ਗੁਰਦਾਸਪੁਰ (ਹਰਮਨ)-ਪੰਜਾਬ ਵਿੱਚ ਜਿੱਥੇ ਦਿਨ-ਦਿਹਾੜੇ ਹਥਿਆਰਾਂ ਦੀ ਨੋਕ 'ਤੇ ਕਈ ਲੋਕਾਂ ਨੂੰ ਲੁੱਟਿਆ ਜਾਂਦਾ ਹੈ, ਉੱਥੇ ਹੀ ਨਾਲੋ-ਨਾਲ ਕਈ ਥਾਵਾਂ 'ਤੇ ਨੌਸਰਬਾਜ਼ ਵੀ ਭੋਲੇ-ਭਾਲੇ ਲੋਕਾਂ ਨੂੰ ਕਈ ਤਰ੍ਹਾਂ ਦੇ ਝਾਂਸੇ ਦੇ ਕੇ ਲੁੱਟ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਸੈਦੋਵਾਲ ਗੁਨੋਪੁਰ ਵਿੱਚ ਦੇਖਣ ਨੂੰ ਮਿਲਿਆ, ਜਿੱਥੋਂ ਦੇ ਇੱਕ ਬਜ਼ੁਰਗ ਪਤੀ-ਪਤਨੀ ਨੂੰ ਨੌਸਰਬਾਜ਼ਾਂ ਨੇ ਝਾਂਸੇ 'ਚ ਲੈ ਕੇ 3 ਲੱਖ ਤੋਂ ਵੱਧ ਦਾ ਸੋਨਾ ਅਤੇ ਲਗਭਗ 25 ਹਜ਼ਾਰ ਰੁਪਏ ਦੀ ਨਕਦੀ ਠੱਗ ਲਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 53 ਪਟਵਾਰੀਆਂ ਦੇ ਹੋਏ ਤਬਾਦਲੇ
ਠੱਗਾਂ ਦਾ ਸ਼ਿਕਾਰ ਬਣੇ ਇਕਬਾਲ ਸਿੰਘ ਅਤੇ ਉਸਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਬੀਤੇ ਦਿਨ ਬਟਾਲੇ ਨੇੜੇ ਇੱਕ ਪਿੰਡ ਵਿੱਚ ਸ਼ੂਗਰ ਦੀ ਦਵਾਈ ਲੈਣ ਗਏ ਸਨ। ਘਰ ਮੁੜਦੇ ਸਮੇਂ ਉਹ ਘੱਲੂਘਾਰਾ ਸਾਹਿਬ ਕੋਲ ਆਪਣੇ ਖੇਤਾਂ ਵਿੱਚ ਲੱਗੇ ਟਿਊਬਵੈੱਲ ਵਾਲੇ ਰਸਤੇ ਪਿੰਡ ਨੂੰ ਮੁੜ ਰਹੇ ਸਨ। ਇਸ ਮੌਕੇ ਇੱਕ ਅੱਧਖੜ ਉਮਰ ਦਾ ਵਿਅਕਤੀ ਅਤੇ ਇੱਕ ਨੌਜਵਾਨ ਉਨ੍ਹਾਂ ਦੇ ਨੇੜੇ ਆ ਕੇ ਰੁਕੇ ਅਤੇ ਆਪਸ ਵਿੱਚ ਉਨ੍ਹਾਂ ਨੇ ਝਗੜਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਘਪਲਾ: 340 ਜਾਅਲੀ NOCs ਮਾਮਲੇ ’ਚ ਦੋ ਹੋਰ ਅਧਿਕਾਰੀ ਸਸਪੈਂਡ
ਇਸ ਉਪਰੰਤ, ਨੌਜਵਾਨ ਨੇ ਬਜ਼ੁਰਗ ਜੋੜੇ ਨੂੰ ਕਿਹਾ ਕਿ ਇਹ ਸੰਤ ਮਹਾਂਪੁਰਸ਼ ਬਹੁਤ ਪਹੁੰਚੇ ਹੋਏ ਹਨ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਗੱਲਾਂ-ਗੱਲਾਂ ਵਿੱਚ ਕਿਹਾ ਕਿ ਜੇਕਰ ਤੁਹਾਡੇ ਕੋਲ ਸੋਨਾ ਜਾਂ ਪੈਸੇ ਹਨ, ਤਾਂ ਉਹ ਦੁੱਗਣਾ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਨੇ ਕੁਲਵਿੰਦਰ ਕੌਰ ਦੇ ਕੰਨਾਂ ਵਿੱਚ ਪਾਈਆਂ ਵਾਲੀਆਂ ਲਾਹੁਣ ਨੂੰ ਕਿਹਾ, ਤਾਂ ਕੁਲਵਿੰਦਰ ਕੌਰ ਨੇ ਮਨਾ ਕਰ ਦਿੱਤਾ। ਪਰ ਕੁਲਵਿੰਦਰ ਕੌਰ ਦੇ ਪਤੀ ਇਕਬਾਲ ਸਿੰਘ ਦੀ ਜੇਬ ਵਿੱਚ ਪਈ 1500 ਰੁਪਏ ਦੀ ਨਕਦੀ ਇਕਬਾਲ ਸਿੰਘ ਨੇ ਖੁਦ ਹੀ ਠੱਗਾਂ ਦੇ ਹਵਾਲੇ ਕਰ ਦਿੱਤੀ। ਇਸ ਤੋਂ ਬਾਅਦ, ਇਸ ਨੌਜਵਾਨ ਨੇ ਕੁਲਵਿੰਦਰ ਕੌਰ ਦੇ ਕੰਨਾਂ ਵਿੱਚੋਂ ਵਾਲੀਆਂ ਵੀ ਉਤਾਰ ਲਈਆਂ।
ਇਹ ਵੀ ਪੜ੍ਹੋ- ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !
