ਜੰਮੂ ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)— ਮਕਬੂਜ਼ਾ ਕਸ਼ਮੀਰ 'ਚ ਪਾਕਿਸਤਾਨੀ ਅਧਿਕਾਰੀਆਂ ਦੀ ਦੇਖ-ਰੇਖ ਹੇਠ ਚੱਲ ਰਹੇ ਅੱਤਵਾਦੀਆਂ ਦੇ ਸਿਖਲਾਈ ਕੈਂਪ ਅੱਜ ਵੀ ਨਵੇਂ ਰੰਗਰੂਟਾਂ ਨੂੰ ਭਰਤੀ ਕਰਕੇ, ਸਿਖਲਾਈ ਦੇ ਕੇ ਅਤੇ ਗੋਲੀ-ਸਿੱਕੇ ਨਾਲ ਲੈਸ ਕਰ ਕੇ ਭਾਰਤ ਦੇ ਰਾਹ ਤੋਰਨ ਲਈ ਖਤਰਨਾਕ ਅੱਡੇ ਬਣੇ ਹੋਏ ਹਨ। ਇਸ ਦੇ ਨਾਲ ਹੀ ਪਾਕਿਸਤਾਨੀ ਸੈਨਿਕਾਂ ਵੱਲੋਂ ਵੀ ਸਰਹੱਦ ਪਾਰ ਤੋਂ ਭਾਰਤੀ ਖੇਤਰਾਂ ਵਿਚ ਬੇਦੋਸ਼ੇ ਅਤੇ ਮਾਸੂਮ ਨਾਗਿਰਕਾਂ 'ਤੇ ਅਕਸਰ ਗੋਲੀਬਾਰੀ ਕੀਤੀ ਜਾਂਦੀ ਹੈ। ਇਸ ਕਾਰਣ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿਚ ਹਰ ਵੇਲੇ ਦਹਿਸ਼ਤ ਦਾ ਮਾਹੌਲ ਪੱਸਰਿਆ ਰਹਿੰਦਾ ਹੈ। ਪਾਕਿਸਤਾਨੀ ਸੈਨਿਕਾਂ ਅਤੇ ਅੱਤਵਾਦੀਆਂ ਦੇ ਕਹਿਰ ਨੇ ਹਜ਼ਾਰਾਂ ਪਰਿਵਾਰਾਂ ਦਾ ਸੁਖ-ਚੈਨ ਅਤੇ ਰੋਜ਼ੀ-ਰੋਟੀ ਦੇ ਸਾਧਨ ਖੋਹ ਲਏ ਹਨ। ਜਦੋਂ ਬਿਰਧ ਮਾਪਿਆਂ ਦਾ ਸਹਾਰਾ ਅਤੇ ਕਮਾਈ ਕਰਨ ਵਾਲਾ ਇਕਲੌਤਾ ਜੁਆਨ ਪੁੱਤਰ ਦਹਿਸ਼ਤਗਰਦੀ ਦੀ ਭੇਟ ਚੜ੍ਹ ਜਾਂਦਾ ਹੈ, ਉਹ ਉਮਰ ਦੇ ਅਖੀਰਲੇ ਪੜਾਅ 'ਚ ਰੁਲਣ ਲਈ ਮਜਬੂਰ ਹੋ ਜਾਂਦੇ ਹਨ। ਇਸ ਤੋਂ ਵੀ ਵੱਡਾ ਦੁਖਾਂਤ ਉਦੋਂ ਵਾਪਰਦਾ ਹੈ, ਜਦੋਂ ਭਰ ਜਵਾਨੀ 'ਚ ਕਿਸੇ ਮੁਟਿਆਰ ਦਾ ਸੁਹਾਗ ਮਿਟ ਜਾਂਦਾ ਹੈ ਅਤੇ ਉਸ ਦੀਆਂ ਬਾਹਵਾਂ ਰੰਗਲੇ ਚੂੜੇ ਤੋਂ ਸੱਖਣੀਆਂ ਜ਼ਿੰਦਗੀ ਦੀ ਲੜਾਈ ਲੜਨ ਲਈ ਇਕੱਲੀਆਂ ਰਹਿ ਜਾਂਦੀਆਂ ਹਨ।
