ਜਲੰਧਰ (ਪੁਨੀਤ)– 6 ਸਤੰਬਰ ਤੋਂ ਚੱਲ ਰਹੀ ਪਨਬੱਸ ਅਤੇ ਪੀ. ਆਰ. ਟੀ. ਸੀ. ਠੇਕਾ ਕਰਮਚਾਰੀਆਂ ਦੀ ਹੜਤਾਲ 14 ਦਿਨਾਂ ਲਈ ਮੁਲਤਵੀ ਹੋ ਗਈ ਹੈ, ਜਿਸ ਕਾਰਨ ਬੁੱਧਵਾਰ ਸਵੇਰ ਤੋਂ 6000 ਕਰਮਚਾਰੀ ਕੰਮ ’ਤੇ ਪਰਤ ਆਏ ਅਤੇ 2100 ਸਰਕਾਰੀ ਬੱਸਾਂ ਫਿਰ ਤੋਂ ਸੜਕਾਂ ’ਤੇ ਦੌੜਨ ਲੱਗੀਆਂ। ਯਾਤਰੀਆਂ ਲਈ ਇਹ ਵੱਡੀ ਰਾਹਤ ਦੀ ਖ਼ਬਰ ਹੈ ਕਿਉਂਕਿ 9 ਦਿਨਾਂ ਤੋਂ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਬੱਸਾਂ ਦਾ ਚੱਕਾ ਜਾਮ ਹੋਣ ਨਾਲ ਇਕ ਕਰੋੜ ਤੋਂ ਵੱਧ ਯਾਤਰੀ ਪ੍ਰਭਾਵਿਤ ਹੋ ਚੁੱਕੇ ਹਨ।
ਹੜਤਾਲ ਮੁਲਤਵੀ ਹੋਣ ਨਾਲ ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਅਧਿਕਾਰੀਆਂ ਨੇ ਵੀ ਰਾਹਤ ਦੀ ਸਾਹ ਲਈ ਹੈ ਕਿਉਂਕਿ ਬੱਸਾਂ ਨਾ ਚੱਲਣ ਕਾਰਨ ਕਾਊਂਟਰਾਂ ਤੋਂ ਚੱਲਣ ਵਾਲੀਆਂ ਸਰਕਾਰੀ ਬੱਸਾਂ ਦੇ 20,500 ਤੋਂ ਵੱਧ ਟਾਈਮ ਮਿਸ ਹੋਣ ਕਾਰਨ ਮਹਿਕਮੇ ਨੂੰ 20 ਕਰੋੜ ਤੋਂ ਵੱਧ ਦਾ ਟਰਾਂਜੈਕਸਨ ਲਾਸ ਸਹਿਣਾ ਪਿਆ ਹੈ। ਬੁੱਧਵਾਰ ਤੋਂ ਬੱਸਾਂ ਚਲਾਉਣ ਲਈ ਠੇਕਾ ਕਰਮਚਾਰੀਆਂ ਵੱਲੋਂ ਆਪਣੇ-ਆਪਣੇ ਡਿਪੂਆਂ ਵਿਚ ਰਿਪੋਰਟ ਕੀਤੀ ਜਾ ਚੁੱਕੀ ਹੈ, ਜਿਸ ਤਹਿਤ ਮਹਿਕਮੇ ਵੱਲੋਂ ਵੱਖ-ਵੱਖ ਰੂਟਾਂ ਦੇ ਟਾਈਮ ਟੇਬਲ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਜਲੰਧਰ ਵਿਖੇ ਅਸਮਾਨ ’ਚ ਸੂਰਿਆ ਕਿਰਨ ਏਅਰੋਬੈਟਿਕ ਟੀਮ ਨੇ ਵਿਖਾਏ ਜੌਹਰ, ਵੇਖਦੇ ਰਹਿ ਗਏ ਲੋਕ
ਹੜਤਾਲ ਦੇ 9ਵੇਂ ਦਿਨ ਮੰਗਲਵਾਰ ਨੂੰ ਪਨਬੱਸ ਅਤੇ ਪੀ.ਆਰ. ਟੀ. ਸੀ. ਦੇ ਠੇਕਾ ਕਰਮਚਾਰੀ ਯੂਨੀਅਨ ਆਗੂ ਚੰਡੀਗੜ੍ਹ ਸਥਿਤ ਸੈਕਟਰੀਏਟ ਵਿਚ ਮੀਟਿੰਗ ਕਰ ਰਹੇ ਸਨ ਪਰ 2 ਵਾਰ ਮੀਟਿੰਗ ਵਿਚ ਕੋਈ ਹੱਲ ਨਹੀਂ ਨਿਕਲਿਆ। ਦੱਸਿਆ ਜਾ ਰਿਹਾ ਹੈ ਕਿ ਇਸਦੀ ਖਬਰ ਪਹੁੰਚਦੇ ਹੀ ਪੰਜਾਬ ਦੇ ਵੱਖ-ਵੱਖ ਡਿਪੂਆਂ ਵਿਚ ਧਰਨੇ ’ਤੇ ਬੈਠੇ ਕਰਮਚਾਰੀਆਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਅਤੇ ਬੁਲਾਰਿਆਂ ਨੇ ਕਿਹਾ ਕਿ ਯੂਨੀਅਨ ਦੇ ਮੈਂਬਰ ਹਾਈਵੇ ਜਾਮ ਕਰਨ ਲਈ ਤਿਆਰ ਹੋ ਜਾਣ। ਇਸ ਉਪਰੰਤ ਤੀਜੇ ਦੌਰ ਦੀ ਲੰਮੀ ਮੀਟਿੰਗ ਤੋਂ ਬਾਅਦ ਸਹਿਮਤੀ ਬਣੀ।
