ਨੌਰੰਗਾਬਾਦ/ਖਡੂਰ ਸਾਹਿਬ (ਬਲਵਿੰਦਰ ਕੌਰ, ਪ੍ਰਭਜੀਤ, ਜਸਵਿੰਦਰ, ਰਾਜੂ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਪਾਰਟੀ ਦੀ ਪਿੱਠ 'ਚ ਛੁਰਾ ਮਾਰਦਿਆਂ ਇਸ ਨੂੰ ਵੰਡਣ ਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚੀ ਅਤੇ ਹੁਣ ਅਕਾਲੀ ਦਲ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਲਈ ਬੰਦ ਕਰ ਦਿੱਤੇ ਗਏ ਹਨ।
ਹਲਕਾ ਖਡੂਰ ਸਾਹਿਬ ਵਿਖੇ ਅਕਾਲੀ ਦਲ ਦੀ ਇਕ ਵਰਕਰ ਦੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਸਮੇਤ ਹੋਰ ਮੁੱਠੀ ਭਰ ਲੋਕਾਂ ਨੇ ਕਾਂਗਰਸ ਪਾਰਟੀ ਦੀਆਂ ਹਦਾਇਤਾਂ 'ਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਬਿਆਨਬਾਜ਼ੀ ਕੀਤੀ, ਜਿਨ੍ਹਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਅਸਥਿਰ ਕਰਨਾ, ਵੰਡਣਾ ਅਤੇ ਕਮਜ਼ੋਰ ਕਰਨਾ ਸੀ। ਮੀਟਿੰਗ ਦੌਰਾਨ ਹਾਜ਼ਰ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ 'ਚ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹੇ ਹੋਣ ਦਾ ਐਲਾਨ ਕੀਤਾ।
ਸੁਖਬੀਰ ਨੇ ਕਿਹਾ ਕਿ ਬ੍ਰਹਮਪੁਰਾ ਦੇ ਵਿਸ਼ਵਾਸਘਾਤ ਨਾਲ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਬਾਦਲ ਨੂੰ ਸਭ ਤੋਂ ਜ਼ਿਆਦਾ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅਤੇ ਬਾਦਲ ਨੇ ਸਭ ਤੋਂ ਵੱਧ ਮਾਣ ਬ੍ਰਹਮਪੁਰਾ ਪਰਿਵਾਰ ਨੂੰ ਦਿੱਤਾ। 2012 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਪਾਰਟੀ ਦੀ ਟਿਕਟ ਦੇ ਕੇ ਬਾਦਲ ਨੇ ਬ੍ਰਹਮਪੁਰਾ ਦੇ ਕਰੀਅਰ ਦੀ ਪੁਨਰ ਸੁਰਜੀਤੀ ਕੀਤੀ। 2014 'ਚ ਹੀ ਬ੍ਰਹਮਪੁਰਾ ਨੇ ਖਡੂਰ ਸਾਹਿਬ ਤੋਂ ਆਪਣੇ ਪੁੱਤਰ ਨੂੰ ਪਾਰਟੀ ਦੀ ਟਿਕਟ ਦੇਣ ਲਈ ਸ਼੍ਰੋਮਣੀ ਅਕਾਲੀ ਦਲ 'ਤੇ ਜ਼ੋਰ ਪਾਇਆ। ਬਾਦਲ ਸਾਹਿਬ ਤੋਂ ਬਾਅਦ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਹੋਣ ਦੇ ਬਾਵਜੂਦ ਉਸ ਨੇ ਪਾਰਟੀ ਹਿੱਤਾਂ ਦੇ ਉਲਟ ਕਾਂਗਰਸ ਦੇ ਹੱਥਾਂ 'ਚ ਖੇਡਣ ਨੂੰ ਪਹਿਲ ਦਿੱਤੀ। ਇਹੀ ਵਜ੍ਹਾ ਹੈ ਕਿ ਬਾਦਲ ਸਾਹਿਬ ਨੇ ਅਖੀਰ ਫ਼ੈਸਲਾ ਕੀਤਾ ਕਿ ਪਾਰਟੀ ਨੂੰ ਧੋਖਾ ਦੇਣ ਵਾਲੇ ਬ੍ਰਹਮਪੁਰਾ ਨੂੰ ਪਾਰਟੀ 'ਚ ਰਹਿਣ ਦਾ ਕੋਈ ਹੱਕ ਨਹੀਂ ਹੈ। ਪਾਰਟੀ ਅਨੁਸ਼ਾਸਨ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ, ਇਸ ਲਈ ਬ੍ਰਹਮਪੁਰਾ ਤੇ ਉਸ ਦੇ ਸਾਥੀਆਂ ਨੂੰ ਪਾਰਟੀ ਵਿਚ ਮੁੜ ਨਹੀਂ ਲਿਆ ਜਾਵੇਗਾ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਤਿਆਰ ਹੋ ਜਾਣ ਦੀ ਅਪੀਲ ਕੀਤੀ।
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਮੌਕਾਪ੍ਰਸਤ ਤੱਤਾਂ ਨੂੰ ਰੱਦ ਕੀਤਾ ਹੈ। ਪਾਰਟੀ ਵੱਡੀ ਹੈ ਅਤੇ ਕੋਈ ਵੀ ਵਿਅਕਤੀ ਪਾਰਟੀ ਬਿਨਾਂ ਜ਼ੀਰੋ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪਾਰਟੀ ਨੂੰ ਕਮਜ਼ੋਰ ਕਰਨ ਵਾਲਾ ਅੱਜ ਤੱਕ ਬਿਆਸ ਨਹੀਂ ਟੱਪਿਆ। ਕਿਸਾਨ ਕਰਜ਼ਾ ਮੁਆਫੀ, ਘਰ-ਘਰ ਨੌਕਰੀ, ਦਲਿਤ ਵਰਗ ਨਾਲ ਧੋਖਾ ਆਦਿ ਲਈ ਉਨ੍ਹਾਂ ਕਾਂਗਰਸ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਨੂੰ ਫਾਇਦਾ ਪਹੁੰਚਾਉਣ 'ਚ ਲੱਗੇ 'ਆਪ', ਪਾਪ ਅਤੇ ਅਖੌਤੀ ਟਕਸਾਲੀਆਂ ਤੋਂ ਸੁਚੇਤ ਰਹਿਣ ਦੀ ਲੋਕਾਂ ਨੂੰ ਅਪੀਲ ਕੀਤੀ।
ਇਸ ਮੌਕੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਵਿਰਸਾ ਸਿੰਘ ਵਲਟੋਹਾ, ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਤਰਨਤਾਰਨ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਲਵਿੰਦਰਪਾਲ ਸਿੰਘ ਪੱਖੋਕੇ, ਸੀ. ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ, ਜਥੇ. ਦਲਬੀਰ ਸਿੰਘ ਜਹਾਂਗੀਰ, ਕੁਲਦੀਪ ਸਿੰਘ ਔਲਖ ਗੋਇੰਦਵਾਲ (ਦੋਵੇਂ ਵਰਕਿੰਗ ਕਮੇਟੀ ਮੈਂਬਰ), ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ, ਮਾਝਾ ਪ੍ਰਧਾਨ ਐੱਸ. ਸੀ. ਵਿੰਗ ਪ੍ਰਗਟ ਸਿੰਘ ਬਨਵਾਲੀਪੁਰ ਆਦਿ ਸੀਨੀ. ਆਗੂਆਂ ਵਲੋਂ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਸਨਮਾਨਤ ਕੀਤਾ ਗਿਆ।
ਮਾਛੀਵਾੜਾ 'ਚ ਵਾਪਰਿਆ ਦਰਦਨਾਕ ਹਾਦਸਾ, ਇਕ ਔਰਤ ਦੀ ਮੌਤ, 14 ਜ਼ਖਮੀਂ
NEXT STORY