ਲੁਧਿਆਣਾ: ਲੁਧਿਆਣਾ ਵੈਸਟ ਤੋਂ ਆਪ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਜਗਬਾਣੀ ਦੇ ਚਰਤਿਤ ਸ਼ੋਅ ਜਨਤਾ ਦੀ ਸੱਥ ਵਿੱਚ ਪੱਤਰਕਾਰ ਰਮਨਦੀਪ ਸਿੰਘ ਸੋਢੀ ਦੇ ਨਾਲ ਪੰਜਾਬ ਦੀ ਸਿਆਸਤ ਸਣੇ ਲੁਧਿਆਣਾ ਜ਼ਿਮਨੀ ਚੋਣ ਬਾਰੇ ਗੱਲ਼ਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਜੋ ਕੰਮ ਵਿਰੋਧੀ ਧਿਰਾਂ ਲੰਬਾ ਸਮਾਂ ਰਾਜ ਕਰਨ ਦੇ ਬਾਵਜੂਦ ਨਹੀਂ ਕਰ ਸਕੀਆਂ, ਉਨ੍ਹਾਂ ਨੇ ਤਿੰਨ ਸਾਲਾਂ ਵਿੱਚ ਹੀ ਕਰਵਾ ਦਿੱਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਉਨ੍ਹਾਂ ਦੀ ਵਿਕਾਸਸ਼ੀਲ ਸੋਚ ਨੂੰ ਹਾਮੀ ਭਰਨਗੇ। ਅਰੋੜਾ ਦਾ ਮੰਨਣਾ ਹੈ ਕਿ ਬੇਸ਼ੱਕ ਉਹ ਚੋਂਣ ਵੈਸਟ ਹਲਕੇ ਤੋਂ ਲੜ ਰਹੇ ਹਨ ਪਰ ਉਨ੍ਹਾਂ ਦਾ ਟੀਚਾ ਪੂਰੇ ਲੁਧਿਆਣਾ ਦਾ ਵਿਕਾਸ ਕਰਨਾ ਹੈ ਤੇ ਇਸਨੂੰ ਮਾਡਲ ਸਿਟੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਮੈਂ ਰਾਜ ਸਭਾ ਮੈਂਬਰ ਹੋਣ ਦਾ ਨਾਤੇ ਵੀ ਸਭ ਤੋਂ ਵੱਧ ਲੁਧਿਆਣਾ ਦੀ ਹੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਉਨਾਂ ਜਨਤਾ ਵੱਲੋਂ ਪੰਜਾਬ ਦੇ ਮਾਲੀ ਹਾਲਾਤ, ਪ੍ਰਦੂਸ਼ਣ ਅਤੇ ਉਨਾਂ ਦੀ ਅਗਲੀ ਰਣਨੀਤੀ ਬਾਰੇ ਵੀ ਕਈ ਸਵਾਲ ਕਰਨ ਸਮੇਤ ਬਤੌਰ ਰਾਜ ਸਭਾ ਮੈਂਬਰ ਕੀਤੇ ਗਏ ਕੰਮਾ ਦੇ ਵੀ ਵੇਰਵੇ ਮੰਗੇ ਗਏ। ਪੇਸ਼ ਹੈ ਉਨ੍ਹਾਂ ਨਾਲ ਬੀਤੇ ਦਿਨ ਹੋਈ ਗੱਲਬਾਤ ਦੇ ਕੁਝ ਮੁੱਖ ਅੰਸ਼-
ਕੀ ਲੱਗਦਾ ਹੈ ਲੋਕ ਤੁਹਾਡੀ ਸਰਕਾਰ ਤੋਂ ਖੁਸ਼ ਹਨ ?
ਬਿਲਕੁਲ ਖੁਸ਼ ਹਨ। ਲੋਕ ਸਵਾ ਤਿੰਨ ਸਾਲ ਨੂੰ ਪਿਛਲੇ 70-75 ਸਾਲ ਨਾਲ ਕੰਪੇਅਰ ਕਰ ਰਹੇ ਹਨ। ਤਿੰਨ ਸਾਲਾਂ ਵਿਚ ਅਸੀਂ ਉਹ ਕੰਮ ਕਰ ਦਿੱਤੇ, ਜਿਹੜੇ ਪਿਛਲੇ 50 ਸਾਲਾਂ ਵਿਚ ਨਹੀਂ ਹੋਏ ਸਨ। ਕਈ ਕੰਮ ਅਜਿਹੇ ਕੀਤੇ ਜੋ ਆਜ਼ਾਦੀ ਤੋਂ ਬਾਅਦ ਵੀ ਨਹੀਂ ਹੋਏ ਸੀ। ਜਦੋਂ ਮੈਨੂੰ ਵੈਸਟ ਤੋਂ ਲੜਨ ਦੀ ਜ਼ਿੰਮੇਵਾਰੀ ਦਿੱਤੀ ਗਈ ਤਾਂ ਦੋ ਮਹੀਨਿਆਂ ਵਿਚ ਉਹ ਕੰਮ ਹੋਏ ਨੇ 50-60 ਸਾਲਾਂ ਵਿਚ ਨਹੀਂ ਹੋਏ ਸਨ।
ਕੀ ਇਹ ਸੱਚ ਹੈ ਕਿ ਵੱਡੇ ਲੀਡਰਾਂ ਨੇ ਰਾਜ ਸਭਾ ਲੈਣ ਲਈ ਧੱਕੇ ਨਾਲ ਤੁਹਾਨੂੰ ਚੋਣ ਲੜਾਈ ਹੈ ?
