ਜੰਮੂ ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਗਰੁੱਪ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਕੜੀ ’ਚ ਬੀਤੇ ਦਿਨ 640ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਰਿਆਸੀ ਖੇਤਰ ਦੇ ਜ਼ਰੂਰਤਮੰਦ ਲੋਕਾਂ ਨੂੰ ਸੀ. ਆਰ. ਪੀ. ਐੱਫ਼. ਦੇ ਸਹਿਯੋਗ ਨਾਲ ਸਾਬਕਾ ਮੰਤਰੀ ਕੁਲਦੀਪ ਗੁਪਤਾ ਦੀ ਪ੍ਰਧਾਨਗੀ ’ਚ ਸੰਪੰਨ ਸਮਾਰੋਹ ’ਚ ਭੇਟ ਕੀਤੀ ਗਈ ਜੋਕਿ ਜ਼ੀਰਾ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪੰਜਾਬੀ ਕੇਸਰੀ ਦੇ ਪ੍ਰਤੀਨਿਧੀ ਦਵਿੰਦਰ ਸਿੰਘ ਅਕਾਲੀਆਂਵਾਲਾ ਅਤੇ ਪ੍ਰਗਟ ਸਿੰਘ ਭੁੱਲਰ ਵੱਲੋਂ ਭਿਜਵਾਈ ਗਈ ਸੀ। ਇਸ ਟਰੱਕ ’ਚ 300 ਰਜਾਈਆਂ ਸਨ।
ਕੁਲਦੀਪ ਗੁਪਤਾ ਨੇ ਕਿਹਾ ਕਿ ਪੰਜਾਬ ਕੇਸਰੀ ਦੀ ਪ੍ਰੇਰਨਾ ਨਾਲ ਦਾਨਵੀਰ ਸੰਸਥਾਵਾਂ ਵੱਲੋਂ ਸਰਹੱਦੀ ਜ਼ਰੂਰਤਮੰਦ ਲੋਕਾਂ ਦੀ ਜੋ ਸਹਾਇਤਾ ਹੋ ਰਹੀ ਹੈ, ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਬ੍ਰਾਹਮਣ ਸਭਾ ਦੇ ਪ੍ਰਧਾਨ ਕਪਿਲ ਸ਼ਰਮਾ ਨੇ ਕਿਹਾ ਕਿ ਅਸੀਂ ਅਹਿਸਾਨਮੰਦ ਹਾਂ ਉਨ੍ਹਾਂ ਸਭ ਦਾਨੀ ਸੰਸਥਾਵਾਂ ਦੇ ਜੋ ਸਰਹੱਦੀ ਲੋਕਾਂ ਦੇ ਦਰਦ ਨੂੰ ਪਛਾਣ ਕੇ ਰਾਹਤ ਸਮੱਗਰੀ ਭਿਜਵਾ ਰਹੀਆਂ ਹਨ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਜਦੋਂ ਤੱਕ ਸਰਹੱਦੀ ਖੇਤਰਾਂ ਦੇ ਹਾਲਾਤ ਆਮ ਵਾਂਗ ਨਹੀਂ ਹੋ ਜਾਂਦੇ ਰਾਹਤ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਰਾਜੌਰੀ ਦੇ ਐੱਸ. ਐੱਸ. ਪੀ. ਜਨਾਬ ਅਸਲਮ, ਕੌਂਸਲਰ ਸੁਦਰਸ਼ਨ ਸਰਯਾਲ, ਸਰਪੰਚ ਕਾਰਨ ਸਰਯਾਲ, ਕੇਵਲ ਸ਼ਰਮਾ ਅਤੇ ਨਿਜਾਰ ਵੀ ਮੌਜੂਦ ਸਨ।
ਸੁਨੀਲ ਜਾਖੜ ਦੇ ਬੇਬਾਕ ਬੋਲ, ਕਿਹਾ- ਕਾਂਗਰਸ ਲਈ ਸਾਰੇ ਵਰਗ ਇਕ ਬਰਾਬਰ
NEXT STORY