ਬਟਾਲਾ,(ਯੋਗੇਸ਼ ਬੇਰੀ)- ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ, ਜਿਸ ਨੂੰ ਬੀਤੀ 30 ਅਪ੍ਰੈਲ ਨੂੰ ਬਟਾਲਾ ਪੁਲਸ ਪਟਿਆਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਦੇ ਆਧਾਰ 'ਤੇ ਰਿਮਾਂਡ 'ਤੇ ਲੈ ਕੇ ਆਈ ਸੀ। ਜਿਸ ਦਾ ਅੱਜ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਜੱਗੂ ਨੂੰ ਦੁਬਾਰਾ ਪਟਿਆਲਾ ਭੇਜ ਦਿੱਤਾ ਗਿਆ ਹੈ ਪਰ ਅਜੇ ਇਹ ਰਹੱਸ ਬਣਿਆ ਹੋਇਆ ਹੈ ਕਿ ਉਸ ਨੂੰ ਜੇਲ ਵਿਚ ਆਈਸੋਲੇਸ਼ਨ ਵਾਰਡ ਬਣਾ ਕੇ ਰੱਖਿਆ ਜਾਵੇਗਾ ਜਾਂ ਕਿਸੇ ਹਸਪਤਾਲ ਵਿਚ ਸ਼ਿਫਟ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਮਾਮਲੇ ਸਬੰਧੀ ਕੋਈ ਵੀ ਅਧਿਕਾਰੀ ਖੁੱਲ੍ਹ ਕੇ ਜਾਣਕਾਰੀ ਦੇਣ ਤੋਂ ਬਚਦਾ ਦਿਖਾਈ ਦਿੱਤਾ ਕਿਉਂਕਿ ਨਾ ਤਾਂ ਪ੍ਰਸ਼ਾਸਨ ਨੇ ਦੱਸਿਆ ਕਿ ਉਸ ਦਾ ਦੁਬਾਰਾ ਕੋਰੋਨਾ ਟੈਸਟ ਕੀਤਾ ਗਿਆ ਹੈ ਜਾਂ ਨਹੀਂ ਕਿਉਂਕਿ ਜੱਗੂ ਭਗਵਾਨਪੁਰੀਆ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਹੈ। ਇਸ ਤੋਂ ਇਲਾਵਾ ਨਾ ਹੀ ਪ੍ਰਸ਼ਾਸਨ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ ਕਿ ਉਸ ਨੂੰ ਜੇਲ ਵਿਚ ਜਾਂ ਹਸਪਤਾਲ ਵਿਚ ਸ਼ਿਫਟ ਕੀਤਾ ਜਾਵੇਗਾ।
ਕੀ ਕਹਿਣਾ ਹੈ ਐੱਸ. ਐੱਮ. ਓ ਦਾ
ਉਕਤ ਮਾਮਲੇ ਸਬੰਧੀ ਜਦੋਂ ਐੱਸ. ਐੱਮ. ਓ. ਬਟਾਲਾ ਡਾ. ਸੰਜੀਵ ਭੱਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਡੀ.ਸੀ ਗੁਰਦਾਸਪੁਰ ਜਾਂ ਸਿਵਲ ਸਰਜਨ ਗੁਰਦਾਸਪੁਰ ਹੀ ਦੇਣਗੇ।
ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ
ਉਪਰੋਕਤ ਮਾਮਲੇ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੀ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਹੋਣ ਤੋਂ ਸਾਫ ਇਨਾਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਤਾਂ ਕੇਵਲ ਐੱਸ.ਐੱਸ.ਪੀ ਬਟਾਲਾ ਹੀ ਦੱਸ ਸਕਦੇ ਹਨ ਕਿਉਂਕਿ ਜੱਗੂ ਭਗਵਾਨਪੁਰੀਆ ਉਨ੍ਹਾਂ ਦੀ ਕਸਟੱਡੀ 'ਚ ਸੀ।
ਕੀ ਕਹਿਣਾ ਹੈ ਐੱਸ. ਐੱਸ. ਪੀ. ਬਟਾਲਾ ਦਾ
ਉਕਤ ਮਾਮਲੇ ਸਬੰਧੀ ਜਦੋਂ ਐੱਸ.ਐੱਸ.ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਤੋਂ ਮੈਡੀਕਲ ਕਰਵਾ ਕੇ ਪਟਿਆਲਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਜਾਵੇਗਾ। ਕੋਰੋਨਾ ਟੈਸਟ ਸਬੰਧੀ ਪੁੱਛੇ ਸਵਾਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਉਸਦਾ ਕੋਰੋਨਾ ਦਾ ਟੈਸਟ ਦੁਬਾਰਾ ਨਹੀਂ ਕਰਵਾਇਆ ਗਿਆ।
ਪ੍ਰਧਾਨ ਮੰਤਰੀ ਮੋਦੀ ਨੇ ਭਾਈ ਲੌਂਗੋਵਾਲ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
NEXT STORY