ਜੈਤੋ (ਜਿੰਦਲ) - ਬੀਤੀ ਸ਼ਾਮ ਕਰੀਬ 3:00 ਵਜੇ ਕੋਟਕਪੂਰਾ ਰੋਡ 'ਤੇ ਰੇਲਵੇ ਪੁਲੀ ਨੇੜੇ ਨਹਿਰ 'ਚ ਨਹਾਉਂਦੇ ਦੋ ਬੱਚੇ ਡੁੱਬ ਗਏ, ਜਿਨ੍ਹਾਂ 'ਚੋਂ ਇਕ ਬੱਚੇ ਨੂੰ ਲੋਕਾਂ ਨੇ ਬਚਾ ਲਿਆ। ਡੁੱਬੇ ਹੋਏ ਦੂਜੇ ਬੱਚੇ ਦੀ ਲੋਕਾਂ ਅਤੇ ਗੋਤਾਖੋਰਾਂ ਵਲੋਂ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਡੁੱਬੇ ਹੋਏ ਬੱਚੇ ਵਿਸ਼ਾਲ (10) ਪੁੱਤਰ ਰਿੰਕੂ ਵਾਸੀ ਫਰੀਦਕੋਟ, ਜੋ ਚਾਰ ਦਿਨ ਪਹਿਲਾਂ ਜੈਤੋ ਵਿਖੇ ਆਪਣੀ ਮਾਸੀ ਕੋਲ ਆਇਆ ਸੀ ਅਤੇ ਗਲੋਟ (11) ਪੁੱਤਰ ਰਾਜ ਕੁਮਾਰ ਵਾਸੀ ਜੈਤੋ, ਨਹਿਰ 'ਚ ਨਹਾਉਣ ਲਈ ਚਲੇ ਗਏ ਅਤੇ ਡੁੱਬ ਗਏ। ਇਨ੍ਹਾਂ ਬੱਚਿਆਂ ਨੂੰ ਡੁੱਬਦਾ ਦੇਖ ਲੋਕਾਂ ਨੇ ਰੌਲਾ ਪਾ ਦਿੱਤਾ। ਦੂਜੇ ਪਾਸੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪਾਇਲਟ ਮੀਤ ਸਿੰਘ ਨੂੰ ਜਾਣਕਾਰੀ ਮਿਲਦੇ ਹੀ ਉਹ ਤੁਰੰਤ ਨਹਿਰ 'ਤੇ ਪੁੱਜ ਗਏ ਅਤੇ ਨਹਿਰ 'ਚ ਛਾਲ ਮਾਰ ਕੇ ਇਕ ਬੱਚੇ ਗਲੋਟ ਨੂੰ ਤਾਂ ਉਨ੍ਹਾਂ ਬਾਹਰ ਕੱਢ ਲਿਆ ਪਰ ਦੂਜੇ ਬੱਚੇ ਦੀ ਭਾਲ ਜਾਰੀ ਹੈ।

ਇਸ ਦੌਰਾਨ ਤਹਿਸੀਲਦਾਰ ਜੈਤੋ ਸੀਸਪਾਲ ਸਿੰਗਲਾ ਵੀ ਮੌਕੇ 'ਤੇ ਪਹੁੰਚ ਗਏ ਸਨ। ਤਹਿਸੀਲਦਾਰ ਨੇ ਬਾਹਰ ਕੱਢੇ ਬੱਚੇ ਗਲੋਟ ਤੋਂ ਸਾਰੀ ਗੱਲਬਾਤ ਪੁੱਛੀ ਅਤੇ ਐੱਨ. ਡੀ. ਆਰ. ਐੱਫ. ਨੂੰ ਬਠਿੰਡਾ ਤੋਂ ਬੁਲਾਇਆ ਗਿਆ। ਹੁਣ 27 ਘੰਟਿਆਂ ਤੋਂ ਲਗਾਤਾਰ ਨੌਜਵਾਨ ਸੋਸਾਇਟੀ ਦੇ ਆਗੂ ਐੱਨ. ਡੀ. ਆਰ. ਐੱਫ. ਦੇ ਜਵਾਨ ਕਿਸ਼ਤੀਆਂ ਅਤੇ ਤੈਰਾਕਾਂ ਦੇ ਸਹਿਯੋਗ ਨਾਲ ਡੁੱਬੇ ਹੋਏ ਬੱਚੇ ਦੀ ਭਾਲ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। ਐੱਨ. ਡੀ. ਆਰ. ਐੱਫ. ਦੇ ਕਰੀਬ 40 ਜਵਾਨ ਅਤੇ ਨੌਜਵਾਨ ਸੋਸਾਇਟੀ ਦੇ ਕਰੀਬ 15 ਨੌਜਵਾਨ ਇਸ ਕੰਮ 'ਚ ਜੁੱਟੇ ਹੋਏ ਹਨ।
ਗਰਮਾ-ਗਰਮ 'ਸਮੋਸੇ' ਖਾਣ ਵਾਲੇ ਜ਼ਰਾ ਇਹ ਪੜ੍ਹੋ, ਅੱਖਾਂ ਅੱਡੀਆਂ ਰਹਿ ਜਾਣਗੀਆਂ
NEXT STORY