ ਮਹਿਕ ਉੱਠਦਾ ਹੈ। ਬੱਚੇ ਘਰ 'ਚ ਖੇਡਦੇ ਹਨ ਤਾਂ ਧਰਤੀ 'ਤੇ ਸਵਰਗ ਉੱਤਰਿਆ ਜਾਪਦਾ ਹੈ। ਜਦੋਂ ਕਦੇ ਕਿਸੇ ਬੱਚੇ ਤੋਂ ਹਾਸਾ ਖੋਹ ਲਿਆ ਜਾਵੇ ਅਤੇ ਚਿਹਰੇ ਦੀ ਮਾਸੂਮੀਅਤ ਤੋਂ ਉਸਦੇ ਦਿਲ ਦੀ ਵਿਥਿਆ ਪੜ੍ਹਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਦੇਖਣ-ਸੁਣਨ ਵਾਲੇ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰਦੇ ਹਨ। ਬੱਚੇ ਦੇ ਨਾਂ ਨਾਲ ਅਨਾਥ ਸ਼ਬਦ ਜੁੜ ਜਾਂਦਾ ਹੈ ਤਾਂ ਜਾਪਦੈ ਜਿਵੇਂ ਕਿਸੇ 'ਬਾਦਸ਼ਾਹ' ਤੋਂ ਉਸਦੀ ਸਲਤਨਤ ਖੋਹ ਲਈ ਗਈ ਹੋਵੇ।
ਇਸ ਤਰ੍ਹਾਂ ਔਰਤ ਬਾਰੇ ਵੀ ਕਿਹਾ ਜਾ ਸਕਦਾ ਹੈ, ਜਿਸਨੂੰ ਘਰ ਦਾ ਸ਼ਿੰਗਾਰ ਕਿਹਾ ਜਾਂਦਾ ਹੈ ਅਤੇ ਜਿਸਦੀ ਮੌਜੂਦਗੀ ਨਾ ਸਿਰਫ ਘਰ ਦੇ 'ਵੱਸਦਾ' ਹੋਣ ਦੀ ਪ੍ਰਤੀਕ ਹੁੰਦੀ ਹੈ, ਸਗੋਂ ਘਰ ਨੂੰ ਚਲਾਉਣ ਅਤੇ ਖਾਨਦਾਨ ਨੂੰ ਅੱਗੇ ਤੋਰਨ ਲਈ ਵੀ ਅਟੱਲ ਹੁੰਦੀ ਹੈ। ਔਰਤ ਦੀ ਨਜ਼ਾਕਤ, ਲਿਆਕਤ ਅਤੇ ਮਾਂਗ ਦਾ ਸੰਧੂਰ ਵੇਖ ਕੇ ਉਸਦਾ ਪਤੀ ਖੁਸ਼ੀਆਂ ਦੀ ਲੋਰ ਵਿਚ ਝੂਮਦਾ ਫਿਰਦਾ ਹੈ। ਰੱਬ ਨਾ ਕਰੇ ਜੇ ਕਿਸੇ ਔਰਤ ਦਾ ਸੁਹਾਗ ਉੱਜੜ ਜਾਵੇ ਤਾਂ ਉਸ ਲਈ ਜੀਵਨ ਦੀ ਗਤੀ ਰੁਕ ਜਾਂਦੀ ਜਾਪਦੀ ਹੈ।
ਜੰਮੂ ਦੇ ਸਰਹੱਦੀ ਪਿੰਡਾਂ ਵਿਚ ਅਜਿਹੇ ਬੱਚਿਆਂ ਦੀ ਗਿਣਤੀ ਕਰਨੀ ਅਸੰਭਵ ਹੈ, ਜਿਨ੍ਹਾਂ ਦੇ ਮੱਥੇ ਨਾਲ ਅਨਾਥ ਦਾ ਸ਼ਬਦ ਜੁੜ ਗਿਆ ਹੈ। ਉਨ੍ਹਾਂ ਔਰਤਾਂ ਦਾ ਹਿਸਾਬ ਲਾਉਣਾ ਵੀ ਮੁਸ਼ਕਲ ਹੈ, ਜਿਨ੍ਹਾਂ ਦੀ ਮਾਂਗ ਦਾ ਸੰਧੂਰ ਭਰ ਜੁਆਨੀ ਵਿਚ ਹੀ ਮਿਟਾ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਵਿਚ ਅੱਤਵਾਦ ਦੇ ਕਹਿਰ ਅਤੇ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਅਣਗਿਣਤ ਬੱਚਿਆਂ ਦੇ ਹਾਸੇ ਖੋਹ ਲਏ ਹਨ ਅਤੇ ਬੇਸ਼ੁਮਾਰ ਔਰਤਾਂ ਨੂੰ 'ਚਿੱਟੀਆਂ-ਚੁੰਨੀਆਂ' ਲੈਣ ਲਈ ਮਜਬੂਰ ਕਰ ਦਿੱਤਾ ਹੈ।