ਸਰਹੱਦੀ ਖੇਤਰਾਂ 'ਚ ਅਜਿਹੀਆਂ ਦਰਜਨਾਂ ਮਿਸਾਲਾਂ ਹਨ, ਜਿੱਥੇ ਚੁੱਲ੍ਹਿਆਂ 'ਚ ਅੱਗ ਬਲਦੀ ਰੱਖਣ ਲਈ ਯਤਨਸ਼ੀਲ ਲੋਕ ਦਹਿਸ਼ਤਗਰਦੀ ਦੀ ਮਾਰ ਕਾਰਨ ਖੁਦ ਅਗਨੀ ਭੇਟ ਹੋ ਗਏ। ਜਿਹੜੇ ਜਿਉਂਦੇ ਹਨ, ਉਨ੍ਹਾਂ ਦੀ ਹਾਲਤ ਮਰਨ ਨਾਲੋਂ ਵੀ ਬਦਤਰ ਹੋਈ ਪਈ ਹੈ ਕਿਉਂਕਿ ਹਰ ਵੇਲੇ ਸਰਹੱਦ ਪਾਰਲੀ ਗੋਲੀਬਾਰੀ ਅਤੇ ਅੱਤਵਾਦ ਦਾ ਡਰ ਸਤਾਉਂਦਾ ਰਹਿੰਦਾ ਹੈ। ਅਜਿਹੇ ਕੁਝ ਪੀੜਤ ਪਰਿਵਾਰਾਂ ਨੂੰ ਮਿਲਣ ਦਾ ਮੌਕਾ ਉਦੋਂ ਮਿਲਿਆ ਜਦੋਂ 'ਪੰਜਾਬ ਕੇਸਰੀ' ਦੀ ਰਾਹਤ ਟੀਮ ਜ਼ਿਲਾ ਰਾਜੌਰੀ ਦੇ ਸਰਹੱਦੀ ਪਿੰਡਾਂ ਨਾਲ ਸਬੰਧਤ ਪਰਿਵਾਰਾਂ ਨੂੰ 515ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਗਈ ਸੀ। ਪਿੰਡ ਦਲੋਗੜਾ ਦੇ ਭੋਲੀ ਮਾਤਾ ਮੰਦਰ 'ਚ ਜੁੜੇ 300 ਦੇ ਕਰੀਬ ਲੋਕਾਂ (ਜ਼ਿਆਦਾਤਰ ਔਰਤਾਂ) ਨੂੰ ਆਟਾ, ਚਾਵਲ, ਕੰਬਲ ਅਤੇ ਕੱਪੜੇ ਮੁਹੱਈਆ ਕਰਵਾਏ ਗਏ। ਇਹ ਰਾਹਤ ਸਮੱਗਰੀ ਸ੍ਰੀ ਸ੍ਰੀ 1008 ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ ਜੀ ਮਹਾਰਾਜ ਸ਼ਿਵ ਮੰਦਰ ਸਰਥਲੀ (ਜ਼ਿਲਾ ਰੋਪੜ) ਵੱਲੋਂ ਭਿਜਵਾਈ ਗਈ ਸੀ। ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਜ਼ਿਲਾ ਰਾਜੌਰੀ ਦੇ ਐੈੱਸ. ਐੈੱਸ. ਪੀ. ਸ਼੍ਰੀ ਜੁਗਲ ਮਿਨਹਾਸ ਨੇ ਕਿਹਾ ਕਿ ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਭਿਜਵਾ ਕੇ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਸੇਵਾ ਦੇ ਖੇਤਰ 'ਚ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਸੁਰੱਖਿਆ ਫੋਰਸਾਂ ਅੱਤਵਾਦ ਅਤੇ ਸਰੱਹਦ ਪਾਰ ਤੋਂ ਕੀਤੀ ਜਾਂਦੀ ਫਾਇਰਿੰਗ ਤੋਂ ਪੈਦਾ ਹੋਏ ਹਾਲਾਤ ਨਾਲ ਦਿਨ-ਰਾਤ ਲੜਾਈ ਲੜ ਰਹੀਆਂ ਹਨ। ਸ਼੍ਰੀ ਮਿਨਹਾਸ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਨਾਲ-ਨਾਲ ਬਾਕੀ ਇਲਾਕਿਆਂ ਵਿਚ ਵੀ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ। ਅਜਿਹੇ ਕਦਮਾਂ ਦੇ ਨਤੀਜੇ ਵਜੋਂ ਸਮੱਗਲਿੰਗ, ਨਸ਼ਿਆਂ ਅਤੇ ਹੋਰ ਅਪਰਾਧਾਂ ਨੂੰ ਠੱਲ੍ਹ ਪਾਉਣ ਵਿਚ ਕਾਫੀ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਕਿਸੇ ਵੀ ਗਲਤ ਹਰਕਤ ਜਾਂ ਅੱਤਵਾਦੀਆਂ ਸਬੰਧੀ ਸੂਚਨਾ ਬਿਨਾਂ ਕਿਸੇ ਡਰ ਦੇ ਪ੍ਰਸ਼ਾਸਨ ਨੂੰ ਦਿੱਤੀ ਜਾਵੇ।
25 ਕਿਲੋਮੀਟਰ ਤੋਂ ਤੁਰ ਕੇ ਆਏ ਨੇ ਲੋੜਵੰਦ: ਕੌਂਸਲਰ ਪੁਸ਼ਪਿੰਦਰ
ਰਾਜੌਰੀ ਸ਼ਹਿਰ ਦੇ ਕੌਂਸਲਰ ਪੁਸ਼ਪਿੰਦਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦੀ ਤਰਸਯੋਗ ਹਾਲਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ 25 ਕਿਲੋਮੀਟਰ ਜਾਂ ਉਸ ਤੋਂ ਵੀ ਜ਼ਿਆਦਾ ਦੂਰੀ ਤੋਂ ਪੈਦਲ ਚੱਲ ਕੇ ਰਾਹਤ ਸਮੱਗਰੀ ਲੈਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ 'ਚ ਹਾਲਾਤ ਖਰਾਬ ਹੋਣ ਕਰ ਕੇ ਅਤੇ ਆਵਾਜਾਈ ਦੇ ਸਾਧਨ ਨਾ ਹੋਣ ਕਰ ਕੇ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰਾਂ ਨੂੰ ਇੰਨੀ ਦੂਰ ਆਉਣਾ ਪਿਆ। ਕੌਂਸਲਰ ਨੇ ਕਿਹਾ ਕਿ ਇਕ ਪਾਸੇ ਇਨ੍ਹਾਂ ਲੋਕਾਂ ਨੂੰ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਦੂਜੇ ਪਾਸੇ ਰੋਜ਼ੀ-ਰੋਟੀ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ। ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਦੀ ਭਲਾਈ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ।
