ਜਲੰਧਰ (ਸੋਨੂੰ, ਗੁਲਸ਼ਨ)- ਨਾਰਦਨ ਮੈਨਸ ਯੂਨੀਅਨ ਵੱਲੋਂ ਜਲੰਧਰ ਦੇ ਰੇਲਵੇ ਸਟੇਸ਼ਨ ’ਤੇ ਫਿਰੋਜ਼ਪੁਰ ਡਿਵੀਜ਼ਨਲ ਦੇ ਸੀਨੀਅਰ ਡੀ. ਸੀ. ਐੱਮ. ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਥੇ ਦੱਸ ਦੇਈਏ ਕਿ ਉੱਤਰ ਰੇਲਵੇ ਦੇ ਜਨਰਲ ਪ੍ਰਬੰਧਕ ਆਸ਼ੁਤੋਸ਼ ਗੰਗਲ ਨੇ 13 ਮਾਰਚ ਨੂੰ ਪੰਜਾਬ ਦਾ ਦੌਰਾ ਕਰਨ ਆਉਣਾ ਸੀ, ਜੋਕਿ ਕਿਸੇ ਕਾਰਨ ਕਰਕੇ ਰੱਦ ਹੋ ਗਿਆ ਸੀ ਅਤੇ ਅੱਜ ਉਨ੍ਹਾਂ ਵੱਲੋਂ ਲੁਧਿਆਣਾ-ਬਿਆਸ-ਜਲੰਧਰ ਰੇਲਖੰਡ ਦਾ ਨਿਰੀਖਣ ਕੀਤਾ ਗਿਆ। ਪਹਿਲਾਂ ਉਹ ਨੌਰਦਰਨ ਰੇਲਵੇ ਦੇ ਜੀ. ਐੱਮ. ਪਹਿਲਾਂ ਲੁਧਿਆਣਾ ਸਟੇਸ਼ਨ ਪਹੁੰਚੇ ਸਨ। ਇਸੇ ਸਬੰਧ ’ਚ ਉਨ੍ਹਾਂ ਵੱਲੋਂ ਜੰਮ ਕੇ ਰੋਸ ਮੁਜ਼ਾਹਰਾ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਨਾਰਦਰਨ ਰੇਲਵੇ ਦੇ ਜੀ. ਐੱਮ. ਆਸ਼ੂਤੋਸ਼ ਗੰਗਲ ਫਿਰੋਜ਼ਪੁਰ ਮੰਡਲ ਦੀ ਸਾਲਾਨਾ ਇੰਸਪੈਕਸ਼ਨ ਕਰਨ ਲਈ ਐਤਵਾਰ ਨੂੰ ਸਿਟੀ ਰੇਲਵੇ ਸਟੇਸ਼ਨ ’ਤੇ ਪਹੁੰਚੇ। ਉਨ੍ਹਾਂ ਦੇ ਸਟੇਸ਼ਨ ’ਤੇ ਪਹੁੰਚਣ ਤੋਂ ਪਹਿਲਾਂ ਹੀ ਨਾਰਦਰਨ ਰੇਲਵੇ ਮੈਨਜ਼ ਯੂਨੀਅਨ (ਐੱਨ. ਆਰ. ਐੱਮ. ਯੂ.) ਦੇ ਵੱਡੀ ਗਿਣਤੀ ਵਿਚ ਇਕੱਤਰ ਵਰਕਰਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਖਾਲੀ ਪੀਪੇ ਖੜਕਾ ਕੇ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਡੀ. ਸੀ. ਐੱਮ. ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਯੂਨੀਅਨ ਆਗੂਆਂ ਦਾ ਦੋਸ਼ ਸੀ ਕਿ ਸੀਨੀਅਰ ਡੀ. ਸੀ. ਐੱਮ. ਨੇ ਤਾਨਾਸ਼ਾਹੀ ਰਵੱਈਆ ਅਪਨਾਇਆ ਹੋਇਆ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂਨੀਅਨ ਆਗੂਆਂ ਨੇ ਲੁਧਿਆਣਾ ਸਟੇਸ਼ਨ ’ਤੇ ਵੀ ਜੀ. ਐੱਮ. ਸਾਹਮਣੇ ਨਾਅਰੇਬਾਜ਼ੀ ਕੀਤੀ।
