ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ, ਜਲੋਟਾ)- ਇਕ ਪਾਸੇ ਕੋਰੋਨਾ ਮਹਾਮਾਰੀ ਦੇ ਦੌਰ ’ਚ ਜਿਥੇ ਲੋਕ ਕਿਸੇ ਤਰ੍ਹਾਂ ਜੀਵਨ ਬਤੀਤ ਕਰ ਰਹੇ ਹਨ। ਉਪਰੋਂ ਝੋਨੇ ਦੇ ਸੀਜ਼ਨ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਵੱਲੋਂ ਮੰਡੀਆਂ ਦੇ ਅਧਿਕਾਰੀਆਂ ਨੂੰ ਮੰਡੀਆਂ ’ਚ ਆਉਣ ਵਾਲੇ ਕਿਸਾਨਾਂ ਤੇ ਲੇਬਰ ਦੇ ਟੈਸਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਤਹਿਤ ਮੰਡੀਆਂ ’ਚ ਤੇਜ਼ੀ ਨਾਲ ਕੋਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ, ਜਿਥੇ ਬੀਤੇ ਦਿਨ ਮੰਡੀ ਟਿੱਬਾ ’ਚ ਭਾਰੀ ਗਿਣਤੀ ’ਚ ਕੋਰੋਨਾ ਦੇ ਮਰੀਜ਼ ਪਾਏ ਗਏ ਸਨ, ਉੱਥੇ ਬੁੱਧਵਾਰ ਨੂੰ ਕਪੂਰਥਲਾ ਦੀ ਦਾਣਾ ਮੰਡੀ ’ਚ ਕੋਰੋਨਾ ਦਾ ਕਹਿਰ ਨਜ਼ਰ ਆਇਆ। ਬੁੱਧਵਾਰ ਨੂੰ ਪਾਜ਼ੇਟਿਵ ਪਾਏ ਗਏ 60 ਮਰੀਜ਼ਾਂ ’ਚੋਂ 6 ਮਰੀਜ਼ ਕਪੂਰਥਲਾ ਦਾਣਾ ਮੰਡੀ ਨਾਲ ਸਬੰਧਤ ਹਨ। ਉੱਥੇ ਹੀ 2 ਮਰੀਜ਼ ਐੱਸ. ਐੱਸ. ਕੇ. ਕਪੂਰਥਲਾ ਤੇ 3 ਮਰੀਜ਼ ਪੀ. ਟੀ. ਯੂ. ਨਾਲ ਸਬੰਧਤ ਹਨ।
ਬੁੱਧਵਾਰ ਨੂੰ ਕੋਰੋਨਾ ਕਾਰਣ 4 ਲੋਕਾਂ ਦੀ ਮੌਤ ਹੋ ਗਈ। ਜਿਸ ’ਚ 3 ਕਪੂਰਥਲਾ ਤੇ 1 ਮਰੀਜ਼ ਫਗਵਾਡ਼ਾ ਨਾਲ ਸਬੰਧਤ ਹੈ। ਮਰਨ ਵਾਲਿਆਂ ’ਚ 75 ਸਾਲਾ ਪੁਰਸ਼ ਵਾਸੀ ਪਿੰਡ ਰਾਮਪੁਰ ਜਗੀਰ, 78 ਸਾਲਾ ਪੁਰਸ਼ ਪਿੰਡ ਗੋਸਲ ਤੇ 69 ਸਾਲਾ ਪੁਰਸ਼ ਪਿੰਡ ਕਾਲਾ ਬਾਗਰੀਆ ਜੋ ਕਿ ਬੀਤੇ ਦਿਨੀਂ ਪਾਜ਼ੇਟਿਵ ਪਾਏ ਗਏ ਸਨ ਤੇ ਜਲੰਧਰ ਦੇ ਨਿੱਜੀ ਹਸਪਤਾਲਾਂ ’ਚ ਜ਼ੇਰੇ ਇਲਾਜ ਸਨ। ਜਿਨ੍ਹਾਂ ਦੀ ਹਾਲਤ ਵਿਗਡ਼ਨ ਨਾਲ ਮੌਤ ਹੋ ਗਈ। ਇਨ੍ਹਾਂ 4 ਮੌਤਾਂ ਤੋਂ ਬਾਅਦ ਜ਼ਿਲੇ ’ਚ ਹੁਣ ਤੱਕ 143 ਲੋਕ ਕੋਰੋਨਾ ਕਾਰਣ ਮਰ ਚੁੱਕੇ ਹਨ।
