ਮਾਛੀਵਾੜਾ ਸਾਹਿਬ (ਟੱਕਰ)- ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਜਦੋਂ ਉੱਥੇ ਉਨ੍ਹਾਂ ਦੇਖਿਆ ਕਿ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਪੰਜਾਬੀ ਹੀ ਨਹੀਂ ਪੜ੍ਹਣੀ ਆ ਰਹੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦਾ ਭਵਿੱਖ ਧੁੰਦਲਾ ਦੇਖ ਮੇਰਾ ਦਿਲ ਰੋ ਰਿਹਾ ਹੈ ਕਿਉਂਕਿ ਅਧਿਆਪਕ ਸੰਜੀਦਗੀ ਨਾਲ ਪੜ੍ਹਾਈ ਨਹੀਂ ਕਰਵਾ ਰਹੇ। ਸਿੱਖਿਆ ਮੰਤਰੀ ਵੱਲੋਂ ਅੱਜ ਪਹਿਲਾਂ ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਦੇਖਿਆ ਕਿ ਕੁਝ ਕਲਾਸਰੂਮ ਬਹੁਤ ਵਧੀਆ ਹਾਲਤ ਵਿਚ ਬਣੇ ਹੋਏ ਸਨ ਪਰ ਕੁਝ ਥਾਵਾਂ ’ਤੇ ਬੱਚਿਆਂ ਦੀਆਂ ਕਲਾਸਾਂ ਵਿਚ ਰੌਸ਼ਨੀ ਦੀ ਘਾਟ ਅਤੇ ਛੱਤਾਂ ’ਤੇ ਜਾਲ੍ਹੇ ਲੱਗੇ ਹੋਏ ਸਨ। ਉਨ੍ਹਾਂ ਤੁਰੰਤ ਪ੍ਰਿੰਸੀਪਲ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਸਾਫ਼-ਸੁਥਰਾ ਮਾਹੌਲ ਚਾਹੀਦਾ ਹੈ ਅਤੇ ਜੋ ਵੀ ਉਣਤਾਈਆਂ ਹਨ ਉਨ੍ਹਾਂ ਨੂੰ ਜਲਦ ਦੂਰ ਕੀਤਾ ਜਾਵੇ।
ਇੱਥੇ ਕਲਾਸ ਵਿਚ ਜਦੋਂ ਉਨ੍ਹਾਂ ਨੇ ਕੁਝ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਕਿਹਾ ਤਾਂ ਉਨ੍ਹਾਂ ਨੂੰ ਕਿਤਾਬ ’ਚੋਂ ਪੜ੍ਹਨਾ ਨਾ ਆਇਆ ਅਤੇ ਬੱਚਿਆਂ ਨੇ ਦੱਸਿਆ ਕਿ ਉਹ ਇੰਦਰਾ ਕਾਲੋਨੀ ਦੇ 4 ਨੰਬਰ ਸਕੂਲ ’ਚੋਂ ਪੰਜਵੀਂ ਤੱਕ ਪੜ੍ਹ ਕੇ ਆਏ ਹਨ। ਸਿੱਖਿਆ ਮੰਤਰੀ ਨੂੰ ਮਹਿਸੂਸ ਹੋਇਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 4 ਵਿਚ ਹੀ ਕੁਝ ਖਾਮੀਆਂ ਹੋਣਗੀਆਂ ਜਿੱਥੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੰਜਾਬੀ ਨਹੀਂ ਪੜ੍ਹਾਈ ਗਈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੁਰੰਤ ਇੰਦਰਾ ਕਾਲੋਨੀ ਦੇ ਸਕੂਲ ਵਿਚ ਪਹੁੰਚ ਗਏ ਜਿੱਥੇ ਉਨ੍ਹਾਂ ਬੱਚਿਆਂ ਦੀ ਅਧਿਆਪਕ ਬਣ ਕੇ ਕਲਾਸ ਲਗਾਈ ਅਤੇ ਪੰਜਾਬੀ ਪੜ੍ਹਨ ਨੂੰ ਕਿਹਾ।
ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਕਲਾਸ ਵਿਚ ਮੌਜੂਦ ਕੁੱਲ 28 ਬੱਚਿਆਂ ’ਚੋਂ ਕੇਵਲ 8 ਨੂੰ ਪੰਜਾਬੀ ਪੜ੍ਹਨੀ ਆਉਂਦੀ ਸੀ ਜਦਕਿ ਬਾਕੀ ਸਪੱਸ਼ਟ ਤੌਰ ’ਤੇ ਆਪਣੀ ਮਾਂ ਭਾਸ਼ਾ ਪੰਜਾਬੀ ਹੀ ਨਹੀਂ ਪੜ੍ਹ ਸਕੇ। ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸਿੱਖਿਆ ਦਾ ਹਾਲ ਦੇਖ ਕੇ ਸਿੱਖਿਆ ਮੰਤਰੀ ਬੋਲੇ ਕਿ ਅੱਜ ਮੇਰਾ ਦਿਲ ਰੋ ਰਿਹਾ ਹੈ ਕਿ ਸਕੂਲਾਂ ਵਿਚ ਇਨ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਪੰਜਾਬੀ ਹੀ ਨਹੀਂ ਪੜ੍ਹਨੀ ਆਉਂਦੀ ਤਾਂ ਇਹ ਅੱਗੇ ਜਾ ਕੇ ਕਿਵੇਂ ਡਾਕਟਰ, ਇੰਜਨੀਅਰ ਜਾਂ ਦੇਸ਼ ਦਾ ਉੱਜਵਲ ਭਵਿੱਖ ਬਣ ਸਕਣਗੇ। ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਦੀ ਚੰਗੀ ਕਲਾਸ ਲਗਾਈ ਕਿ ਉਹ ਵਧੀਆ ਤਨਖਾਹਾਂ ਲੈ ਰਹੇ ਹਨ ਪਰ ਇਸ ਦੇ ਬਾਵਜ਼ੂਦ ਵੀ ਸੁਚੱਜੇ ਢੰਗ ਨਾਲ ਬੱਚਿਆਂ ਨੂੰ ਸਿੱਖਿਆ ਨਹੀਂ ਦਿੱਤੀ ਜਾ ਰਹੀ ਜੋ ਕਿ ਬਹੁਤ ਮੰਦਭਾਗਾ ਹੈ।
'ਸਾਰੇ ਵਿਦਿਆਰਥੀਆਂ ਦੀ ਰਿਪੋਰਟ ਚੰਗੀ'
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੰਦਰਾ ਕਾਲੋਨੀ ਦੇ ਪ੍ਰਾਇਮਰੀ ਸਕੂਲ ਦੀ ਸਲਾਨਾ ਰਿਪੋਰਟ ਮੰਗਵਾਈ ਤਾਂ ਉਹ ਵੀ ਦੇਖ ਕੇ ਹੈਰਾਨ ਹੋਏ ਕਿ ਉਸ ਵਿਚ ਇਹ ਭੇਜਿਆ ਗਿਆ ਕਿ ਸਾਰੇ ਵਿਦਿਆਰਥੀ ਦੀ ਰਿਪੋਰਟ ਚੰਗੀ ਹੈ ਜਿਨ੍ਹਾਂ ਨੂੰ ਲਿਖਣਾ ਤੇ ਬੋਲਣਾ ਵਧੀਆ ਢੰਗ ਨਾਲ ਆਉਂਦਾ ਹੈ। ਮੰਤਰੀ ਨੇ ਅਧਿਆਪਕਾਂ ਨੂੰ ਝਾੜ ਲਗਾਉਂਦਿਆਂ ਕਿਹਾ ਕਿ ਰਿਪੋਰਟਾਂ ਵਿਚ ਸਭ ਕੁਝ ਠੀਕ ਚੱਲ ਰਿਹਾ ਹੈ ਪਰ ਜਮੀਨੀ ਪੱਧਰ ’ਤੇ ਹਾਲਾਤ ਇਹ ਹਨ ਕਿ ਬੱਚਿਆਂ ਨੂੰ ਸਕੂਲ ਵਿਚ ਪੰਜਾਬੀ ਹੀ ਨਹੀਂ ਪੜ੍ਹਨੀ ਆ ਰਹੀ।
ਬੀ.ਪੀ.ਈ.ਓ. ਸਸਪੈਂਡ, ਤਿੰਨ ਅਧਿਆਪਕਾਂ ਨੂੰ ਨੋਟਿਸ ਜਾਰੀ