ਅਜਿਹੇ ਪੀੜਾਂ ਮਾਰੇ ਲੋਕਾਂ ਅਤੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਰਾਹਤ ਮੁਹਿੰਮ ਅਧੀਨ 502ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਸਾਂਬਾ ਸੈਕਟਰ ਦੇ ਸਰਹੱਦ ਕੰਢੇ ਵੱਸੇ ਪਿੰਡ ਰੰਗੂਰ ਕੈਂਪ 'ਚ ਵੰਡੀ ਗਈ ਸੀ। ਇਹ ਸਮੱਗਰੀ ਅਜੈ ਜੈਨ ਮੈਮੋਰੀਅਲ ਪੰਛੀ ਵਿਹਾਰ ਟਰੱਸਟ (ਰਜਿ.) ਜਲੰਧਰ ਵਲੋਂ, ਪ੍ਰਧਾਨ ਸ਼੍ਰੀ ਪ੍ਰਵੀਨ ਜੈਨ ਅਤੇ ਮੈਂਬਰਾਂ ਦੇ ਯਤਨਾਂ ਸਦਕਾ ਭਿਜਵਾਈ ਗਈ ਸੀ। ਇਸ ਮੌਕੇ 'ਤੇ 300 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਜਾਈਆਂ ਵੰਡੀਆਂ ਗਈਆਂ।
ਰਾਹਤ ਲੈਣ ਲਈ ਜੁੜੇ ਵੱਖ-ਵੱਖ ਪਿੰਡਾਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਸ਼੍ਰੀ ਚੰਦਰ ਪ੍ਰਕਾਸ਼ (ਗੰਗਾ ਜੀ) ਨੇ ਕਿਹਾ ਕਿ ਦੇਸ਼ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ। ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹਾਰਾ ਦੇਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸਾਰੇ ਦੇਸ਼ਵਾਸੀਆਂ ਦਾ ਫਰਜ਼ ਹੈ।
ਅੱਤਵਾਦੀਆਂ ਵਲੋਂ ਪਿਛਲੇ ਦਿਨੀਂ ਪੁਲਵਾਮਾ 'ਚ ਸ਼ਹੀਦ ਕੀਤੇ ਗਏ ਭਾਰਤੀ ਸੈਨਿਕਾਂ ਦਾ ਜ਼ਿਕਰ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਅਜਿਹੇ ਅਣਮਨੁੱਖੀ ਕਾਰੇ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਇਸ ਕਾਂਡ ਦੇ ਸ਼ਹੀਦਾਂ ਅਤੇ ਹੋਰ ਪ੍ਰਭਾਵਿਤਾਂ ਲਈ ਮਾਲੀ ਸਹਾਇਤਾ ਦਾ ਐਲਾਨ ਕਰ ਕੇ ਪੰਜਾਬ ਕੇਸਰੀ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਇਕ ਅਹਿਮ ਕਦਮ ਚੁੱਕਿਆ ਹੈ। ਇਸ ਮਾਮਲੇ 'ਚ ਸਭ ਨੂੰ ਇਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸ਼ਹੀਦਾਂ ਦੀ ਯਾਦ 'ਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।
ਮਿੱਟੀ ਦੇ ਮੋਹ ਨਾਲ ਜੁੜੇ ਹਨ ਲੋਕ–ਵਰਿੰਦਰ ਸ਼ਰਮਾ
ਰਾਹਤ ਮੁਹਿੰਮ ਦੇ ਆਗੂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਸਹਿਣ ਕਰਨ ਵਾਲੇ ਲੋਕ ਮਿੱਟੀ ਦੇ ਮੋਹ ਕਾਰਨ ਹੀ ਆਪਣੇ ਘਰ-ਘਾਟ ਪੱਕੇ ਤੌਰ 'ਤੇ ਤਿਆਗ ਕੇ ਕਿਤੇ ਹੋਰ ਨਹੀਂ ਜਾ ਸਕਦੇ। ਇਹ ਲੋਕ ਵੀ ਦੇਸ਼ ਦੇ ਰਖਵਾਲਿਆਂ ਦੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਗੋਲੀਬਾਰੀ ਨਿੱਤ ਦੀ ਗੱਲ ਹੋ ਗਈ ਹੈ। ਕੋਈ ਦਿਨ ਅਜਿਹਾ ਨਹੀਂ ਹੁੰਦਾ, ਜਦੋਂ ਪਾਕਿਸਤਾਨੀ ਸੈਨਿਕ ਬੇਦੋਸ਼ੇ ਲੋਕਾਂ ਅਤੇ ਭਾਰਤੀ ਜਵਾਨਾਂ 'ਤੇ ਗੋਲੀਆਂ ਦੀ ਵਾਛੜ ਨਾ ਕਰਦੇ ਹੋਣ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਇਸ ਗੋਲੀਬਾਰੀ ਅਤੇ ਅੱਤਵਾਦ ਨੇ ਕਈ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ। ਇਸ ਕਾਰਨ ਕਈ ਘਰਾਂ ਦੇ ਰੋਜ਼ੀ-ਰੋਟੀ ਕਮਾਉਣ ਵਾਲੇ ਨਹੀਂ ਰਹੇ। ਨਤੀਜੇ ਵਜੋਂ ਵਿਧਵਾ ਔਰਤਾਂ ਅਤੇ ਅਨਾਥ ਬੱਚਿਆਂ ਨੂੰ ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਨਹਿਤ ਵੈੱਲਫੇਅਰ ਸੋਸਾਇਟੀ ਪੰਜਾਬ ਦੀ ਚੇਅਰਪਰਸਨ ਮੈਡਮ ਡੌਲੀ ਹਾਂਡਾ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਅੱਤਵਾਦ ਸੀ ਤਾਂ ਉਸ ਵਿਰੁੱਧ ਪੰਜਾਬ ਕੇਸਰੀ ਪੱਤਰ ਸਮੂਹ ਨੇ ਕਲਮ ਨਾਲ ਲੜਾਈ ਲੜੀ ਅਤੇ ਕੁਰਬਾਨੀਆਂ ਵੀ ਦਿੱਤੀਆਂ। ਇਸ ਪਿੱਛੋਂ ਹੀ ਸੂਬੇ 'ਚ ਅੱਤਵਾਦ ਨੂੰ ਠੱਲ੍ਹ ਪਾਈ ਜਾ ਸਕੀ ਸੀ। ਅੱਜ ਇਸ ਅੱਤਵਾਦ ਕਾਰਨ ਜੰਮੂ-ਕਸ਼ਮੀਰ 'ਚ ਅਣਗਿਣਤ ਘਰ ਬਰਬਾਦ ਹੋ ਰਹੇ ਹਨ। ਇਥੇ ਵੀ ਸਭ ਨੂੰ ਇਕਜੁੱਟ ਹੋ ਕੇ ਲੜਾਈ ਲੜਨੀ ਪਵੇਗੀ।
