ਜੈਤੋ (ਸਤਵਿੰਦਰ) - ਮੁਤਵਾਜ਼ੀ ਜਥੇਦਾਰਾਂ ਵਲੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਅਤੇ ਸਿੰਘਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਸਾਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਦਾਣਾ ਮੰਡੀ 'ਚ 'ਇਨਸਾਫ ਮੋਰਚਾ ਬਰਗਾੜੀ' ਅੱਜ ਵੀ ਜਾਰੀ ਹੈ।ਇਸ ਦੌਰਾਨ ਜਥੇ. ਧਿਆਨ ਸਿੰਘ ਮੰਡ ਨੇ ਕਿਹਾ ਕਿ ਲੀਡਰ ਸਿਆਸੀ ਲਾਹਾ ਲੈਣ ਲਈ ਕਿਸ ਹੱਦ ਤੱਕ ਡਿੱਗ ਸਕਦੇ ਹਨ, ਇਹ ਸਭ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਸਬੰਧੀ ਰੱਖੇ ਨੀਂਹ ਪੱਥਰ ਸਮਾਗਮ 'ਚ ਸਾਰਿਆਂ ਨੇ ਵੇਖ ਹੀ ਲਿਆ ਹੈ। ਇਸ ਲਈ ਕੌਮ ਨੂੰ ਅਜਿਹੇ ਮੌਕਾਪ੍ਰਸਤ ਲੀਡਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਇਹ ਲੀਡਰ ਮੌਕਾ ਮਿਲਦੇ ਹੀ ਲੋਕਾਂ ਦਾ ਧਿਆਨ ਵੰਡਣ ਲਈ ਅਜਿਹੀਆਂ ਲੂੰਬੜ ਚਾਲਾਂ ਚੱਲਦੇ ਹਨ ਕਿ ਕੁਰਸੀ ਖਾਤਰ ਵੋਟਾਂ ਬਟੋਰ ਕੇ ਦਿੱਲੀ ਚਲੇ ਜਾਂਦੇ ਹਨ। ਹੁਣ ਸਮਾਂ ਹੈ ਕਿ ਕੌਮ ਇਕਜੁੱਟਤਾ ਅਤੇ ਸਹੀ ਮਾਰਗ 'ਤੇ ਚੱਲ ਕੇ ਆਪਣੇ ਟੀਚੇ ਦੀ ਪ੍ਰਾਪਤੀ ਕਰ ਸਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ ਅਤੇ ਦੋਸ਼ੀਆਂ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ, ਭਾਈ ਬੂਟਾ ਸਿੰਘ ਰਣਸੀਂਹ ਅਕਾਲੀ ਦਲ 1920, ਭਾਈ ਪਰਮਜੀਤ ਸਿੰਘ, ਬਾਬਾ ਰਾਜਾ ਰਾਜ ਸਿੰਘ ਤਰਨਾ ਦਲ ਵਾਲੇ ਆਦਿ ਹਾਜ਼ਰ ਸਨ। ਇਸ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਰਣਜੀਤ ਸਿੰਘ ਵਾਂਦਰ ਵਲੋਂ ਨਿਭਾਈ ਗਈ।
ਗੰਨੇ ਦੇ ਬਕਾਏ ਦਾ ਭੁਗਤਾਨ ਨਾ ਕਰਨ ਵਾਲੀਆਂ ਨਿੱਜੀ ਖੰਡ ਮਿਲਾਂ ਵਿਰੁੱਧ ਸਖਤ ਕਾਰਵਾਈ ਦੇ ਹੁਕਮ
NEXT STORY