ਜਲੰਧਰ (ਪੁਨੀਤ ਡੋਗਰਾ)–ਲੋਕ ਸਭਾ ਚੋਣਾਂ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਕਮਾਨ ਸੰਭਾਲਣ ਵਾਲੇ 2014 ਬੈਚ ਦੇ ਆਈ. ਏ. ਐੱਸ. ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨਿਕ ਸੁਧਾਰਾਂ ’ਤੇ ਕੰਮ ਕਰਦੇ ਹੋਏ ਆਮ ਜਨਤਾ ਨੂੰ ਜ਼ਮੀਨੀ ਪੱਧਰ ’ਤੇ ਸਹੂਲਤਾਂ ਮੁਹੱਈਆ ਕਰਵਾਉਣਾ ਅਹਿਮ ਟੀਚਾ ਹੈ। ਆਦਮਪੁਰ ਤੋਂ ਦਿੱਲੀ ਦੀ ਫਲਾਈਟ ਅਤੇ ਪੀ. ਏ. ਪੀ. ਚੌਂਕ ਫਲਾਈਓਵਰ ਤੋਂ ਅੰਮ੍ਰਿਤਸਰ ਵੱਲ ਸਰਵਿਸ ਲੇਨ ਸ਼ੁਰੂ ਕਰਵਾਉਣਾ ਮੁੱਖ ਫੋਕਸ ਬਣਿਆ ਹੋਇਆ ਹੈ।
ਡੀ. ਸੀ. ਹਿਮਾਂਸ਼ੂ ਅਗਰਵਾਲ ਦੀ ਪਤਨੀ ਕੋਮਲ ਮਿੱਤਲ ਵੀ ਆਈ. ਏ. ਐੱਸ. ਅਧਿਕਾਰੀ ਹਨ ਅਤੇ ਇਸ ਸਮੇਂ ਮੋਹਾਲੀ ਵਿਚ ਡਿਪਟੀ ਕਮਿਸ਼ਨਰ ਦੇ ਅਹੁਦੇ ’ਤੇ ਤਾਇਨਾਤ ਹਨ। ਡਾ. ਅਗਰਵਾਲ ਨੂੰ ਜਲੰਧਰ ਵਿਚ ਲਗਭਗ ਡੇਢ ਸਾਲ ਦਾ ਸਮਾਂ ਹੋਣ ਵਾਲਾ ਹੈ। ਇਸ ਦੌਰਾਨ ਉਨ੍ਹਾਂ ਦੇ ਤਜਰਬੇ ਅਤੇ ਜ਼ਿਲ੍ਹੇ ਵਿਚ ਵਿਕਾਸ ਕਾਰਜਾਂ ਸਬੰਧੀ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਆਦਮਪੁਰ ਸਿਵਲ ਏਅਰਪੋਰਟ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਦਿੱਲੀ ਦੀ ਸਿੱਧੀ ਫਲਾਈਟ ਸ਼ੁਰੂ ਕਰਵਾਉਣ ਦਾ ਕੰਮ ਆਖਰੀ ਪੜਾਅ ਵਿਚ ਹੈ, ਜਿਸ ’ਤੇ ਫੋਕਸ ਕੀਤਾ ਗਿਆ ਹੈ। ਦੂਜੇ ਪਾਸੇ ਪੀ. ਏ. ਪੀ. ਫਲਾਈਓਵਰ ਸਬੰਧੀ ਪਲਾਨ ਦਾ ਡਿਜ਼ਾਈਨ ਬਣਾ ਕੇ ਅਪਰੂਵਲ ਲਈ ਭੇਜਿਆ ਹੋਇਆ ਹੈ। ਇਸ ’ਤੇ ਵੀ ਜਲਦ ਮਨਜ਼ੂਰੀ ਆ ਜਾਵੇਗੀ, ਜਿਸ ਨਾਲ ਜਨਤਾ ਨੂੰ ਵੱਡੀ ਰਾਹਤ ਮਿਲੇਗੀ। ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਰਗੇ ਕਈ ਮੁੱਦਿਆਂ ’ਤੇ ਡੀ. ਸੀ. ਹਿਮਾਂਸ਼ੂ ਅਗਰਵਾਲ ਨਾਲ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :
ਇਹ ਵੀ ਪੜ੍ਹੋ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜਲੰਧਰ ਸਿਵਲ ਹਸਪਤਾਲ ਦਾ ਦੌਰਾ, ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਸਵਾਲ : ਡੀ. ਸੀ. ਬਣਨ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ?