ਇੰਦਰਾ ਕਾਲੋਨੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸਿੱਖਿਆ ਦਾ ਮਾੜਾ ਹਾਲ ਦੇਖ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਮਾਛੀਵਾੜਾ ਦੇ ਬੀਪੀਈਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਤਿੰਨ ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣਾ। ਜਦੋਂ ਪੱਤਰਕਾਰਾਂ ਨੇ ਜਦੋਂ ਧਿਆਨ ਵਿਚ ਲਿਆਂਦਾ ਕਿ ਮਾਛੀਵਾੜਾ ਦੇ ਸਰਕਾਰੀ ਸਕੂਲਾਂ ਵਿਚ ਹਾਲਾਤ ਇਹ ਹਨ ਕਿ 1-1 ਅਧਿਆਪਕ ਸੈਂਕੜੇ ਬੱਚੇ ਪੜ੍ਹਾਉਂਦਾ ਹੈ ਤਾਂ ਉਨ੍ਹਾਂ ਕਿਹਾ ਕਿ ਨਵੀਂ ਭਰਤੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮਾਛੀਵਾੜਾ ਇਲਾਕੇ ਦੇ ਸਕੂਲਾਂ ਵਿਚ ਸੁਧਾਰ ਕੀਤਾ ਜਾਵੇਗਾ, ਇਹ ਉਨ੍ਹਾਂ ਦਾ ਵਾਅਦਾ ਹੈ। ਉਨ੍ਹਾਂ ਕਿਹਾ ਕਿ ਮਾਛੀਵਾੜਾ ਬਲਾਕ ’ਚੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇੱਥੇ ਅਧਿਆਪਕਾਂ ਦੀ ਘਾਟ ਹੈ ਅਤੇ ਸਿੱਖਿਆ ਪ੍ਰਬੰਧ ਵੀ ਸੁਚੱਜੇ ਨਹੀਂ ਜਿਸ ਕਾਰਨ ਉਨ੍ਹਾਂ ਵਲੋਂ ਅਚਨਚੇਤ ਦੌਰਾ ਕੀਤਾ ਗਿਆ।
ਅਧਿਆਪਕ ਦੁਹਾਈਆਂ ਪਾਉਂਦੇ ਰਹੇ ਕਿ ਪੋਸਟਾਂ ਖਾਲੀ ਹਨ ਅਸੀਂ ਕਿਵੇਂ ਪੜ੍ਹਾਈਏ
ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ ਵਿਚ ਜਦੋਂ ਸਿੱਖਿਆ ਮੰਤਰੀ ਨੇ ਦੌਰਾ ਕੀਤਾ ਤਾਂ ਉੱਥੇ ਪੱਤਰਕਾਰਾਂ ਨੇ ਧਿਆਨ ਵਿਚ ਲਿਆਂਦਾ ਕਿ 13 ਪੋਸਟਾਂ ਅਧਿਆਪਕਾਂ ਤੇ ਲੈਕਚਰਾਰਾਂ ਦੀਆਂ ਖਾਲੀ ਹਨ। ਇਸ ਤੋਂ ਇਲਾਵਾ ਇੰਦਰਾ ਕਾਲੋਨੀ ਦੇ ਸਰਕਾਰੀ ਸਕੂਲ ਦੇ ਅਧਿਆਪਕ ਵੀ ਕਹਿੰਦੇ ਰਹੇ ਕਿ ਇੱਥੇ 298 ਵਿਦਿਆਰਥੀ ਹਨ ਉਹ ਤਿੰਨ ਅਧਿਆਪਕ ਹਨ। ਇੱਥੇ ਵੀ ਸਟਾਫ਼ ਦੀ ਘਾਟ ਕਾਰਨ ਪੜ੍ਹਾਈ ਦਾ ਕੰਮ ਸੁਚਾਰੂ ਢੰਗ ਨਾਲ ਨਹੀਂ ਚੱਲ ਰਿਹਾ ਪਰ ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕ ਆਪਣੀ ਡਿਊਟੀ ਸਮਝਦੇ ਹੋਏ ਪੜ੍ਹਾਉਣ ਤਾਂ ਸੁਚੱਜੇ ਢੰਗ ਨਾਲ।
ਕਤਲ, ਗੁੰਡਾਗਰਦੀ ਤੇ ਡਰ ਪੈਦਾ ਕਰਕੇ ਭਾਜਪਾ ਸੂਬੇ ’ਚ ਲਿਆਉਣਾ ਚਾਹੁੰਦੀ ਹੈ ਗਵਰਨਰੀ ਰਾਜ : ਬਘੇਲ, ਵੜਿੰਗ, ਬਾਜਵਾ
NEXT STORY