ਇਸ ਉਪਰੰਤ ਇਹ ਦੋਵੇਂ ਠੱਗ ਪਤੀ-ਪਤਨੀ ਨਾਲ ਉਨ੍ਹਾਂ ਦੇ ਘਰ ਪਿੰਡ ਸੈਦੋਵਾਲ ਵਿੱਚ ਆ ਗਏ, ਜਿੱਥੋਂ ਆ ਕੇ ਉਨ੍ਹਾਂ ਨੇ ਇੱਕ ਜੋੜਾ ਸੋਨੇ ਦੀਆਂ ਵਾਲੀਆਂ, 3 ਸੋਨੇ ਦੀਆਂ ਮੁੰਦਰੀਆਂ, ਇੱਕ ਚੇਨੀ, ਹੋਰ ਸੋਨੇ ਦੇ ਗਹਿਣੇ ਅਤੇ ਲਗਭਗ 25 ਹਜ਼ਾਰ ਰੁਪਏ ਦੀ ਨਕਦੀ ਸੋਨਾ ਦੁੱਗਣਾ ਕਰਨ ਦੇ ਝਾਂਸੇ ਵਿੱਚ ਉਨ੍ਹਾਂ ਕੋਲੋਂ ਆਪਣੇ ਕਬਜ਼ੇ ਵਿੱਚ ਲੈ ਲਏ। ਉਨ੍ਹਾਂ ਨੇ ਪਤੀ-ਪਤਨੀ ਨੂੰ ਵੱਖ-ਵੱਖ ਕੱਪੜਿਆਂ ਦੀਆਂ ਬਣਾਈਆਂ ਹੋਈਆਂ ਗੁਥਲੀਆਂ ਫੜਾ ਦਿੱਤੀਆਂ ਅਤੇ ਕਿਹਾ ਕਿ ਤੁਸੀਂ ਇਨ੍ਹਾਂ ਨੂੰ ਕੱਲ੍ਹ ਨੂੰ ਦੇਖ ਲਿਓ, ਇਨ੍ਹਾਂ ਵਿੱਚ ਤੁਹਾਨੂੰ ਦੁੱਗਣਾ ਸੋਨਾ ਮਿਲੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ
ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕੁਝ ਸਮਾਂ ਬਾਅਦ ਉਨ੍ਹਾਂ ਕੱਪੜੇ ਦੀਆਂ ਗੁਥਲੀਆਂ ਨੂੰ ਖੋਲ੍ਹ ਕੇ ਦੇਖਿਆ, ਤਾਂ ਉਨ੍ਹਾਂ ਵਿੱਚ ਭੰਗ ਦੇ ਪੱਤੇ ਅਤੇ ਕੂੜਾ ਬੰਨ੍ਹਿਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਦਿਨ-ਦਿਹਾੜੇ ਵੱਡੀ ਠੱਗੀ ਹੋਈ ਹੈ, ਜਿਸ ਦੀ ਸੂਚਨਾ ਉਨ੍ਹਾਂ ਵੱਲੋਂ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਮੌਕੇ ਸਟੇਟ ਅਵਾਰਡੀ ਮਾਸਟਰ ਬਲਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਪਿੰਡ ਵਿੱਚ ਇੱਕ ਅਜਿਹੀ ਘਟਨਾ ਵਾਪਰ ਚੁੱਕੀ ਹੈ ਅਤੇ ਇਹ ਦਿਨ-ਦਿਹਾੜੇ ਵਾਪਰੀ ਦੂਸਰੀ ਘਟਨਾ ਹੈ। ਪੀੜਤ ਪਰਿਵਾਰ ਅਤੇ ਪਿੰਡ ਦੇ ਜ਼ਿੰਮੇਵਾਰ ਲੋਕਾਂ ਨੇ ਪੁਲਸ ਵਿਭਾਗ ਕੋਲੋਂ ਅਜਿਹੇ ਠੱਗਾਂ ਨੂੰ ਨੱਥ ਪਾਉਣ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਜਦੋਂ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਇੰਸਪੈਕਟਰ ਦੀਪਕਾ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਥਾਣੇ ਵਿੱਚ ਪੀੜਤ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਘਟਨਾ ਵਾਲੇ ਸਥਾਨ ਅਤੇ ਇਕਬਾਲ ਸਿੰਘ ਦੇ ਘਰ ਦਾ ਮੌਕਾ ਦੇਖ ਕੇ ਇਸ ਮਾਮਲੇ ਦੀ ਤਹਿ ਤੱਕ ਪਹੁੰਚਦੇ ਹੋਏ ਦੋਸ਼ੀਆਂ ਨੂੰ ਕਾਬੂ ਕਰਨ ਦਾ ਪੂਰਾ ਯਤਨ ਕਰਨਗੇ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਵਿਅਕਤੀਆਂ ਦੀ ਤੁਰੰਤ ਨੇੜਲੇ ਪੁਲਿਸ ਥਾਣੇ ਵਿੱਚ ਸੂਚਨਾ ਦਿੱਤੀ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ ਨਗਰ ਨਿਗਮ ਦੀ ਬੈਠਕ, ਚੁੱਕੇ ਗਏ ਵੱਖ-ਵੱਖ ਮੁੱਦੇ
NEXT STORY