ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)- ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਨਾਲ ਸਬੰਧਤ ਬਹੁਤ ਸਾਰਾ ਇਲਾਕਾ ਅਜਿਹਾ ਹੈ ਕਿ ਜਿਸ ਨੇ ਨਾ ਸਿਰਫ਼ ਤਿੰਨ ਜੰਗਾਂ ਦੀ ਮਾਰ ਸਹਿਣ ਕੀਤੀ, ਸਗੋਂ ਆਪਣੇ ਕਈ ਪਿੰਡ ਵੀ ਗੁਆ ਲਏ ਅਤੇ ਜ਼ਮੀਨਾਂ-ਜਾਇਦਾਦਾਂ ਵੀ ਖੁੱਸ ਗਈਆਂ। ਇਸ ਖੇਤਰ ਨੂੰ ਛੰਬ-ਜੌੜੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜੋ ਕਿ 1965 ਅਤੇ 1971 ਦੀਆਂ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਦਾ ਗਵਾਹ ਹੈ। ਇਨ੍ਹਾਂ ਲੜਾਈਆਂ ਦੌਰਾਨ ਛੰਬ ਦਾ ਬਹੁਤਾ ਖੇਤਰ ਪਾਕਿਸਤਾਨ ਨੇ ਹਥਿਆ ਲਿਆ ਅਤੇ ਉਨ੍ਹਾਂ ਪਿੰਡਾਂ ਦੇ ਲੋਕ ਆਪਣਾ ਸਭ ਮਾਲ-ਸਾਮਾਨ, ਜਾਇਦਾਦ ਗੁਆ ਕੇ ਅਤੇ ਸਿਰਫ ਆਪਣੀਆਂ ਜਾਨਾਂ ਬਚਾ ਕੇ ਭਾਰਤੀ ਖੇਤਰ ਦੇ ਸੁਰੱਖਿਅਤ ਟਿਕਾਣਿਆਂ ’ਚ ਪਹੁੰਚ ਗਏ। ਅੱਜ ਵੀ ਉਨ੍ਹਾਂ ਦੇ ਜ਼ਖ਼ਮ ਰਿਸਦੇ ਰਹਿੰਦੇ ਹਨ ਅਤੇ ਉਹ ਆਪਣੇ ਜੱਦੀ ਘਰਾਂ-ਜ਼ਮੀਨਾਂ ਨੂੰ ਯਾਦ ਕਰ ਕੇ ਹੰਝੂ ਵਹਾਉਂਦੇ ਹਨ।
ਪੰਜਾਬ ਕੇਸਰੀ ਦੀ ਰਾਹਤ ਟੀਮ ਅਖਨੂਰ ਦੇ ਇਨ੍ਹਾਂ ਪਿੰਡਾਂ ਨਾਲ ਸਬੰਧਤ ਪ੍ਰਭਾਵਿਤ ਪਰਿਵਾਰਾਂ ਲਈ ਹੀ 591ਵੇਂ ਟਰੱਕ ਦੀ ਰਾਹਤ ਸਮੱਗਰੀ ਲੈ ਕੇ ਪੁੱਜੀ ਸੀ। ਪਿੰਡ ਸਰਮਾਲਾ ’ਚ ਜੁੜੇ 300 ਦੇ ਕਰੀਬ ਪਰਿਵਾਰਾਂ ਨੂੰ ਘਰੇਲੂ ਵਰਤੋਂ ਦੀ ਸਮੱਗਰੀ ਮੁਹੱਈਆ ਕਰਵਾਈ ਗਈ। ਸਮੱਗਰੀ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਕਿਹਾ ਕਿ ਆਰਥਿਕ ਤੌਰ ’ਤੇ ਕਮਜ਼ੋਰ ਵਿਅਕਤੀਆਂ ਅਤੇ ਮੁਸੀਬਤਾਂ ਦੇ ਮਾਰੇ ਪਰਿਵਾਰਾਂ ਦੀ ਸੇਵਾ ਕਰਨੀ ਇਕ ਉੱਤਮ ਕਾਰਜ ਹੈ। ਸੇਵਾ ਦੇ ਇਸ ਮਾਰਗ ਦੀ ਪ੍ਰੇਰਨਾ ਸਾਨੂੰ ਰੁੱਖਾਂ ਤੋਂ ਲੈਣੀ ਚਾਹੀਦੀ ਹੈ, ਜਿਹੜੇ ਹਰ ਵੇਲੇ ਮਨੁੱਖਤਾ ਦੇ ਕੰਮ ਆਉਂਦੇ ਹਨ। ਇਹ ਰੁੱਖ ਸਾਨੂੰ ਛਾਂ ਦਿੰਦੇ ਹਨ, ਬਾਰਿਸ਼ ਤੋਂ ਬਚਾਉਂਦੇ ਹਨ, ਫਲ ਦਿੰਦੇ ਹਨ ਅਤੇ ਅਖੀਰ ਆਪਣੀ ਲੱਕੜੀ ਵੀ ਸਾਨੂੰ ਬਾਲਣ ਲਈ ਦੇ ਜਾਂਦੇ ਹਨ।
ਇਹ ਵੀ ਪੜ੍ਹੋ: ਫਿਲੌਰ: ਥਾਣੇਦਾਰ ਦੀ ਧੀ ਨੂੰ ਸੜਕ 'ਤੇ ਰੋਕ ਕੇ ਪਾੜੇ ਕੱਪੜੇ, ਮਾਰਨ ਲਈ ਪਿੱਛੇ ਤਲਵਾਰ ਲੈ ਕੇ ਭੱਜੇ
ਰਾਹਤ ਵੰਡ ਆਯੋਜਨ ਵਾਲੇ ਸਥਾਨ ’ਤੇ ਖੜ੍ਹੇ ਵਿਸ਼ਾਲ ਅਤੇ ਲਗਭਗ 300 ਸਾਲ ਪੁਰਾਣੇ ਬੋਹੜ ਦੇ ਰੁੱਖ ਵੱਲ ਇਸ਼ਾਰਾ ਕਰਦਿਆਂ ਸ਼੍ਰੀ ਸ਼ਰਮਾ ਨੇ ਕਿਹਾ ਕਿ ਸਮਾਜ ਵਿਚ ਕੁਝ ਇਨਸਾਨ ਸਾਰੀ ਜ਼ਿੰਦਗੀ ਅਜਿਹੇ ਰੁੱਖਾਂ ਵਾਂਗ ਮਨੁੱਖਤਾ ਨੂੰ ਦੁੱਖਾਂ-ਤਕਲੀਫਾਂ ਤੋਂ ਬਚਾਉਣ ਲਈ ਆਪਣੇ ਆਸ਼ੀਰਵਾਦ ਦੀ ਛਾਂ ਉਨ੍ਹਾਂ ’ਤੇ ਬਣਾਈ ਰੱਖਦੇ ਹਨ। ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੀ ਅਜਿਹੀ ਇਕ ਮਿਸਾਲ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਮਨੁੱਖਤਾ ਦੀ ਅਣਥੱਕ ਸੇਵਾ ਕੀਤੀ। ਅੱਤਵਾਦ ਪੀੜਤ ਪਰਿਵਾਰਾਂ ਨੂੰ ਕਰੋੜਾਂ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ ਗਈ, ਕੁਦਰਤੀ ਆਫਤਾਂ ਤੋਂ ਪੀੜਤਾਂ ਲਈ ਵਿਸ਼ੇਸ਼ ਫੰਡ ਚਲਾ ਕੇ ਅਥਾਹ ਸੇਵਾ ਕੀਤੀ ਅਤੇ ਨਾਲ ਹੀ ਅੱਤਵਾਦ ਪੀੜਤਾਂ ਅਤੇ ਗੋਲੀਬਾਰੀ ਤੋਂ ਪ੍ਰਭਾਵਿਤ ਲੋਕਾਂ ਲਈ ਸੈਂਕੜੇ ਟਰੱਕ ਸਮੱਗਰੀ ਦੇ ਭਿਜਵਾਏ। ਸਾਨੂੰ ਸਭ ਨੂੰ ਇਸ ਤੋਂ ਪ੍ਰੇਰਨਾ ਲੈ ਕੇ ਸੇਵਾ-ਮਾਰਗ ਅਪਣਾਉਣਾ ਚਾਹੀਦਾ ਹੈ।
