ਜਲੰਧਰ (ਗੁਲਸ਼ਨ) - ਫਿਰੋਜ਼ਪੁਰ ਰੇਲ ਡਵੀਜ਼ਨ ਦੇ ਡੀ.ਆਰ. ਐੱਮ. ਨੂੰ ਮਿਲੇ ਪੱਤਰ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਜਲੰਧਰ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਜ਼ਿਲਾ ਪੁਲਸ, ਰੇਲਵੇ ਪੁਲਸ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਸ ਦੇ ਤਹਿਤ ਮੰਗਲਵਾਰ ਨੂੰ ਸਿਟੀ ਸਟੇਸ਼ਨ ਦੀ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਹੈ। ਜਿਥੇ ਰੇਲਵੇ ਪੁਲਸ ਵਲੋਂ ਆਪਣੇ ਪੱਧਰ ਵਲੋਂ ਚੈਕਿੰਗ ਮੁਹਿੰਮ ਚਲਾਈ ਗਈ, ਉਥੇ ਜ਼ਿਲਾ ਪੁਲਸ ਦੇ ਅਧਿਕਾਰੀਆਂ ਵਲੋਂ ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਨਾਲ ਸਿਟੀ ਸਟੇਸ਼ਨ 'ਤੇ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਸ ਵਲੋਂ ਸਟੇਸ਼ਨ ਦੇ ਚੱਪੇ-ਚੱਪੇ ਨੂੰ ਖੰਗਾਲਿਆ ਗਿਆ।
ਪਲੇਟਫਾਰਮ 'ਤੇ ਖੜ੍ਹੇ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲੈਣ ਤੋਂ ਇਲਾਵਾ ਪਲੇਟਫਾਰਮਾਂ, ਵੇਟਿੰਗ ਹਾਲ, ਮੁਸਾਫਰਖਾਨੇ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸਟਾਲਾਂ ਦੀ ਚੈਕਿੰਗ ਕੀਤੀ ਗਈ। ਕੁਝ ਟਰੇਨਾਂ 'ਚ ਸਰਚ ਮੁਹਿੰਮ ਵੀ ਚਲਾਈ ਗਈ। ਬਾਅਦ ਦੁਪਹਿਰ ਐੱਸ. ਓ. ਜੀ. ਦੇ ਜਵਾਨਾਂ ਨੇ ਸਟੇਸ਼ਨ 'ਤੇ ਫਲੈਗ ਮਾਰਚ ਕੱਢਿਆ। ਪੁਲਸ ਅਧਿਕਾਰੀਆਂ ਨੇ ਸਟੇਸ਼ਨ 'ਤੇ ਕੁਝ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ। ਉਨ੍ਹਾਂ ਨੇ ਸਟੇਸ਼ਨ 'ਤੇ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਯਾਤਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਟੇਸ਼ਨ ਕੰਪਲੈਕਸ ਜਾਂ ਸਰਕੂਲੇਟਿੰਗ ਏਰੀਏ ਵਿਚੋਂ ਕੋਈ ਲਾਵਾਰਿਸ ਚੀਜ਼ ਜਾਂ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ।
ਪੰਜਵੀਂ ਧੀ ਦੇ ਜਨਮ 'ਤੇ ਪਿਤਾ ਦਾ ਖੌਫਨਾਕ ਕਾਰਾ (ਵੀਡੀਓ)
NEXT STORY