ਜਵਾਬ : ਫਿਰੋਜ਼ਪੁਰ ਛਾਉਣੀ ਦੇ ਰਹਿਣ ਵਾਲੇ ਸੁਰਿੰਦਰ ਅਗਰਵਾਲ ਦੇ ਸਪੁੱਤਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਹੁਣ ਤਾਂ ਸਿਵਲ ਸਰਵਿਸ ਜੁਆਇਨ ਕੀਤਿਆਂ 11 ਸਾਲ ਹੋ ਚੁੱਕੇ ਹਨ ਪਰ ਉਸ ਸਮੇਂ ਦੇਸ਼ ਸੇਵਾ ਦਾ ਜੋ ਜਜ਼ਬਾ ਸੀ, ਉਹ ਅੱਜ ਵੀ ਕਾਇਮ ਹੈ। ਯੂ. ਪੀ. ਐੱਸ. ਸੀ. ਵਿਚ 28ਵਾਂ ਰੈਂਕ ਲੈਣ ਵਾਲੇ ਡਾ. ਅਗਰਵਾਲ ਦਾ ਕਹਿਣਾ ਹੈ ਕਿ ਸਮਾਜ-ਸੇਵਾ ਦਿਲ ਵਿਚ ਹੋਣੀ ਚਾਹੀਦੀ ਹੈ, ਰਸਤੇ ਖ਼ੁਦ-ਬ-ਖੁਦ ਆਸਾਨ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਸਕੂਲ ਵਿਚ ਡਿਪਟੀ ਕਮਿਸ਼ਨਰ ਦਾ ਬੇਟਾ ਮੇਰਾ ਹਮਜਮਾਤੀ ਸੀ, ਉਦੋਂ ਤੋਂ ਮੇਰਾ ਸੁਪਨਾ ਸੀ ਕਿ ਮੈਂ ਵੀ ਡੀ. ਸੀ. ਬਣਾਂ। ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਵਿਚ ਉਨ੍ਹਾਂ ਪਾਲੀਟੀਕਲ ਸਾਇੰਸ ਨੂੰ ਆਪਣਾ ਬਦਲਵਾਂ ਵਿਸ਼ਾ ਚੁਣਿਆ। ਇਸ ਨਾਲ ਪਹਿਲਾਂ ਉਨ੍ਹਾਂ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਪੂਰੀ ਕੀਤੀ ਅਤੇ ਕੁਝ ਸਾਲ ਸੂਬਾਈ ਸਿਹਤ ਸੇਵਾਵਾਂ ਨਾਲ ਜੁੜੇ ਰਹੇ। ਡਾ. ਅਗਰਵਾਲ ਨੇ ਕਿਹਾ ਕਿ ਸਿਵਲ ਸਰਵਿਸ ਜੁਆਇਨ ਕਰਨ ਸਮੇਂ ਸਮਾਜ ਵਿਚ ਸੁਧਾਰ ਅਤੇ ਲੋੜਵੰਦਾਂ ਦੀ ਮਦਦ ਕਰਨ ਦਾ ਇਰਾਦਾ ਰੱਖਿਆ ਸੀ, ਜਿਸ ਨੂੰ ਅੱਜ ਤਕ ਆਧਾਰ ਬਣਾ ਕੇ ਚੱਲ ਰਿਹਾ ਹਾਂ।
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ
ਸਵਾਲ : ਕਿਹੜੀ ਯੋਜਨਾ ਨਾਲ ਜਨਤਾ ਨੂੰ ਵੱਡਾ ਲਾਭ ਮਿਲੇਗਾ?
ਜਵਾਬ : ਆਰ. ਸੀ./ਡਰਾਈਵਿੰਗ ਲਾਇਸੈਂਸ/ਰੈਵੇਨਿਊ ਨਾਲ ਜੁੜੀਆਂ 32 ਸੇਵਾਵਾਂ ਹੁਣ ਸੇਵਾ ਕੇਂਦਰਾਂ ਵਿਚ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਮਾਡਲ ਟਾਊਨ ਦੇ ਸੇਵਾ ਕੇਂਦਰ ਨੂੰ ਸਵੇਰੇ 8 ਤੋਂ ਰਾਤ 8 ਵਜੇ ਤਕ ਖੋਲ੍ਹਿਆ ਗਿਆ ਹੈ, ਇਹ ਇਕ ਟਰਾਇਲ ਹੈ। ਭਵਿੱਖ ਵਿਚ ਸ਼ਹਿਰ ਦੀਆਂ ਦੂਜੀਆਂ ਥਾਵਾਂ ’ਤੇ ਸੁਵਿਧਾ ਕੇਂਦਰਾਂ ਦਾ ਸਮਾਂ ਵਧਾਉਣ ਦੀ ਯੋਜਨਾ ਹੈ। ਤਹਿਸੀਲ ਵਿਚ ਜਨਤਾ ਦੀ ਸਹੂਲਤ ਲਈ ਈਜ਼ੀ ਰਜਿਸਟ੍ਰੇਸ਼ਨ ਪ੍ਰਾਜੈਕਟ ਸ਼ੁਰੂ ਕਰਵਾਇਆ ਹੈ। ਨਾਗਰਿਕਾਂ ਦੀ ਸਹੂਲਤ ਲਈ ਇਕ ਹੈਲਪਲਾਈਨ ਨੰਬਰ 0181-2602139 ਅਤੇ ਇਕ ਵ੍ਹਟਸਐਪ ਨੰਬਰ 9646-222-555 ਸ਼ੁਰੂ ਕੀਤਾ ਗਿਆ ਹੈ। ਕੋਈ ਵੀ ਵਿਅਕਤੀ ਇਨ੍ਹਾਂ ਨੰਬਰਾਂ ’ਤੇ ਫੋਨ ਕਰ ਕੇ ਜਾਂ ਸੰਦੇਸ਼ ਭੇਜ ਕੇ ਸਮੱਸਿਆ, ਸੁਝਾਅ ਜਾਂ ਜਾਣਕਾਰੀ ਸਾਂਝੀ ਕਰ ਸਕਦਾ ਹੈ।
ਸਵਾਲ : ਕਿਸ ਪ੍ਰਾਜੈਕਟ ਨੂੰ ਸਭ ਤੋਂ ਮਹੱਤਵਪੂਰਨ ਮੰਨਦੇ ਹੋ?
