ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਬੀਤੇ ਦਿਨ ਜਾਰੀ ਕੀਤੀ ਸੂਬਾਈ ਅਹੁਦੇਦਾਰਾਂ ਦੀ ਸੂਚੀ ’ਚ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਕੇਵਲ ਢਿੱਲੋਂ ਨੇ ਸਾਲ 2005 ਤੋਂ ਸਰਗਰਮ ਸਿਆਸਤ ’ਚ ਪ੍ਰਵੇਸ਼ ਕੀਤਾ ਸੀ ਅਤੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2006 ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਨਿੱਜੀ ਸਬੰਧਾਂ ਦਾ ਲਾਹਾ ਲੈਂਦਿਆਂ ਉਨ੍ਹਾਂ ਬਰਨਾਲਾ ਨੂੰ ਮੁੜ ਜ਼ਿਲ੍ਹਾ ਬਣਾਉਣ ਦਾ ਐਲਾਨ ਕਰਵਾਇਆ ਅਤੇ 2007 ’ਚ ਉਹ ਕਾਂਗਰਸ ਪਾਰਟੀ ਦੀ ਟਿਕਟ ’ਤੇ ਬਰਨਾਲਾ ਤੋਂ ਵਿਧਾਇਕ ਚੁਣੇ ਗਏ। ਉਸ ਸਮੇਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਰਹੂਮ ਵਿਧਾਇਕ ਮਲਕੀਤ ਸਿੰਘ ਕੀਤੂ ਨੂੰ ਹਰਾਇਆ ਸੀ। ਉਸ ਤੋਂ ਬਾਅਦ 2012 ਵਿੱਚ ਕਾਂਗਰਸ ਪਾਰਟੀ ਦੀ ਚੋਣ ’ਤੇ ਕੇਵਲ ਸਿੰਘ ਢਿੱਲੋਂ ਵਿਧਾਇਕ ਚੁਣੇ ਗਏ। ਸਾਲ 2017 ’ਚ ਉਹ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਥੋੜੇ ਫਰਕ ਨਾਲ ਚੋਣ ਹਾਰ ਗਏ ਅਤੇ 2022 ’ਚ ਉਹ ਭਾਜਪਾ ’ਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ- ਲੁਧਿਆਣਾ ’ਚ ਫਿਰ ਸ਼ਰਮਸਾਰ ਹੋਈ ਇਨਸਾਨੀਅਤ, 6 ਸਾਲਾ ਮਾਸੂਮ ਨਾਲ ਦਰਿੰਦੇ ਨੇ ਟੱਪੀਆਂ ਹੱਦਾਂ
ਪਾਰਟੀ ਵੱਲੋਂ ਉਨ੍ਹਾਂ ’ਤੇ ਭਰੋਸਾ ਪ੍ਰਗਟਾਉਂਦਿਆਂ ਮੁੱਖ ਮੰਤਰੀ ਮਾਨ ਦੇ ਅਸਤੀਫ਼ਾ ਦੇਣ ਕਾਰਨ ਖਾਲੀ ਹੋਈ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ’ਚ ਉਨ੍ਹਾਂ ਨੂੰ ਟਿਕਟ ਦੇ ਕੇ ਮੈਦਾਨ ’ਚ ਉਤਾਰਿਆ ਗਿਆ। ਭਾਜਪਾ ਵਿਰੋਧੀ ਲਹਿਰ ਦੇ ਬਾਵਜੂਦ ਉਹ ਸ਼੍ਰੋਮਣੀ ਅਕਾਲੀ ਦਲ ਨਾਲੋਂ ਵਧ ਵੋਟਾਂ ਹਾਸਲ ਕਰਨ ’ਚ ਕਾਮਯਾਬ ਰਹੇ ਅਤੇ ਤਿੰਨ ਹਲਕਿਆਂ ’ਚ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਵਧ ਵੋਟਾਂ ਹਾਸਲ ਕੀਤੀਆਂ। ਬੀਤੇ ਦਿਨ ਉਨ੍ਹਾਂ ਨੂੰ ਭਾਜਪਾ ਦਾ ਸੂਬਾ ਮੀਤ ਪ੍ਰਧਾਨ ਬਣਾਉਣ ਤੋਂ ਬਾਅਦ ‘ਜਗ ਬਾਣੀ’ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ।
ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:
