ਝਬਾਲ/ਬੀੜ ਸਾਹਿਬ (ਲਾਲੂਘੁੰਮਣ) : ਬੀਤੀ ਦੇਰ ਰਾਤ ਅੰਮ੍ਰਿਤਸਰ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮੋਪਡ ਸਵਾਰ ਦੋ ਪ੍ਰਵਾਸੀ ਵਿਅਕਤੀਆਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਅਤੇ ਦੂਜੇ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਸਮਾਚਾਰ ਹੈ। ਸਥਾਨਕ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਹੇਠ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਦੁਬੰਗਾ ਦਾਸ ਪੁੱਤਰ ਤੰਬੀ ਦਾਸ ਵਾਸੀ ਅਸਾਮ (ਹਾਲ ਵਾਸੀ ਅੱਡਾ ਝਬਾਲ) ਨੇ ਦੱਸਿਆ ਕਿ ਉਹ ਨਜ਼ਦੀਕੀ ਇਕ ਫਰਨੀਚਰ ਹਾਊਸ 'ਚ ਕਾਰੀਗਰ ਵਜੋਂ ਕੰਮ ਕਰਦਾ ਹੈ ਤੇ ਐਤਵਾਰ ਦੇਰ ਰਾਤ ਜਦੋਂ ਉਹ ਆਪਣੇ ਇਕ ਹੋਰ ਕਾਰੀਗਰ ਸਾਥੀ ਸ਼ੰਕਰ ਪੁੱਤਰ ਬਹਾਦਰ ਰਾਏ ਵਾਸੀ ਕੌਬਪਾਗ, ਅਸਾਮ (ਹਾਲ ਵਾਸੀ ਝਬਾਲ) ਸਮੇਤ ਐਕਟੀਵਾ 'ਤੇ ਸਵਾਰ ਹੋ ਕਿ ਅੱਡਾ ਝਬਾਲ ਤੋਂ ਵਾਪਸ ਫਰਨੀਚਰ ਹਾਊਸ ਨੂੰ ਆ ਰਹੇ ਸਨ। ਇਸੇ ਦੌਰਾਨ ਅੰਮ੍ਰਿਤਸਰ ਰੋਡ ਸਥਿਤ ਇਕ ਪੈਲੇਸ ਨੇੜੇ ਉਨ੍ਹਾਂ ਦੀ ਐਕਟੀਵਾ ਦੇ ਅੱਗੇ ਅਚਾਨਕ ਇਕ ਆਵਾਰਾ ਕੁੱਤਾ ਆ ਗਿਆ। ਉਸਨੇ ਦੱਸਿਆ ਕਿ ਐਕਟੀਵਾ ਚਲਾ ਰਹੇ ਸ਼ੰਕਰ ਜਦੋਂ ਉਕਤ ਕੁੱਤੇ ਦਾ ਬਚਾਅ ਕਰਨ ਲੱਗਾ ਤਾਂ ਐਕਟੀਵਾ ਸੜਕ ਦੇ ਵਿਚਾਲੇ ਬਣੇ ਡਵਾਇਡਰ ਨਾਲ ਜਾ ਟਕਰਾਈ ਅਤੇ ਇਸ ਦੌਰਾਨ ਉਹ ਦੋਵੇਂ ਜਾਣੇ ਹੇਠਾਂ ਡਿੱਗ ਗਏ, ਜਿਸ ਕਾਰਨ ਸ਼ੰਕਰ ਦਾ ਸਿਰ ਡਵਾਇਡਰ 'ਤੇ ਜ਼ੋਰ ਨਾਲ ਵੱਜਣ ਕਰਕੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਤੇ ਉਸ ਨੂੰ ਸਥਾਨਕ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਨੇ ਦੱਸਿਆ ਕਿ ਇਸ ਦੌਰਾਨ ਉਹ ਖੁਦ ਵੀ ਗੰਭੀਰ ਜ਼ਖਮੀ ਹੋ ਗਿਆ ਤੇ ਉਸਦਾ ਉਕਤ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸਬ. ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਦੁਬੰਗਾ ਦਾਸ ਪੁੱਤਰ ਤੰਬੀ ਦਾਸ ਦੇ ਬਿਆਨਾਂ ਦੇ ਅਧਾਰ 'ਤੇ 174 ਤਹਿਤ ਕੇਸ ਦਰਜ ਕਰਕੇ ਮ੍ਰਿਤਕ ਸ਼ੰਕਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਟਰਮ ਕਰਾਇਆ ਜਾ ਰਿਹਾ ਹੈ।
ਦੂਜੀ ਡੈੱਡਲਾਈਨ ਤੋਂ ਬਾਅਦ ਵੀ ਪੂਰੀ ਨਾ ਹੋਈ ਬੁੱਢੇ ਨਾਲੇ ਦੀ ਸਫਾਈ
NEXT STORY