ਲੁਧਿਆਣਾ ਤੋਂ ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਸ਼੍ਰੀ ਰਾਕੇਸ਼ ਜੈਨ ਨੇ ਇਸ ਮੌਕੇ ਕਿਹਾ ਕਿ ਉਹ ਪੰਜਾਬ ਕੇਸਰੀ ਦੇ ਮੁਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਪ੍ਰੇਰਨਾ ਸਦਕਾ ਇਸ ਰਾਹਤ ਮੁਹਿੰਮ ਨਾਲ ਜੁੜੇ ਹਨ ਅਤੇ ਇਸ ਗੱਲ ਲਈ ਯਤਨਸ਼ੀਲ ਹਨ ਕਿ ਪ੍ਰਭਾਵਿਤ ਪਰਿਵਾਰਾਂ ਦੀ ਵੱਧ ਤੋਂ ਵੱਧ ਸੇਵਾ-ਸਹਾਇਤਾ ਕੀਤੀ ਜਾਵੇ। ਰਾਜੌਰੀ ਤੋਂ ਹਿੰਦ ਸਮਾਚਾਰ ਦੇ ਪ੍ਰਤੀਨਿਧੀ ਵਰਿੰਦਰ ਮਲਹੋਤਰਾ ਨੇ ਇਸ ਰਾਹਤ ਵੰਡ ਆਯੋਜਨ ਦੇ ਪ੍ਰਬੰਧਾਂ 'ਚ ਅਹਿਮ ਭੂਮਿਕਾ ਨਿਭਾਉਂਦਿਆਂ ਕਿਹਾ ਕਿ ਇਸ ਜ਼ਿਲੇ ਦੇ ਸਰਹੱਦੀ ਅਤੇ ਪੇਂਡੂ ਇਲਾਕੇ ਬਹੁਤ ਪਿਛੜੇ ਹੋਏ ਹਨ। ਇਨ੍ਹਾਂ ਦੂਰ-ਦੁਰਾਡੇ ਖੇਤਰਾਂ ਤਕ ਨਾ ਤਾਂ ਸਰਕਾਰ ਵੱਲੋਂ ਹੀ ਵਿਸ਼ੇਸ਼ ਸਹੂਲਤਾਂ ਪਹੁੰਚਾਈਆਂ ਜਾਂਦੀਆਂ ਹਨ ਅਤੇ ਨਾ ਹੀ ਕੋਈ ਹੋਰ ਸੰਸਥਾ ਮਦਦ ਲਈ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਕੇਸਰੀ ਪਰਿਵਾਰ ਨੇ ਹੀ ਇਨ੍ਹਾਂ ਪੀੜਤ ਪਰਿਵਾਰਾਂ ਦੀ ਬਾਂਹ ਫੜੀ ਹੈ ਅਤੇ ਕਈ ਟਰੱਕ ਸਮੱਗਰੀ ਦੇ ਭਿਜਵਾਏ ਹਨ। ਇਸ ਮਹਾਨ ਸੇਵਾ-ਕਾਰਜ ਲਈ ਇਲਾਕੇ ਦੇ ਲੋਕ ਪੱਤਰ ਸਮੂਹ ਦੇ ਧੰਨਵਾਦੀ ਹਨ।
ਦੂਜਿਆਂ ਦਾ ਦੁੱਖ-ਵੰਡਾਉਣ ਨਾਲ ਸੁਖ ਮਿਲਦੈ: ਵਰਿੰਦਰ ਸ਼ਰਮਾ
ਰਾਹਤ ਵੰਡ ਮੁਹਿੰੰਮ ਦੇ ਆਗੂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ ਭਗਤ ਤੁਲਸੀ ਦਾਸ ਜੀ ਦਾ ਇਕ ਦੋਹਾ ਪੜ੍ਹਿਆ ਕਿ :
ਸੁਖ ਦੀਜੇ ਸੁਖ ਹੋਤ ਹੈ, ਦੁਖ ਦੀਜੇ ਦੁਖ ਹੋਇ