ਇਸ ਮੌਕੇ ’ਤੇ ਐੱਨ. ਆਰ. ਆਈ. ਸਰਬਜੀਤ ਸਿੰਘ ਗਿਲਜੀਆਂ ਨੇ ਕਿਹਾ ਕਿ ਜਦੋਂ ਤੋਂ ਦੇਸ਼ ਦੀ ਵੰਡ ਹੋਈ ਹੈ, ਓਦੋਂ ਤੋਂ ਹੀ ਪਾਕਿਸਤਾਨ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜ ਕੇ ਭਾਰਤੀ ਲੋਕਾਂ ਦੇ ਰਾਹ ਵਿਚ ਕੰਡੇ ਬੀਜਦਾ ਰਿਹਾ ਹੈ। ਇਨ੍ਹਾਂ ਸਾਜ਼ਿਸ਼ਾਂ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਮੁਹਿੰਮ ਚਲਾ ਕੇ ਪੰਜਾਬ ਕੇਸਰੀ ਗਰੁੱਪ ਵੱਲੋਂ ਸੇਵਾ ਦਾ ਮਹਾਨ ਕਾਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਆਸ਼ੀਸ਼ ਤੋਂ ਬਾਅਦ ਅੰਡਰਗਰਾਊਂਡ ਹੋਏ ਮਸਾਜ ਤੇ ਕਈ ਸਪਾ ਸੈਂਟਰ ਵਾਲੇ
ਸਰਹੱਦੀ ਘਰਾਂ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਨੇ : ਕਮਾਂਡੈਂਟ ਕਰਨੈਲ ਸਿੰਘ
ਰਾਹਤ ਵੰਡ ਆਯੋਜਨ ਦੀ ਅਗਵਾਈ ਕਰ ਰਹੇ ਬੀ. ਐੱਸ. ਐੱਫ. ਦੇ ਕਮਾਂਡੈਂਟ ਡਾ. ਕਰਨੈਲ ਸਿੰਘ ਨੇ ਕਿਹਾ ਕਿ ਸਰਹੱਦੀ ਪਰਿਵਾਰਾਂ ਨੂੰ ਹਮੇਸ਼ਾ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਰੋਜ਼ੀ-ਰੋਟੀ ਕਮਾਉਣ ਲਈ ਵੀ ਬਹੁਤ ਮੁਸ਼ੱਕਤ ਕਰਨੀ ਪੈਂਦੀ ਹੈ। ਇਨ੍ਹਾਂ ਪਰਿਵਾਰਾਂ ਨੂੰ ਅਕਸਰ ਕਈ ਤਰ੍ਹਾਂ ਦੀਆਂ ਕਮੀਆਂ ਅਤੇ ਸਮੱਸਿਆਵਾਂ ਵਿਚ ਹੀ ਜੀਵਨ ਗੁਜ਼ਾਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਦੇ ਬੱਚਿਆਂ ਨੂੰ ਪੜ੍ਹਾਈ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਤਾਂ ਸਿੱਖਿਆ ਪ੍ਰਾਪਤੀ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਬਹੁਤੇ ਪਰਿਵਾਰਾਂ ਕੋਲ ਪੜ੍ਹਾਈ ਵਾਲੀ ਸਮੱਗਰੀ ਖਰੀਦਣ ਅਤੇ ਫੀਸਾਂ ਭਰਨ ਦੀ ਵੀ ਸਮਰੱਥਾ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਅਜਿਹੇ ਲੋੜਵੰਦ ਬੱਚਿਆਂ ਦੀ ਸਹਾਇਤਾ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ।
ਸਰਹੱਦੀ ਪਰਿਵਾਰਾਂ ਲਈ ਸਰਕਾਰ ਵਿਸ਼ੇਸ਼ ਨੀਤੀ ਬਣਾਵੇ : ਚੌਧਰੀ ਕਮਲ ਸਿੰਘ
ਇਲਾਕੇ ਦੇ ਸਮਾਜ-ਸੇਵੀ ਚੌਧਰੀ ਕਮਲ ਸਿੰਘ ਨੇ ਕਿਹਾ ਕਿ ਸਰਹੱਦੀ ਪਰਿਵਾਰਾਂ ਦੀ ਦੁਰਦਸ਼ਾ ਨੂੰ ਵੇਖਦਿਆਂ ਅਤੇ ਖ਼ਾਸ ਕਰਕੇ ਵਿਧਵਾ ਔਰਤਾਂ ਦੀ ਭਲਾਈ ਲਈ ਸਰਕਾਰ ਨੂੰ ਵਿਸ਼ੇਸ਼ ਨੀਤੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਦੇਸ਼-ਭਗਤੀ ਦੀ ਮਿਸਾਲ ਹਨ ਅਤੇ ਸਰਹੱਦਾਂ ਦੀ ਰਾਖੀ ਵਿਚ ਵੀ ਸੁਰੱਖਿਆ ਫੋਰਸਾਂ ਨੂੰ ਪੂਰਾ ਸਹਿਯੋਗ ਦਿੰਦੇ ਹਨ। ਜਦੋਂ ਕਿ ਸਹੂਲਤਾਂ ਦੇ ਮਾਮਲੇ ’ਚ ਇਹ ਲੋਕ ਬਾਕੀ ਖੇਤਰਾਂ ਦੇ ਮੁਕਾਬਲੇ ਹਮੇਸ਼ਾ ਪਿੱਛੜੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਪਰਿਵਾਰਾਂ ਦੇ ਬੱਚਿਆਂ ਨੂੰ ਪਹਿਲ ਦੇ ਆਧਾਰ ’ਤੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ ਅਤੇ ਇਥੋਂ ਦੇ ਬੱਚਿਆਂ ਲਈ ਮੁਫਤ ਵਿਦਿਆ ਦਾ ਪ੍ਰਬੰਧ ਯਕੀਨੀ ਬਣਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਜਲੰਧਰ: ਭਾਰਤ-ਪਾਕਿ ਦੀ ਵੰਡ ਦੌਰਾਨ ਹੋਏ ਕਤਲੇਆਮ ਦੀ ਸੁਣੋ ਅਸਲ ਕਹਾਣੀ, ਬਜ਼ੁਰਗ ਨੇ ਸੁਣਾਈਆਂ ਸੱਚੀਆਂ ਗੱਲਾਂ