ਵੋਖੋ ਮੈਂ ਪੰਜਾਬ ਵਿਚ ਇਕੱਲਾ ਐੱਮ. ਪੀ. ਨਹੀਂ, ਰਾਜ ਸਭਾ ਦੇ 7 ਐੱਮ. ਪੀ. ਹਨ। ਜੇ ਕਹੀਏ ਕਿ ਉਨ੍ਹਾਂ ਸਿਰਫ ਮੈਨੂੰ ਹੀ ਚੁਣਿਆ ਹੈ ਤਾਂ ਮੈਂ ਖੁਸ਼ੀ ਨਾਲ ਵੀ ਅਸਤੀਫ਼ਾ ਦੇ ਦਿੰਦਾ। ਅਸਲ ਵਿੱਚ ਇਹ ਕਿਸੇ ਨੂੰ ਨਹੀਂ ਪਤਾ ਸੀ ਕਿ ਵਿਧਾਇਕ ਗੋਗੀ ਦਾ ਅਚਾਨਕ ਦੇਹਾਂਤ ਹੋ ਜਾਵੇਗਾ। ਮੈਨੂੰ ਮੇਰੇ ਕੰਮ ਦੇਖ ਕੇ ਚੁਣਿਆ ਗਿਆ ਹੈ। ਮੈਂ ਜ਼ਿੰਦਗੀ ਵਿਚ ਨਹੀਂ ਸੋਚਿਆ ਸੀ ਕਿ ਮੈਂ ਚੋਣ ਲੜਾਂਗਾ। ਪਰ ਜਦੋਂ ਪਾਰਟੀ ਦਾ ਹੁਕਮ ਹੋ ਜਾਵੇ ਤਾਂ ਮੰਨਣਾ ਪੈਂਦਾ ਹੈ।
ਪਾਰਟੀ ਦੇ ਹੁਕਮ ਨੂੰ ਤੁਸੀਂ ਖੁਸ਼ਕਿਸਮਤੀ ਸਮਝਦੇ ਹੋ ਜਾਂ ਬਦਕਿਸਮਤੀ ?
ਜੋ ਵੀ ਜ਼ਿੰਦਗੀ ਵਿਚ ਆ ਜਾਵੇ ਉਸ ਨੂੰ ਖੁਸ਼ਕਿਸਮਤੀ ਹੀ ਸਮਝਣਾ ਚਾਹੀਦਾ ਹੈ। ਭਾਵੇਂ ਉਹ ਪਾਰਟੀ ਹੁਕਮ ਹੋਵੇ, ਭਾਵੇਂ ਰੱਬ ਜਾਂ ਫਿਰ ਪਰਿਵਾਰ ਦਾ ਹੁਕਮ।
ਵੈਸਟ ਹਲਕੇ ਵਿਚ ਲੋਕਾਂ ਦੇ ਮੁੱਦੇ ਕੀ ਹਨ ?
ਪਿਛਲੇ ਤਿੰਨ ਸਾਲ ਤੋਂ ਮੈਂ ਬਤੌਰ ਰਾਜ ਸਭਾ ਮੈਂਬਰ ਲੁਧਿਆਣਾ ਦੇ ਬਹੁਤ ਸਾਰੇ ਮੁੱਦੇ ਚੁੱਕੇ।ਮੈਂ ਸਿਰਫ ਇੱਕ ਹਲਕੇ ਲਈ ਨਹੀਂ ਸਗੋਂ ਪੂਰੇ ਲੁਧਿਆਣਾ ਲਈ ਕੰਮ ਕਰ ਰਿਹਾ ਹਾਂ। ਕਈ ਵਰਿਆਂ ਤੋਂ ਏਅਰਪੋਰਟ ਦਾ ਮੁੱਦਾ ਲਟਕਿਆ ਸੀ, ਜਿਸ ਨੂੰ ਸੁਣਦਿਆਂ ਬੱਚੇ ਬੁੱਢੇ ਹੋ ਗਏ ਤੇ ਕਈ ਬਜ਼ੁਰਗ ਚਲੇ ਗਏ। ਪਰ ਮੇਰੇ ਯਤਨਾ ਸਦਕਾ ਹੁਣ 100 ਫੀਸਦੀ ਹਲਵਾਰਾ ਏਅਰਪੋਰਟ ਮੁਕੰਮਲ ਹੈ। ਏਅਰਪੋਰਟ ਅਥਾਰਿਟੀ ਨਾਲ ਮੀਟਿੰਗਾਂ ਹੋਈਆਂ ਨੇ ਤੇ ਜਲਦੀ ਹੀ ਉਦਘਾਟਨ ਕਰਨ ਜਾ ਰਹੇ ਹਾਂ। ਏਅਰ ਇੰਡੀਆ ਵੀ ਫਲਾਈਟਾਂ ਚਲਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸੇ ਤਰ੍ਹਾਂ ਈ. ਐੱਸ.ਆਈ. ਹਸਤਪਾਤਲ 1970 ਵਿਚ ਬਣਿਆ ਸੀ, ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਲੋਕ ਲਗਾਤਾਰ ਸ਼ਿਕਾਇਤਾਂ ਕਰ ਰਹੇ ਸਨ ਕਿ ਸਾਡਾ ਇਲਾਜ ਨਹੀਂ ਹੋ ਰਿਹਾ, ਜਿਸ ਤੋਂ ਬਾਅਦ ਮੈਂ ਕੇਂਦਰ ਕੋਲ ਜਾ ਕੇ ਪੈਸੇ ਲੈ ਕੇ ਆਇਆ। ਇਹ ਪੈਸਾ ਸੌਖਾ ਨਹੀਂ ਮਿਲਿਆ, ਇਸ ਲਈ ਕਈ ਰਿਪੋਰਟਾਂ ਤਿਆਰ ਕਰਵਾਉਣੀਆਂ ਪਈਆਂ। ਅੱਜ ਈ. ਐੱਸ. ਆਈ. ਹਸਪਤਾਲ ਵਿਚ ਵਧੀਆ ਆਈ. ਸੀ. ਯੂ. ਹੈ। ਐਮਰਜੈਂਸੀ ਸਹੂਲਤਾਂ ਹਨ। ਇਸ ਤੋਂ ਇਲਾਵਾ 40 ਸਾਲ ਤੋਂ ਸਿਵਲ ਹਸਪਤਾਲ ਵਿਚ ਕਿਸੇ ਨੇ ਇਕ ਇੱਟ ਨਹੀਂ ਸੀ ਲਵਾਈ। ਜਦੋਂ ਮੈਂ ਪਹਿਲੇ ਦਿਨ ਸਿਵਲ ਹਸਪਤਾਲ ਵਿਚਮ ਮੀਟਿੰਗ ਦੌਰਾਨ ਪ੍ਰੇਸ਼ਾਨੀਆਂ ਪੁੱਛੀਆਂ ਤਾਂ ਸਿਵਲ ਸਰਜਨ ਨੇ ਦੱਸਿਆ ਕਿ ਲਿਫਟਾਂ 12 ਸਾਲ ਤੋਂ ਖਰਾਬ ਹਨ, ਸਿਵਰੇਜ ਬਲਾਕ ਹੈ, ਬਾਥਰੂਮ ਵਰਤਣ ਯੋਗ ਨਹੀਂ ਹਨ, ਓ. ਟੀ. ਦਾ ਬੁਰਾ ਹਾਲ ਸੀ। ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆਇਆ ਕਿ ਸ਼ੁਰੂ ਕਿੱਥੋਂ ਕਰਾਂ। ਫਿਰ ਇਕ ਕੰਪਨੀ ਅਪਾਇੰਟ ਕੀਤੀ। ਜਿਸ ਤੋਂ ਬਾਅਦ ਅਸੀਂ ਸਿਵਲ ਹਸਪਤਾਲ ਦਾ ਨਕਸ਼ਾ ਹੀ ਬਦਲ ਦਿੱਤਾ। ਅੱਜ ਜਿਹੜਾ ਵੀ ਮਰੀਜ਼ ਜਾਂਦਾ ਹੈ ਖੁਦ ਆਖਦਾ ਹੈ ਕਿ ਸਿਵਲ ਹਸਪਤਾਲ ਪ੍ਰਾਈਵੇਟ ਨਾਲੋਂ ਘੱਟ ਨਹੀਂ ਹੈ।
ਵਿਰੋਧੀ ਆਖ ਰਹੇ ਕਿ ਅਰੋੜਾ ਸਿਰਫ ਕੇਂਦਰ ਦੀਆਂ ਪ੍ਰਾਪਤੀਆਂ ਗਿਣਵਾ ਰਹੇ ਹਨ ?
ਮੈਂ ਰਾਜ ਸਭਾ ਦਾ ਮੈਂਬਰ ਜਿਸ ਨੂੰ ਕੌਂਸਲ ਆਫ ਸਟੇਟ ਆਖਦੇ ਹਨ। ਮੈਂ ਆਪਣੇ ਪੰਜਾਬ ਨੂੰ ਰੀਪ੍ਰਜ਼ੈਂਟ ਕਰਦਾ ਹਾਂ। ਹਰ ਪੰਜਾਬੀ ਟੈਕਸ ਦਿੰਦਾ ਹੈ। ਰਿਕਸ਼ਾ ਚਲਾਉਣ ਵਾਲੇ ਨੂੰ ਵੀ ਮਾਚਿਸ ਦੀ ਡੱਬੀ ਲਈ ਟੈਸ ਦੇਣਾ ਪੈਂਦਾ ਹੈ। ਜਿਹੜੇ ਟੈਕਸ ਇਕੱਠੇ ਹੁੰਦੇ ਹਨ ਕੁਝ ਕੇਂਦਰ ਲੈ ਜਾਂਦਾ ਤੇ ਕੁਝ ਸਟੇਟ। ਕੇਂਦਰ ਨੇ ਆਪਣੀਆਂ ਸਕੀਮਾਂ ਵਿਦੇਸ਼ ਵਿਚ ਨਹੀਂ ਸਗੋਂ ਆਪਣੇ ਸੂਬਿਆਂ ਵਿਚ ਹੀ ਲਾਗੂ ਕਰਨੀਆਂ ਹੁੰਦੀਆਂ ਹਨ। ਮੈਂ ਜਾ ਕੇ ਕੇਂਦਰ ਦੀਆਂ ਸਕੀਮਾਂ ਲੈ ਕੇ ਆਇਆ ਇਹ ਮੇਰੀ ਹਿੰਮਤ ਹੈ। ਕੇਂਦਰ ਕੋਈ ਅਮਰੀਕਾ ਦਾ ਨਹੀਂ ਅਸੀਂ ਆਪਣਾ ਪੈਸਾ ਲੈ ਕੇ ਆਏ। ਪੈਸਾ ਦੇਣ ਲਈ ਮੈਂ ਗਡਕਰੀ ਜੀ ਦਾ ਧੰਨਵਾਦ ਕਰਦਾ ਹਾਂ। ਪਰ ਇਹ ਸਾਫ ਹੈ ਕਿ ਕੇਂਦਰ ਨੇ ਕੋਈ ਵੀ ਪੈਸਾ ਆਪਣੀ ਜੇਬ੍ਹ ਵਿਚੋਂ ਨਹੀਂ ਦਿੱਤਾ। ਸਾਡਾ ਪੈਸਾ ਹੀ ਸਾਨੂੰ ਮਿਲਿਆ ਹੈ।
ਕਾਂਗਰਸੀ ਕਹਿੰਦੇ ਅਰੋੜਾ ਉਦੋਂ ਪੈਦਾ ਨਹੀਂ ਹੋਇਆ ਸੀ ਜਦੋਂ ਹਲਵਾਰਾ ਏਅਰਪੋਰਟ ਉਨਾਂ ਕੈਬਨਿਟ ਵਿਚ ਪਾਸ ਕਰ ਦਿੱਤਾ ਸੀ ?
