ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਲਈ ਪਿਛਲੇ ਕਈ ਸਾਲਾਂ ਤੋਂ ਹਾਲਾਤ ਲਗਾਤਾਰ ਖਰਾਬ ਚੱਲ ਰਹੇ ਹਨ। ਸਰਹੱਦ ਪਾਰ ਤੋਂ ਕੀਤੀ ਜਾਂਦੀ ਗੋਲੀਬਾਰੀ ਦਾ ਸੇਕ ਹਜ਼ਾਰਾਂ ਪਰਿਵਾਰਾਂ ਨੂੰ ਸਹਿਣ ਕਰਨਾ ਪਿਆ ਹੈ, ਜਿਨ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਧਰਤੀ ਤੋਂ ਚਲਾਏ ਜਾ ਰਹੇ ਅੱਤਵਾਦ ਕਾਰਨ ਵੀ ਜੰਮੂ-ਕਸ਼ਮੀਰ ਦੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਦੂਹਰੀ ਮਾਰ ਸਹਿਣ ਕਰ ਰਹੇ ਇਨ੍ਹਾਂ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਅਕਤੂਬਰ 1999 ਤੋਂ ਲਗਾਤਾਰ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਅਧੀਨ 508ਵੇਂ ਟਰੱਕ ਦੀ ਰਾਹਤ ਸਮੱਗਰੀ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਹੀਰਾ ਨਗਰ ਸੈਕਟਰ ਨਾਲ ਸਬੰਧਤ ਵੱਖ-ਵੱਖ ਪਿੰਡਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਪੰਜਾਬ ਦੇ ਵੱਖ-ਵੱਖ ਦਾਨੀ ਸੱਜਣਾਂ ਵੱਲੋਂ ਦਿੱਤਾ ਗਿਆ।
ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਜ਼ਨਾਨਾ-ਮਰਦਾਨਾ ਅਤੇ ਬੱਚਿਆਂ ਦੇ ਕੱਪੜੇ, ਤੌਲੀਏ ਅਤੇ ਕੰਬਲ ਸ਼ਾਮਲ ਸਨ। ਇਸ ਮੌਕੇ 'ਤੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਜਲੰਧਰ ਦੇ ਸਾਬਕਾ ਮੇਅਰ ਸ਼੍ਰੀ ਜੈ ਕਿਸ਼ਨ ਸੈਣੀ, ਕੇ. ਕੇ. ਸ਼ਰਮਾ, ਹੇਮੰਤ ਪੰਡਤ ਅਤੇ ਮੱਟੂ ਸ਼ਰਮਾ ਵੀ ਮੌਜੂਦ ਸਨ।
ਰਾਹਤ ਵੰਡ ਟੀਮ ਦੇ ਮੁਖੀ ਯੋਗਾਚਾਰੀਆ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ ਵਿਚ ਜੁਗਿੰਦਰ ਕ੍ਰਿਸ਼ਨ ਸ਼ਰਮਾ, ਨਰਿੰਦਰ ਸ਼ਰਮਾ, ਜੈ ਦੇਵ ਮਲਹੋਤਰਾ, ਡੌਲੀ ਹਾਂਡਾ, ਸਾਰਿਕਾ ਭਾਰਦਵਾਜ, ਆਦਿਤਿਆ ਸ਼ਰਮਾ, ਰੋਮੇਸ਼ ਸ਼ਰਮਾ, ਲੁਧਿਆਣਾ ਦੇ ਹਰਦਿਆਲ ਸਿੰਘ ਅਮਨ ਅਤੇ ਸੁਨੀਲ ਕਪੂਰ ਵੀ ਸ਼ਾਮਲ ਸਨ।
ਮੁਕਤਸਰ ਦੇ ਮਨਹਰ ਬਾਂਸਲ ਨੇ ICSE ਦੀ 10ਵੀਂ ਦੀ ਪ੍ਰੀਖਿਆ 'ਚੋਂ ਕੀਤਾ ਟਾਪ
NEXT STORY