ਜਵਾਬ : ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ, ਇਸ ਦੇ ਲਈ ਜ਼ਮੀਨ ਐਕਵਾਇਰ ਕਰ ਕੇ ਐੱਨ. ਐੱਚ. ਏ. ਆਈ. ਨੂੰ ਚਾਰਜ ਦਿੱਤਾ ਜਾ ਚੁੱਕਾ ਹੈ। ਇਸ ਐਕਸਪ੍ਰੈੱਸ ਵੇਅ ਦੇ ਬਣਨ ਤੋਂ ਬਾਅਦ ਕੁਨੈਕਟੀਵਿਟੀ ਆਸਾਨ ਹੋਵੇਗੀ, ਜੋ ਕਿ ਵਪਾਰੀਆਂ, ਆਮ ਜਨਤਾ ਸਮੇਤ ਸਾਰਿਆਂ ਲਈ ਵੱਡੀ ਸਹੂਲਤ ਲੈ ਕੇ ਆਵੇਗੀ। ਇਸ ਦੇ ਇਲਾਵਾ ਫੋਰ ਲੇਨ ਕੀਤੀ ਜਾ ਰਹੀ ਹੁਸ਼ਿਆਰਪੁਰ ਰੋਡ, ਧੋਗੜੀ ਰੋਡ, ਆਦਮਪੁਰ ਵਾਲੀ ਰੋਡ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਨ੍ਹਾਂ ਨੂੰ ਪੂਰਾ ਕਰਵਾਉਣ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਬਰਲਟਨ ਪਾਰਕ ਦਾ ਨਿਰਮਾਣ ਕਾਰਜ ਸਮਾਂਹੱਦ ਵਿਚ ਪੂਰਾ ਕਰਵਾਉਣਾ ਅਹਿਮ ਕੇਂਦਰ ਬਿੰਦੂ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ NH 'ਤੇ ਵੱਡਾ ਹਾਦਸਾ! ਕਾਰ ਤੇ ਤੇਲ ਟੈਂਕਰ ਵਿਚਾਲੇ ਟੱਕਰ ਮਗਰੋਂ ਲੱਗੀ ਅੱਗ, ਦੋ ਦੀ ਥਾਈਂ ਮੌਤ
ਸਵਾਲ : ਸੜਕਾਂ/ਸਫਾਈ/ਕਬਜ਼ਿਆਂ ’ਤੇ ਕੀ ਰਣਨੀਤੀ ਹੈ?
ਜਵਾਬ : ਖਾਲੀ ਪਲਾਟਾਂ ਵਿਚੋਂ ਕੂੜਾ ਹਟਵਾਉਣ ਸਬੰਧੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਕਿਉਂਕਿ ਗੰਦਗੀ ਅਤੇ ਪਲਾਟਾਂ ਵਿਚ ਪਾਣੀ ਭਰਨ ਨਾਲ ਮੱਛਰ ਅਤੇ ਬੈਕਟੀਰੀਆ ਤੇਜ਼ੀ ਨਾਲ ਪੈਦਾ ਹੁੰਦੇ ਹਨ, ਇਸ ਨਾਲ ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਹੋਰ ਵੈਕਟਰ ਬੋਰਨ ਬੀਮਾਰੀਆਂ ਨੂੰ ਜਨਮ ਦਿੰਦੇ ਹਨ। ਇਸ ਤਹਿਤ ਪਲਾਟਾਂ ਵਿਚੋਂ ਕੂੜਾ ਹਟਵਾਉਣ ਅਤੇ ਚਾਰਦੀਵਾਰੀ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਲੰਘਣਾ ਕਰਨ ਵਾਲੇ 350 ਲੋਕਾਂ ਨੂੰ ਨੋਟਿਸ ਜਦੋਂ ਕਿ 250 ਤੋਂ ਵੱਧ ਚਲਾਨ ਕੀਤੇ ਜਾ ਚੱੁਕੇ ਹਨ। ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ’ਤੇ ਸਖ਼ਤ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪਰਾਲੀ ਸਾੜਨ ’ਤੇ ਵੱਡੇ ਪੱਧਰ ’ਤੇ ਸਖ਼ਤੀ ਅਪਣਾਈ ਜਾ ਰਹੀ ਹੈ। ਹਾਟਸਪਾਟ ਪਿੰਡਾਂ ’ਤੇ ਤਿੱਖੀ ਨਜ਼ਰ ਰੱਖਣ ਲਈ ਟਾਸਕ ਫੋਰਸ ਬਣਾਈ ਗਈ, ਇਸ ਦੇ ਲਈ ਕਲੱਸਟਰ ਅਧਿਕਾਰੀ ਨਜ਼ਰ ਰੱਖ ਰਹੇ ਹਨ। ਆਈ-ਖੇਤੀ ਐਪ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਵਾਤਾਵਰਣ ਦਾ ਸੰਤੁਲਨ ਬਣਾਉਣ ਅਤੇ ਹਰਿਆਲੀ ਵਧਾਉਣ ਦੇ ਮੰਤਵ ਨਾਲ ਜ਼ਿਲੇ ਵਿਚ 3.5 ਲੱਖ ਬੂਟੇ ਲਾਏ ਜਾ ਰਹੇ ਹਨ।
ਸਵਾਲ : ਪ੍ਰਸ਼ਾਸਨਿਕ ਜੀਵਨ ’ਚ ਸਭ ਤੋਂ ਖ਼ਾਸ ਦਿਨ ਕਿਹੜਾ ਰਿਹਾ?
