ਅੰਮ੍ਰਿਤਸਰ: ਖ਼ਾਲਸਾ ਏਡ ਇੰਡੀਆ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਨਾਲ ਹੀ ਖ਼ਾਲਸਾ ਏਡ ਇੰਡੀਆ ਓਪਰੇਸ਼ਨ ਮੈਨੇਜਰ ਗੁਰਵਿੰਦਰ ਸਿੰਘ ਨੇ ਵੀ ਅਸਤੀਫ਼ਾ ਦਿੱਤਾ ਹੈ। ਦਵਿੰਦਰਜੀਤ ਸਿੰਘ ਨੇ ਇਸ ਅਸਤੀਫੇ ਦੇ ਕਾਰਨ ਖ਼ਾਲਸਾ ਏਡ ਸੰਸਥਾ ਅੰਦਰ ਚੰਗੀ ਮੈਨੇਜਮੈਂਟ ਦੀ ਕਮੀ, ਪਾਰਦਰਸ਼ਤਾ ਦੀ ਘਾਟ ਅਤੇ ਯੂ.ਕੇ. ਮੈਨੇਜਮੈਂਟ ਦੀ ਲੋੜ ਤੋਂ ਜ਼ਿਆਦਾ ਦਖਲਅੰਦਾਜ਼ੀ ਨੂੰ ਦੱਸਿਆ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਹੋਈ ਪ੍ਰੈਸ ਕਾਨਫਰੰਸ ਵਿਚ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਉਹ ਖਾਲਸਾ ਏਡ ਵਿਚ ਪੂਰੀ ਤਨਦੇਹੀ ਨਾਲ ਸੇਵਾ ਨਿਭਾਅ ਰਹੇ ਸਨ, ਪਰ ਖਾਲਸਾ ਏਡ ਸੰਸਥਾ ਅੰਦਰ ਇਸ ਸਮੇਂ ਬਣੇ ਮਾੜੇ ਹਾਲਾਤਾਂ ਨੇ ਉਨ੍ਹਾਂ ਨੂੰ ਅੱਗੇ ਹੋਰ ਸੇਵਾ ਕਰਨ ਦੇ ਯੋਗ ਨਹੀਂ ਛੱਡਿਆ। ਉਨ੍ਹਾਂ ਨੇ ਦੱਸਿਆ ਕਿ 2023 ਵਿਚ ਪਿਛਲੀ ਟੀਮ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਨੇ ਦੋ ਸਾਲ ਪਹਿਲਾਂ ਓਪਰੇਸ਼ਨ ਲੀਡ ਵਜੋਂ ਕਾਰਜਭਾਰ ਸੰਭਾਲੇ ਸਨ।
ਇਹ ਖ਼ਬਰ ਵੀ ਪੜ੍ਹੋ - ਸੰਤ ਸੀਚੇਵਾਲ ਨੇ CM ਮਾਨ ਤੇ ਰਾਜਪਾਲ ਨੂੰ ਕੀਤੀ ਅਫ਼ਸਰਾਂ ਦੀ ਸ਼ਿਕਾਇਤ, Live ਹੋ ਕੇ ਆਖ਼'ਤੀਆਂ ਵੱਡੀਆਂ ਗੱਲਾਂ
ਦਵਿੰਦਰਜੀਤ ਸਿੰਘ ਨੇ 2025 ਹੜ੍ਹ ਰਾਹਤ ਸੇਵਾਵਾਂ ਦੌਰਾਨ ਖਾਲਸਾ ਏਡ ਦੇ ਪ੍ਰਦਰਸ਼ਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕਈ ਚੀਜ਼ਾਂ ਮੈਨੇਜਮੈਂਟ ਦੇ ਕਮਜ਼ੋਰ ਹੋਣ ਕਰਕੇ ਅਤੇ ਯੂ.ਕੇ. ਹੈੱਡਕਵਾਰਟਰ ਤੋਂ ਬਹੁਤ ਜ਼ਿਆਦਾ ਕੰਟਰੋਲ ਕਰਨ ਦੇ ਕਾਰਨ ਲੋੜਵੰਦਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ ਕਈ ਬਹੁਤ ਹੀ ਜ਼ਿਆਦਾ ਪ੍ਰਮੁੱਖ ਅਤੇ ਅਹਿਮ ਫੈਸਲਿਆਂ ਵਿਚ ਦੇਰੀ, ਫੀਲਡ ਆਪ੍ਰੇਸ਼ਨਾਂ ਵਿਚ ਰੁਕਾਵਟਾਂ ਪਾਉਣਾ, ਲੋੜਵੰਦਾਂ ਦੀ ਸੇਵਾ ਲਈ ਖਰੀਦੇ ਜਾਣ ਵਾਲੇ ਸਾਮਾਨ ਦੇ ਸਪਲਾਇਰਾਂ ਅਤੇ ਸੇਵਾ ਕਰ ਰਹੇ ਵਲੰਟੀਅਰਾਂ ਦੀਆਂ ਪੇਮੈਂਟਾਂ ਨੂੰ ਵਾਰ-ਵਾਰ ਰੋਕਿਆ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਖ਼ਾਲਸਾ ਏਡ ਮੁਖੀ ਅਤੇ ਸੀ.ਈ.ਓ ਰਵੀ ਸਿੰਘ ਨੇ ਪੰਜਾਬ ਵਿਚ ਚੱਲ ਰਹੇ ਫੀਲਡ ਆਪ੍ਰੇਸ਼ਨਾਂ ਵਿਚ ਬਹੁਤ ਦਖ਼ਲਅੰਦਾਜ਼ੀ ਕਰਦਿਆਂ ਇੰਡੀਆ ਟੀਮ ਦੇ ਅਧਿਕਾਰ ਖੋਹੇ ਅਤੇ ਚੱਲ ਰਹੇ ਸੇਵਾ ਕਾਰਜਾਂ ਵਿਚ ਅੜਿੱਕਾ ਪਾਇਆ। ਖਾਲਸਾ ਏਡ ਵਿਚ ਕੋਈ ਵੀ ਮੈਨੇਜਮੈਂਟ ਅਤੇ ਪਾਰਦਰਸ਼ਤਾ ਨਹੀਂ ਹੈ, ਸੰਸਥਾ ਦੇ ਤਮਾਮ ਫ਼ੈਸਲੇ ਹਜ਼ਾਰਾਂ ਮੀਲ ਦੂਰ ਬੈਠਾ ਇਕ ਅਜਿਹਾ ਇਨਸਾਨ ਇੰਡੀਆ ਟੀਮ 'ਤੇ ਥੋਪ ਰਿਹਾ ਹੈ, ਜਿਸ ਨੂੰ ਜ਼ਮੀਨੀ ਹਕੀਕਤ ਬਾਰੇ ਕੁਝ ਵੀ ਗਿਆਨ ਨਹੀਂ ਹੈ।
ਮੈਨੇਜਮੈਂਟ 'ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਖ਼ਾਲਸਾ ਏਡ ਇੰਡੀਆ ਦੇ ਸਮੁੱਚੇ ਫੈਸਲਿਆਂ ਲਈ ਇੱਥੋਂ ਦੇ ਬੋਰਡ ਮੈਂਬਰ ਪੂਰੀ ਤਰ੍ਹਾਂ ਜਿੰਮੇਵਾਰ ਹਨ, ਪਰ ਖ਼ਾਲਸਾ ਏਡ ਇੰਡੀਆ ਚੈਰੀਟੇਬਲ ਟ੍ਰਸਟ ਦੇ ਮੌਜੂਦਾ 5 ਟਰੱਸਟੀਆਂ ਵਿਚੋਂ ਕੇਵਲ 2 ਟ੍ਰਸਟੀ ਹੀ ਭਾਰਤ ਦੇ ਹਨ ਅਤੇ ਕੇਵਲ 