ਮੈਂ ਤਾਂ ਸਮਝਦਾ ਸੀ ਕਿ ਸਿਰਫ 25 ਸਾਲ ਤੋਂ ਹੀ ਏਅਰਪੋਰਟ ਲਟਕਿਆ ਪਿਆ ਹੈ ਪਰ ਜੇਕਰ ਇਹ ਆਖ ਰਹੇ ਹਨ ਕਿ ਮੇਰੇ ਜੰਮੇ ਤੋਂ ਵੀ ਪਹਿਲਾਂ ਪਾਸ ਕਰ ਦਿੱਤਾ ਸੀ ਤਾਂ ਇਸ ਹਿਸਾਬ ਨਾਲ ਤਾਂ ਫਿਰ 60 ਸਾਲ ਤੋਂ ਇਹ ਮੁੱਦਾ ਲਟਕਿਆ ਹੋਇਆ ਹੈ। ਮੈਂ ਤਾਂ ਸਿਰਫ ਤਿੰਨ ਸਾਲਾਂ ਵਿਚ ਹੀ ਬਣਾ ਦਿੱਤਾ ਹੈ। ਸਵਾ ਦੋ ਸਾਲਾ ਵਿਚ ਸਾਡੇ ਮੁੱਖ ਮੰਤਰੀ ਜੀ ਨੇ ਏਅਰਪੋਰਟ ਲਈ ਪੈਸੇ ਦਿੱਤੇ ਹਨ। ਅੱਜ ਦੇਖ ਲਓ ਏਅਰਪੋਰਟ 100 ਫੀਸਦੀ ਤਿਆਰ ਹੈ।
ਤੁਹਾਡੇ 'ਤੇ ਦੋਸ਼ ਲੱਗ ਰਹੇ ਨੇ ਕਿ ਅਰੋੜਾ ਅਮੀਰ ਆਦਮੀ ਹੈ ਜੋ ਜਿੱਤਣ ਤੋਂ ਬਾਅਦ ਲੁਧਿਆਣੇ ਵਿਚ ਨਜ਼ਰ ਨਹੀਂ ਆਵੇਗਾ ?
ਪਹਿਲਾਂ ਇਹ ਦੱਸੋ ਕੀ ਅਮੀਰ ਹੋਣਾ ਗੁਨਾਹ ਹੈ। ਜੇ ਗੁਨਾਹ ਹੈ ਤਾਂ ਮੈਂ ਗੁਨਾਹ ਕੀਤਾ ਹੈ। ਮੈਂ ਪੈਸਿਆਂ ਦਾ ਨਹੀਂ ਦਿਲ ਦਾ ਅਮੀਰ ਹਾਂ।ਵਿਰੋਧੀ ਇਹ ਦੱਸਣ ਕਿ ਮੈਂ ਲੁਧਿਆਣਾ ਕਦੋਂ ਛੱਡਿਆ ਹੈ। ਮੇਰਾ ਅਮਰੀਕਾ ਵਿਚ ਬਿਜਨੈਸ ਹੈ ਤੇ ਕੁਝ ਸਾਲ ਲਈ ਮੈਂ ਜ਼ਰੂਰ ਅਮਰੀਕਾ ਰਿਹਾਂ। ਹੁਣ ਰਾਜ ਸਭਾ ਦਾ ਐੱਮ. ਪੀ. ਬਣਿਆ ਹਾਂ ਤੇ ਰਾਜ ਸਭਾ ਲੁਧਿਆਣਾ ਜਾਂ ਚੰਡੀਗੜ੍ਹ ਵਿਚ ਤਾਂ ਲੱਗਦੀ ਨਹੀਂ ਹੈ। ਕੰਮ ਕਰਵਾਉਣ ਦਿੱਲੀ ਜਾਣਾ ਹੀ ਪੈਂਦਾ ਹੈ। ਭਾਵੇਂ ਵਿਧਾਇਕ ਹੋਵੇ ਜਾਂ ਐੱਮ. ਪੀ. ਕੋਈ ਵੀ ਜ਼ਿੰਮੇਵਾਰੀ ਮਿਲੇ ਦਿੱਲੀ ਤੋਂ ਬਗੈਰ ਗੱਡੀ ਨਹੀਂ ਚੱਲਦੀ।
ਵੈਸਟ ਹਲਕੇ ਵਿੱਚ ਸਫਾਈ ਅਤੇ ਆਵਾਰਾ ਕੁੱਤਿਆਂ ਦੇ ਮਸਲੇ ਤੇ ਤੁਸੀਂ ਕੀ ਆਖੋਗੇ ?
ਇਹ ਸਵਾਲ ਮੇਰੇ ਬਜਾਏ ਵੈਸਟ ਹਲਕੇ ਵਿਚ ਰਹਿੰਦੇ ਲੋਕਾਂ ਨੂੰ ਪੁੱਛੋ। ਦੂਜਾ ਆਵਾਰਾ ਕੁੱਤਿਆਂ ਦਾ ਮਸਲਾ ਅੱਜ ਦਾ ਨਹੀਂ ਹੈ। ਇਹ 30 ਸਾਲਾ ਪੁਰਾਣਾ ਹੈ। ਜਦੋਂ ਮੈਂ ਮੀਟਿਗਾਂ ਸ਼ੁਰੂ ਕੀਤੀਆਂ ਤਾਂ ਬਹੁਤ ਲੋਕਾਂ ਨੇ ਇਹ ਮਸਲਾ ਚੁੱਕਿਆ। ਫਿਰ ਮੈਂ ਨਿਗਮ ਅਫਸਰਾਂ, ਪੁਲਸ ਦੇ ਅਧਿਕਾਰੀਆਂ, ਜਾਨਵਰ ਪ੍ਰੇਮੀਆਂ ਨਾਲ ਮੀਟਿੰਗਾਂ ਕੀਤੀਆਂ ਤੇ ਲੁਧਿਆਣਾ ਅੰਦਰ ਡਾਗ ਸੈਂਚਰੀ ਬਨਾਉਣਾ ਦਾ ਫ਼ੈਸਲਾ ਹੋਇਆ। ਇਸ ਸੰਬੰਧੀ ਬਕਾਇਦਾ ਕਾਰਪੋਰੇਸ਼ਨ ਕੋਲੋਂ ਡੇਢ ਏਕੜ ਜ਼ਮੀਨ ਦੀ ਸ਼ਨਾਖਤ ਕਰਵਾਈ ਗਈ ਹੈ। ਦੋ ਦਿਨ ਪਹਿਲਾਂ ਹੀ ਇਸ ਦਾ ਨੀਂਹ ਪੱਥਰ ਵੀ ਰੱਖਿਆ ਜਾ ਚੁੱਕਾ ਹੈ। ਜਿੱਥੇ ਡਾਗ ਸੈਂਚੁਰੀ, ਹਸਪਤਾਲ ਬਣਾਇਆ ਜਾ ਰਿਹਾ ਹੈ। ਜਲਦੀ ਹੀ ਲੁਧਿਆਣਾ ਵਾਸੀਆਂ ਨੂੰ ਇਸ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ।
ਲੁਧਿਆਣਾ ਦੇ ਵਪਾਰੀਆਂ ਲਈ ਤੁਹਾਡਾ ਕੀ ਵਿਜ਼ਨ ਹੈ ?