ਸਪੈਸ਼ਲ ਟਰੇਨ ’ਤੇ ਆਏ ਜੀ. ਐੱਮ. ਆਸ਼ੂਤੋਸ਼ ਗੰਗਲ ਅਤੇ ਫਿਰੋਜ਼ਪੁਰ ਮੰਡਲ ਦੇ ਡੀ. ਆਰ. ਐੱਮ. ਰਾਜੇਸ਼ ਅਗਰਵਾਲ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਰੇਲਵੇ ਸੁਰੱਖਿਆ ਬਲ, ਆਰ. ਪੀ. ਐੱਫ. ਅਤੇ ਕਮਾਂਡੋ ਫੋਰਸ ਵੱਲੋਂ ਸਖਤ ਸੁਰੱਖਿਆ ਵਿਚਕਾਰ ਸਟੇਸ਼ਨ ਵਿਚੋਂ ਬਾਹਰ ਲਿਜਾਇਆ ਗਿਆ। ਇਥੋਂ ਉਹ ਗੱਡੀ ਵਿਚ ਬਹਿ ਕੇ ਪੀ. ਵੇ. ਟਰੇਨਿੰਗ ਸਕੂਲ ਗਏ। ਇਥੇ ਉਨ੍ਹਾਂ ਸਿਖਲਾਈ ਸੰਸਥਾ ਦਾ ਉਦਘਾਟਨ ਕੀਤਾ ਅਤੇ ਬੂਟਾ ਲਾਇਆ। ਇਸ ਮੌਕੇ ਉਨ੍ਹਾਂ ਨਾਲ ਮੰਡਲ ਰੇਲਵੇ ਪ੍ਰਬੰਧਕ ਰਾਜੇਸ਼ ਅਗਰਵਾਲ ਤੋਂ ਇਲਾਵਾ ਮੁੱਖ ਕਾਰਮਿਕ ਅਧਿਕਾਰੀ ਪ੍ਰਮਿਲਾ ਐੱਚ. ਭਾਰਗਵ, ਨਾਰਦਰਨ ਰੇਲਵੇ ਦੇ ਮੁੱਖ ਇੰਜੀਨੀਅਰ ਚੰਦਰ ਪ੍ਰਕਾਸ਼ ਗੁਪਤਾ, ਮੁੱਖ ਪਰਿਚਾਲਨ ਪ੍ਰਬੰਧਕ ਰਾਜੀਵ ਸਕਸੈਨਾ, ਦੂਰਸੰਚਾਰ ਇੰਜੀਨੀਅਰ ਰਾਹੁਲ ਅਗਰਵਾਲ ਅਤੇ ਇੰਜ. ਡੀ. ਸੀ. ਸ਼ਰਮਾ ਵੀ ਮੌਜੂਦ ਸਨ।
ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨੂੰ ਵੀ ਸੰਬੋਧਨ ਕੀਤਾ। ਸਿਟੀ ਸਟੇਸ਼ਨ ’ਤੇ ਜਮ੍ਹਾ ਹੋਏ ਯੂਨੀਅਨ ਆਗੂਆਂ ਕਾਰਣ ਉਹ ਸਿੱਧਾ ਰੈਸਟ ਹਾਊਸ ਸਾਹਮਣੇ ਵਾਲੇ ਗੇਟ ਵਿਚੋਂ ਹੁੰਦੇ ਹੋਏ ਪਲੇਟਫਾਰਮ ਨੰ. 1 ’ਤੇ ਖੜ੍ਹੀ ਆਪਣੀ ਸਪੈਸ਼ਨ ਟਰੇਨ ਵਿਚ ਸਵਾਰ ਹੋ ਗਏ।
ਨਾ ਸਟੇਸ਼ਨ ਕੰਪਲੈਕਸ ਅਤੇ ਨਾ ਹੀ ਬਣ ਰਹੇ ਸਰਕੁਲੇਟਿੰਗ ਏਰੀਏ ਦਾ ਕੀਤਾ ਨਿਰੀਖਣ
ਯੂਨੀਅਨ ਵੱਲੋਂ ਨਾਅਰੇਬਾਜ਼ੀ ਕਰਨ ਕਾਰਣ ਤਣਾਅਪੂਰਨ ਹੋਏ ਹਾਲਾਤ ਨੂੰ ਵੇਖਦਿਆਂ ਜੀ.ਐੱਮ. ਆਸ਼ੂਤੋਸ਼ ਗੰਗਲ ਨੇ ਨਾ ਤਾਂ ਸਿਟੀ ਰੇਲਵੇ ਸਟੇਸ਼ਨ ’ਤੇ ਇੰਸਪੈਕਸ਼ਨ ਕੀਤੀ ਅਤੇ ਨਾ ਹੀ ਸਮਾਰਟ ਸਿਟੀ ਤਹਿਤ ਬਣ ਰਹੇ ਨਵੇਂ ਸਰਕੁਲੇਟਿੰਗ ਏਰੀਏ ਦਾ ਨਿਰੀਖਣ ਕੀਤਾ, ਜਦੋਂ ਕਿ ਇੰਜੀਨੀਅਰਿੰਗ ਮਹਿਕਮੇ ਵੱਲੋਂ ਮੇਨ ਗੇਟ ਨੇੜੇ ਇਕ ਬੋਰਡ ਲਾ ਕੇ ਸਰਕੁਲੇਟਿੰਗ ਏਰੀਏ ਦਾ ਨਵਾਂ ਨਕਸ਼ਾ ਅਤੇ ਕੁਝ ਫੋਟੋ ਲਾਈਆਂ ਗਈਆਂ ਸਨ ਤਾਂ ਕਿ ਜੀ. ਐੱਮ. ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਪਰ ਉਨ੍ਹਾਂ ਇਸ ਪਾਸੇ ਦੇਖਿਆ ਵੀ ਨਹੀਂ। ਰੇਲਵੇ ਅਧਿਕਾਰੀਆਂ ਵੱਲੋਂ ਇਥੇ ਰੈਡ ਕਾਰਪੇਟ ਵਿਛਾ ਕੇ ਉਨ੍ਹਾਂ ਦੇ ਸਵਾਗਤ ਦੀ ਤਿਆਰੀ ਕੀਤੀ ਹੋਈ ਸੀ।
ਰੇਲਵੇ ਪੁਲਸ ਅਤੇ ਮੀਡੀਆ ਕਰਮਚਾਰੀਆਂ ਵਿਚਕਾਰ ਧੱਕਾ-ਮੁੱਕੀ