1 ਟ੍ਰਸਟੀ ਜ਼ਮੀਨੀ ਆਪ੍ਰੇਸ਼ਨਾਂ ਵਿਚ ਸ਼ਾਮਲ ਹੁੰਦਾ ਰਿਹਾ ਹੈ। ਬਾਕੀ ਦੇ ਸਾਰੇ ਟ੍ਰਸਟੀ ਨਾ ਹੀ ਸੰਸਥਾ ਦੇ ਵਿੱਤੀ ਮਾਮਲਿਆਂ ਵਿਚ ਅਤੇ ਨਾ ਹੀ ਸੰਚਾਲਨ ਦੇ ਫੈਸਲਿਆਂ ਵਿਚ ਕਦੇ ਸ਼ਾਮਲ ਹੋਏ। ਜਿਸ ਕਾਰਨ ਸੰਸਥਾ ਦਾ ਅੰਦਰੂਨੀ ਢਾਂਚਾ ਬੁਰੀ ਤਰ੍ਹਾਂ ਵਿਗੜ ਗਿਆ ਅਤੇ ਇਕ ਵਿਅਕਤੀ ਵਿਸ਼ੇਸ਼ ਦਾ ਕੰਟਰੋਲ ਹੋ ਗਿਆ। ਉਨ੍ਹਾਂ ਕਿਹਾ ਕਿ ਯੂ.ਕੇ. ਬੈਠੇ ਰਵੀ ਸਿੰਘ ਦੀ ਹੱਦੋਂ ਜ਼ਿਆਦਾ ਮਾਈਕਰੋ ਮੈਨੇਜਮੈਂਟ ਕਰਨ ਦੀ ਆਦਤ ਨੇ ਪੰਜਾਬ ਹੜ੍ਹਾਂ ਵਿਚ ਚੱਲ ਰਹੀ ਸੇਵਾ ਕਾਰਜਾਂ ਵਿਚ ਬਹੁਤ ਵੱਡਾ ਅੜਿੱਕਾ ਪਾਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਹਰ ਇਕ ਹਰਕਤ 'ਤੇ ਉਹ ਬਹੁਤ ਡੂੰਘਾਈ ਨਾਲ ਨਿਗ੍ਹਾ ਰੱਖਦੇ ਸੀ, ਪਰ ਉਨ੍ਹਾਂ ਦੇ ਆਪਣੀ ਦੇਖ-ਰੇਖ ਵਾਲੀ ਸਾਡੇ ਤੋਂ ਪੁਰਾਣੀ ਟੀਮ ਦੁਆਰਾ ਸੰਗਤ ਦੇ ਦਸਵੰਧ ਦੀ ਕੀਤੀ ਦੁਰਵਰਤੋਂ (ਜਿਸ ਦੇ ਸਬੂਤ ਮੌਜੂਦ ਨੇ) ਬਾਰੇ ਅਜੇ ਤਕ ਨਹੀਂ ਕੁਝ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਇਹ ਦੋਹਰਾ ਮਾਪਦੰਡ ਇਸ ਕਰਕੇ ਹੈ ਕਿਉਂਕਿ ਰਵੀ ਸਿੰਘ ਖੁਦ ਨੂੰ ਦੁਨੀਆਂ ਸਾਹਮਣੇ ਚੰਗਾ ਪੇਸ਼ ਕਰਕੇ ਆਪਣਾ ਬਚਾਅ ਕਰਨ, ਦਸਵੰਧ ਦੇ ਰਹੀ ਸੰਗਤ ਅਤੇ ਟਰੱਸਟੀਆਂ ਦੀ ਪੁੱਛਗਿੱਛ ਤੋਂ ਬਚਣ ਵਿਚ ਮਾਹਿਰ ਹਨ।
