ਜਲੰਧਰ (ਚੋਪੜਾ) : 2019 ਦੀਆਂ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਰੱਥ ਨੂੰ ਰੋਕਣ ਲਈ ਗਠਜੋੜ ਬਣਾਉਣ ਨੂੰ ਉਤਸੁਕ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗਠਜੋੜ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ, ਜਿਸ ਦੇ ਬਾਅਦ ਹੁਣ ਦੋਵੇਂ ਪਾਰਟੀਆਂ ਦਿੱਲੀ, ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ 'ਚ ਆਪਣੇ-ਆਪਣੇ ਦਮ 'ਤੇ ਚੋਣਾਂ ਲੜਨਗੀਆਂ। ਪਿਛਲੇ ਕੁਝ ਸਮੇਂ ਤੋਂ ਸਿਆਸੀ ਗਲਿਆਰਿਆਂ 'ਚ ਬਹੁਤ ਚਰਚਾ ਸੀ ਕਿ 'ਆਪ' ਅਤੇ ਕਾਂਗਰਸ ਦਾ ਵੋਟ ਬੈਂਕ ਲਗਭਗ ਇਕ ਹੈ, ਅਜਿਹੇ 'ਚ ਪੀ. ਐੱਮ. ਮੋਦੀ ਅਤੇ ਭਾਜਪਾ ਨੂੰ ਹਰਾਉਣ ਲਈ ਦੋਵੇਂ ਪਾਰਟੀਆਂ ਚੋਣ ਗਠਜੋੜ ਕਰਨ ਜਾ ਰਹੀਆਂ ਹਨ। ਜੇਕਰ ਅਜਿਹਾ ਨਹੀਂ ਹੋਇਆ ਤਾਂ ਜ਼ੋਰਦਾਰ ਸੰਭਾਵਨਾਵਾਂ ਹਨ ਕਿ ਦੋਵੇਂ ਪਾਰਟੀਆਂ 'ਚ ਵੋਟ ਬੈਂਕ ਦੇ ਵੰਡੇ ਜਾਣ ਨਾਲ ਜਿਥੇ ਦੋਵਾਂ ਨੂੰ ਨੁਕਸਾਨ ਹੋਵੇਗਾ, ਉਥੇ ਭਾਜਪਾ ਚੋਣਾਂ 'ਚ ਫਿਰ ਤੋਂ ਬਾਜ਼ੀ ਨਾ ਮਾਰ ਜਾਵੇ। ਇਨ੍ਹਾਂ ਸਮੀਕਰਨਾਂ ਦੇ ਮੱਦੇਨਜ਼ਰ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਤੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੋਵੇਂ ਪਾਰਟੀਆਂ ਦੇ ਵਿਚਕਾਰ ਗਠਜੋੜ ਕਰਨ ਲਈ ਕਾਹਲੇ ਦਿਖਾਈ ਦੇ ਰਹੇ ਸਨ। ਅਰਵਿੰਦ ਕੇਜਰੀਵਾਲ ਦੇ ਬੀਤੇ ਸਮੇਂ ਦਿੱਤੇ ਗਏ ਬਿਆਨਾਂ ਤੋਂ ਇਹ ਸਾਫ ਸੰਕੇਤ ਮਿਲ ਰਹੇ ਸਨ ਕਿ ਹੁਣ 'ਆਪ' ਗਠਜੋੜ ਲਈ ਤਿਆਰ ਹੈ ਤੇ ਦੋਵੇਂ ਪਾਰਟੀਆਂ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਦੂਰ ਹੋ ਗਈ ਲੱਗਦੀ ਸੀ।