ਉਨ੍ਹਾਂ ਕਿਹਾ ਕਿ ਜੇ ਕੋਈ ਇਨਸਾਨ ਦੂਜਿਆਂ ਨੂੰ ਦੁੱਖ ਦਿੰਦਾ ਹੈ ਤਾਂ ਇਕ ਦਿਨ ਉਹ ਖੁਦ ਵੀ ਦੁਖੀ ਹੋਵੇਗਾ। ਅਸਲ 'ਚ ਦੂਜਿਆਂ ਦਾ ਦੁੱਖ ਵੰਡਾਉਣ ਨਾਲ ਹੀ ਸੁੱਖ ਮਿਲਦਾ ਹੈ। ਸਾਨੂੰ ਹਮੇਸ਼ਾ ਸਭ ਨੂੰ ਸੁੱਖ ਦੇਣ ਦਾ ਯਤਨ ਕਰਨਾ ਚਾਹੀਦਾ ਹੈ। ਸ਼ਰਮਾ ਨੇ ਕਿਹਾ ਕਿ ਜਿਹ਼ੜੇ ਲੋਕ ਅੱਤਵਾਦ ਗੋਲੀਬਾਰੀ, ਗਰੀਬੀ, ਭੁੱਖਮਰੀ ਅਤੇ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦੀ ਸੇਵਾ-ਸਹਾਇਤਾ ਕਰਨ ਤੋਂ ਵੱਡਾ ਹੋਰ ਕੋਈ ਕਾਰਜ ਨਹੀਂ ਹੈ। ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਪੁੱਜੀ ਮੰਜੂ ਜੈਨ ਨੇ ਕਿਹਾ ਕਿ ਆਮ ਲੋਕਾਂ ਨੂੰ ਪਾਕਿਸਤਾਨ ਦੇ ਬਾਰਡਰ ਦਾ ਨਾਂ ਸੁਣ ਕੇ ਹੀ ਖੌਫ ਲੱਗਣ ਲੱਗਦਾ ਹੈ ਪਰ ਧੰਨ ਹਨ ਇਹ ਲੋਕ, ਜਿਹੜੇ ਹਰ ਵੇਲੇ ਗੋਲੀਬਾਰੀ ਅਤੇ ਖਤਰਿਆਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਹੋਰ ਜ਼ਿਆਦਾ ਯਤਨ ਕੀਤੇ ਜਾਣੇ ਚਾਹੀਦੇ ਹਨ। ਭੋਲੀ ਮਾਤਾ ਮੰਦਰ ਦੇ ਮੌਜੂਦਾ ਗੱਦੀਨਸ਼ੀਨ ਦਿਲਬਾਗ ਜੀ ਮਹਾਰਾਜ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨ ਨਾਲ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਇਨਸਾਨ ਨੂੰ ਹਮੇਸ਼ਾ ਸੇਵਾ-ਕਾਰਜਾਂ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਹ ਸੱਚਾਈ ਅਤੇ ਧਰਮ ਦਾ ਮਾਰਗ ਹੈ। ਇਸ ਮੌਕੇ 'ਤੇ ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ, ਪ੍ਰਵੇਜ਼ ਅਹਿਮਦ, ਐਡਵੋਕੇਟ ਨਰਿੰਦਰ ਆਂਚਲ ਨੇ ਵੀ ਸੰਬੋਧਨ ਕੀਤਾ ਅਤੇ ਲੋੜਵੰਦ ਪਰਿਵਾਰਾਂ ਦੀ ਹੋਰ ਮਦਦ ਦਾ ਭਰੋਸਾ ਦਿਵਾਇਆ। ਰਾਹਤ ਵੰਡ ਆਯੋਜਨ ਮੌਕੇ ਰਾਜੌਰੀ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਅਮੀਸ਼ ਮਲਹੋਤਰਾ, ਲੁਧਿਆਣਾ ਦੇ ਸੁਭਾਸ਼ ਜੈਨ, ਸ਼੍ਰੀਮਤੀ ਨੀਲਮ ਜੈਨ, ਰਮਾ ਜੈਨ, ਕੁਲਦੀਪ ਜੈਨ, ਰਿਸ਼ੀ ਜੈਨ, ਮੰਜੂ-ਰਵਿੰਦਰ ਜੈਨ, ਰਾਜੀਵ ਜੈਨ, ਨਵਨੀਤ ਜੈਨ, ਜਲੰਧਰ ਤੋਂ ਵੀਨਾ ਸ਼ਰਮਾ ਅਤੇ ਰਜਿੰਦਰ ਸ਼ਰਮਾ (ਭੋਲਾ ਜੀ) ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ।