ਮੈਂ ਜਦੋਂ ਮੈਂਬਰ ਪਾਰਲੀਮੈਂਟ ਬਣਿਆ ਤਾਂ ਮੈਨੂੰ ਸੀ. ਆਈ. ਸੀ.ਯੂ. ਨੇ ਅਪੈਕਸ ਨੇ, ਅਤੇ ਸੀ. ਆਈ. ਆਈ. ਨੇ ਬੁਲਾਇਆ। ਉਨ੍ਹਾਂ ਨੇ ਮੈਨੂੰ ਕਈ ਮੁੱਦੇ ਦੱਸੇ। ਜਿਨ੍ਹਾਂ ਨੂੰ ਮੈਂ ਸੂਬਾ ਸਰਕਾਰ ਨਾਲ ਸਾਂਝਾ ਕੀਤਾ, ਅਤੇ ਛੇਤੀ ਹੀ ਕਈ ਮੁੱਦੇ ਹੱਲ ਹੋਏ। ਅੱਠ ਮਹੀਨੇ ਪਹਿਲਾਂ ਮੈਂ ਮੀਟਿੰਗ ਕੀਤੀ ਅਤੇ ਕਿਹਾ ਕਿ ਆਪੋ-ਆਪਣੇ ਮੁੱਦੇ ਦੱਸੋ। ਅਪੈਕ, ਸਿਕਕੋ ਤੇ ਫਿੱਕੋ ਇਹ ਤਿੰਨ ਅਜਿਹੇ ਹਨ ਜਿਨ੍ਹਾਂ ਦੇ ਦੋ ਤੋ ਤਿਨ ਹਜ਼ਾਰ ਉਦਯੋਗਪਤੀ ਮੈਂਬਰ ਹਨ। ਤਿੰਨਾਂ ਨੇ ਇਕੋ ਮੁੱਦਾ ਦੱਸਿਆ ਕਿ ਸਾਡਾ ਓ. ਟੀ. ਐੱਸ. ਕਰਵਾ ਦਿਓ ਪੀ. ਐੱਸ. ਆਈ. ਈ. ਸੀ. ਤੋਂ। ਉਨ੍ਹਾਂ ਕਿਹਾ ਕਿ ਸਾਡੇ ਬਾਕੀ ਸਭ ਮੁੱਦੇ ਹੱਲ ਹੋ ਗਏ ਬਸ ਇਹੋ ਰਹਿੰਦਾ ਹੈ। ਮੈਂ ਨੈਸ਼ਨਲ ਕਨਵੀਨਰ ਮੁੱਖ ਮੰਤਰੀ ਜੀ ਨਾਲ ਗੱਲ ਕੀਤੀ। ਇਸ ਮਸਲੇ ਪਿੱਛੇ ਇੰਡਸਟਰੀਲਿਸਟ 32 ਸਾਲ ਤੋਂ ਲੱਗੇ ਹੋਏ ਸਨ। ਹੁਣ ਜਾ ਕੇ ਇਸ 'ਤੇ ਫ਼ੈਸਲਾ ਆਇਆ ਹੈ। 430 ਕਰੋੜ ਰੁਪਏ ਦਾ 55 ਉਦਯੋਗਪਤੀਆਂ ਦਾ ਫਾਇਦਾ ਹੋਇਆ ਹੈ। ਓ. ਟੀ. ਐੱਸ ਕਰਕੇ ਉਨ੍ਹਾਂ ਨੂੰ ਲੋਨ ਤਕ ਵੀ ਨਹੀਂ ਮਿਲਦਾ ਸੀ। ਪੈਨਸ਼ਨਾਂ ਰੁਕੀਆਂ ਹੋਈਆਂ ਸਨ। ਇਸ ਮਗਰੋਂ ਮੈਨੂੰ ਉਦਯੋਗਪਤੀਆਂ ਨੇ ਕਿਹਾ ਕਿ 8 ਫੀਸਦੀ ਸਿੰਪਲ ਰੇਟ ਆਫ ਇੰਟਰਸਟ ਕਰਵਾ ਦਿਓ। ਉਨ੍ਹਾਂ ਕਿਹਾ ਸੀ ਕਿ 9 ਹੋ ਜਾਵੇ ਤਾਂ ਵੀ ਠੀਕ ਹੈ ਪਰ ਮੈਂ 8 ਹੀ ਕਰਵਾ ਦਿੱਤਾ ਸੀ। ਇਸ ਤੋਂ ਬਾਅਕ ਲਕਸ ਇੰਡਸਟਰੀ ਵਾਲੇ ਹਨ ਕਲਕੱਤਾ ਦੇ, ਜਿਨ੍ਹਾਂ ਨੇ ਪੰਜਾਬ ਵਿਚ ਇਨਵੈਸਟਮੈਂਟ ਹੋਲਡ ਕੀਤੀ ਹੋਈ ਸੀ। ਜਦੋਂ ਓ. ਟੀ. ਐੱਸ. ਦਾ ਮਸਲਾ ਹੱਲ ਹੋਇਆ ਤਾਂ ਉਨ੍ਹਾਂ ਕਿਹਾ ਕਿ ਹੁਣ ਅਸੀਂ ਇਨਵੈਸਟਮੈਂਟ ਕਰ ਰਹੇ ਹਾਂ। ਸੋ ਇਸ ਤਰਾਂ ਮੈਂ ਕੋਸ਼ਿਸ਼ ਕੀਤੀ ਕਿ ਵਪਾਰੀ ਵਰਗ ਦੀ ਮਦਦ ਕੀਤੀ ਜਾ ਸਕੇ।
ਕੀ ਇਹ ਸੱਚ ਹੈ ਕਿ ਇੰਡਸਟਰੀ ਪੰਜਾਬ ਤੋਂ ਬਾਹਰ ਪਲਾਇਨ ਕਰ ਗਈ ਹੈ ?
