ਜਲੰਧਰ (ਵਿਕਰਮ, ਵਰੁਣ)— ਜਲੰਧਰ ਸਿਵਲ ਹਸਪਤਾਲ 'ਚੋਂ ਨਵਜੰਮੇ ਬੱਚੇ ਨੂੰ ਪੁਲਸ ਨੇ ਦੋ ਦਿਨਾਂ ਦੇ ਅੰਦਰ ਹੀ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਜਲੰਧਰ ਪੁਲਸ ਕਮਿਸ਼ਨਰੇਟ ਪੁਲਸ ਵੱਲੋਂ ਇਸ ਘਿਨਾਉਣੇ ਜ਼ੁਰਮ 'ਚ ਸ਼ਾਮਲ ਪੰਚਾਇਤ ਮੈਂਬਰ ਅਤੇ ਸਿਵਲ ਹਸਪਤਾਲ ਦੇ ਸਫ਼ਾਈ ਕਾਮਿਆਂ ਸਮੇਤ 5 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ੰੰਮੁਲਜ਼ਮਾਂ ਦੀ ਪਛਾਣ ਗੁਰਮੀਤ ਸਿੰਘ ਗੋਪੀ (22) ਪੰਚਾਇਤ ਮੈਂਬਰ ਪਿੰਡ ਮਹੇੜੂ, ਗੁਰਪ੍ਰੀਤ ਸਿੰਘ ਪੀਤਾ (24), ਰਣਜੀਤ ਸਿੰਘ ਰਾਣਾ (25), ਦਵਿੰਦਰ ਕੌਰ ਖ਼ੁਰਸੈਦਪੁਰ ਕਲੋਨੀ ਨਕੋਦਰ ਅਤੇ ਕਿਰਨ (28) ਲੰਬਾ ਪਿੰਡ ਵਜੋਂ ਹੋਈ ਹੈ। ਕਿਰਨ ਪਿਛਲੇ ਸੱਤ ਸਾਲਾਂ ਤੋਂ ਸਿਵਲ ਹਸਪਤਾਲ ਵਿਖੇ ਸਫ਼ਾਈ ਕਰਮਚਾਰੀ ਵਜੋਂ ਕੰਮ ਕਰ ਰਹੀ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਪੁਲਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀਆ ਵੱਲੋਂ ਬੱਚੇ ਨੂੰ ਚਾਰ ਲੱਖ ਰੁਪਏ 'ਚ ਵੇਚ ਕੇ ਰਕਮ ਨੂੰ ਬਰਾਬਰ ਆਪਸ 'ਚ ਵੰਡਿਆ ਜਾਣਾ ਸੀ।
ਇਹ ਹੋਏ ਵੱਡੇ ਖੁਲਾਸੇ
ਦੋਸ਼ੀਆਂ ਤੋਂ ਮੁੱਢਲੀ ਪੁੱਛਗਿੱਛ 'ਚ ਪੁਲਸ ਕਮਿਸ਼ਨਰ ਨੇ ਦੱਸਿਆ ਕਿ 20 ਅਗਸਤ ਦੀ ਰਾਤ 12.40 ਵਜੇ ਦੋਸ਼ੀ ਗੁਰਪ੍ਰੀਤ ਸਿੰਘ ਗੋਪੀ ਅਤੇ ਗਰਪ੍ਰੀਤ ਸਿੰਘ ਪੀਤਾ ਬਲੈਰੋ ਗੱਡੀ (ਪੀ.ਬੀ. 08-ਸੀ.ਜੀ.-2473) 'ਚ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਪਹੁੰਚੇ ਅਤੇ ਉਹ ਲਗਾਤਾਰ ਦੂਜੇ ਦੋਸ਼ੀਆਂ ਰਣਜੀਤ, ਦਵਿੰਦਰ ਕੌਰ ਅਤੇ ਕਿਰਨ ਦੇ ਨਾਲ ਫੋਨ 'ਤੇ ਸੰਪਰਕ 'ਚ ਸਨ ਅਤੇ ਇਸ ਉਪਰੰਤ ਹਸਪਤਾਲ ਦੇ ਜੱਚਾ-ਬੱਚਾ ਸੰਭਾਲ ਕੇਂਦਰ ਵਿਖੇ ਦਾਖ਼ਲ ਹੋਏ।