ਸ਼੍ਰੀ ਸ਼੍ਰੀ 1008 ਸੁਗਰੀਵਾਨੰਦ ਜੀ ਨੇ ਦਿੱਤਾ ਇਸ ਵਾਰ ਦੀ ਸਮੱਗਰੀ ਦਾ ਆਸ਼ੀਰਵਾਦ
ਪਿੰਡ ਸਰਮਾਲਾ ਵਿਚ ਵੰਡੀ ਗਈ ਸਮੱਗਰੀ ਦਾ ਆਸ਼ੀਰਵਾਦ ਸ਼੍ਰੀ ਸ਼੍ਰੀ 1008 ਵੇਦਾਂਤਾਚਾਰੀਆ ਸੁਗਰੀਵਾਨੰਦ ਜੀ ਮਹਾਰਾਜ ਨੇ ਡੇਰਾ ਬਾਬਾ ਰੁਦਰਾਨੰਦ ਆਸ਼ਰਮ ਨਾਰੀ, ਊਨਾ (ਹਿਮਾਚਲ ਪ੍ਰਦੇਸ਼) ਤੋਂ ਦਿੱਤਾ ਸੀ। ਸਮੱਗਰੀ ਦੇ ਇਸ ਟਰੱਕ ਤੋਂ ਪਹਿਲਾਂ ਵੀ ਮਹਾਰਾਜ ਜੀ ਵੱਲੋਂ 11 ਟਰੱਕ ਭਿਜਵਾਏ ਜਾ ਚੁੱਕੇ ਹਨ। ਉਨ੍ਹਾਂ ਨੇ ਵੀ ਆਪਣਾ ਜੀਵਨ ਸਮਾਜ ਦੀ ਭਲਾਈ ਦੇ ਲੇਖੇ ਲਾਇਆ ਹੋਇਆ ਹੈ।
ਆਸ਼ਾ ਦੇਵੀ ਦੇ ‘ਜੀਵਨ’ ਨੂੰ ਸੱਪ ਨੇ ਡੰਗ ਲਿਆ
ਰਾਹਤ ਸਮੱਗਰੀ ਲੈਣ ਲਈ ਪੁੱਜੀ ਪਿੰਡ ਖੜਾ ਦੀ ਰਹਿਣ ਵਾਲੀ ਵਿਧਵਾ ਆਸ਼ਾ ਦੇਵੀ ਨੇ ਦੱਸਿਆ ਕਿ 6 ਸਾਲ ਪਹਿਲਾਂ ਸੱਪ ਦੇ ਡੰਗਣ ਨਾਲ ਉਸ ਦੇ ਘਰਵਾਲੇ ਜੀਵਨ ਲਾਲ ਦੀ ਮੌਤ ਹੋ ਗਈ ਸੀ। ਉਹ ਲੋਕਾਂ ਦੇ ਘਰਾਂ ’ਚ ਕੰਮ ਕਰ ਕੇ ਆਪਣੇ ਤਿੰਨ ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਹੈ। ਸਰਕਾਰ ਵੱਲੋਂ ਕੁਝ ਨਹੀਂ ਮਿਲਿਆ, ਬਸ ਪਤੀ ਦੀ ਮੌਤ ’ਤੇ ਸਿਰਫ਼ 10 ਹਜ਼ਾਰ ਦੀ ਸਹਾਇਤਾ ਦੇ ਕੇ ਆਪਣੇ ਫਰਜ਼ ਤੋਂ ਸੁਰਖੁਰੂ ਹੋ ਗਈ। ਆਸ਼ਾ ਨੂੰ ਵਿਧਵਾ ਪੈਨਸ਼ਨ ਦੇ ਮਾਮਲੇ ’ਚ ਵੀ ਨਿਰਾਸ਼ਾ ਹੀ ਹੱਥ ਲੱਗੀ। ਇਕ ਟੁੱਟੀ-ਭੱਜੀ ਛੱਤ ਅਤੇ 2 ਕਨਾਲ ਜ਼ਮੀਨ ਹੀ ਉਸਦਾ ਸਰਮਾਇਆ ਹੈ ਜਾਂ ਫਿਰ ਰੱਬ ਦਾ ਆਸਰਾ।
ਇਹ ਵੀ ਪੜ੍ਹੋ: 'ਕੋਰੋਨਾ' ਹੋਣ 'ਤੇ ਸ਼ਰਮਿੰਦਗੀ ਮਹਿਸੂਸ ਕਰ ਰਹੇ 'ਕਪੂਰਥਲਾ' ਦੇ ਇਸ ਪਿੰਡ ਦੇ ਲੋਕ, ਜਾਣੋ ਕਿਉਂ
ਹਾਦਸੇ ਨੇ ਮਿਟਾ ਦਿੱਤਾ ਸਰਫੋ ਦੇਵੀ ਦੀ ਮਾਂਗ ਦਾ ਸਿੰਧੂਰ