ਇਹ ਇੰਡਸਟਰੀ ਤੇ ਨਿਰਭਰ ਕਰਦਾ ਹੈ। ਵੱਡੀ ਇੰਡਸਟਰੀ ਦੀਆਂ ਲੋੜਾਂ ਵੱਖਰੀਆੰ ਹੁੰਦੀਆਂ ਹਨ। ਟੈਕਸਟਾਈਲ ਇੰਡਸਟਰੀ ਭੋਪਾਲ, ਮੱਧਪ੍ਰਦੇਸ਼ ਗਈ ਕਿਉਂਕਿ ਉਥੇ ਰਾਅ ਮਿਟੀਰੀਅਲ ਉਪਲਭਦ ਹੈ। ਕਈ ਸਟੇਟਾਂ ਪੋਰਟ ਦੇ ਨੇੜੇ ਹੁੰਦੀਆਂ ਹਨ, ਕਿਸੇ ਨੇ ਪੋਰਟ ਕਰਕੇ ਐਕਸਪੋਰਟ ਕਰਨਾ ਹੁੰਦਾ ਹੈ, ਇਸ ਲਈ ਜਾਂਦੇ ਹਨ ਨਾ ਕਿ ਇਸ ਲਈ ਕਿ ਪੰਜਾਬ ਵਿਚਕੋਈ ਪ੍ਰੇਸ਼ਾਨੀ ਹੈ। ਜੇ ਅਜਿਹਾ ਹੁੰਦਾ ਤਾਂ ਟਾਟਾ ਇੰਡਸਟਰੀ ਪੰਜਾਬ ਵਿਚ ਕਿਉਂ ਆਉਂਦੀ। ਜਮਸ਼ੇਦਪੁਰ ਤੋਂ ਬਾਅਦ ਸਭ ਤੋਂ ਵੱਡਾ ਪਲਾਂਟ ਪੰਜਾਬ ਵਿਚ ਲੱਗ ਰਿਹਾ। ਕੰਗਾਰੂ ਇੰਡਸਟਰੀਲਿਸਟ ਦਾ ਆਖਣਾ ਦੁਨੀਆ ਭਾਵੇਂ ਇਧਰ ਤੋਂ ਉਧਰ ਹੋ ਜਾਵੇ ਮੈਂ ਪੰਜਾਬ ਨਹੀਂ ਛੱਡਾਂਗਾ।
ਤੁਸੀਂ ਮੁਫਤ ਸਹੂਲਤਾਂ ਦੇ ਰਹੇ ਹੋ, ਸੂਬਾ ਕਰਜਾਈ ਹੋ ਰਿਹਾ, ਪੈਸਾ ਕਿੱਥੋਂ ਆਵੇਗਾ ?
ਜਦੋਂ ਫਰੀ ਬਿਜਲੀ ਦਿੱਤੀ ਸਾਰੇ ਇੰਡਸਟੀਰੀਲਿਸਟ ਵੀਰ ਮੈਨੂੰ ਮਿਲੇ। ਉਨ੍ਹਾਂ ਕਿਹਾ ਕਿ ਇਹ ਬਿਜੀਲ ਤਾਂ ਫਰੀ ਦੇ ਰਹੇ ਹਨ ਪਰ ਸਾਰਾ ਬੋਝ ਸਾਡੇ 'ਤੇ ਪਾਇਆ ਜਾਵੇਗਾ। ਪਰ ਸਰਕਾਰ ਨੇ ਡੇਢ ਸਾਲ ਤਕ ਕੋਈ ਬੋਝ ਨਹੀਂ ਪਾਇਆ। ਫਿਰ ਰੈਗੂਲੇਟਰੀ ਕਮਿਸ਼ਨਰ ਨੇ ਰਿਵਾਇਤ ਅਨੁਸਾਰ ਨਾ-ਮਾਤਰ ਵਾਧਾ ਕੀਤਾ। ਸਾਨੂੰ 10 ਲੱਖ ਕਰੋੜ ਦਾ ਕਰਜ਼ਾ ਵਿਰਾਸਤ ਵਿਚ ਮਿਲਿਆ ਪਰ ਇਸ ਵਜ੍ਹਾ ਕਰਕੇ ਲੋਕਾਂ ਨੂੰ ਸਹੂਲਤਾਂ ਤੋਂ ਵਾਂਝੇ ਨਹੀਂ ਰੱਖਿਆ ਜਾ ਸਕਦਾ। ਅੱਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਸਭ ਨੇ ਪੈਸੇ ਦਾ ਰੋਣਾ ਰੋਇਆ ਪਰ ਸਾਡੇ ਮੁੱਖ ਮੰਤਰੀ ਨੇ ਇਕ ਵਾਰ ਵੀ ਇਹ ਗੱਲ ਨਹੀਂ ਕੀਤੀ ਕਿ ਸਾਡੇ ਕੋਲ ਪੈਸਾ ਨਹੀਂ। ਰਹੀ ਗੱਲ ਕਰਜਾ ਲੈਣ ਦੀ ਤਾਂ ਕੇਂਦਰ ਸਰਕਾਰ ਸਾਨੂੰ ਕੋਈ ਵੱਖਰਾ ਕਰਜਾ ਨਹੀਂ ਦੇ ਰਹੀ ਜੋ ਹੋਰ ਸਟੇਟਾਂ ਨੂੰ ਨਹੀਂ ਮਿਲ ਰਿਹਾ। ਕਰਜ਼ਾ ਲੈਣਾ ਸਾਡਾ ਅਧਿਕਾਰ ਹੈ ਤੇ ਸਾਡੀ ਮਾਲੀ ਹਾਲਤ ਮੁਤਾਬਕ ਹੀ ਸਾਨੂੰ ਸਾਡਾ ਹਿੱਸਾ ਮਿਲਦਾ ਹੈ। ਜੇ ਅਸੀਂ ਸਮਰੱਥ ਹਾਂ ਤਾਂ ਹੀ ਸਾਨੂੰ ਕੇਂਦਰ ਜਾਂ ਰਿਜ਼ਰਵ ਬੈਂਕ ਕਰਜ਼ ਦੇ ਰਿਹਾ ਹੈ ਸੋ ਸਾਨੂੰ ਸੂਬੇ ਦੀ ਸਾਰੀ ਮਾਲੀ ਸਥਿਤੀ ਦਾ ਫਿਕਰ ਹੈ।
ਕੀ ਪਾਰਟੀ ਨੇ ਕੋਈ ਵੱਡੀ ਜ਼ਿੰਮੇਵਾਰੀ ਦੇਣ ਦਾ ਵਾਅਦਾ ਕੀਤਾ ਹੈ?
ਮੇਰੇ ਨਾਲ ਕੋਈ ਵਾਅਦਾ ਨਹੀਂ ਹੋਇਆ। ਇਹ ਹੈ ਕਿ ਪਾਰਟੀ ਨੇ ਹੁਕਮ ਕੀਤਾ ਤੇ ਮੈਂ ਚੋਣ ਲੜ ਰਿਹਾ। ਅੱਗੇ ਵੀ ਪਾਰਟੀ ਜਿਹੜਾ ਹੁਕਮ ਕਰੇਗੀ ਮੈਂ ਮੰਨਾਂਗਾ। ਲੁਧਿਆਣਾ ਵਿਚ 23 ਕਿਲੋਮੀਟਰ ਦਾ ਸਾਈਕਲ ਟਰੈਕ ਬਣ ਰਿਹਾ ਹੈ। ਨੈਸ਼ਨਲ ਹਾਈਵੇਅ ਨੇ ਦੋ ਪ੍ਰੋਜੈਕਟ ਲੁਧਿਆਣਾ ਨੂੰ ਦਿੱਤੇ ਹਨ। ਇਹ ਦੋਵੇਂ ਪ੍ਰੋਜੈਕਟ ਭਾਰਤ ਵਿਚ ਪਹਿਲੀ ਵਾਰੀ ਬਣੇ ਹਨ ਅਤੇ ਦੋਵੇਂ ਲੁਧਿਆਣਾ ਨੂੰ ਮਿਲੇ। ਮੈਂ ਜਦੋਂ ਗਡਕਰੀ ਸਾਹਿਬ ਕੋਲ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਸਿਰਫ ਗੱਡੀਆਂ ਲਈ ਹਾਈਵੇਅ ਬਣਾਉਂਦੇ ਆ। ਫਿਰ ਮੈਂ ਸਮਝਾਇਆ ਕਿ ਸਾਡਾ ਕੈਪੀਟਲ ਹੀ ਸਾਈਕਲ ਹੈ। ਸਾਈਕਲ ਬਣਾਉਣ ਦੇ ਮਾਮਲੇ ਵਿਚ ਲੁਧਿਆਣਾ ਪਹਿਲਾਂ ਵਰਲਡ ਵਿਚ ਨੰਬਰ ਇਕ 'ਤੇ ਸੀ ਪਰ ਹੁਣ ਚੀਨ ਅੱਗੇ ਨਿਕਲ ਗਿਆ ਹੈ ਜਦਕਿ ਲੁਧਿਆਣਾ ਦੇਸ਼ ਭਰ ਵਿਚੋਂ ਨੰਬਰ ਇਕ 'ਤੇ ਹੈ। ਇਸ ਟਰੈਕ ਨੂੰ ਲੈ ਕੇ ਤਿੰਨ ਮੀਟਿਗਾਂ ਹੋਈਆਂ ਅਖੀਰ ਵਿਚ ਉਨ੍ਹਾਂ ਨੇ ਮੇਰੀ ਗੱਲ ਮੰਨੀ ਅਤੇ ਅੱਜ ਲਾਡੋਵਾਲ ਬਾਈਪਾਸ 'ਤੇ ਇਹ ਟਰੈਕ ਬਣ ਰਿਹਾ ਹੈ।
ਮਾਲਵੇ 'ਚ ਕੈਂਸਰ ਦੇ ਮਰੀਜ਼ ਹਨ, ਪਾਣੀ ਦੀ ਸ਼ੁੱਧਤਾ ਤੇ ਪ੍ਰਦੂਸ਼ਣ ਰੋਕਣ ਲਈ ਕੀ ਕਦਮ ਚੁੱਕੇ?
