ਪਟਿਆਲਾ (ਰਾਜੇਸ਼ ਪੰਜੌਲਾ) : ਆਮ ਆਦਮੀ ਪਾਰਟੀ ਨੇ ਅੱਜ ਵੀਰਵਾਰ ਨੂੰ ਪੰਜਾਬ ਦੀਆਂ 13 ’ਚੋਂ 8 ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ’ਚੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੂੰ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ‘ਜਗਬਾਣੀ’ ਵਲੋਂ ਕੁੱਝ ਦਿਨ ਪਹਿਲਾਂ ਹੀ ਇਸ ਸੰਬੰਧੀ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਪਟਿਆਲਾ ਲੋਕ ਸਭਾ ਹਲਕੇ ਦੇ ਡੇਢ ਦਰਜ਼ਨ ਦੇ ਲਗਭਗ ਚਾਹਵਾਨ ਉਮੀਦਵਾਰਾਂ ’ਚੋਂ 3 ਨਾਮਾਂ ਦਾ ਫਾਈਨਲ ਪੈਨਲ ਬਣ ਗਿਆ ਹੈ, ਜਿਨ੍ਹਾਂ ’ਚ ਨੰਬਰ ਇਕ ’ਤੇ ਪੰਜਾਬ ਦੇ ਸਿਹਤ ਮੰਤਰੀ ਅਤੇ ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਡਾ. ਬਲਬੀਰ ਸਿੰਘ ਹਨ। ਡਾ. ਬਲਬੀਰ ਸਿੰਘ ਪਾਰਟੀ ਦੀ ਸਥਾਪਨਾ ਦੇ ਸਮੇਂ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਪਟਿਆਲਾ ਸ਼ਹਿਰੀ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਚੋਣ ਲੜੀ ਸੀ ਪਰ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਲਹਿਰ ਹੋਣ ਕਾਰਨ ਪੂਰੇ ਪੰਜਾਬ ’ਚ ਹੀ ਪਾਰਟੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਸੀ ਅਤੇ ਡਾ. ਬਲਬੀਰ ਸਿੰਘ ਚੋਣ ਹਾਰ ਗਏ ਸਨ। ਇਸ ਤੋਂ ਬਾਅਦ 2022 ’ਚ ਪਾਰਟੀ ਨੇ ਉਨ੍ਹਾਂ ਨੂੰ ਪਟਿਆਲਾ ਦਿਹਾਤੀ ਹਲਕੇ ਤੋਂ ਚੋਣ ਮੈਦਾਨ ’ਚ ਭੇਜਿਆ ਅਤੇ ਉਹ ਜਿੱਤ ਕੇ ਵਿਧਾਇਕ ਬਣੇ ਅਤੇ ਸਰਕਾਰ ’ਚ ਉਨ੍ਹਾਂ ਨੂੰ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ, ਸ਼ਿਕਾਇਤ ਨਿਵਾਰਨ ਅਤੇ ਚੋਣਾਂ ਦੇ ਵਿਭਾਗ ਦਿੱਤੇ ਗਏ। ਇਹੀ ਵਿਭਾਗ ਇਸ ਹਲਕੇ ਤੋਂ ਕਾਂਗਰਸੀ ਦੇ ਵਿਧਾਇਕ ਰਹੇ ਬ੍ਰਹਮ ਮਹਿੰਦਰਾ ਕੋਲ ਸਨ। ‘ਜਗਬਾਣੀ’ ਨੇ ਪੂਰੇ ਤੱਥਾਂ ਸਮੇਤ ਰਿਪੋਰਟ ਛਾਪੀ ਸੀ ਕਿ ਡਾ. ਬਲਬੀਰ ਸਿੰਘ, ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਬਲਤੇਜ ਪੰਨੂੰ ਅਤੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਫਾਈਨਲ ਪੈਨਲ ਬਣਿਆ ਹੈ।