ਇਲਾਜ ਦੀ ਘਾਟ ਕਾਰਣ ਮਰ ਗਿਆ ਪਤੀ: ਰੇਖਾ ਦੇਵੀ
ਸਰਹੱਦੀ ਪਿੰਡ ਟਾਂਗਰੀ ਦੀ ਰਹਿਣ ਵਾਲੀ ਰੇਖਾ ਦੇਵੀ ਨੇ ਕਿਹਾ ਕਿ ਉਸ ਦੇ ਘਰ ਵਾਲੇ ਨੂੰ ਅਚਨਚੇਤ ਹਾਰਟ ਅਟੈਕ ਹੋ ਗਿਆ ਅਤੇ ਇਲਾਜ ਦੀ ਘਾਟ ਕਾਰਣ ਉਹ ਦਮ ਤੋੜ ਗਿਆ। ਸਰਹੱਦੀ ਖੇਤਰਾਂ 'ਚ ਇਲਾਜ ਦੀ ਕੋਈ ਸਹੂਲਤ ਨਹੀਂ ਹੈ। ਉਸਨੇ ਕਿਹਾ ਕਿ ਉਸ ਦਾ ਪਤੀ ਹੀ ਘਰ 'ਚ ਕਮਾਉਣ ਵਾਲਾ ਸੀ, ਉਹ ਆਪ ਤਾਂ ਦੋ ਛੋਟੇ ਬੱਚਿਆਂ ਦੀ ਬੜੀ ਮੁਸ਼ਕਲ ਦੇਖਭਾਲ ਕਰਦੀ ਹੈ ਅਤੇ ਚੁੱਲ੍ਹਾ-ਚੌਂਕਾ ਸਾਂਭਦੀ ਹੈ। ਉਸਨੂੰ ਚਿੰਤਾ ਇਸ ਗੱਲ ਦੀ ਹੈ ਕਿ ਪਹਾੜ ਜਿੱਡੀ ਜ਼ਿੰਦਗੀ ਉਹ ਇਕੱਲੀ ਕਿਵੇਂ ਗੁਜ਼ਾਰੇਗੀ।
ਬਾਹਵਾਂ ਤੋਂ ਅਪਾਹਜ ਹੋ ਗਈ ਕਮਲਾ ਦੇਵੀ
ਟਾਂਗਰੀ ਪਿੰਡ ਦੀ ਹੀ ਰਹਿਣ ਵਾਲੀ ਕਮਲਾ ਦੇਵੀ ਨੇ ਦੱਸਿਆ ਕਿ ਇਕ ਹਾਦਸੇ 'ਚ ਉਹ ਦੋਹਾਂ ਬਾਹਵਾਂ ਤੋਂ ਅਪਾਹਜ ਹੋ ਗਈ ਅਤੇ ਹੁਣ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਸਕਦੀ। ਉਸ ਦਾ ਘਰ ਵਾਲਾ ਕਾਫੀ ਸਾਲ ਪਹਿਲਾਂ ਗੁਜ਼ਰ ਗਿਆ ਸੀ ਅਤੇ ਉਹ ਵਿਧਵਾ ਦਾ ਸੰਤਾਪ ਹੰਢਾ ਰਹੀ ਹੈ। ਉਸ ਨੂੰ ਆਪਣਾ ਅਤੇ ਆਪਣੇ ਦੋ ਬੱਚਿਆਂ ਦਾ ਪਰਿਵਾਰ ਚਲਾਉਣ 'ਚ ਬਹੁਤ ਮੁਸ਼ਕਲ ਆ ਰਹੀ ਹੈ। ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ, ਜਿਸ ਕਾਰਨ ਉਹ ਅਪਾਹਜ ਹੁੰਦਿਆਂ ਵੀ ਮਿਹਨਤ-ਮਜ਼ਦੂਰੀ ਕਰਨ ਲਈ ਮਜਬੂਰ ਹੈ।
ਜ਼ਮੀਨ ਦੇ ਲਾਲਚ 'ਚ ਪੁੱਤ ਨੇ ਸਾਥੀਆਂ ਨਾਲ ਮਿਲ ਕੀਤਾ ਪਿਓ ਦਾ ਕਤਲ
NEXT STORY