ਜਵਾਬ : ਸ਼ਾਂਤੀਪੂਰਵਕ ਲੋਕ ਸਭਾ ਚੋਣਾਂ ਕਰਵਾਉਣ ਵਰਗੇ ਕਈ ਯਾਦਗਾਰੀ ਦਿਨ ਹਨ ਪਰ ਸ਼ਾਹਕੋਟ ਦਾ ਦੇਸ਼ ਦਾ ਨੰਬਰ 1 ਬਲਾਕ ਬਣਨਾ ਮੇਰੇ ਜੀਵਨ ਦੇ ਖ਼ਾਸ ਦਿਨਾਂ ਵਿਚੋਂ ਇਕ ਹੈ। ਟੀਮ ਦੀ ਮਿਹਨਤ ਦੀ ਬਦੌਲਤ ਜਲੰਧਰ ਜ਼ਿਲ੍ਹੇ ਨੇ ਦੇਸ਼ ਭਰ ਵਿਚ ਵੱਡਾ ਮੁਕਾਮ ਹਾਸਲ ਕੀਤਾ। ਨੀਤੀ ਆਯੋਗ ਦੇ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ (ਏ. ਬੀ. ਪੀ.) ਵਿਚ ਸ਼ਾਹਕੋਟ ਬਲਾਕ ਨੂੰ ਪਹਿਲੇ ਸਥਾਨ ’ਤੇ ਚੁਣਿਆ ਗਿਆ, ਜੋਕਿ ਵੱਡੀ ਉਪਲੱਬਧੀ ਹੈ। ਇਸ ਦੇ ਲਈ ਅਸੀਂ ਕਈ ਰਾਤਾਂ ਜਾਗ ਕੇ ਕੰਮ ਕੀਤਾ ਸੀ।

ਇਹ ਵੀ ਪੜ੍ਹੋ: ਅਚਾਨਕ ਵਧੀ ਬਿਜਲੀ ਦੀ ਮੰਗ, ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
ਸਵਾਲ : ਸਭ ਤੋਂ ਵੱਡੀ ਚੁਣੌਤੀ ਕੀ ਰਹੀ, ਹੱਲ ਕਿਵੇਂ ਕੱਢਿਆ?
ਜਵਾਬ : ਭਾਰਤ-ਪਾਕਿਸਤਾਨ ਵਿਚਕਾਰ ਜੰਗ ਦੇ ਹਾਲਾਤ ਦਾ ਸਮਾਂ ਸਭ ਤੋਂ ਵੱਡੀ ਚੁਣੌਤੀ ਰਿਹਾ। ਅਜਿਹੇ ਹਾਲਾਤ ਬਣ ਗਏ ਸਨ ਕਿ ਰਾਤ ਨੂੰ ਸੌਣਾ ਵੀ ਨਹੀਂ ਮਿਲਦਾ ਸੀ। ਦਿਨ-ਰਾਤ ਕੰਮ ਕਰਨਾ, ਜਨਤਾ ਨੂੰ ਸਹੀ ਜਾਣਕਾਰੀ ਦੇਣਾ, ਅਧਿਕਾਰੀਆਂ ਨਾਲ ਤਾਲਮੇਲ ਬਣਾਉਣਾ, ਪਾਕਿਸਤਾਨ ਵੱਲੋਂ ਹੋ ਰਹੀ ਡ੍ਰੇਨ ਘੁਸਪੈਠ ’ਤੇ ਨਜ਼ਰ ਰੱਖਣਾ ਕਾਫ਼ੀ ਮੁਸ਼ਕਿਲ ਸਮਾਂ ਸੀ। ਇਸ ਤੋਂ ਪਹਿਲਾਂ ਗੁਰਦਾਸਪੁਰ ਵਿਚ ਹੜ੍ਹ ਆਉਣ ਦਾ ਸਮਾਂ ਕਾਫ਼ੀ ਮੁਸ਼ਕਿਲ ਤਜਰਬਾ ਰਿਹਾ। ਕੋਵਿਡ ਦੇ ਸਮੇਂ ਅੰਮ੍ਰਿਤਸਰ ਵਿਚ ਡਿਊਟੀ ਦੌਰਾਨ ਕਾਫੀ ਮੁਸ਼ਕਲ ਸਮਾਂ ਵੇਖਿਆ ਗਿਆ। ਉਸ ਸਮੇਂ ਮੇਰੀ ਪਤਨੀ ਦੀ ਵੀ ਅੰਮ੍ਰਿਤਸਰ ਵਿਚ ਤਾਇਨਾਤੀ ਸੀ ਪਰ ਮੁਸ਼ਕਿਲ ਦੌਰ ਤੋਂ ਬਾਅਦ ਜਨਤਾ ਦੀਆਂ ਦੁਆਵਾਂ ਅਤੇ ਸਮਾਜ ਦਾ ਜੋ ਪਿਆਰ ਮਿਲਿਆ, ਉਸ ਨੇ ਮੁਸ਼ਕਲ ਸਮੇਂ ਦੀਆਂ ਦਰਦ ਭਰੀਆਂ ਯਾਦਾਂ ਨੂੰ ਭੁੱਲਣ ਵਿਚ ਮਦਦ ਕੀਤੀ।
ਸਵਾਲ : ਯੂਥ ਨੂੰ ਕੀ ਕਹੋਗੇ, ਖਾਸ ਕਰ ਕੇ ਸਿਵਲ ਸਰਵਿਸਿਜ਼ ਵਿਚ ਜਾਣ ਵਾਲਿਆਂ ਨੂੰ?