ਆਪਣੇ ਕਾਰਜਕਾਲ ਦੌਰਾਨ ਹੋਏ ਸੇਵਾ ਕਾਰਜਾਂ ਨੂੰ ਗਿਣਵਾਉਂਦੀਆਂ ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਦਾਨ ਹੋਈ ਜ਼ਮੀਨ 'ਤੇ ਹੈਲਥ ਸੈਂਟਰ ਬਣਾਇਆ ਜਾਣਾ ਸੀ, ਪਰ ਪੁਰਾਣੀ ਟੀਮ ਅਤੇ ਰਵੀ ਸਿੰਘ ਦੀ ਮਾੜੀ ਮੈਨੇਜਮੈਂਟ ਦੇ ਸਦਕਾ ਕਈ ਸਾਲਾਂ ਦਾ ਰੁਕਿਆ ਕੰਮ ਉਨ੍ਹਾਂ ਨੇ ਕੁਝ ਹੀ ਮਹੀਨਿਆਂ ਵਿਚ ਸੰਪੂਰਨ ਕੀਤਾ ਅਤੇ ਜਿੱਥੇ ਹੁਣ ਸੈਂਕੜੇ ਲੋੜਵੰਦ ਲੋਕ ਇਸ ਸੇਵਾ ਦਾ ਲਾਹਾ ਲੈ ਰਹੇ ਹਨ। ਦਵਿੰਦਰਜੀਤ ਸਿੰਘ ਨੇ ਖਾਲਸਾ ਏਡ ਦੀ ਵਿੱਤੀ ਪਾਰਦਰਸ਼ਤਾ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਾਲ 2019 ਹੜ੍ਹ ਰਾਹਤ ਕਾਰਜਾਂ ਦੀ ਰਿਪੋਰਟ ਕਿਉਂ ਨਹੀਂ ਜਾਰੀ ਕੀਤੀ ਗਈ? ਪਹਿਲੇ ਫੇਜ਼ ਦੇ ਸੇਵਾ ਕਾਰਜਾਂ ਵਿਚ ਖਾਲਸਾ ਏਡ ਯੂ.ਕੇ., ਅਮਰੀਕਾ ਅਤੇ ਕੈਨੇਡਾ ਦੇ ਚੈਪਟਰਾਂ ਵੱਲੋਂ ਸਾਂਝਾ ਪੈਸਾ ਲਾਇਆ ਗਿਆ ਸੀ। ਅਮਰਪ੍ਰੀਤ ਦੀ ਟੀਮ ਨੇ 24 ਹਜ਼ਾਰ ਬੈਗ ਡੀ.ਏ.ਪੀ ਖਾਦ ਦੇ ਖਰੀਦੇ, ਪਰ ਕੇਵਲ 7 ਹਜ਼ਾਰ ਥੈਲੇ ਹੀ ਕਿਸਾਨਾਂ ਵਿਚ ਵੰਡੇ ਗਏ। ਉਨ੍ਹਾਂ ਨੇ ਲੱਖਾਂ ਅਮਰੀਕੀ ਡਾਲਰ ਖਰਚ ਕਰਕੇ 2 ਹਜ਼ਾਰ ਵਾਟਰ ਪਿਊਰੀਫਾਇਰ ਫਿਲਟਰ ਵੀ ਖਰੀਦੇ, ਜੋ ਅੱਜ ਤਕ ਕਿਸੇ ਨੂੰ ਵੀ ਨਹੀਂ ਵੰਡੇ ਅਤੇ ਅੱਜ ਵੀ ਪਟਿਆਲਾ ਦਫ਼ਤਰ ਦੇ ਗੋਦਾਮ ਵਿਚ ਪਏ ਸੜ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੇ ਇਹ ਬਹੁਤੇ ਵਿਗਾੜੇ ਪ੍ਰੋਾਜੈਕਟਾਂ ਵਿਚੋਂ ਸਿਰਫ ਦੋ ਹੀ ਉਦਾਹਰਨਾਂ ਦੱਸੀਆਂ ਨੇ, ਹੋਰ ਵੀ ਬਹੁਤ ਘਪਲੇ ਹਨ ਜੋ ਸੰਗਤ ਦੇ ਦਸਵੰਧ ਦੀ ਦੁਰਵਰਤੋਂ ਦੇ ਸਬੂਤ ਹਨ। ਉਨ੍ਹਾਂ ਕਿਹਾ ਕਿ ਖਾਲਸਾ ਏਡ ਅਮਰੀਕਾ ਦੇ ਚੈਪਟਰ ਨੇ ਕਿਉਂ ਨਹੀਂ ਅਜੇ ਤਕ ਇਸ ਬਾਰੇ ਕੋਈ ਸਵਾਲ ਖੜ੍ਹਾ ਕੀਤਾ ਅਤੇ ਸੰਗਤ ਨੂੰ ਇਸ ਬਾਰੇ ਕਿਉਂ ