ਸ੍ਰੀ ਮੁਕਤਸਰ ਸਾਹਿਬ — ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਕਰਮਾ 'ਚ ਬੂਟੇ ਲਾਉਣ ਦੀ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਦੱਸਣਯੋਗ ਹੈ ਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਲੈ ਕੇ ਐੱਸ. ਜੀ. ਪੀ. ਸੀ. ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਕਰਮਾ 'ਚ ਕਰੀਬ 2 ਮਹੀਨੇ ਪਹਿਲਾਂ ਬੂਟੇ ਲਾਉਣ ਲਈ ਖੱਡੇ ਪੁੱਟੇ ਗਏ ਸਨ। ਇਹ ਸੇਵਾ ਪਦਮ ਸ੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਸੰਭਾਲੀ ਸੀ।
ਅੱਜ ਪ੍ਰਕਰਮਾ 'ਚ ਖੱਡੇ ਪੁੱਟਣ ਅਤੇ ਉਨ੍ਹਾਂ ਦੀ ਚਾਰ ਦੀਵਾਰੀ ਕਰਨ ਉਪਰੰਤ ਬੂਟੇ ਲਾਉਣ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਰਜਿੰਦਰ ਸਿੰਘ ਮਹਿਤਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ ਸਕੱਤਰ ਰੂਪ ਸਿੰਘ ਆਦਿ ਮੌਜੂਦ ਸਨ। ਇਸ ਦੌਰਾਨ ਪ੍ਰਕਰਮਾ 'ਚ 83 ਬੂਟੇ ਲਗਾਏ ਗਏ, ਜਿੰਨ੍ਹਾ 'ਚ ਅਮਰਪਾਲੀ ਨਸਲ ਦੇ 43 ਅੰਬਾਂ ਦੇ ਬੂਟੇ, 20 ਚੰਦਨ, 20 ਬੋਗਨਵਿਲੀਆ ਦੇ ਬੂਟੇ ਲਾਏ ਗਏ। ਇਸ ਤੋਂ ਇਲਾਵਾ 200 ਦੁਪਹਿਰ ਖਿੜੀ ਅਤੇ 430 ਸਫਰੀਨਾ ਦੇ ਫੁੱਲਦਾਰ ਬੂਟੇ ਵੀ ਲਾਏ ਜਾਣੇ ਹਨ।ਇਸ ਸਬੰਧੀ ਪਹਿਲਾ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ। ਹੁਕਮਨਾਮੇ ਉਪਰੰਤ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਾਤਾਵਰਨ ਦੇ ਸਬੰਧ 'ਚ ਕਰੀਬ 4 ਮਿੰਟ ਦਾ ਸੁੰਦਰ ਭਾਸ਼ਣ ਦਿੱਤਾ। ਸੰਬੋਧਨ ਕਰਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਨਾਲ ਸਿੱਖ ਧਰਮ ਦਾ ਡੂੰਘਾ ਸੰਬੰਧ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਕਿਸ ਨਦੀਂ ਨਾਲ ਸਿੱਖਾਂ ਦਾ ਕਿਸ ਤਰ੍ਹਾਂ ਸੰਬੰਧ ਅਤੇ ਪ੍ਰੇਮ ਹੈ। ਉਹਨਾਂ ਕਿਹਾ ਕਿ ਲਾਕ ਡਾਊਨ ਨੇ ਇਹ ਸਾਬਤ ਕਰ ਦਿੱਤਾ ਕਿ ਵਾਤਾਵਰਨ 'ਚ ਵਿਗਾੜ ਲਈ ਸਭ ਤੋਂ ਵੱਧ ਜ਼ਿੰਮੇਵਾਰ ਮਨੁੱਖ ਹੀ ਹੈ।
ਪੰਜਾਬ 'ਚ ਕੈਦੀਆਂ-ਹਵਾਲਾਤੀਆਂ ਦੇ 'ਇਕਾਂਤਵਾਸ' ਸਬੰਧੀ ਨਵੇਂ ਨਿਰਦੇਸ਼ ਜਾਰੀ
NEXT STORY