ਮਾਨਸਾ(ਜੱਸਲ)-ਭੈਣ ਨੂੰ ਤੰਗ–ਪ੍ਰੇਸ਼ਾਨ ਕਰਨ ਵਾਲੇ ਜੀਜੇ ਦੀ ਕੁੱਟ-ਮਾਰ ਕਰਨ 'ਤੇ ਸਾਲੇ ਤੇ ਉਸ ਦੇ ਚਾਰ ਸਾਥੀਆਂ ਨੂੰ ਮਾਨਸਾ ਦੀ ਇਕ ਅਦਾਲਤ ਵੱਲੋਂ ਸਜ਼ਾ ਤੇ ਜੁਰਮਾਨੇ ਦਾ ਹੁਕਮ ਸੁਣਾਇਆ ਗਿਆ ਹੈ। ਜਾਣਕਾਰੀ ਅਨੁਸਾਰ 29 ਮਾਰਚ 2014 ਨੂੰ ਪਾਲਾ ਰਾਮ ਪੁੱਤਰ ਬਲਦੇਵ ਰਾਮ ਵਾਸੀ ਰਾਮਪੁਰ ਮੰਡੇਰ ਨੇ ਆਪਣੇ ਚਾਰ ਹੋਰ ਸਾਥੀਆਂ ਸਮੇਤ ਪਿੰਡ ਗੇਹਲੇ ਪੁੱਜ ਕੇ ਆਪਣੇ ਜੀਜੇ ਕੇਵਲ ਕ੍ਰਿਸ਼ਨ ਪੁੱਤਰ ਕਾਕਾ ਰਾਮ ਵਾਸੀ ਪਿੰਡ ਗੇਹਲੇ ਦੀ ਇਸ ਲਈ ਕੁੱਟ-ਮਾਰ ਕਰ ਦਿੱਤੀ ਕਿ ਉਹ ਉਸ ਦੀ ਭੈਣ ਨੂੰ ਤੰਗ–ਪ੍ਰੇਸ਼ਾਨ ਕਰਦਾ ਸੀ। ਇਸ ਸਬੰਧੀ ਥਾਣਾ ਕੋਟਧਰਮੂ ਦੀ ਪੁਲਸ ਨੇ 31 ਮਾਰਚ 2014 ਨੂੰ ਕੁੱਟ-ਮਾਰ ਦਾ ਸ਼ਿਕਾਰ ਹੋਏ ਕੇਵਲ ਕ੍ਰਿਸ਼ਨ ਦੀ ਸ਼ਿਕਾਇਤ 'ਤੇ ਪਾਲਾ ਰਾਮ, ਬਿੰਦਰ ਕੁਮਾਰ, ਨਰੇਸ਼ ਕੁਮਾਰ, ਸਰਬਜੀਤ ਤੇ ਮਿੱਠਾ ਰਾਮ ਵਾਸੀ ਮੰਡੇਰ ਦੇ ਖਿਲਾਫ਼ ਮਾਮਲਾ ਨੰਬਰ 26 ਦਰਜ ਕਰ ਕੇ ਸੁਣਵਾਈ ਲਈ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਮਾਨਸਾ ਮੈਡਮ ਦਲਜੀਤ ਕੌਰ ਦੀ ਅਦਾਲਤ ਵੱਲੋਂ ਕਥਿਤ ਵਿਅਕਤੀਆਂ ਨੂੰ ਇਸ ਘਟਨਾ ਦਾ ਦੋਸ਼ੀ ਮੰਨਦੇ ਹੋਏ ਦੋ–ਦੋ ਸਾਲ ਦੀ ਸਜ਼ਾ ਤੇ ਇਕ–ਇਕ ਹਜ਼ਾਰ ਰੁਪਏ ਜੁਰਮਾਨੇ ਦਾ ਫ਼ੈਸਲਾ ਸੁਣਾਇਆ ਹੈ।
ਮਾਮਲਾ ਪਤਨੀ-ਪੁੱਤਰ ਨੂੰ ਗੋਲੀ ਮਾਰਨ ਦਾ ਫਰਾਰ ਜੇ. ਈ. ਦਾ ਕੋਈ ਸੁਰਾਗ ਨਹੀਂ
NEXT STORY