ਇਸ ਉਪਰੰਤ ਕਿਰਨ ਵੱਲੋਂ ਨਵਜੰਮਿਆ ਬੱਚਾ (ਲੜਕਾ) ਅਗਵਾ ਕਰਕੇ ਪੌੜੀਆਂ ਨੇੜੇ ਗੁਰਪ੍ਰੀਤ ਸਿੰਘ ਗੋਪੀ ਅਤੇ ਗੁਰਪ੍ਰੀਤ ਸਿੰਘ ਪੀਤਾ ਨੂੰ ਦੇ ਦਿੱਤਾ ਜੋ ਤੁਰੰਤ ਬਲੈਰੋ ਗੱਡੀ 'ਚ ਉਥੋਂ ਦੌੜ ਗਏ। ਕਮਿਸ਼ਨਰ ਪੁਲਸ ਨੇ ਅੱਗੇ ਦੱਸਿਆ ਕਿ ਦੋਵਾਂ ਦੋਸ਼ੀਆਂ ਵੱਲੋਂ ਨਵਜੰਮੇ ਬੱਚੇ ਨੂੰ ਦਵਿੰਦਰ ਕੌਰ ਅਤੇ ਰਣਜੀਤ ਰਾਣਾ ਨੂੰ ਗਾਂਧਰਾ-ਪੰਡੋਰੀ ਰੋਡ 'ਤੇ ਹਵਾਲੇ ਕੀਤਾ ਗਿਆ।
ਭੁੱਲਰ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਵਧੀਕ ਡਿਪਟੀ ਕਮਿਸ਼ਨਰ ਪੁਲਸ-1 ਵਤਸਲਾ ਗੁਪਤਾ, ਏ. ਸੀ. ਪੀ. ਸ੍ਰੀ ਹਰਸਿਮਰਤ ਸਿੰਘ, ਸੀ. ਆਈ. ਏ. ਹੈੱਡ ਹਰਵਿੰਦਰ ਸਿੰਘ ਦੀ ਟੀਮ ਦੋਸ਼ੀਆਂ ਨੂੰ ਫੜਨ ਅਤੇ ਨਵਜੰਮੇ ਬੱਚੇ ਨੂੰ ਸੁਰੱਖਿਅਤ ਬਚਾਉਣ ਲਈ ਗਠਿਤ ਕੀਤੀ ਗਈ।
ਉਨ੍ਹਾਂ ਕਿਹਾ ਕਿ ਟੀਮ ਵੱਲੋਂ ਪੂਰੀ ਤਫ਼ਤੀਸ਼ ਤੋਂ ਬਾਅਦ ਗੁਰਪ੍ਰੀਤ ਸਿੰਘ ਗੋਪੀ ਨੂੰ ਉਸ ਦੇ ਦਫ਼ਤਰ ਤੋਂ ਅਤੇ ਬਾਕੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਵਜੰਮੇ ਬੱਚੇ (ਲੜਕੇ) ਨੂੰ ਜਿਸ ਕਮਰੇ 'ਚ ਰਣਜੀਤ ਰਾਣਾ ਅਤੇ ਦਵਿੰਦਰ ਕੌਰ ਰਹਿੰਦੀਆਂ ਤੋਂ ਸੁਰੱਖਿਅਤ ਪ੍ਰਾਪਤ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦਵਿੰਦਰ ਕੌਰ ਜਿਨਾਂ ਪਰਿਵਾਰਾਂ ਕੋਲ ਕੋਈ ਬੱਚਾ ਨਹੀਂ ਹੈ, ਉਨਾਂ ਲਈ ਅਕਸਰ ਦੀ ਅੰਡਾਦਾਨ ਕਰਨ ਵਾਲੀਆਂ ਔਰਤਾਂ ਨਾਲ ਸੌਦੇ ਦਾ ਪ੍ਰਬੰਧ ਕਰਦੀ ਸੀ।
ਭੁੱਲਰ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਪੁਲਸ ਰਿਹਾਸਤ 'ਚ ਲਿਆ ਜਾਵੇਗਾ ਤਾਂ ਜੋ ਉਨ੍ਹਾਂ ਪਾਸੋਂ ਇਸ ਘਿਨਾਉਣੇ ਧੰਦੇ 'ਚ ਸ਼ਾਮਿਲ ਹੋਰਨਾਂ ਵਿਅਕਤੀਆਂ ਅਤੇ ਜਿਨ੍ਹਾਂ ਨੂੰ ਇਹ ਨਵਜੰਮਿਆ ਬੱਚਾ ਵੇਚਿਆ ਜਾਣਾ ਸੀ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।ਭੁੱਲਰ ਨੇ ਦੱਸਿਆ ਕਿ ਪੁਲਸ ਟੀਮ ਵੱਲੋਂ ਹਸਪਤਾਲ ਦੇ ਡਾਕਟਰਾਂ ਦੀ ਹਾਜ਼ਰੀ ਨਵਜੰਮਿਆ ਬੱਚਾ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।
ਤਸਕਰਾਂ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, 2 ਹੋਰ ਸਮੱਗਲਰਾਂ ਦੀ 67 ਲੱਖ ਤੋਂ ਵੱਧ ਦੀ ਜ਼ਾਇਦਾਦ ਫ੍ਰੀਜ਼
NEXT STORY