ਜਵਾਬ : ਦੂਰੋਂ ਅਸੀਂ ਜੋ ਦੇਖਦੇ ਅਤੇ ਸੋਚਦੇ ਹਾਂ, ਉਹ ਬਹੁਤ ਸੁੰਦਰ ਲੱਗਦਾ ਹੈ ਪਰ ਅਸਲ ਸੱਚਾਈ ਦਾ ਪਤਾ ਨੇੜੇ ਜਾ ਕੇ ਅਤੇ ਤਜਰਬਾ ਕਰਨ ਨਾਲ ਲੱਗਦਾ ਹੈ। ਕਈ ਨੌਜਵਾਨ ਸਿਵਲ ਸਰਵਿਸਿਜ਼ ਵਿਚ ਸਿਰਫ਼ ਰੁਤਬੇ ਲਈ ਆਉਣਾ ਚਾਹੁੰਦੇ ਹਨ, ਅਜਿਹੇ ਨੌਜਵਾਨਾਂ ਨੂੰ ਆਪਣੀ ਸੋਚ ਵਿਚ ਸਮਾਜ ਸੇਵਾ ਨੂੰ ਲਿਆਉਣਾ ਹੋਵੇਗਾ। ਸਿਵਲ ਸਰਵਿਸਿਜ਼ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ ਹੈ। ਜਿਹੜੇ ਵੀ ਇਸ ਫੀਲਡ ਵਿਚ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਤਿਆਰੀ ਕਰਨ ਸਮੇਂ ਪ੍ਰਣ ਲੈਣਾ ਚਾਹੀਦਾ ਹੈ ਕਿ ਪੂਰਾ ਸਮਾਂ ਸੋਸਾਇਟੀ ਦੀ ਸੇਵਾ ਵਿਚ ਲਾਉਣ ਨੂੰ ਤਿਆਰ ਰਹਿਣਗੇ। ਕਈ ਵਾਰ ਅਜਿਹੀ ਸਥਿਤੀ ਬਣ ਜਾਂਦੀ ਹੈ ਕਿ ਪਰਿਵਾਰਕ ਮੈਂਬਰਾਂ ਅਤੇ ਘਰੇਲੂ ਪ੍ਰੋਗਰਾਮਾਂ ਨੂੰ ਵੀ ਮਿਸ ਕਰਨਾ ਪੈਂਦਾ ਹੈ।
ਸਵਾਲ : ਜਲੰਧਰ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਜਵਾਬ : ਮੈਂ ਜਿੱਥੇ ਵੀ ਸਰਵਿਸ ਕੀਤੀ, ਉਸ ਜਗ੍ਹਾ ਨੂੰ ਆਪਣਾ ਘਰ ਸਮਝਿਆ। ਮੇਰਾ ਮੰਨਣਾ ਹੈ ਕਿ ਜਿੱਥੇ ਵੀ ਸਰਵਿਸ ਚੱਲ ਰਹੀ ਹੈ, ਉਸ ਨੂੰ ਆਪਣਾ ਘਰ ਅਤੇ ਆਪਣਾ ਮੰਦਿਰ ਮੰਨ ਕੇ ਚੱਲਣਾ ਚਾਹੀਦਾ ਹੈ, ਇਸ ਨਾਲ ਤੁਸੀਂ ਉਸ ਜ਼ਿਲ੍ਹੇ, ਜਗ੍ਹਾ ਅਤੇ ਸ਼ਹਿਰ ਨਾਲ ਦਿਲੋਂ ਜੁੜ ਜਾਵੋਗੇ। ਇਸ ਨਾਲ ਉਸ ਇਲਾਕੇ ਦਾ ਵਿਕਾਸ ਵੀ ਘਰ ਵਾਂਗ ਕਰਨਾ ਚਾਹੋਗੇ। ਮੇਰੇ ਲਈ ਜ਼ਿਲ੍ਹਾ ਜਲੰਧਰ ਮੇਰਾ ਘਰ ਹੈ ਅਤੇ ਮੇਰਾ ਘਰ ਮੇਰੇ ਲਈ ਮੇਰਾ ਮੰਦਰ ਹੈ। ਜਲੰਧਰ ਦੇ ਲੋਕਾਂ ਤੋਂ ਸਹਿਯੋਗ ਮਿਲ ਰਿਹਾ ਹੈ, ਜਿਸ ਦੇ ਲਈ ਮੈਂ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦੀ ਹਾਂ।
ਸਵਾਲ : ਪਤਨੀ ਮੋਹਾਲੀ ’ਚ ਡੀ. ਸੀ. ਹੈ, ਪਰਿਵਾਰ ਲਈ ਸਮਾਂ ਕਿਵੇਂ ਮਿਲਦੈ?