ਸਵਾਲ : ਤੁਸੀਂ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ’ਚ ਸੂਬਾ ਮੀਤ ਪ੍ਰਧਾਨ ਵਜੋਂ ਕੰਮ ਕਰ ਰਹੇ ਸੀ ਅਤੇ ਹੁਣ ਭਾਜਪਾ ਨੇ ਵੀ ਤੁਹਾਨੂੰ ਸੂਬਾ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
ਜਵਾਬ : ਮੈਂ ਭਾਜਪਾ ਦੀ ਸਮੁੱਚੀ ਲੀਡਰਸ਼ਿਪ, ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ’ਤੇ ਭਰੋਸਾ ਕਰ ਕੇ ਮੈਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਹੈ ਅਤੇ ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਆਪਣੇ ਆਖਰੀ ਸਾਹ ਤੱਕ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਾਂਗਾ।
ਸਵਾਲ : ਤੁਸੀਂ ਲੰਮਾ ਸਮਾਂ ਕਾਂਗਰਸ ਪਾਰਟੀ ਦੀ ਸੇਵਾ ਕੀਤੀ, ਫਿਰ ਅਚਾਨਕ ਭਾਜਪਾ ’ਚ ਕਿਉਂ ਸ਼ਾਮਲ ਹੋ ਗਏ?
ਜਵਾਬ : ਕਾਂਗਰਸ ਪਾਰਟੀ ਹੁਣ ਆਪਣੇ ਏਜੰਡੇ ਤੋਂ ਭਟਕ ਗਈ ਹੈ। ਮੇਰਾ ਇਕੋ-ਇਕ ਟੀਚਾ ਵਿਕਾਸ ਹੈ ਅਤੇ ਭਾਜਪਾ ਦਾ ਟੀਚਾ ਵੀ ਇਹੀ ਹੈ। ਮੈਂ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਜੀ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਭਾਜਪਾ ’ਚ ਸ਼ਾਮਲ ਹੋਇਆ ਹਾਂ। ਮਾਣਯੋਗ ਪ੍ਰਧਾਨ ਮੰਤਰੀ ਨੇ ਆਪਣੀ ਦੂਰਅੰਦੇਸ਼ੀ ਸੋਚ ਨਾਲ ਜਿਸ ਤਰ੍ਹਾਂ ਭਾਰਤੀ ਅਰਥਚਾਰੇ ਨੂੰ ਉੱਚਾ ਚੁੱਕਿਆ ਹੈ, ਅੱਜ ਅਸੀਂ ਵਿਸ਼ਵ ਅਰਥਵਿਵਸਥਾ ’ਚ ਪੰਜਵੇਂ ਸਥਾਨ ’ਤੇ ਹਾਂ ਅਤੇ 2027 ਤੱਕ ਉਨ੍ਹਾਂ ਦਾ ਟੀਚਾ ਭਾਰਤੀ ਅਰਥਚਾਰੇ ਨੂੰ ਵਿਸ਼ਵ ’ਚ ਤੀਜੇ ਸਥਾਨ ’ਤੇ ਲਿਆਉਣਾ ਹੈ। ਅਮਰੀਕਾ ਦੀ ਕੰਪਨੀ ਸਟੈਲਨ ਮੋਰਗਨ ਨੇ ਇਕ ਸਰਵੇਖਣ ਕੀਤਾ ਜਿਸ ’ਚ ਭਾਰਤ ਦੀ ਅਰਥਵਿਵਸਥਾ ਦੁਨੀਆ ਦੇ ਸਾਰੇ ਦੇਸ਼ਾਂ ਦੀਆਂ ਅਰਥਵਿਵਸਥਾਵਾਂ ’ਚੋਂ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ ਅਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ’ਤੇ ਟਿਕੀਆਂ ਹੋਈਆਂ ਹਨ। ਅਜਿਹੀ ਪਾਰਟੀ ਨਾਲ ਜੁੜ ਕੇ ਮੈਂ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦਾ ਹਾਂ।
ਸਵਾਲ : ਤੁਹਾਡੇ ਮੁਤਾਬਕ ਦੇਸ਼ ਦੀ ਆਰਥਿਕਤਾ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਪਰ ਸੂਬੇ ਦੀ ਆਰਥਿਕਤਾ ਬਾਰੇ ਤੁਸੀਂ ਕੀ ਕਹੋਗੇ?
