ਮਾਨਸਾ (ਵੈੱਬ ਡੈਸਕ): ਨਸ਼ਿਆਂ ਖ਼ਿਲਾਫ਼ ਲੜਾਈ ਲੜਣ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿਚ ਭਲਕੇ ਯਾਨੀ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪੰਜਾਬ ਬੰਦ ਦੇ ਸੱਦੇ ਨੂੰ ਬੇਮਿਸਾਲ ਬਣਾਉਣ। ਉਨ੍ਹਾਂ ਨੇ ਪੰਜਾਬ ਦੇ ਲੋਕਾਂ, ਸਿਆਸੀ ਪਾਰਟੀਆਂ ਤੇ ਹੋਰ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਪੰਜਾਬ ਬੰਦ ਦੇ ਸੱਦੇ ਵਿਚ ਸਹਿਯੋਗ ਦੇਣ। ਭਲਕੇ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਭੀਮ ਸਿੰਘ ਨੇ ਮੰਗ ਕੀਤੀ ਕਿ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਡਰੱਗ ਇੰਸਪੈਕਟਰ, ਐੱਸਐੱਸਪੀ, ਡੀਐੱਸਪੀ ਤੇ ਸਿਟੀ-2 ਦੇ ਐੱਸਐੱਚਓ ਨੂੰ ਨਾ ਸਿਰਫ਼ ਡਿਸਮਿਸ ਕੀਤਾ ਜਾਵੇ, ਸਗੋਂ ਜਾਂਚ ਮਗਰੋਂ ਇਨ੍ਹਾਂ 'ਤੇ ਪਰਚਾ ਵੀ ਦਰਜ ਕੀਤਾ ਜਾਵੇ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦੇ ਪੁੱਤ ਨੂੰ ਸਿਰਫ਼ ਅਸ਼ਵਨੀ ਨੇ ਹੀ ਨਹੀਂ ਮਾਰਿਆਂ, ਸਗੋਂ ਕਾਤਲ ਨੂੰ ਵੱਡੇ ਨਸ਼ਾ ਤਸਕਰਾਂ ਨੇ ਹੱਲਾਸ਼ੇਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਕਾਤਲ ਗੋਲ਼ੀ ਮਾਰਨ ਤੋਂ ਪਹਿਲਾਂ ਕਿਸ ਨਾਲ ਫ਼ੋਨ 'ਤੇ ਗੱਲ ਕਰ ਰਿਹਾ ਸੀ, ਕੀ ਉਹ ਕੋਈ ਸਰਕਾਰੀ ਅਫ਼ਸਰ ਜਾਂ ਤਸਕਰ ਸੀ? ਇਸ ਗੱਲ ਦੀ ਜਾਂਚ ਕਰ ਕੇ ਉਨ੍ਹਾਂ 'ਤੇ ਵੀ ਪਰਚਾ ਦਿੱਤਾ ਜਾਵੇ। ਉਨ੍ਹਾਂ ਨੇ ਇਸ ਮਾਮਲੇ ਦੀ CBI ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਭੀਮ ਸਿੰਘ ਨੇ ਇਹ ਵੀ ਆਖ਼ਿਆ ਕਿ ਅੱਜ ਧਰਨੇ ਵਿਚ ਆ ਰਹੇ ਲੋਕਾਂ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ, ਉਨ੍ਹਾਂ ਨੂੰ ਛੱਡਿਆ ਜਾਵੇ ਤੇ ਕੱਲ੍ਹ ਤੋਂ ਇਸ ਧਰਨੇ ਵਿਚ ਸ਼ਾਮਲ ਹੋਣ ਲਈ ਆ ਰਹੇ ਕਿਸੇ ਵੀ ਵਿਅਕਤੀ ਨੂੰ ਰੋਕਿਆ ਨਾ ਜਾਵੇ।
ਉਨ੍ਹਾਂ ਆਖ਼ਿਆ ਕਿ ਉਨ੍ਹਾਂ ਨੂੰ ਕੋਈ ਲੋਭ-ਲਾਲਚ ਨਹੀਂ ਹੈ ਤੇ ਕਿਸੇ ਚੀਜ਼ ਦੀ ਲੋੜ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ 'ਝੋਟਾ' ਗੁਆ ਲਿਆ ਹੈ। ਅੱਜ ਪੰਜਾਬ ਦੇ ਲੋਕ ਉਨ੍ਹਾਂ ਨਾਲ ਹਨ ਤੇ ਲੋਕਾਂ ਦਾ ਜੋ ਵੀ ਹੁਕਮ ਹੋਵੇਗਾ, ਉਸ ਮੁਤਾਬਕ ਹੀ ਅੱਗੇ ਚੱਲਣਗੇ। ਇੱਥੋਂ ਤਕ ਕਿ ਉਹ ਆਪਣੇ ਪੁੱਤ ਦੀ ਮ੍ਰਿਤਕ ਦੇਹ ਵੀ ਕਮੇਟੀ ਦੀ ਸਹਿਮਤੀ ਤੋਂ ਬਾਅਦ ਹੀ ਲੈਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪਰਮਾਤਮਾ ਦੀ ਦਿੱਤੀ ਹੋਈ ਜ਼ਮੀਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰਵਿੰਦਰ ਝੋਟੇ 'ਤੇ ਹੋਈ ਫ਼ਾਇਰਿੰਗ ਦੌਰਾਨ ਜ਼ਖ਼ਮੀ ਹੋਏ ਉਨ੍ਹਾਂ ਦੇ ਸਾਥੀ ਤੇ ਰਾਹਗੀਰਾਂ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ।
ਗੋਲੀ ਦਾ ਜਵਾਬ ਗੋਲੀ ਨਾਲ ਦੇਵਾਂਗਾ, ਪਰਵਿੰਦਰ ਝੋਟੇ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਪਈ ਪੋਸਟ
NEXT STORY