ਪ੍ਰਦੂਸ਼ਣ ਅਤੇ ਇਨਵਾਇਰਮੈਂਟ ਮਾਮਲੇ ਵਿਚ ਅਸੀਂ ਸਖ਼ਤੀ ਕੀਤੀ ਹੈ। ਇਸੇ ਦਾ ਅਸਰ ਹੈ ਕਿ ਹੁਣ ਡਾਇੰਗ ਪਲਾਂਟਾਂ ਵਾਲੇ ਜ਼ੀਰੋ ਡਿਸਚਾਰਜ ਪਲਾਂਟ ਲਗਾ ਰਹੇ ਹਨ, ਜਿਸ ਤੋਂ ਕਿਸੇ ਤਰ੍ਹਾਂ ਦਾ ਪ੍ਰਦੂਸ਼ਿਤ ਪਾਣੀ ਡਿਸਚਾਰਜ ਨਹੀਂ ਹੋਵੇਗਾ। ਕਈ ਪਲਾਂਟ ਵਾਲੇ ਸੀ. ਟੀ. ਪੀ. ਵਰਤ ਕਰ ਰਹੇ ਹਨ। ਅਸੀਂ ਇੰਡਸਟਰੀ ਨੂੰ ਸੁਧਾਰ ਕਰਨ ਲਈ ਸਮਾਂ ਦੇ ਰਹੇ ਹਾਂ, ਜਿਸ ਦੇ ਸਕਾਰਾਤਮਕ ਨਤੀਜੇ ਆਉਣ ਲੱਗੇ ਹਨ। ਸਾਡੇ ਐੱਮ. ਪੀ. ਸੰਤ ਬਲਬੀਰ ਸਿੰਘ ਸੀਚੇਵਾਲ ਵੀ ਇਸ ਪਾਸੇ ਲੱਗੇ ਹੋਏ ਹਨ। ਆਉਣ ਸਮੇਂ ਵਿਚ ਪਾਣੀ ਦੀ ਸ਼ੁੱਧਤਾ ਹੋਵੇਗੀ, ਜਿਸ ਨਾਲ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਇਲਾਜ ਵੱਜੋਂ ਅਸੀਂ ਬੇਮਿਸਾਲ ਕਦਮ ਚੁੱਕੇ। ਮੈਂ ਦਾਅਵੇ ਨਾਲ ਕਹਿੰਦਾ ਹਾਂ ਸਿਹਤ ਸਹੂਲਤਾਂ ਦੇ ਪੱਧਰ 'ਤੇ 50 ਸਾਲਾਂ ਵਿਚ ਉਨਾ ਕੰਮ ਨਹੀਂ ਹੋਇਆ ਜਿੰਨਾਂ ਅਸੀਂ ਤਿੰਨ ਸਾਲ ਵਿਚ ਕਰ ਦਿੱਤਾ। ਪੰਜਾਬ ਵਿਚ ਅੱਜ 900 ਦੇ ਕਰੀਬ ਆਮ ਆਦਮੀ ਕਲੀਨਿਕਾਂ ਚੱਲ ਰਹੇ ਹਨ। ਇਨ੍ਹਾਂ ਕਲੀਨਿਕਾਂ ਵਿਚ ਮਹੀਨੇ ਵਿਚ 10 ਤੋਂ 15 ਹਜ਼ਾਰ ਮਰੀਜ਼ ਇਲਾਜ ਕਰਵਾਉਂਦਾ ਹੈ। ਸਿਰਫ ਦੋ ਮਹੀਨਿਆਂ ਵਿਚ ਲੁਧਿਆਣਾ ਅੰਦਰ 6-7 ਕਲੀਨਿਕ ਹੋਰ ਖੋਲ੍ਹੇ ਹਨ।
ਵੈਸਟ ਹਲਕੇ ਦੇ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ?
ਮੈਨੂੰ ਨਹੀਂ ਸੀ ਪਤਾ ਕਿ ਮੈਂ ਵਿਧਾਨ ਸਭਾ ਚੋਣਾਂ ਲੜਾਂਗਾ। ਮੈਂ ਆਪਣੇ ਲੋਕਾਂ ਲਈ ਜਿਹੜੇ ਵੀ ਕੰਮ ਕੀਤੇ ਪੂਰੀ ਸ਼ਿੱਦਤ ਨਾਲ ਕੀਤੇ। ਮੈਂ ਪਹਿਲਾਂ ਕਿਹਾ ਸੀ ਨਾਂ ਮੈਂ ਚੋਣ ਲੜਿਆ ਅਤੇ ਨਾ ਹੀ ਲੜਾਂਗਾ। ਮੈਂ ਜਨਤਾ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ। ਬਿਨਾਂ ਕਿਸੇ ਸਵਾਰਥ ਤੋਂ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕੀਤੇ ਅਤੇ ਉਨ੍ਹਾਂ ਦੀ ਲੰਬੇ ਸਮੇਂ ਤੋਂ ਅੜੇ ਮਸਲੇ ਹੱਲ ਕੀਤੇ। ਹੁਣ ਜਦੋਂ ਪਾਰਟੀ ਦਾ ਹੁਕਮ ਹੋਇਆ ਤਾਂ ਮੈਂ ਚੋਣ ਲੜ ਰਿਹਾ ਹਾਂ। ਪਹਿਲਾਂ ਮੈਂ ਤਿੰਨ ਸਾਲ ਸ਼ੌਂਕ ਨਾਲ ਕੰਮ ਕੀਤੇ ਪਰ ਹੁਣ ਜ਼ਿੰਮੇਵਾਰੀ ਮਿਲੀ ਹੈ ਤਾਂ ਲੋਕਾਂ ਦਾ ਸਾਥ ਮੰਗ ਰਿਹਾ ਹਾਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਵੱਡੇ ਡਰੱਗ ਰੈਕੇਟ ਦਾ ਪਰਦਾਫ਼ਾਸ਼, 13 ਕਿੱਲੋ ਹੈਰੋਇਨ ਤੇ ਹਥਿਆਰਾਂ ਸਮੇਤ 2 ਮੁਲਜ਼ਮ ਗ੍ਰਿਫ਼ਤਾਰ
NEXT STORY