ਟਰੇਨ ਵਿਚੋਂ ਉਤਰਨ ਤੋਂ ਬਾਅਦ ਜੀ. ਐੱਮ. ਨੂੰ ਰੇਲਵੇ ਪੁਲਸ ਵੱਲੋਂ ਸਖਤ ਸੁਰੱਖਿਆ ਵਿਚਕਾਰ ਸਟੇਸ਼ਨ ਵਿਚੋਂ ਬਾਹਰ ਲਿਜਾਇਆ ਜਾ ਰਿਹਾ ਸੀ ਕਿ ਇਸ ਦੌਰਾਨ ਮੌਜੂਦ ਇਲੈਕਟਰਾਨਿਕ ਮੀਡੀਆ ਕਰਮਚਾਰੀਆਂ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਰੇਲਵੇ ਪੁਲਸ ਅਤੇ ਮੀਡੀਆ ਕਰਮਚਾਰੀਆਂ ਵਿਚਕਾਰ ਕਾਫੀ ਧੱਕਾ-ਮੁੱਕੀ ਵੀ ਹੋਈ, ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਡੀ. ਆਰ. ਐੱਮ. ਅਤੇ ਹੋਰ ਉੱਚ ਅਧਿਕਾਰੀਆਂ ਨੇ ਵਿਚਾਲੇ ਪੈ ਕੇ ਮਾਮਲਾ ਸ਼ਾਂਤ ਕੀਤਾ।
ਪ੍ਰਦਰਸ਼ਨ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ : ਸੀਨੀਅਰ ਡੀ. ਸੀ.ਐੱਮ.
ਦੂਜੇ ਪਾਸੇ ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਡੀ. ਸੀ. ਐੱਮ. ਚੇਤਨ ਤਨੇਜਾ ਨੇ ਕਿਹਾ ਕਿ ਐੱਨ. ਆਰ. ਐੱਮ. ਯੂ. ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਕਿਸੇ ਯੂਨੀਅਨ ਅਹੁਦੇਦਾਰ ਨੇ ਉਨ੍ਹਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਹੈ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਰਮਚਾਰੀ ਟਰਾਂਸਫਰ ਮੁੱਦੇ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਟਰਾਂਸਫਰ ਆਰਡਰ ਜਾਰੀ ਕੀਤੇ ਗਏ ਹਨ ਤਾਂ ਉਹ ਨਿਯਮਾਂ ਮੁਤਾਬਕ ਹੀ ਕੀਤੇ ਗਏ ਹੋਣਗੇ।
ਐੱਨ. ਆਰ. ਐੱਮ. ਯੂ. ਦੇ ਆਗੂ ਜੀ. ਐੱਮ. ਅਤੇ ਸੀ. ਸੀ. ਐੱਮ. ਨੂੰ ਮਿਲੇ , 16 ਨੂੰ ਦਿੱਲੀ ਬੁਲਾਇਆ
ਇਸ ਤੋਂ ਬਾਅਦ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦੇ ਡਵੀਜ਼ਨਲ ਸੈਕਟਰੀ ਸ਼ਿਵ ਦੱਤ ਸ਼ਰਮਾ, ਕੇਂਦਰੀ ਆਗੂ ਪ੍ਰਵੀਨ ਕੁਮਾਰ ਸਮੇਤ ਕਈ ਆਗੂ ਸਪੈਸ਼ਲ ਟਰੇਨ ਵਿਚ ਜੀ. ਐੱਮ. ਅਤੇ ਚੀਫ ਕਮਰਸ਼ੀਅਲ ਮੈਨੇਜਰ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਨੂੰ ਮੰਗ-ਪੱਤਰ ਦੇ ਕੇ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਡੀ. ਸੀ. ਐੱਮ. ਵੱਲੋਂ ਕੀਤੇ ਗਏ ਤਬਾਦਲਿਆਂ ਬਾਰੇ ਜਾਣਕਾਰੀ ਦਿੱਤੀ।