ਇਨ੍ਹਾਂ ਤਿੰਨਾਂ ’ਚੋਂ ਹੀ ਕਿਸੇ ਇਕ ਦੇ ਨਾਂ ’ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਰ ਲਾਉਣੀ ਸੀ। ਪੈਨਲ ’ਚ ਨੰਬਰ ਇਕ ’ਤੇ ਨਾਮ ਡਾ. ਬਲਬੀਰ ਸਿੰਘ ਦਾ ਹੀ ਸੀ ਅਤੇ ਪਾਰਟੀ ਨੇ ਉਨ੍ਹਾਂ ਦੇ ਨਾਮ ’ਤੇ ਹੀ ਮੋਹਰ ਲਾ ਦਿੱਤੀ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਪ੍ਰਕਾਸ਼ਿਤ/ਪ੍ਰਸਾਰਿਤ ਪੇਡ ਨਿਊਜ਼ ’ਤੇ ਸਖ਼ਤ ਨਿਗਰਾਨੀ ਰੱਖੇਗਾ ਚੋਣ ਕਮਿਸ਼ਨ
2014 ’ਚ ਪ੍ਰਨੀਤ ਕੌਰ ਨੂੰ ਇਕ ਡਾਕਟਰ ਨੇ ਹੀ ਹਰਾਇਆ ਸੀ
ਪਟਿਆਲਾ ਦੇ ਮੌਜੂਦਾ ਐਮ. ਪੀ. ਪ੍ਰਨੀਤ ਕੌਰ 1999, 2004 ਅਤੇ 2009 ’ਚ ਲਗਾਤਾਰ ਐਮ. ਪੀ. ਬਣ ਕੇ ਪਟਿਆਲਾ ਤੋਂ ਹੈਟ੍ਰਿਕ ਮਾਰ ਕੇ ਇਕ ਰਿਕਾਰਡ ਬਣਾ ਚੁੱਕੇ ਸਨ। ਉਨ੍ਹਾਂ ਦੇ ਜੇਤੂ ਰੱਥ ਨੂੰ ਰੋਕਣ ਲਈ ਆਮ ਆਦਮੀ ਪਾਰਟੀ ਨੇ 2014 ਦੀ ਲੋਕ ਸਭਾ ਚੋਣਾਂ ’ਚ ਡਾ. ਧਰਮਵੀਰ ਗਾਂਧੀ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ ਅਤੇ ਪਾਰਟੀ ਦੀ ਰਣਨੀਤੀ ਸਫਲ ਰਹੀ ਤੇ ਡਾ. ਧਰਮਵੀਰ ਗਾਂਧੀ ਨੇ ਪ੍ਰਨੀਤ ਕੌਰ ਨੂੰ ਹਰਾ ਦਿੱਤਾ ਸੀ। ਡਾ. ਧਰਮਵੀਰ ਗਾਂਧੀ ਵੀ ਪੇਸ਼ੇ ਤੋਂ ਡਾਕਟਰ ਹਨ ਅਤੇ ਪਾਰਟੀ ਨੇ ਹੁਣ ਜਿਸ ਡਾ. ਬਲਬੀਰ ਸਿੰਘ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ, ਉਹ ਵੀ ਪੇਸ਼ੇ ਤੋਂ ਡਾਕਟਰ ਹਨ ਅਤੇ ਡਾ. ਧਰਮਵੀਰ ਗਾਂਧੀ ਵਾਂਗ ਹੀ ਸਮਾਜ ਸੇਵਕ ਵੀ ਹਨ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਉਹ ਪਿਛਲੇ 3-4 ਦਹਾਕਿਆਂ ਤੋਂ ਸੇਵਾ ਕਾਰਜ ਕਰ ਰਹੇ ਹਨ। ਇਸ ਨੂੰ ਦੇਖਦੇ ਹੋਏ ਹੀ ਪਾਰਟੀ ਨੇ ਇਕ ਵਾਰ ਫਿਰ ਤੋਂ ਡਾਕਟਰੀ ਪੇਸ਼ੇ ਵਾਲਾ ਉਮੀਦਵਾਰ ਪਟਿਆਲਾ ਦੇ ਲੋਕਾਂ ਨੂੰ ਦਿੱਤਾ ਹੈ। ਪਾਰਟੀ ਨੂੰ ਉਮੀਦ ਹੈ ਕਿ ਪਟਿਆਲਾ ਲੋਕ ਸਭਾ ਸੀਟ ’ਤੇ 2014 ਵਾਲਾ ਇਤਿਹਾਸ ਦੁਹਰਾਇਆ ਜਾਵੇਗਾ ਕਿਉਂਕਿ ਜੇਕਰ ਅਕਾਲੀ ਭਾਜਪਾ ਗਠਜੋੜ ਹੁੰਦਾ ਹੈ ਤਾਂ ਇਸ ਗਠਜੋੜ ਦੀ ਉਮੀਦਵਾਰ ਪ੍ਰਨੀਤ ਕੌਰ ਹੋਣਗੇ ਕਿਉਂਕਿ ਉਹ ਅੱਜ ਹੀ ਭਾਜਪਾ ’ਚ ਸ਼ਾਮਲ ਹੋਏ ਹਨ। ਮੀਡੀਆ ’ਚ ਖ਼ਬਰਾਂ ਆ ਰਹੀਆਂ ਹਨ ਕਿ ਅਕਾਲੀ ਭਾਜਪਾ ਗਠਜੋੜ ਹੋਣਾ ਨਿਸ਼ਚਿਤ ਹੈ। ਅਜਿਹੇ ’ਚ ਇਕ ਵਾਰ ਫਿਰ ਤੋਂ ਪ੍ਰਨੀਤ ਕੌਰ ਦਾ ਮੁਕਾਬਲਾ ਇਕ ਡਾਕਟਰੀ ਪੇਸ਼ੇ ਵਾਲੇ ਉਮੀਦਵਾਰ ਨਾਲ ਹੋਵੇਗਾ।