ਪੀੜਤ ਪਰਿਵਾਰਾਂ ਪ੍ਰਤੀ ਪਿਆਰ ਦੀ ਭਾਵਨਾ ਜ਼ਰੂਰੀ–ਰਾਜੇਸ਼ ਭਗਤ
ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਜੇਸ਼ ਭਗਤ ਨੇ ਕਿਹਾ ਕਿ ਅੱਤਵਾਦ ਅਤੇ ਗੋਲੀਬਾਰੀ ਸਹਿਣ ਕਰਨ ਵਾਲੇ ਪੀੜਤਾਂ ਪ੍ਰਤੀ ਪਿਆਰ ਦੀ ਭਾਵਨਾ ਜ਼ਰੂਰੀ ਹੈ। ਸਰਹੱਦੀ ਖੇਤਰਾਂ ਦੇ ਲੋਕ ਅੱਜ ਲਾਚਾਰੀ ਅਤੇ ਬੇਬਸੀ ਵਾਲਾ ਜੀਵਨ ਗੁਜ਼ਾਰ ਰਹੇ ਹਨ। ਸਾਨੂੰ ਇਨ੍ਹਾਂ ਦੀ ਵਧ-ਚੜ੍ਹ ਕੇ ਮਦਦ ਕਰਨੀ ਚਾਹੀਦੀ ਹੈ।
ਰਾਹਤ ਫੰਡ ਆਯੋਜਨ ਦੀ ਦੇਖ-ਰੇਖ ਕਰ ਰਹੇ ਸਮਾਜ ਸੇਵੀ ਸ. ਸਰਬਜੀਤ ਸਿੰਘ ਜੌਹਲ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨੀ ਗੋਲੀਬਾਰੀ ਸਹਿਣ ਕਰ ਰਹੇ ਹਨ। ਸਰਕਾਰ ਵਲੋਂ ਇਨ੍ਹਾਂ ਪਰਿਵਾਰਾਂ ਦੀ ਸਹਾਇਤਾ ਅਤੇ ਵਸੇਬੇ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧ 'ਚ ਪੰਜਾਬ ਕੇਸਰੀ ਗਰੁੱਪ ਵੱਲੋਂ ਰਾਹਤ ਸਮੱਗਰੀ ਭਿਜਵਾ ਕੇ ਜੋ ਸੇਵਾ ਦਾ ਮਹਾਨ ਕਾਰਜ ਕੀਤਾ ਜਾ ਰਿਹਾ ਹੈ, ਉਸ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਵੱਡਾ ਹੌਸਲਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।
ਇਸ ਮੌਕੇ 'ਤੇ ਰਾਮਗੜ੍ਹ ਦੇ ਮੈਡਮ ਕਮਲੇਸ਼, ਰਜਿੰਦਰ ਸ਼ਰਮਾ (ਭੋਲਾ ਜੀ), ਜੰਮੂ ਤੋਂ ਪੰਜਾਬ ਕੇਸਰੀ ਦਫਤਰ ਦੇ ਇੰਚਾਰਜ ਡਾ. ਬਲਰਾਮ ਸੈਣੀ, ਸਾਂਬਾ ਦੇ ਅਜੈ ਕੁਮਾਰ, ਵਿਜੇਪੁਰ ਦੇ ਸੰਜੀਵ ਕੁਮਾਰ ਅਤੇ ਇਲਾਕੇ ਦੇ ਪੰਚ-ਸਰਪੰਚ ਵੀ ਮੌਜੂਦ ਸਨ। ਰਾਹਤ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਰੰਗੂਰ ਤੋਂ ਇਲਾਵਾ ਬਰੋਟਾ, ਕੇਸ਼ੋ, ਨੰਗਾ, ਕਮੋਰ, ਭੱਖੜੀ ਆਦਿ ਪਿੰਡਾਂ ਨਾਲ ਸਬੰਧਤ ਸਨ।
ਲੁਧਿਆਣਾ ਪੁਲਸ ਨੇ ਕਤਲ ਮਾਮਲੇ ਦੀ ਗੁੱਥੀ ਸੁਲਝਾਈ, ਇਕ ਗ੍ਰਿਫਤਾਰ
NEXT STORY