ਸ਼ਿਵ ਦੱਤ ਸ਼ਰਮਾ ਨੇ ਯੂਨੀਅਨ ਵਰਕਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸੀ. ਸੀ. ਐੱਮ. ਨੇ ਉਨ੍ਹਾਂ ਨੂੰ 16 ਮਾਰਚ ਨੂੰ ਮਿਲਣ ਦਾ ਸਮਾਂ ਦਿੱਤਾ ਹੈ। ਉਨ੍ਹਾਂ ਸਾਰੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਕਰਮਚਾਰੀ ਨਾਲ ਅਨਿਆਂ ਨਹੀਂ ਹੋਵੇਗਾ। ਇਸ ਤੋਂ ਇਲਾਵਾ ਰੇਲਵੇ ਮਜ਼ਦੂਰ ਯੂਨੀਅਨ, ਆਲ ਇੰਡੀਆ ਰੇਲਵੇ ਓ. ਬੀ. ਸੀ. ਸੰਗਠਨ ਦੇ ਮੰਡਲ ਸਕੱਤਰ ਬ੍ਰਜੇਸ਼ ਕੁਮਾਰ ਅਤੇ ਐੱਸ. ਸੀ. ਐੱਸ. ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਵੀ ਆਪਣੀਆਂ ਮੰਗਾਂ ਸਬੰਧੀ ਜੀ. ਐੱਮ. ਨੂੰ ਪੱਤਰ ਦਿੱਤਾ।
ਕਈ ਸਮਾਜ-ਸੇਵੀ ਸੰਸਥਾਵਾਂ ਨੇ ਵੀ ਜੀ. ਐੱਮ. ਨੂੰ ਦਿੱਤਾ ਮੰਗ-ਪੱਤਰ
ਇਸ ਤੋਂ ਇਲਾਵਾ ਕੁਝ ਸਮਾਜ-ਸੇਵੀ ਸੰਸਥਾਵਾਂ ਨੇ ਵੀ ਨਾਰਦਰਨ ਰੇਲਵੇ ਦੇ ਜੀ.ਐੱਮ. ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੰਗ-ਪੱਤਰ ਦਿੱਤਾ। ਕਾਂਗਰਸ ਆਗੂ ਸੁਦੇਸ਼ ਵਿਜ ਨੇ ਜੀ. ਐੱਮ. ਤੋਂ ਮੰਗ ਕਰਦਿਆਂ ਕਿਹਾ ਕਿ ਜਲੰਧਰ ਤੋਂ ਹਰਿਦੁਆਰ ਲਈ ਇਕ ਹੋਰ ਟਰੇਨ ਚਲਾਈ ਜਾਵੇ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ। ਅਲਫਾ ਮਹਿੰਦਰੂ ਫਾਊਂਡੇਸ਼ਨ ਦੇ ਮੈਂਬਰ ਲਲਿਤ ਮਹਿਤਾ ਨੇ ਰੇਲਵੇ ਦੀ ਖਾਲੀ ਪਈ ਜ਼ਮੀਨ ’ਤੇ ਬਾਊਂਡਰੀ ਵਾਲ ਬਣਾਉਣ ਲਈ ਕਿਹਾ ਤਾਂ ਜੋ ਲੋਕ ਉਥੇ ਕੂੜਾ ਨਾ ਸੁੱਟ ਸਕਣ। ਇਸ ਤੋਂ ਇਲਾਵਾ ਸੂਰਿਆ ਐਨਕਲੇਵ ਐਕਸਟੈਨਸ਼ਨ ਦੇ ਪ੍ਰਧਾਨ ਐੱਮ. ਐੱਲ. ਸਹਿਗਲ ਨੇ ਸਿਟੀ ਸਟੇਸ਼ਨ ’ਤੇ ਸੈਕਿੰਡ ਐਂਟਰੀ ਗੇਟ ਬਣਾਉਣ ਦੀ ਅਪੀਲ ਕੀਤੀ। ਜੀ. ਐੱਮ. ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਜ਼ਰੂਰ ਧਿਆਨ ਦਿੱਤਾ ਜਾਵੇਗਾ।
ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
NEXT STORY