ਜਲੰਧਰ— ਬੀਤੇ ਦਿਨ ਕਰਤਾਰਪੁਰ ਕੋਰੀਡੋਰ ਦੇ ਨੀਂਹ ਪੱਥਰ 'ਤੇ ਲਿਖੇ ਗਏ ਬਾਦਲਾਂ ਦੇ ਨਾਵਾਂ ਨੂੰ ਦੇਖ ਕੇ ਭੜਕੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹੁਣ ਆਰ. ਟੀ. ਆਈ. ਪਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨੀਂਹ ਪੱਥਰ 'ਤੇ ਲਿਖੇ ਬਾਦਲਾਂ ਦੇ ਨਾਵਾਂ ਨੂੰ ਲੈ ਕੇ ਉਹ ਭਾਰਤ ਸਰਕਾਰ ਤੋਂ ਪ੍ਰੋਟੋਕਾਲ ਬਾਰੇ ਜਾਣਕਾਰੀ ਲੈਣਗੇ। ਪ੍ਰੋਟੋਕਾਲ 'ਚ ਪਤਾ ਲੱਗ ਸਕੇਗਾ ਕਿ ਕਿਸ-ਕਿਸ ਦਾ ਨਾਂ ਲਿਖਿਆ ਜਾ ਸਕਦਾ ਹੈ। ਰੰਧਾਵਾ ਨੇ ਕਿਹਾ ਕਿ ਆਰ.ਟੀ.ਆਈ. ਦੇ ਨਤੀਜੇ ਤੋਂ ਬਾਅਦ ਉਹ ਬਾਦਲਾਂ ਖਿਲਾਫ ਕਾਰਵਾਈ ਦੀ ਮੰਗ ਕਰਨਗੇ।
ਕੈਬਨਿਟ ਮੰਤਰੀ ਰੰਧਾਵਾ ਨੇ ਆਪਣਾ ਰੋਸ ਜਾਰੀ ਰੱਖਦਿਆਂ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਲਿਖਤੀ ਸ਼ਿਕਾਇਤ ਦਿੰਦਿਆਂ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਰੰਧਾਵਾ ਦਾ ਕਹਿਣਾ ਹੈ ਕਿ ਭਾਵੇਂ ਨੀਂਹ ਪੱਥਰ ਦਾ ਕੰਮ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਜ਼ਿੰਮੇ ਸੀ ਪਰ ਅਥਾਰਿਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਦਫਤਰ ਦੇ ਅਧਿਕਾਰੀ ਦੇ ਕਹਿਣ 'ਤੇ ਹੀ ਬਾਦਲਾਂ ਦੇ ਨਾਂ ਲਿਖੇ ਹਨ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਪ੍ਰੋਟੋਕੋਲ ਦੀ ਉਲੰਘਣਾ ਹੈ, ਕਿਉਂਕਿ ਨਾ ਹੀ ਬਾਦਲ ਅਤੇ ਨਾ ਹੀ ਸੁਖਬੀਰ ਕੋਲ ਇਸ ਸਮੇਂ ਕੋਈ ਸਰਕਾਰੀ ਅਹੁਦਾ ਹੈ। ਨੀਂਹ ਪੱਥਰ ਉਪਰ ਸਿਰਫ ਮੁੱਖ ਮਹਿਮਾਨ ਦਾ ਨਾਂ, ਮੁੱਖ ਮੰਤਰੀ, ਹਲਕੇ ਦੇ ਵਿਧਾਇਕ ਜਾਂ ਐੱਮ. ਪੀ. ਦਾ ਹੀ ਨਾਂ ਲਿਖਿਆ ਜਾ ਸਕਦਾ ਸੀ।

ਰੰਧਾਵਾ ਨੇ ਕਿਹਾ ਕਿ ਬਾਦਲ ਗੁਰੂ ਸਾਹਿਬਾਨ ਦੀ ਬੇਅਦਬੀ ਦੇ ਮਾਮਲਿਆਂ ਦੇ ਵੀ ਦੋਸ਼ੀ ਹਨ, ਜਿਸ ਕਰਕੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਨ੍ਹਾਂ ਦਾ ਨਾਂ ਗੁਰੂ ਸਾਹਿਬਾਨ ਦੇ ਲਾਂਘੇ ਨੂੰ ਖੋਲ੍ਹਣ ਲਈ ਰੱਖੇ ਜਾਣ ਵਾਲੇ ਨੀਂਹ ਪੱਥਰ 'ਤੇ ਲਿਖਣਾ ਕਿਸੇ ਵੀ ਤਰ੍ਹਾਂ ਬਰਦਾਸ਼ਤਯੋਗ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਇਥੇ ਹੀ ਨਹੀਂ ਛੱਡਣ ਵਾਲੇ ਬਲਕਿ ਨੈਸ਼ਨਲ ਹਾਈਵੇ ਅਥਾਰਿਟੀ ਤੋਂ ਵੀ ਪੂਰੀ ਜਾਂਚ ਕਰਵਾਉਣਗੇ ਤਾਂ ਕਿ ਜੇ ਕੋਈ ਪੰਜਾਬ ਦੇ ਮੁੱਖ ਮੰਤਰੀ ਦਫਤਰ ਦੇ ਅਧਿਕਾਰੀ ਦਾ ਵੀ ਇਸ ਵਿਚ ਰੋਲ ਨਿਕਲਿਆ ਤਾਂ ਉਸ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖੇ ਜਾਣ ਮੌਕੇ ਉਸ ਸਮੇਂ ਮਾਹੌਲ ਗਰਮਾ ਗਿਆ ਸੀ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਲਿਖਿਆ ਦੇਖਿਆ ਸੀ। ਇਸ ਮੌਕੇ ਰੰਧਾਵਾ ਨੇ ਆਪਣੇ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਂ 'ਤੇ ਟੇਪ ਲਗਾ ਦਿੱਤੀ ਸੀ ਅਤੇ ਉਹ ਇਸ ਤੋਂ ਖਫਾ ਹੋਏ ਸਨ।
ਨੀਂਹ ਪੱਥਰ ਸਮਾਗਮ ਲਈ ਪਾਕਿਸਤਾਨ ਰਵਾਨਾ ਹੋਏ 'ਲੌਂਗੋਵਾਲ'
NEXT STORY