ਇਸ ਸਿਲਸਿਲੇ 'ਚ 30 ਨਵੰਬਰ 2018 ਨੂੰ ਦਿੱਲੀ ਦੇ ਸੰਸਦ ਮਾਰਗ ਤੇ ਕਿਸਾਨ ਅੰਦੋਲਨ ਦੌਰਾਨ ਕੇਜਰੀਵਾਲ ਅਤੇ ਰਾਹੁਲ ਗਾਂਧੀ ਇਕ ਮੰਚ 'ਤੇ ਵਿਖਾਈ ਦਿੱਤੇ ਸਨ, ਇਹੀ ਨਹੀਂ ਵਿਰੋਧੀ ਦਲਾਂ ਦੀ ਹੋਈ ਬੈਠਕ 'ਚ ਪਹਿਲੀ ਵਾਰ ਕੇਜਰੀਵਾਲ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਦੋਵਾਂ ਪਾਰਟੀਆਂ ਦੇ ਵੱਡੇ ਨੇਤਾ ਕਈ ਮੌਕਿਆਂ 'ਤੇ ਜਨਤਕ ਮੰਚਾਂ ਤੋਂ ਕਹਿ ਚੁੱਕੇ ਹਨ ਕਿ ਭਾਜਪਾ ਨੂੰ ਹਰਾਉਣ ਦੇ ਲਈ ਉਹ ਵੱਡੇ ਫੈਸਲੇ ਕਰਨ ਨੂੰ ਤਿਆਰ ਹੈ? ਉਧਰ ਦੂਸਰੇ ਪਾਸੇ ਦੋਵੇਂ ਪਾਰਟੀਆਂ 'ਚ ਸਭ ਤੋਂ ਵੱਡੀ ਔਕੜ ਸਾਹਮਣੇ ਆਈ ਹੈ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਸੱਤਾ 'ਚ ਹੈ। ਅਜਿਹੇ 'ਚ ਜਿਥੇ 'ਆਪ' ਨੇ ਸੀਟਾਂ ਕਾਂਗਰਸ ਨੂੰ ਦੇਣੀਆਂ ਹਨ, ਉੱਥੇ ਹੀ ਪੰਜਾਬ 'ਚ ਜਿਥੇ ਕਾਂਗਰਸ ਸੱਤਾ 'ਚ ਹੈ ਅਤੇ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਪਾਰਟੀ ਹੈ, ਉਥੇ ਕਾਂਗਰਸ 'ਆਪ' ਲਈ ਸੀਟਾਂ ਛੱਡਣ ਨੂੰ ਬਿਲਕੁੱਲ ਤਿਆਰ ਨਹੀਂ ਹੈ। ਗਠਜੋੜ ਦੀਆਂ ਸੰਭਾਵਨਾਵਾਂ ਕਮਜ਼ੋਰ ਹੋਣ ਦੇ ਨਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਨੇਤਾ ਇਕ ਦੂਸਰੇ ਖਿਲਾਫ ਹਮਲਾਵਰ ਹੋ ਗਏ। ਦੋਵੇਂ ਪਾਰਟੀਆ ਦੇ ਨੇਤਾ ਇਕ ਦੂਜੇ ਨੂੰ ਇਹ ਵਿਖਾਉਣ ਦੀ ਕੋਸ਼ਿਸ਼ 'ਚ ਹਨ ਕਿ ਉਹ ਇਕੱਲੇ ਆਪਣੇ ਦਮ 'ਤੇ ਚੋਣਾਂ ਲੜਨ ਨੂੰ ਤਿਆਰ ਹਨ।
ਕੈਪਟਨ ਅਮਰਿੰਦਰ ਸਿੰਘ ਦੇ 'ਆਪ' ਵਿਰੋਧੀ ਤੇਵਰਾਂ ਨੇ ਗਠਜੋੜ ਦੀ ਰਾਹ 'ਚ ਪਾਈਆਂ ਕਈ ਅੜਚਨਾਂ
ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ 'ਆਪ' ਵਿਰੋਧੀ ਤੇਵਰਾਂ ਨੇ ਅੱਗ ਵਿਚ ਘਿਓ ਪਾਉਣ ਦਾ ਕੰਮ ਕਰਦੇ ਹੋਏ ਗਠਜੋੜ ਦੇ ਰਾਹ 'ਚ ਕਈ ਅੜਚਨਾਂ ਪਾ ਦਿੱਤੀਆਂ। ਕੈ. ਅਮਰਿੰਦਰ ਸਿੰਘ ਨੇ ਹਾਈਕਮਾਨ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਕਾਂਗਰਸ ਪੰਜਾਬ ਵਿਚ ਆਪਣੇ ਦਮ 'ਤੇ ਇਕੱਲਿਆਂ ਚੋਣ ਲੜੇਗੀ ਅਤੇ 'ਆਪ' ਦੇ ਨਾਲ ਕੋਈ ਗਠਜੋੜ ਨਹੀਂ ਕਰੇਗੀ। ਕੈਪਟਨ ਦਾ ਕਹਿਣਾ ਹੈ ਕਿ ਪੰਜਾਬ ਵਿਧਾਨਸਭਾ ਵਿਚ ਮੁੱਖ ਵਿਰੋਧੀ ਪਾਰਟੀ ਬਣਨ ਤੋਂ ਬਾਅਦ 'ਆਪ' ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ ਹੈ, ਗੁਰਦਾਸਪੁਰ ਲੋਕ ਸਭਾ ਸੀਟ 'ਤੇ ਹੋਈਆਂ ਉਪ ਚੋਣਾਂ ਵਿਚ 'ਆਪ' ਦੀ ਜ਼ਮਾਨਤ ਜ਼ਬਤ ਹੋ ਗਈ ਸੀ ਜਦਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ 'ਆਪ' ਨੂੰ ਜਨਤਾ ਵਲੋਂ ਪੂਰੀ ਤਰ੍ਹਾਂ ਨਾਲ ਨਕਾਰਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਰਾਜ ਭਰ ਵਿਚ 'ਆਪ' ਪਾਰਟੀ ਭਾਰੀ ਧੜੇਬਾਜ਼ੀ ਨਾਲ ਜੂਝ ਰਹੀ ਹੈ। ਅਜਿਹੇ ਹਾਲਾਤ ਵਿਚ 'ਆਪ' ਨਾਲ ਗਠਜੋੜ ਹੋ ਜਾਣ ਤੋਂ ਬਾਅਦ ਰਾਜ ਦੀਆਂ 13 ਲੋਕ ਸਭਾ ਸੀਟਾਂ ਵਿਚ 'ਆਪ' ਲਈ ਸੀਟਾਂ ਛੱਡਣ ਦਾ ਮਤਲਬ ਹੈ ਕਿ ਪੰਜਾਬ ਵਿਚ 'ਆਪ' ਦੀ ਡੁੱਬ ਚੁੱਕੀ ਕਿਸ਼ਤੀ ਨੂੰ ਫਿਰ ਤੋਂ ਪਾਰ ਲਾਉਣਾ ਹੋਵੇਗਾ।
ਸ਼ੀਲਾ ਦੀਕਸ਼ਿਤ ਨੇ ਵੀ ਕਾਂਗਰਸ-ਆਪ ਗਠਜੋੜ ਨੂੰ ਸਿਰੇ ਤੋਂ ਨਕਾਰਿਆ
ਦਿੱਲੀ ਦੀ ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਵੀ 'ਆਪ' ਨਾਲ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਸ਼ੀਲਾ ਨੇ ਦੱਸਿਆ ਕਿ ਅਗਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਿੱਲੀ ਦੀਆਂ ਸਾਰੀਆਂ 7 ਸੀਟਾਂ 'ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਜਾਣ ਦਿਓ, ਉਮੀਦਵਾਰਾਂ ਦਾ ਐਲਾਨ ਵੀ ਸਮੇਂ ਸਿਰ ਹੋ ਜਾਵੇਗਾ। ਉਨ੍ਹਾਂ ਕਿਹਾ ਅਸੀਂ ਅਗਲੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੇਜਰੀਵਾਲ ਦੋਵਾਂ ਨੂੰ ਨਿਸ਼ਾਨਾ ਬਣਾਵਾਂਗੇ, ਦੋਵੇਂ ਹੀ ਪਾਰਟੀਆਂ ਸਾਡੀਆਂ ਮੁੱਖ ਵਿਰੋਧੀ ਪਾਰਟੀਆਂ ਹਨ। ਜ਼ਿਕਰਯੋਗ ਹੈ ਕਿ ਸ਼ੀਲਾ ਨੇ ਪ੍ਰਦੇਸ਼ ਪ੍ਰਧਾਨ ਦੀ ਕਮਾਨ ਸੰਭਾਲਦੇ ਹੀ 'ਆਪ' ਦੇ ਨਾਲ ਗਠਜੋੜ ਦੀ ਗੱਲ ਨੂੰ ਖਾਰਿਜ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਦਿੱਲੀ ਫਤਿਹ ਕਰਨਾ ਸ਼ੀਲਾ ਲਈ ਅਗਨੀ ਪ੍ਰੀਖਿਆ ਦੇ ਬਰਾਬਰ ਹੋਵੇਗਾ