ਜਵਾਬ : ਪਤਨੀ ਕੋਮਲ ਮਿੱਤਲ ਮੋਹਾਲੀ ਵਿਚ ਡੀ. ਸੀ. ਦੇ ਤੌਰ ’ਤੇ ਸੇਵਾਵਾਂ ਦੇ ਰਹੀ ਹੈ। ਡੀ. ਸੀ. ਹੋਣ ਕਾਰਨ ਉਹ ਸਮਾਜ ਦੇ ਪ੍ਰਤੀ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਅਜਿਹਾ ਜੀਵਨ ਸਾਥੀ ਮਿਲਣਾ ਖ਼ੁਸ਼ਕਿਸਮਤੀ ਦੀ ਗੱਲ ਹੁੰਦੀ ਹੈ। ਬੱਚਿਆਂ ਦੀ ਜ਼ਿੰਮੇਵਾਰੀ ਪਰਿਵਾਰ ਸੰਭਾਲ ਰਿਹਾ ਹੈ ਅਤੇ ਜਦੋਂ ਵੀ ਸਮਾਂ ਮਿਲਦਾ ਹੈ ਤਾਂ ਸਭ ਮਿਲ ਕੇ ਵਧੀਆ ਸਮਾਂ ਬਤੀਤ ਕਰਦੇ ਹਾਂ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ! Gym ਦੇ ਬਾਹਰ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਸਵਾਲ : ਲੋਕਾਂ ਦਾ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਬਾਰੇ ਕੀ ਕਹੋਗੇ?
ਜਵਾਬ : ਇਸ ਦਾ ਸਿੱਧਾ ਜਵਾਬ ਹੈ, ਜ਼ੀਰੋ ਟਾਲਰੈਂਸ ਨੀਤੀ। ਇਸੇ ਤਹਿਤ ਡਿਊਟੀ ਵਿਚ ਲਾਪ੍ਰਵਾਹੀ ਵਰਤਣ ’ਤੇ 3 ਪੰਚਾਇਤ ਸਕੱਤਰਾਂ ਨੂੰ ਮੁਲਤਵੀ ਕੀਤਾ ਗਿਆ ਹੈ। ਪਿਛਲੇ ਸਮੇਂ ਦੌਰਾਨ ਮਿਲੀ ਰਿਪੋਰਟ ਦੇ ਆਧਾਰ ’ਤੇ ਜ਼ਿਲ੍ਹੇ ਦੇ 3 ਪੰਚਾਇਤ ਸਕੱਤਰਾਂ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਅਹੁਦਿਆਂ ਤੋਂ ਮੁਲਤਵੀ ਕਰ ਦਿੱਤਾ ਗਿਆ ਸੀ। ਜਨਤਾ ਨੂੰ ਪ੍ਰੇਸ਼ਾਨ ਕਰਨ ਵਾਲੇ ਕਿਸੇ ਵੀ ਕਰਮਚਾਰੀ/ਅਧਿਕਾਰੀ ਨਾਲ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ। ਜਨਤਾ ਸਮੱਸਿਆ ਦੱਸੇ, ਹੱਲ ਅਸੀਂ ਕਰਾਂਗੇ।
ਸਵਾਲ : ਜਨਤਾ ਨੂੰ ਖਰਾਬ ਸੜਕਾਂ ਦੀ ਪ੍ਰੇਸ਼ਾਨੀ ਤੋਂ ਰਾਹਤ ਕਦੋਂ?