ਇਹ ਵੀ ਪੜ੍ਹੋ : ਲੋਕ ਸਭ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਲਸ ਅਧਿਕਾਰੀਆਂ ਨੂੰ ਸਖ਼ਤ ਹੁਕਮ
ਹਰਿਆਣਾ ਦੇ ਓ. ਬੀ. ਸੀ./ਸੈਣੀ ਮੁੱਖ ਮੰਤਰੀ ਦੀ ਕਾਟ ਵੀ ਹਨ ਡਾ. ਬਲਬੀਰ ਸਿੰਘ
ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਗੁਆਂਢੀ ਸੂਬੇ ਹਰਿਆਣਾ ’ਚ ਵੱਡਾ ਫੇਰਬਦਲ ਕਰਦੇ ਹੋਏ ਓ. ਬੀ. ਸੀ. ਭਾਈਚਾਰੇ ਨਾਲ ਸਬੰਧਤ ਸੈਣੀ ਬਿਰਾਦਰੀ ਦੇ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾ ਕੇ ਓ. ਬੀ. ਸੀ. ਪੱਤਾ ਖੇਡਿਆ ਹੈ। ਨਾਇਬ ਸੈਣੀ ਪਟਿਆਲਾ ਲੋਕ ਸਭਾ ਹਲਕੇ ਦੇ ਬਿਲਕੁਲ ਨਾਲ ਲੱਗਦੇ ਕੁਰਕਸ਼ੇਤਰ ਹਲਕੇ ਤੋਂ ਐਮ. ਪੀ. ਹਨ, ਜਿਸ ਕਰਕੇ ਕੁਰਕਸ਼ੇਤਰ ਅਤੇ ਪਟਿਆਲਾ ਲੋਕ ਸਭਾ ਹਲਕੇ ਦੀ ਮਾਨਸਿਕਤਾ ਇਕ ਹੀ ਹੈ। ਅਜਿਹੇ ’ਚ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਓ. ਬੀ. ਸੀ./ਸੈਣੀ ਮੁੱਖ ਮੰਤਰੀ ਦੀ ਕਾਟ ਲਈ ਡਾ. ਬਲਬੀਰ ਸਿੰਘ ਨੂੰ ਪਟਿਆਲਾ ਲੋਕ ਸਭਾ ਹਲਕੇ ਦਾ ਉਮੀਦਵਾਰ ਬਣਾ ਕੇ ਭਾਜਪਾ ਦੇ ਰਾਜਨੀਤਕ ਪੱਤੇ ਦੀ ਕਾਟ ਕੀਤੀ ਹੈ। ਡਾ. ਬਲਬੀਰ ਸਿੰਘ ਖੁੱਦ ਸੈਣੀ ਭਾਈਚਾਰੇ ਨਾਲ ਸਬੰਧਤ ਹਨ ਜੋ ਕਿ ਓ. ਬੀ. ਸੀ. ਸਮਾਜ ਨਾਲ ਸਬੰਧਤ ਹੈ। ਲੰਘੇ ਐਤਵਾਰ ਨੂੰ ਪਟਿਆਲਾ ਵਿਖੇ ਸੈਣੀ ਸਮਾਜ ਦਾ ਵੱਡਾ ਸੰਮੇਲਨ ਹੋਇਆ ਸੀ, ਜਿਸ ’ਚ ਡਾ. ਬਲਬੀਰ ਸਿੰਘ ਬਤੌਰ ਮੁੱਖ ਮਹਿਮਾਨ ਗਏ ਸਨ। ਇਸ ਸੰਮੇਲਨ ’ਚ ਹਰਿਆਣਾ ਤੋਂ ਵੱਡੀ ਗਿਣਤੀ ’ਚ ਸੈਣੀ ਸਮਾਜ ਦੇ ਲੋਕ ਆਏ ਸਨ। ਇਹ ਸੰਯੋਗ ਹੀ ਹੈ ਕਿ ਇਸ ਸੰਮੇਲਨ ਤੋਂ ਤੁਰੰਤ ਬਾਅਦ ਹਰਿਆਣਾ ’ਚ ਸੈਣੀ ਬਿਰਾਦਰੀ ਨੂੰ ਸੀ. ਐਮ. ਦੀ ਕੁਰਸੀ ਮਿਲ ਗਈ ਅਤੇ ਪਟਿਆਲਾ ’ਚ ਲੋਕ ਸਭਾ ਦੀ ਟਿਕਟ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਮੁੱਖ ਚੋਣ ਅਧਿਕਾਰੀ ਵੱਲੋਂ ਰਾਜ ਪੱਧਰੀ ਕਮੇਟੀਆਂ ਦਾ ਗਠਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਸੋਸ਼ਲ ਮੀਡੀਆ ’ਤੇ ਪ੍ਰਕਾਸ਼ਿਤ/ਪ੍ਰਸਾਰਿਤ ਪੇਡ ਨਿਊਜ਼ ’ਤੇ ਸਖ਼ਤ ਨਿਗਰਾਨੀ ਰੱਖੇਗਾ ਚੋਣ ਕਮਿਸ਼ਨ
NEXT STORY