ਪਿੰਡ ਭਟਿਆਣੀ ਦੀ ਰਹਿਣ ਵਾਲੀ ਸਰਫੋ ਦੇਵੀ ਵੀ ਰਾਹਤ ਸਮੱਗਰੀ ਲੈਣ ਲਈ ਪੁੱਜੀ ਸੀ। ਉਸਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਇਕ ਹਾਦਸਾ ਵਾਪਰਿਆ ਸੀ, ਜਿਸ ਵਿਚ ਉਸਦੇ ਪਤੀ ਹਰਬੰਸ ਲਾਲ ਦੀ ਜਾਨ ਚਲੀ ਗਈ। ਉਸਦੇ ਘਰ ਦੋ ਲੜਕੇ ਅਤੇ ਇਕ ਲੜਕੀ ਹੈ, ਜਿਨ੍ਹਾਂ ਦਾ ਪੇਟ ਪਾਲਣ ਲਈ ਉਸਨੇ ਇਕ ਮੱਝ ਪਾਲੀ ਹੋਈ ਹੈ। ਇਕ ਮੁੰਡਾ ਪੜ੍ਹਦਾ ਸੀ ਪਰ ਗਰੀਬੀ ਨੇ ਉਸ ਕੋਲੋਂ ਕਿਤਾਬਾਂ ਖੋਹ ਲਈਆਂ ਅਤੇ ਮਜ਼ਦੂਰੀ ਦੇ ਰਾਹ ਤੋਰ ਦਿੱਤਾ। ਸਹਾਇਤਾ ਕਰਨ ਦੇ ਨਾਂ ’ਤੇ ਸਰਕਾਰ ਨੇ ਸਰਫੋ ਦੇਵੀ ਨਾਲ ਵੀ ਹੋਰ ਵਿਧਵਾਵਾਂ ਵਾਂਗ ਸਰਫਾ ਹੀ ਕੀਤਾ। ਉਹ ਵੀ ਵਿਧਵਾ ਪੈਨਸ਼ਨ ਤੋਂ ਵਾਂਝੀ ਖੁਦ ਹੀ ਜੀਵਨ-ਸੰਘਰਸ਼ ਕਰ ਰਹੀ ਹੈ।
ਕੌਣ-ਕੌਣ ਮੌਜੂਦ ਸਨ
ਪਿੰਡ ਸਰਮਾਲਾ ’ਚ ਰਾਹਤ ਵੰਡ ਮੌਕੇ ਪਿੰਡ ਦੇ ਬਜ਼ੁਰਗ ਅਤੇ ਰਿਟਾਇਰਡ ਅਧਿਆਪਕ ਕ੍ਰਿਸ਼ਨ ਲਾਲ (ਜਿਨ੍ਹਾਂ ਨੇ ਆਪਣੇ ਹੱਥ ਨਾਲ ਸਭ ਨੂੰ ਮਾਸਕ ਵੰਡੇ), ਭੋਲਾ ਰਾਮ, ਰਮੇਸ਼ ਲਾਲ, ਹੰਸ ਰਾਜ, ਨਸੀਬ ਚੰਦ, ਪਿੰਡ ਨਾਰਾਇਣੀ ਦੀ ਸਰਪੰਚ ਸੀਮਾ ਦੇਵੀ, ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਉਦੈ ਅਤੇ ਵਿਜੇ ਕੁਮਾਰ ਮੌਜੂਦ ਸਨ।
ਇਹ ਵੀ ਪੜ੍ਹੋ: ਪਤਨੀ ਵੇਖਦੀ ਰਹੀ ਪਤੀ ਕੋਲ ਇਟਲੀ ਜਾਣ ਦੇ ਸੁਫ਼ਨੇ, ਪਤੀ ਦੇ ਕਾਰੇ ਦੀ ਫੇਸਬੁੱਕ ਨੇ ਖੋਲ੍ਹੀ ਪੋਲ ਤਾਂ ਉੱਡੇ ਪਰਿਵਾਰ ਦੇ ਹੋਸ਼
ਕੋਰੋਨਾ ਦਾ ਪ੍ਰਭਾਵ ਘਟਿਆ ਪਰ ਮਰਨ ਵਾਲਿਆਂ ਦੀ ਗਿਣਤੀ ਨਹੀਂ, 29 ਸਾਲਾ ਨੌਜਵਾਨ ਸਣੇ 16 ਲੋਕਾਂ ਦੀ ਮੌਤ
NEXT STORY