ਜਵਾਬ : ਪੰਜਾਬ ਦੀ ਆਰਥਿਕ ਹਾਲਤ ਇਸ ਸਮੇਂ ਬਹੁਤ ਮਾੜੀ ਹੈ। ਜਦੋਂ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਜੀ ਮੋਹਾਲੀ ਆਏ ਸਨ ਤਾਂ ਮੈਂ ਉਨ੍ਹਾਂ ਨੂੰ ਮਿਲਿਆ ਸੀ ਅਤੇ ਉਨ੍ਹਾਂ ਨਾਲ ਪੰਜਾਬ ਦੀ ਆਰਥਿਕਤਾ ਨੂੰ ਸੁਧਾਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ। ਉਦਯੋਗਪਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵਧੀਆ ਮਾਹੌਲ ਪ੍ਰਦਾਨ ਕਰ ਕੇ ਹੀ ਸੂਬੇ ਦੀ ਆਰਥਿਕਤਾ ਨੂੰ ਸੁਧਾਰਿਆ ਜਾ ਸਕਦਾ ਹੈ।
ਸਵਾਲ : 2024 ’ਚ ਲੋਕ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਹਨ, ਪੰਜਾਬ ’ਚ ਭਾਜਪਾ ਦਾ ਭਵਿੱਖ ਕੀ ਦੇਖਦੇ ਹੋ?
ਜਵਾਬ : ਲੋਕਾਂ ਨੇ ਕਾਂਗਰਸ ਪਾਰਟੀ ਦੇਖ ਲਈ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਵੀ ਦੇਖ ਲਿਆ ਹੈ ਅਤੇ ਹੁਣ ‘ਆਪ’ ਦੀ ਸਰਕਾਰ ਦੀ ਹਾਲਤ ਵੀ ਸਭ ਦੇ ਸਾਹਮਣੇ ਹੈ। ਪੰਜਾਬ ਦਾ ਵਿਕਾਸ ਭਾਜਪਾ ਹੀ ਕਰਵਾ ਸਕਦੀ ਹੈ, ਜਿਸ ਤਰ੍ਹਾਂ ਮੋਦੀ ਦੀ ਅਗਵਾਈ ਹੇਠ ਭਾਰਤ ਤਰੱਕੀ ਕਰ ਰਿਹਾ ਹੈ, ਉਸੇ ਤਰ੍ਹਾਂ ਭਾਜਪਾ ਹੀ ਪੰਜਾਬ ਦਾ ਸਰਬਪੱਖੀ ਵਿਕਾਸ ਕਰਵਾ ਸਕਦੀ ਹੈ। 2024 ਦੀਆਂ ਲੋਕ ਸਭਾ ਚੋਣਾਂ ’ਚ ਵੀ ਭਾਜਪਾ ਪੰਜਾਬ ’ਚ ਆਪਣਾ ਝੰਡਾ ਲਹਿਰਾਏਗੀ ਅਤੇ ਮੈਨੂੰ ਪੂਰੀ ਉਮੀਦ ਹੈ ਕਿ 2024 ’ਚ ਲੋਕ ਸਭਾ ਚੋਣਾਂ ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਵੀ ਹੋਣਗੀਆਂ ਅਤੇ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ।
ਸਵਾਲ : ਤੁਸੀਂ ਲੋਕ ਸਭਾ ਜਿਮਨੀ ਚੋਣਾਂ ਦੌਰਾਨ ਸੰਗਰੂਰ ’ਚ ਹਵਾਈ ਅੱਡਾ ਲਿਆਉਣ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ, ਭਾਵੇਂ ਤੁਸੀਂ ਚੋਣ ਹਾਰ ਗਏ ਪਰ ਕੇਂਦਰ ’ਚ ਤੁਹਾਡੀ ਸਰਕਾਰ ਹੈ, ਇਸ ਦਿਸ਼ਾ ’ਚ ਕੀ ਕੰਮ ਕੀਤਾ ਜਾ ਰਿਹਾ ਹੈ?