ਅਗਲੀਆਂ ਲੋਕਸਭਾਂ ਚੋਣਾਂ ਵਿਚ ਹੁਣ ਦਿੱਲੀ ਫਤਿਹ ਕਰਨੀ ਸ਼ੀਲਾ ਲਈ ਵੀ ਅਗਨੀ ਪ੍ਰੀਖਿਆ ਦੇ ਬਰਾਬਰ ਹੋਵੇਗਾ, ਕਿਉਂਕਿ ਦਿੱਲੀ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਨੂੰ ਬੇਦਖਲ ਕਰਕੇ 'ਆਪ' ਨੇ ਅਜਿਹੀ ਸੱਤਾ ਹਾਸਿਲ ਕੀਤੀ ਸੀ ਕਿ ਜਿਸ ਤੋਂ ਬਾਅਦ ਸੂਬੇ ਦੀ ਸੱਤਾ 'ਤੇ ਕਾਬਿਜ਼ ਕਾਂਗਰਸ ਖਿਸਕ ਕੇ ਤੀਸਰੇ ਨੰਬਰ 'ਤੇ ਪਹੁੰਚ ਗਈ। ਉਂਝ ਤਾਂ ਦਿੱਲੀ ਪ੍ਰਦੇਸ਼ ਕਾਂਗਰਸ ਇਕ ਵਾਰ ਫਿਰ ਤੋਂ ਨਵੀਂ ਜ਼ਮੀਨ ਤਿਆਰ ਕਰਨ ਵਿਚ ਜੁਟੀ ਹੋਈ ਹੈ। ਪਿਛਲੇ 4 ਸਾਲਾਂ ਵਿਚ ਪਾਰਟੀ ਦਾ ਵੋਟ ਪ੍ਰਤੀਸ਼ਤ ਵਧਿਆ ਹੈ ਪਰ ਹਾਲੇ ਵੀ ਕਾਂਗਰਸ ਦਿੱਲੀ ਵਿਚ ਸਭ ਤੋਂ ਕਮਜ਼ੋਰ ਪਾਰਟੀ ਮੰਨੀ ਜਾ ਰਹੀ ਹੈ।
ਗਠਜੋੜ ਦੀਆਂ ਸੰਭਾਵਨਾਵਾਂ ਖਤਮ ਹੁੰਦੇ ਹੀ 'ਆਪ' ਨੇ ਕਾਂਗਰਸ 'ਤੇ ਬੋਲਿਆ ਹਮਲਾ
ਲੋਕ ਸਭਾ ਚੋਣਾਂ ਵਿਚ ਗਠਜੋੜ ਦੀਆਂ ਸੰਭਾਵਨਾਵਾਂ ਖਤਮ ਹੋਣ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ 'ਤੇ ਹਮਲਾ ਬੋਲਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਨੂੰ ਹਰਾਉਣ ਲਈ 'ਆਪ' ਕਾਂਗਰਸ ਦੇ ਨਾਲ ਸਮਝੌਤਾ ਕਰਨ ਨੂੰ ਤਿਆਰ ਸੀ ਪਰ ਕਾਂਗਰਸ 'ਤੇ ਘੁਮੰਡ ਹਾਵੀ ਹੈ। ਇਸ ਨਾਲ ਹੁਣ 'ਆਪ' ਨੇ ਗਠਜੋੜ ਤੋਂ ਕਿਨਾਰਾ ਕਰ ਲਿਆ ਹੈ। ਕਾਂਗਰਸ ਲਈ ਦੇਸ਼ ਦੀ ਜਗ੍ਹਾ ਉਸ ਦਾ ਹੰਕਾਰ ਸਭ ਤੋਂ ਉਪਰ ਹੈ। 'ਆਪ' ਦਾ ਦਾਅਵਾ ਹੈ ਕਿ ਉਹ ਜਲਦੀ ਹੀ ਦਿੱਲੀ ਵਿਚ ਪੰਜਾਬ ਲੋਕ ਸਭਾ ਦੇ ਉਮੀਦਵਾਰਾਂ ਦਾ ਐਲਾਨ ਕਰੇਗੀ। 