ਜਲੰਧਰ ਵਿਚ ਯੂਨੀਅਨ ਦੇ ਬੁਲਾਰਿਆਂ ਨੇ ਸੰਬੋਧਨ ਕਰਦੇ ਕਿਹਾ ਕਿ ਸਰਕਾਰ ਵੱਲੋਂ 30 ਫ਼ੀਸਦੀ ਵਾਧੇ ਦੀ ਮੰਗ ਨੂੰ ਮੰਨ ਲਿਆ ਗਿਆ ਹੈ। ਇਸ ਤੋਂ ਬਾਅਦ ਡਿਪੂਆਂ ਵਿਚ ਯੂਨੀਅਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਬਾਕੀ ਪੈਂਡਿੰਗ ਮੰਗਾਂ ’ਤੇ 8 ਦਿਨਾਂ ਵਿਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪਰ ਯੂਨੀਅਨ ਵੱਲੋਂ ਇਸ ਕੰਮ ਨੂੰ ਨਿਬੇੜਨ ਲਈ 14 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਤਾਂ ਕਿ ਸਰਕਾਰ ਨੂੰ ਪੂਰਾ ਟਾਈਮ ਮਿਲ ਸਕੇ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰਾਂ ਦੀ 4200 ਅਤੇ ਕੰਡਕਟਰਾਂ ਦੀ 3900 ਰੁਪਏ ਤਨਖ਼ਾਹ ਵਧਾਈ ਗਈ ਹੈ।
ਇਹ ਵੀ ਪੜ੍ਹੋ: 'ਬਾਬਾ ਸੋਢਲ' ਦੇ ਮੇਲੇ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਇਹ ਰਸਤੇ ਰਹਿਣਗੇ ਬੰਦ
ਅਜੇ ਜਸ਼ਨ ਮਨਾਉਣ ਦਾ ਸਮਾਂ ਨਹੀਂ ਆਇਆ : ਯੂਨੀਅਨ
ਇਸ ਦੌਰਾਨ ਸਰਕਾਰ ਵੱਲੋਂ ਮੰਗਾਂ ਮੰਨਣ ਤੋਂ ਬਾਅਦ ਜਦੋਂ ਯੂਨੀਅਨ ਆਗੂਆਂ ਨੂੰ ਜਸ਼ਨ ਦੀ ਫੋਟੋ ਕਰਵਾਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਜਸ਼ਨ ਮਨਾਉਣ ਦਾ ਸਮਾਂ ਨਹੀਂ ਆਇਆ ਕਿਉਂਕਿ ਅਜੇ ਪੂਰੀ ਜਿੱਤ ਨਹੀਂ ਹੋਈ। ਜਲੰਧਰ ਡਿਪੂ-1 ਦੇ ਚੇਅਰਮੈਨ ਜਸਬੀਰ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ, ਪੰਜਾਬ ਬਾਡੀਜ਼ ਤੋਂ ਬਲਵਿੰਦਰ ਸਿੰਘ ਰਾਠ, ਸਤਪਾਲ ਸਿੰਘ ਸੱਤਾ, ਜਨਰਲ ਸਕੱਤਰ ਚਾਨਣ ਸਿੰਘ ਅਤੇ ਦਲਜੀਤ ਸਿੰਘ ਦੀ ਅਗਵਾਈ ਵਿਚ ਬੱਸ ਅੱਡੇ ਵਿਚ ਰਾਊਂਡ ਕੱਢ ਕੇ ਬੁੱਧਵਾਰ ਤੋਂ ਬੱਸਾਂ ਚਲਾਉਣ ਦਾ ਐਲਾਨ ਕੀਤਾ ਗਿਆ, ਜਿਸ ਨਾਲ ਯਾਤਰੀ ਖੁਸ਼ ਨਜ਼ਰ ਆਏ। ਬੁਲਾਰਿਆਂ ਨੇ ਕਿਹਾ ਕਿ ਜੇਕਰ 28 ਸਤੰਬਰ ਤੱਕ ਬਾਕੀ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਸ ਤੋਂ ਬਾਅਦ 29 ਸਤੰਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ, ਜਿਸ ਦੇ ਲਈ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ।
ਇਹ ਵੀ ਪੜ੍ਹੋ: ਜਲੰਧਰ 'ਚ ਸੋਢਲ ਮੇਲੇ ਦੀ ਸੁਰੱਖਿਆ ਲਈ 24 ਘੰਟੇ ਡਿਊਟੀ ਦੌਰਾਨ 1000 ਮੁਲਾਜ਼ਮ ਰਹਿਣਗੇ ਤਾਇਨਾਤ
ਇਹ ਵੀ ਪੜ੍ਹੋ: ਜਲੰਧਰ: ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ, ਦਰਸ਼ਨਾਂ ਲਈ ਪੁੱਜਣ ਲੱਗੇ ਸ਼ਰਧਾਲੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪ੍ਰੇਮੀ ਨੇ ਪ੍ਰੇਮਿਕਾ ਸਾਹਮਣੇ ਖਾਧਾ ਜ਼ਹਿਰ, ਲੱਖ ਯਤਨਾਂ ਬਾਅਦ ਵੀ ਨਹੀਂ ਬਚੀ ਜਾਨ, ਅੱਜ ਕਰਨ ਵਾਲੇ ਸਨ ਵਿਆਹ
NEXT STORY