ਜਵਾਬ : ਸੰਗਰੂਰ ’ਚ ਕਾਰਗੋ ਏਅਰਪੋਰਟ ਦੀ ਬਹੁਤ ਲੋੜ ਹੈ ਕਿਉਂਕਿ ਅਸੀਂ ਇੱਥੇ ਬਹੁਤ ਸਾਰੀਆਂ ਸਬਜ਼ੀਆਂ ਪੈਦਾ ਕਰਦੇ ਹਾਂ। ਮੈਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਇਕ ਪੱਤਰ ਲਿਖਿਆ ਸੀ, ਜੋ ਕਿ ਪ੍ਰਧਾਨ ਮੰਤਰੀ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਓ ਸਿੰਧੀਆ ਨੂੰ ਭੇਜਿਆ ਸੀ ਅਤੇ ਉਨ੍ਹਾਂ ਨੂੰ ਇਸ ’ਤੇ ਕੰਮ ਕਰਨ ਲਈ ਕਿਹਾ ਸੀ। ਜਿਸ ’ਤੇ ਮਾਣਯੋਗ ਜੋਤੀਰਾਓ ਸਿੰਧੀਆ ਨੇ ਮੈਨੂੰ ਚਿੱਠੀ ਭੇਜ ਕੇ ਕਿਹਾ ਸੀ ਕਿ ਉਹ ਉਨ੍ਹਾਂ ਦੀ ਮੰਗ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਪਰ ਹਵਾਈ ਅੱਡਾ ਬਣਾਉਣ ਲਈ ਪੰਜਾਬ ਸਰਕਾਰ ਤੋਂ ਮੰਗ ਪੱਤਰ ਜ਼ਰੂਰੀ ਹੈ।
ਸੰਗਰੂਰ ਇਲਾਕੇ ਦੇ ਲੋਕਾਂ ਦਾ ਮੁੱਖ ਮੰਤਰੀ ਮਾਨ ’ਤੇ ਵੀ ਬਹੁਤ ਅਹਿਸਾਨ ਹਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸਾਂਸਦ ਮੈਂਬਰ ਬਣਾਇਆ ਅਤੇ ਵਿਧਾਇਕ ਬਣਾ ਕੇ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਇਆ। ਮੈਂ ਮੁੱਖ ਮੰਤਰੀ ਮਾਨ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਆਪਣੀ ਤਰਫੋਂ ਕੇਂਦਰ ਸਰਕਾਰ ਨੂੰ ਸੰਗਰੂਰ ’ਚ ਹਵਾਈ ਅੱਡਾ ਬਣਾਉਣ ਲਈ ਬੇਨਤੀ ਪੱਤਰ ਭੇਜਣ ਅਤੇ ਇਸ ਲਈ ਮੈਂ ਉਨ੍ਹਾਂ ਦੇ ਨਾਲ ਮਾਣਯੋਗ ਪ੍ਰਧਾਨ ਮੰਤਰੀ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀ ਰਾਓ ਸਿੰਧੀਆ ਕੋਲ ਜਾਣ ਲਈ ਤਿਆਰ ਹਾਂ।
ਸਵਾਲ : ਕੀ ਤੁਸੀਂ 2024 ਦੀਆਂ ਲੋਕ ਸਭਾ ਚੋਣਾਂ ’ਚ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦਾ ਚਿਹਰਾ ਬਣੋਗੇ ਜਾਂ ਸੂਬੇ ਦੀ ਸਿਆਸਤ ’ਚ ਹੀ ਸਰਗਰਮ ਰਹੋਗੇ?
