ਜਲੰਧਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਦਾ ਸੰਤਾਪ ਸਹਿਣ ਕਰਨ ਵਾਲੇ ਲੋਕਾਂ ਦੀ ਕਤਾਰ ਲੰਬੀ ਹੁੰਦੀ ਜਾ ਰਹੀ ਹੈ। ਦੇਸ਼ ਦੇ ਹੋਰ ਹਿੱਸਿਆਂ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੇ ਹਜ਼ਾਰਾਂ ਪਰਿਵਾਰ ਅੱਤਵਾਦ ਰੂਪੀ ਇਸ ਕਾਲੀ ਹਨੇਰੀ ਕਾਰਣ ਨਾ ਸਿਰਫ ਪ੍ਰਭਾਵਿਤ ਹੋਏ, ਸਗੋਂ ਅਨੇਕਾਂ ਲੋਕ ਤਾਂ ਆਪਣੇ ਆਲ੍ਹਣੇ ਛੱਡ ਕੇ ਸ਼ਰਨਾਰਥੀ ਬਣਨ ਲਈ ਵੀ ਮਜਬੂਰ ਹੋ ਗਏ। ਪਾਕਿਸਤਾਨੀ ਸੈਨਿਕਾਂ ਵੱਲੋਂ, ਸਰਹੱਦੀ ਖੇਤਰਾਂ 'ਚ ਵੱਸਦੇ, ਭਾਰਤੀ ਨਾਗਰਿਕਾਂ ਨੂੰ ਗੋਲੀਬਾਰੀ ਦਾ ਨਿਸ਼ਾਨਾ ਬਣਾਉਣ ਦਾ ਸਿਲਸਲਾ ਵੀ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ। ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਕਈ ਉਮਰ ਭਰ ਲਈ ਅਪਾਹਜ ਹੋ ਕੇ ਰਹਿ ਗਏ। ਕੰਮ-ਧੰਦੇ ਪ੍ਰਭਾਵਿਤ ਹੋਣ ਕਰ ਕੇ ਕਈ ਘਰਾਂ ਲਈ ਦੋ ਵੇਲਿਆਂ ਦੀ ਰੋਟੀ ਦਾ ਵੀ ਸੰਕਟ ਪੈਦਾ ਹੋ ਗਿਆ।
ਅਜਿਹੇ ਪ੍ਰਭਾਵਿਤ ਪਰਿਵਾਰਾਂ ਦਾ ਦਰਦ ਪਛਾਣਦਿਆਂ ਉਨ੍ਹਾਂ ਨੂੰ ਸਹਾਇਤਾ ਪਹੁੰਚਾਉਣ ਲਈ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਹੁਣ ਤੱਕ ਸੈਂਕੜੇ ਟਰੱਕਾਂ ਦੀ ਸਮੱਗਰੀ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਤੱਕ ਪਹੁੰਚਾਈ ਜਾ ਚੁੱਕੀ ਹੈ। ਇਸ ਸਿਲਸਲੇ 'ਚ ਹੀ 514ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਸੁੰਦਰਬਨੀ ਖੇਤਰ 'ਚ ਸਰਹੱਦ ਨੇੜੇ ਵੱਸਦੇ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਲਾਲਾ ਜਗਤ ਨਾਰਾਇਣ ਨਿਸ਼ਕਾਮ ਸੇਵਾ ਸੋਸਾਇਟੀ ਅਤੇ ਸ਼੍ਰੀ ਗਿਆਨ ਸਥਲ ਮੰਦਰ ਸਭਾ ਲੁਧਿਆਣਾ ਵਲੋਂ ਦਿੱਤਾ ਗਿਆ ਸੀ। ਸ਼੍ਰੀ ਰੋਮੇਸ਼ ਗੁੰਬਰ ਦੇ ਯਤਨਾਂ ਸਦਕਾ ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਬਿੱਟੂ ਗੁੰਬਰ, ਨਰੇਸ਼ ਗੋਇਲ, ਲੱਕੀ ਕਸ਼ਯਪ ਅਤੇ ਜੁਗਿੰਦਰ ਕਪੂਰ ਨੇ ਵੀ ਅਹਿਮ ਭੂਮਿਕਾ ਨਿਭਾਈ। ਜ਼ਿਕਰਯੋਗ ਹੈ ਕਿ ਇਸ ਸੰਸਥਾ ਵਲੋਂ ਪਹਿਲਾਂ ਵੀ ਰਾਹਤ ਸਮੱਗਰੀ ਦੇ 38 ਟਰੱਕ ਵੱਖ-ਵੱਖ ਖੇਤਰਾਂ ਲਈ ਭਿਜਵਾਏ ਜਾ ਚੁੱਕੇ ਹਨ।
ਜਲੰਧਰ ਤੋਂ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਰਵਾਨਾ ਕੀਤੇ ਗਏ ਇਸ ਟਰੱਕ 'ਚ 300 ਰਜਾਈਆਂ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਪ੍ਰਵੀਨ ਬਜਾਜ, ਰਾਕੇਸ਼ ਬਜਾਜ, ਸ਼ਾਮ ਲਾਲ ਕਪੂਰ, ਹਰਜਿੰਦਰ ਸਿੰਘ ਅਤੇ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿੱਲ ਵੀ ਮੌਜੂਦ ਸਨ। ਰਾਹਤ ਸਮੱਗਰੀ ਦੀ ਵੰਡ ਲਈ ਯੋਗਾਚਾਰੀਆ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਟੀਮ 'ਚ ਫਿਰੋਜ਼ਪੁਰ ਤੋਂ 'ਜਗ ਬਾਣੀ' ਦੇ ਪ੍ਰਤੀਨਿਧੀ ਕੁਲਦੀਪ ਸਿੰਘ ਭੁੱਲਰ, ਜਸਵੀਰ ਸਿੰਘ ਜੋਸਨ, ਜ਼ੀਰਾ ਤੋਂ ਦਵਿੰਦਰ ਸਿੰਘ ਅਕਾਲੀਆਂਵਾਲਾ, ਸਰਪੰਚ ਅਰਸ਼ਦੀਪ ਸਿੰਘ, ਹਰਜਿੰਦਰ ਸਿੰਘ ਘਾਰੂ ਅਤੇ ਰਜਿੰਦਰ ਸ਼ਰਮਾ ਉਰਫ ਭੋਲਾ ਜੀ ਵੀ ਸ਼ਾਮਲ ਸਨ।
ਜਨਮ 'ਚ ਹੈ ਭਾਵੇਂ ਦੋ ਮਿੰਟ ਦਾ ਫਰਕ ਪਰ ਦੇਸ਼ ਦੀ ਸੇਵਾ ਲਈ ਜਜ਼ਬਾ ਹੈ ਬਰਾਬਰ (ਤਸਵੀਰਾਂ)
NEXT STORY