ਉੱਥੇ ਹੀ ਪਾਜ਼ੇਟਿਵ ਪਾਏ ਗਏ 60 ਮਰੀਜ਼ਾਂ ’ਚੋਂ ਕਪੂਰਥਲਾ ਸਬ ਡਵੀਜ਼ਨ ਨਾਲ 24, ਫਗਵਾਡ਼ਾ ਸਬ ਡਵੀਜ਼ਨ ਨਾਲ 12, ਸੁਲਤਾਨਪੁਰ ਲੋਧੀ ਸਬ ਡਵੀਜ਼ਨ ਨਾਲ 5 ਤੇ ਭੁਲੱਥ ਸਬ ਡਵੀਜ਼ਨ ਨਾਲ 6 ਮਰੀਜ਼ ਸਬੰਧਤ ਹਨ। ਇਸੇ ਤਰ੍ਹਾਂ 4 ਮਰੀਜ਼ ਜਲੰਧਰ ਨਾਲ, 1 ਮਰੀਜ਼ ਹੁਸ਼ਿਆਰਪੁਰ ਨਾਲ ਤੇ 1 ਹੋਰ ਮਰੀਜ਼ ਤਰਨਤਾਰਨ ਨਾਲ ਸਬੰਧਤ ਹੈ।
1976 ਲੋਕਾਂ ਦੀ ਕੀਤੀ ਸੈਂਪਲਿੰਗ : ਸਿਵਲ ਸਰਜਨ
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਬੁੱਧਵਾਰ ਨੂੰ 1976 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਨ੍ਹਾਂ ’ਚੋਂ ਕਪੂਰਥਲਾ ਤੋਂ 340, ਫਗਵਾਡ਼ਾ ਤੋਂ 420, ਭੁਲੱਥ ਤੋਂ 100, ਸੁਲਤਾਨਪੁਰ ਲੋਧੀ ਤੋਂ 80, ਕਪੂਰਥਲਾ ਤੋਂ 147, ਢਿਲਵਾਂ ਤੋਂ 146, ਕਾਲਾ ਸੰਘਿਆਂ ਤੋਂ 239, ਫੱਤੂਢੀਂਗਾ ਤੋਂ 165, ਪਾਂਛਟਾ ਤੋਂ 200 ਤੇ ਟਿੱਬਾ ਤੋਂ 139 ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ ਕੋਰੋਨਾ ਨਾਲ 3450 ਮਰੀਜ਼ ਸੰਕਰਮਿਤ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 264 ਮਰੀਜ਼ਾਂ ਨੂੰ ਵੱਖ-ਵੱਖ ਜ਼ਿਲਿਆਂ ’ਚ ਭੇਜ ਦਿੱਤਾ ਹੈ ਤੇ ਕਪੂਰਥਲਾ ਨਾਲ 3244 ਮਰੀਜ਼ ਸਬੰਧਤ ਹਨ। ਇਸ ਤੋਂ ਇਲਾਵਾ 2424 ਮਰੀਜ਼ ਠੀਕ ਹੋ ਚੁਕੇ ਹਨ ਤੇ ਐਕਟਿਵ ਮਰੀਜ਼ਾਂ ਦੀ ਗਿਣਤੀ 645 ਹੈ।
ਕੋਰੋਨਾ ਅਪਡੇਟ
ਕੁੱਲ ਕੇਸ : 3450
ਠੀਕੇ ਹੋਏ : 2425
ਐਕਟਿਵ : 645
ਮੌਤਾਂ : 143
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਕਾਰਣ 11 ਦੀ ਮੌਤ, 207 ਦੀ ਰਿਪੋਰਟ ਪਾਜ਼ੇਟਿਵ
NEXT STORY