ਜਵਾਬ : ਇਹ ਸਾਰੇ ਫ਼ੈਸਲੇ ਪਾਰਟੀ ਨੇ ਹੀ ਲੈਣੇ ਹਨ, ਪਾਰਟੀ ਜਿੱਥੇ ਵੀ ਮੇਰੀ ਡਿਊਟੀ ਲਾਵੇਗੀ, ਮੈਂ ਤਨਦੇਹੀ ਨਾਲ ਨਿਭਾਵਾਂਗਾ।
ਸਵਾਲ : ਭਾਜਪਾ ਨੂੰ ਆਮ ਤੌਰ ’ਤੇ ਵਪਾਰ ਪੱਖੀ ਪਾਰਟੀ ਮੰਨਿਆ ਜਾਂਦਾ ਹੈ। ਹਿਮਾਚਲ ਤੇ ਹੋਰਨਾਂ ਸੂਬਿਆਂ ਵਾਂਗ ਪੰਜਾਬ ’ਚ ਵੀ ਸਨਅਤ ਨੂੰ ਪ੍ਰਫੁੱਲਿਤ ਕਰਨ ਲਈ ਟੈਕਸ ਮੁਕਤ ਜ਼ੋਨ ਬਣਾਉਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ।
ਜਵਾਬ : ਪੰਜਾਬੀ ਲੋਕ ਬਹੁਤ ਹੀ ਮਿਹਨਤੀ ਤੇ ਈਮਾਨਦਾਰ ਹਨ, ਜਿਨ੍ਹਾਂ ਨੇ ਅਮਰੀਕਾ, ਕੈਨੇਡਾ ਆਦਿ ਦੇਸ਼ਾਂ ’ਚ ਜਾ ਕੇ ਆਪਣੇ ਝੰਡੇ ਗੱਡੇ ਹਨ। ਪੰਜਾਬੀਆਂ ਨੇ ਹੀ ਹਰੀਕ੍ਰਾਂਤੀ ਲਿਆਂਦੀ ਸੀ। ਕਿਸੇ ਸਮੇਂ ਬਾਹਰੋਂ ਕਣਕ ਦੀ ਦਰਾਮਦ ਕਰਨ ਵਾਲੇ ਭਾਰਤ ਨੇ ਪੰਜਾਬ ’ਚ ਹੀ ਅਨਾਜ ਪੱਖੋਂ ਆਤਮ-ਨਿਰਭਰ ਬਣਾ ਲਿਆ ਸੀ। ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਸਾਡੇ ਸਰਹੱਦੀ ਜ਼ਿਲਿਆਂ ਨੂੰ ਇਹ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਸਿਰਫ਼ ਉਦਯੋਗ ਹੀ ਨਹੀਂ ਸਗੋਂ ਖੇਤੀ ਨੂੰ ਵੀ ਸਹੂਲਤਾਂ ਦੇਣ ਦੀ ਲੋੜ ਹੈ।
ਸਵਾਲ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੁਸੀਂ ਹੰਢਿਆਇਆ ’ਚ ਮਲਟੀਸਪੈਸ਼ਲਿਟੀ ਹਸਪਤਾਲ ਦਾ ਪੱਥਰ ਰੱਖਿਆ ਸੀ, ਕੀ ਇਹ ਸਿਰਫ਼ ਨੀਂਹ ਪੱਥਰ ਤੱਕ ਹੀ ਸੀਮਿਤ ਰਹੇਗਾ?
ਜਵਾਬ : ਮੈਂ ਹਮੇਸ਼ਾ ਕੰਮ ਕਰਨ ’ਚ ਵਿਸ਼ਵਾਸ ਰੱਖਦਾ ਹਾਂ। ਹਸਪਤਾਲ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਤਤਕਾਲੀ ਪੰਜਾਬ ਸਰਕਾਰ ਨੇ ਬਰਨਾਲਾ ਹਸਪਤਾਲ ਲਈ ਸਿਹਤ ਨਿਗਮ ਨੂੰ 40 ਕਰੋੜ ਰੁਪਏ ਦਿੱਤੇ ਸਨ। ਸਿਆਸਤ ਤੋਂ ਉਪਰ ਉਠ ਕੇ ਮੈਂ ਮਾਨ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਭਾਵੇਂ ਉਹ ਨੀਂਹ ਪੱਥਰ ਰੱਖ ਲਵੇ ਪਰ ਬਰਨਾਲਾ ਵਾਸੀਆਂ ਲਈ ਹਸਪਤਾਲ ਜ਼ਰੂਰ ਬਣਾਵੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਜਲੰਧਰ: ਰਾਕੇਸ਼ ਰਾਠੌਰ ਸਾਬਿਤ ਹੋਏ ਲੰਬੀ ਪਾਰੀ ਦੇ ਖਿਡਾਰੀ, ਤੀਜੀ ਵਾਰ ਮਿਲੀ ਸੂਬਾ ਉੱਪ ਪ੍ਰਧਾਨ ਦੀ ਜ਼ਿੰਮੇਵਾਰੀ
NEXT STORY