'ਆਪ' ਦੇ ਦਿੱਲੀ ਪ੍ਰਦੇਸ਼ ਕਨਵੀਨਰ ਗੋਪਾਲ ਰਾਏ ਦਾ ਕਹਿਣਾ ਹੈ ਕਿ ਸਿਰਫ ਦੇਸ਼ ਹਿੱਤ ਦੀ ਖਾਤਿਰ 'ਆਪ' ਕਾਂਗਰਸ ਦਾ ਜ਼ਹਿਰ ਪੀਣ ਨੂੰ ਵੀ ਤਿਆਰ ਸੀ ਪਰ ਜਿਸ ਤਰ੍ਹਾਂ ਪੰਜਾਬ ਤੇ ਦਿੱਲੀ ਵਿਚ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਬਿਆਨਬਾਜ਼ੀ ਕੀਤੀ ਹੈ, ਉਸ ਨਾਲ ਗਠਜੋੜ ਦੀ ਸੰਭਾਵਨਾ ਖਤਮ ਹੋ ਗਈ ਹੈ। ਉਥੇ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਕਾਂਗਰਸ ਗਠਜੋੜ ਲਈ ਉਨ੍ਹਾਂ ਸੂਬਿਆਂ (ਯੂ. ਪੀ., ਦਿੱਲੀ) ਵਿਚ ਜ਼ਿਆਦਾ ਜ਼ੋਰ ਲਾਉਂਦੀ ਦਿਖਾਈ ਦੇ ਰਹੀ ਹੈ, ਜਿਥੇ ਉਹ ਭਾਜਪਾ ਦੇ ਨਾਲ ਆਪਣੀ ਸਿੱਧੀ ਟੱਕਰ ਵਿਚ ਨਹੀਂ ਹੈ। ਇਸ ਨਾਲ ਕਾਂਗਰਸ ਦੀ ਰਣਨੀਤੀ 'ਤੇ ਸ਼ੱਕ ਪੈਦਾ ਹੁੰਦਾ ਹੈ। ਦੋਵੇਂ ਨੇਤਾਵਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਯੂ.ਪੀ. ਵਿਚ ਪ੍ਰਿਯੰਕਾ ਗਾਂਧੀ ਨੂੰ ਉਤਾਰਿਆ ਹੈ, ਉਸੇ ਤਰ੍ਹਾਂ ਨਾਲ ਦਿੱਲੀ ਵਿਚ ਸ਼ੀਲਾ ਦੀਕਸ਼ਿਤ ਨੂੰ ਪ੍ਰਦੇਸ਼ ਪ੍ਰਧਾਨ ਬਣਾਇਆ ਹੈ। ਸ਼ੀਲਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਬਿਆਨਬਾਜ਼ੀ ਵੀ ਵੱਖਰਾ ਸੰਕੇਤ ਦੇ ਰਹੀ ਸੀ।
ਪੰਜਾਬ ਦੀ 'ਆਪ' ਲੀਡਰਸ਼ਿਪ ਨੇ ਵੀ ਕੇਜਰੀਵਾਲ ਨਾਲ ਜਤਾਇਆ ਸਖਤ ਵਿਰੋਧ
'ਆਪ' ਦੇ ਪੰਜਾਬ ਨਾਲ ਸਬੰਧਤ ਨੇਤਾਵਾਂ ਨੇ ਵੀ ਹਾਈਕਮਾਨ ਦੇ ਸਾਹਮਣੇ ਗਠਜੋੜ ਦਾ ਸਖਤ ਵਿਰੋਧ ਜਤਾਇਆ ਸੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਸਥਾਨਕ ਨੇਤਾਵਾਂ ਨੇ ਅਰਵਿੰਦ ਕੇਜਰੀਵਾਲ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਪਾਰਟੀ ਹੈ ਅਤੇ ਕਾਂਗਰਸ ਸੱਤਾਧਾਰੀ ਪਾਰਟੀ ਹੈ। ਅਜਿਹੇ ਹਾਲਾਤ ਵਿਚ ਜੇਕਰ ਪਹਿਲੇ ਨੰਬਰ ਦੀ ਪਾਰਟੀ ਅਤੇ ਦੂਸਰੇ ਨੰਬਰ ਦੀ ਪਾਰਟੀ ਮਿਲ ਜਾਵੇਗੀ ਤਾਂ ਫਿਰ ਆਮ ਆਦਮੀ ਪਾਰਟੀ ਉਥੋਂ ਕਿਸ ਦੇ ਵਿਰੁੱਧ ਸਿਆਸਤ ਕਰੇਗੀ? 'ਆਪ' ਦਾ ਕਾਂਗਰਸ ਨਾਲ ਗਠਜੋੜ ਕਰਨਾ ਆਪਣੇ ਪੈਰਾਂ 'ਤੇ ਖੁਦ ਕੁਹਾੜੀ ਮਾਰਨ ਵਰਗਾ ਸਾਬਿਤ ਹੋਵੇਗਾ।
550ਵੇਂ ਪ੍ਰਕਾਸ਼ ਪੁਰਬ ਲਈ ਮੋਦੀ ਸਰਕਾਰ ਨੇ ਬਜਟ 'ਚ ਕੋਈ ਪੈਸਾ ਨਹੀਂ ਰੱਖਿਆ : ਜਾਖੜ
NEXT STORY