ਖਾਲੜਾ/ਭਿੱਖੀਵਿੰਡ (ਭਾਟੀਆ)-ਪਿੰਡ ਚੱਕ ਮੁਗਲ ਦੇ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ਨੂੰ ਥਾਣਾ ਖਾਲੜਾ ਗੇਟ ਦੇ ਅੱਗੇ ਪਿੰਡ ਦੇ ਕੁੱਝ ਵਿਅਕਤੀਆਂ ਵਲੋਂ ਹਮਲਾ ਕਰਕੇ ਜ਼ਖਮੀ ਕਰ ਦੇਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਰਸਿੰਘ ਹਸਪਤਾਲ ਵਿਖੇ ਦਾਖਲ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਘਰ ਨੇੜੇ ਰਹਿੰਦੇ ਸੁਖਵੰਤ ਸਿੰਘ ਸਾਬਕਾ ਫੌਜੀ ਨਾਲ ਗਲੀ 'ਚ ਬਣਾ ਰਹੇ ਰੈਂਪ ਨੂੰ ਲੈ ਕੇ ਕਹਾ ਸੁਣੀ ਹੋਈ ਸੀ, ਜਿਸ ਤੋਂ ਬਾਅਦ ਉਸਦੇ ਭਤੀਜੇ ਨੇ ਮੇਰੇ 'ਤੇ ਚਾਕੂ ਨਾਲ ਹਮਲਾ ਕੀਤਾ, ਜਿਸ ਸਬੰਧੀ ਮੈਂ ਥਾਣਾ ਖਾਲੜਾ ਵਿਖੇ ਦਰਖਾਸਤ ਦੇਣ ਆਇਆ ਸੀ ਪਰ ਜਦੋਂ ਮੈਂ ਦਰਖਾਸਤ ਦੇ ਕੇ ਥਾਣੇ ਦੇ ਗੇਟ ਅੱਗੇ ਖੜ੍ਹਾ ਸੀ ਤਾਂ ਮੇਰੇ ਪਿੰਡ ਦੇ ਦੋ ਗੱਡੀਆਂ 'ਤੇ ਸਵਾਰ ਹੋਏ ਆਏ ਮਰਦ-ਔਰਤਾਂ ਨੇ ਮੇਰੇ 'ਤੇ ਦੁਬਾਰਾ ਹਮਲਾ ਕਰ ਦਿੱਤਾ। ਉਨ੍ਹਾਂ ਵਲੋਂ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਮੈਨੂੰ ਜ਼ਖ਼ਮੀ ਕਰ ਦਿੱਤਾ ਗਿਆ। ਮੇਰੇ ਵਲੋਂ ਬਚਾਓ ਦਾ ਰੌਲਾ ਪਾਉਣ 'ਤੇ ਕੋਲ ਖੜ੍ਹੇ ਪੁਲਸ ਮੁਲਾਜ਼ਮ ਅਤੇ ਥਾਣਾ ਮੁਖੀ ਹਰਪ੍ਰੀਤ ਸਿੰਘ ਵਲੋਂ ਮੈਨੂੰ ਤਾਂ ਸੰਭਾਲ ਲਿਆ ਪਰ ਉਹ ਵਿਅਕਤੀ ਮੈਨੂੰ ਸੱਟਾਂ ਮਾਰਨ ਤੋਂ ਬਾਅਦ ਮੌਕੇ ਤੋਂ ਦੌੜ ਗਏ। ਉਸਨੇ ਕਿਹਾ ਕਿ ਪੁਲਸ ਦੇ ਸਾਹਮਣੇ ਮੇਰੇ ਸੱਟਾਂ ਮਾਰੀਆਂ ਗਈਆਂ ਹਨ ਜਦਕਿ ਸੱਟਾਂ ਲਾਉਣ ਵਾਲੇ ਸ਼ਰੇਆਮ ਸੱਟਾਂ ਲਾ ਕੇ ਪੁਲਸ ਸਾਹਮਣੇ ਆਰਾਮ ਨਾਲ ਚਲੇ ਗਏ ਪਰ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ਸਬੰਧੀ ਜਦੋਂ ਦੂਜੀ ਧਿਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਸ ਸਬੰਧੀ ਸੁਰਸਿੰਘ ਹਸਪਤਾਲ ਦੇ ਡਾਕਟਰ ਕਮਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਖ਼ਮੀ ਹਾਲਤ 'ਚ ਪੁੱਜੇ ਗੁਰਪ੍ਰੀਤ ਸਿੰਘ ਨੂੰ ਦਾਖਲ ਕਰ ਲਿਆ ਗਿਆ ਹੈ। ਮੈਡੀਕਲ ਇਲਾਜ ਤੋਂ ਬਾਅਦ ਇਸ ਕੇਸ ਨਾਲ ਸਬੰਧਿਤ ਮੈਡੀਕਲ ਰਿਪੋਰਟ ਥਾਣੇ 'ਚ ਭੇਜ ਦਿੱਤੀ ਜਾਵੇਗੀ।
ਕੀ ਕਹਿੰਦੇ ਹਨ ਡੀ. ਐੱਸ. ਪੀ. ਭਿੱਖੀਵਿੰਡ
ਇਸ ਸਬੰਧੀ ਜਦੋਂ ਡੀ. ਐੱਸ. ਪੀ. ਭਿੱਖੀਵਿੰਡ ਰਾਜਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਥਾਣੇ ਅੱਗੇ ਹੋਈ ਘਟਨਾ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਹ ਘਟਨਾ ਥਾਣੇ ਤੋਂ ਬਾਹਰਵਾਰ ਵਾਪਰੀ ਹੈ।
ਮ੍ਰਿਤਕ ਜਗਮੇਲ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਜਾਰੀ
NEXT STORY