ਪਟਿਆਲਾ (ਬਖਸ਼ੀ)— ਮੌਜੂਦਾ ਸਮੇਂ ਦੌਰਾਨ ਜਿੱਥੇ ਨੌਕਰੀਆਂ ਲੈਣ ਲਈ ਦੇਸ਼ ਦੇ ਨੌਜਵਾਨ ਟੈਂਕੀਆਂ 'ਤੇ ਚੜ੍ਹ ਕੇ ਮੁਜ਼ਾਹਰੇ ਕਰਨ ਨੂੰ ਮਜ਼ਬੂਰ ਹਨ, ਉੱਥੇ ਪਟਿਆਲਾ 'ਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਨੌਕਰੀ ਖਾਤਰ ਕਈ ਪਰਿਵਾਰ ਹੀ ਟੈਂਕੀ 'ਤੇ ਚੜ੍ਹ ਗਏ। ਪਾਵਰਕਾਮ 'ਚ ਨੌਕਰੀ ਲੈਣ ਲਈ ਆਸ਼ਰਿਤ ਪਰਿਵਾਰਾਂ ਦੇ ਮੈਂਬਰ ਅੱਜ ਪਟਿਆਲਾ ਵਿਖੇ ਤੇਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ ਹਨ। ਇਨ੍ਹਾਂ ਤੋਂ ਇਲਾਵਾ ਹੋਰਨਾਂ ਸਾਥੀਆਂ ਵੱਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਪਾਣੀ ਦੀ ਟੈਂਕੀ 'ਤੇ ਚੜ੍ਹਨ ਵਾਲਿਆਂ 'ਚ ਬਜ਼ੁਰਗ ਮਾਤਾ ਅਤੇ ਹੋਰ ਵੀ ਕਈ ਸਾਥੀ ਮੌਜੂਦ ਸਨ। ਟੈਂਕੀ 'ਤੇ ਚੜ੍ਹੇ ਨੌਜਵਾਨ ਵਲੋਂ ਦੱਸਿਆ ਕਿ ਪੰਜਾਬ ਰਾਜ ਬਿਜਲੀ ਨਿਗਮ 'ਚ ਨੌਕਰੀਆਂ ਕਰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਉਦੋਂ ਦੇ ਨਿਯਮਾਂ ਅਨੁਸਾਰ ਮ੍ਰਿਤਕਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣੀਆਂ ਬਣਦੀਆਂ ਸਨ। ਪਰ ਸਰਕਾਰ ਵੱਲੋਂ ਧੱਕੇਸ਼ਾਹੀ ਕਰਦਿਆਂ ਵਾਰਸਾਂ ਨੂੰ ਨੌਕਰੀ ਨਹੀਂ ਦਿੱਤੀ ਗਈ। ਨੌਕਰੀ ਦੀ ਮੰਗ ਨੂੰ ਲੈ ਕੇ ਮ੍ਰਿਤਕਾਂ ਦੇ ਵਾਰਸਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਤਹਿਤ ਐੱਮ.ਪੀ ਦੀਆਂ ਚੋਣਾਂ ਤੋਂ ਪਹਿਲਾਂ ਵੀ ਉਨ੍ਹਾਂ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਨੌਕਰੀ ਦੀ ਮੰਗ ਕੀਤੀ ਸੀ। ਉਸ ਸਮੇਂ ਪਾਵਰਕਾਮ ਅਧਿਕਾਰੀਆਂ ਨੇ ਚੋਣ ਜ਼ਾਬਤਾ ਲੱਗੇ ਹੋਣ ਦਾ ਵਾਸਤਾ ਪਾ ਕੇ ਚੋਣਾਂ ਤੋਂ ਬਾਅਦ ਨਵੀਂ ਨੀਤੀ ਆਉਣ 'ਤੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਚੋਣਾਂ ਤੋਂ ਬਾਅਦ ਵੀ ਕਈ ਮਹੀਨੇ ਬੀਤਣ 'ਤੇ ਅੱਜ ਤਕ ਵਾਰਸਾਂ ਦੀ ਸਾਰ ਨਹੀਂ ਲਈ ਗਈ ਹੈ। ਇਸ ਕਾਰਨ ਪਾਵਰਕਾਮ ਦੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ 'ਚ ਭਾਰੀ ਰੋਸ ਹੈ। ਮੰਗ ਪੂਰੀ ਨਾ ਹੋਣ ਕਾਰਨ ਅੱਜ ਮੁੜ ਤਿੱਖਾ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਟੈਂਕੀ 'ਤੇ ਚੜ੍ਹੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ, ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ।
ਬਰਸਾਤ ਆਉਂਦਿਆਂ ਹੀ ਇਨ੍ਹਾਂ ਪਿੰਡਾਂ ਦਾ ਟੁੱਟ ਜਾਂਦਾ ਹੈ ਪੰਜਾਬ ਨਾਲੋਂ ਲਿੰਕ
NEXT STORY