ਜਵਾਬ : 'ਮੇਰੀ ਸੜਕ, ਮੇਰੀ ਜ਼ਿੰਮੇਵਾਰੀ' ਤਹਿਤ ਵੱਖ-ਵੱਖ ਅਧਿਕਾਰੀਆਂ ਵੱਲੋਂ 51 ਸੜਕਾਂ ਗੋਦ ਲਈਆਂ ਗਈਆਂ ਹਨ। ਹਰੇਕ ਅਧਿਕਾਰੀ 10 ਕਿਲੋਮੀਟਰ ਸੜਕ ਦੀ ਨਿਗਰਾਨੀ ਕਰ ਰਿਹਾ ਹੈ। ਮੈਂ ਖ਼ੁਦ ਜਲੰਧਰ-ਫਗਵਾੜਾ ਰੋਡ ਦੀ ਜ਼ਿੰਮੇਵਾਰੀ ਲ ਈ ਹੈ। ਪੰਜਾਬ ਨੂੰ ਦੇਸ਼ ਦਾ ਸਭ ਤੋਂ ਸਵੱਛ ਸੂਬਾ ਬਣਾਉਣ ਦੇ ਮੰਤਵ ਨਾਲ ਇਸ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਸੜਕਾਂ ਦਾ ਸੁਧਾਰ ਕਰ ਕੇ ਨਵੀਂ ਮਿਸਾਲ ਪੇਸ਼ ਹੋਵੇਗੀ। ਸਫਾਈ, ਰੱਖ-ਰਖਾਅ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਉਥੇ ਹੀ, ਸੜਕ ਹਾਦਸਿਆਂ ਨੂੰ ਰੋਕਣ ਲਈ ਬਲੈਕ ਸਪਾਟਸ ਦੀ ਪਛਾਣ ਕਰਕੇ ਉਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਨੈਸ਼ਨਲ ਹਾਈਵੇ, ਮੁੱਖ ਸੜਕਾਂ ਦੇ ਨਾਜਾਇਜ਼ ਕੱਟਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸਵਾਲ : ਨਸ਼ਿਆਂ ਦੀ ਰੋਕਥਾਮ/ਨੌਜਵਾਨਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਕੀ ਕਰ ਰਿਹੈ?
ਜਵਾਬ : 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਤਹਿਤ ਨਸ਼ਿਆਂ ’ਤੇ ਰੋਕ ਲਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਚੱਲ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਮਾਡਲ ਨਸ਼ਾ ਛੁਡਾਊ ਕੇਂਦਰ ਬਣਾਏ ਜਾ ਰਹੇ ਹਨ, ਜਿਸ ਵਿਚ ਜਿਮਨੇਜ਼ੀਅਮ, ਯੋਗਾ ਅਤੇ ਹੁਨਰ ਵਿਕਾਸ ਵਰਗੀਆਂ ਅਤਿ-ਆਧੁਨਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਵਾਪਸ ਲਿਆਉਣ ਦੀਆਂ ਵੱਡੀਆਂ ਯੋਜਨਾਵਾਂ ਹਨ। ਮਾਡਲ ਨਸ਼ਾ-ਮੁਕਤੀ ਕੇਂਦਰਾਂ ਵਿਚ ਨਵੇਂ ਹੁਨਰ ਿਵਕਾਸ ਕੋਰਸ ਕਰਵਾਏ ਗਏ ਹਨ। ਨਸ਼ਿਆਂ ਖ਼ਿਲਾਫ਼ ਯੁੱਧ ਤਹਿਤ ਨੌਜਵਾਨਾਂ ਲਈ 2 ਕਰੋੜ ਦੇ ਖਰਚ ਨਾਲ 6 ਲਾਇਬਰੇਰੀਆਂ ਬਣਵਾਈਆਂ ਜਾ ਰਹੀਆਂ ਹਨ। 'ਯੁੱਧ ਨਸ਼ੇ ਵਿਰੁੱਧ' ਤਹਿਤ ਅਧਿਕਾਰੀਆਂ ਨੂੰ ਹਰੇਕ ਹਫਤੇ ਨਸ਼ਾ-ਮੁਕਤੀ ਕੇਂਦਰਾਂ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪਬਲਿਕ ਪਾਲਿਸੀ ਇੰਟਰਨਸ਼ਿਪ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਸਰਕਾਰੀ ਦਫਤਰਾਂ ਦਾ ਤਜਰਬਾ ਕਰਵਾਇਆ ਜਾ ਰਿਹਾ ਹੈ।
ਸਵਾਲ : ਆਮ ਜਨਤਾ ਤੋਂ ਫੀਡਬੈਕ ਕਿਵੇਂ ਲੈਂਦੇ ਹੋ ਅਤੇ ਉਸ ਨੂੰ ਆਪਣੇ ਫ਼ੈਸਲਿਆਂ ’ਚ ਕਿਵੇਂ ਸ਼ਾਮਲ ਕਰਦੇ ਹੋ?
ਜਵਾਬ : ਜਨਤਾ ਤਕ ਪਹੁੰਚ ਕਰਨ ਦਾ ਘੇਰਾ ਵਧਾਇਆ ਜਾ ਰਿਹਾ ਹੈ। ਜਿੰਨਾ ਵੀ ਸੰਭਵ ਹੋ ਸਕੇ ਜਨਤਾ ਦੇ ਸੁਝਾਵਾਂ ’ਤੇ ਵਿਚਾਰ ਕੀਤਾ ਜਾਂਦਾ ਹੈ ਅਤੇ ਉਸ ਨੂੰ ਆਪਣੇ ਫੈਸਲਿਆਂ ਵਿਚ ਲਾਗੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਵਾਰ ਆਮ ਲੋਕਾਂ ਤੋਂ ਮਿਲਣ ਵਾਲੀ ਫੀਡਬੈਕ ਬਹੁਤ ਫਾਇਦੇਮੰਦ ਸਾਬਿਤ ਹੁੰਦੀ ਹੈ।
ਸਵਾਲ : ਮਨੁੱਖਤਾ-ਪ੍ਰਸ਼ਾਸਨ ਵਿਚਕਾਰ ਸੰਤੁਲਨ ਕਿਵੇਂ ਬਣਾਉਂਦੇ ਹੋ?
ਜਵਾਬ : ਕਈ ਵਾਰ ਅਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ’ਤੇ ਫੈਸਲਾ ਲੈਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਸਾਹਮਣੇ ਵਾਲਾ ਵਿਅਕਤੀ ਠੀਕ ਵੀ ਲੱਗ ਰਿਹਾ ਹੁੰਦਾ ਹੈ ਪਰ ਨਿਯਮਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੁੰਦਾ ਹੈ। ਅਜਿਹੇ ਵਿਚ ਬੈਲੇਂਸ ਬਣਾ ਕੇ ਚੱਲਣਾ ਪੈਂਦਾ ਹੈ ਤਾਂ ਕਿ ਕਿਸੇ ਨਾਲ ਨਾਇਨਸਾਫੀ ਨਾ ਹੋਵੇ। ਅਜਿਹੇ ਵਿਚ ਕੋਸ਼ਿਸ਼ ਰਹਿੰਦੀ ਹੈ ਕਿ ਸਬੰਧਤ ਵਿਅਕਤੀ ਨੂੰ ਸਮਝਾਇਆ ਜਾ ਸਕੇ। ਨਿਯਮਾਂ ਵਿਚ ਰਹਿੰਦੇ ਹੋਏ ਪ੍ਰੇਸ਼ਾਨ ਵਿਅਕਤੀ ਦੀ ਮਦਦ ਕਰਨਾ ਮੁੱਖ ਟੀਚਾ ਰਹਿੰਦਾ ਹੈ।
ਸਵਾਲ : ਖੁਦ ਲਈ ਸਮਾਂ ਮਿਲਣ ’ਤੇ ਕੀ ਕਰਨਾ ਪਸੰਦ ਕਰਦੇ ਹੋ?
ਜਵਾਬ : ਜਲਦੀ ਉੱਠਣਾ ਮੇਰੀਆਂ ਆਦਤਾਂ ਵਿਚ ਸ਼ਾਮਲ ਹੈ ਅਤੇ ਇਸ ਨਿਯਮ ਦਾ ਹਮੇਸ਼ਾ ਮੈਂ ਪਾਲਣ ਕਰਦਾ ਹਾਂ। ਉੱਠ ਕੇ ਕੁਝ ਵਰਕ-ਆਊਟ ਅਤੇ ਗੇਮਜ਼ ਖੇਡਣਾ ਪਸੰਦ ਹੈ। ਕਿਸੇ ਇਕ ਗੇਮ ’ਤੇ ਪੂਰਾ ਫੋਕਸ ਨਹੀਂ ਹੈ। ਖੇਡਣ ਵਿਚ ਕ੍ਰਿਕਟ, ਲਾਅਨ ਟੈਨਿਸ, ਟੇਬਲ ਟੈਨਿਸ ਤੇ ਬੈਡਮਿੰਟਨ ਪਸੰਦ ਹੈ। ਕੋਈ ਵੀ ਗੇਮ ਹੋਵੇ, ਸਰੀਰ ਨੂੰ ਐਕਟਿਵ ਰੱਖਣਾ ਜ਼ਰੂਰੀ ਹੈ। ਕੋਈ ਵਧੀਆ ਮਿਊਜ਼ਿਕ ਹੋਵੇ ਤਾਂ ਉਸ ’ਤੇ ਵੀ ਸਮਾਂ ਕੱਢਣ ਦੀ ਕੋਸ਼ਿਸ਼ ਰਹਿੰਦੀ ਹੈ।
ਸਵਾਲ : ਕਿਹੜੀਆਂ ਅਹਿਮ ਯੋਜਨਾਵਾਂ ਇਸ ਸਮੇਂ ਚੱਲ ਰਹੀਆਂ ਹਨ?
ਜਵਾਬ : ਛੋਟੇ-ਛੋਟੇ ਬਹੁਤ ਸਾਰੇ ਪਲਾਨ ਹਨ, ਜਿਨ੍ਹਾਂ ’ਤੇ ਕੰਮ ਚੱਲ ਰਿਹਾ ਹੈ, ਇਸ ਨਾਲ ਜਨਤਾ ਨੂੰ ਵੱਡੀ ਸਹੂਲਤ ਅਤੇ ਰਾਹਤ ਮਿਲੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PUNJAB : ਗੁਆਂਢ 'ਚ Love Marriage ਕਰਾਉਣ ਵਾਲੇ ਮੁੰਡੇ-ਕੁੜੀ ਲਈ ਸਖ਼ਤ ਫ਼ਰਮਾਨ, ਪੜ੍ਹੋ ਪੂਰੀ ਖ਼ਬਰ
NEXT STORY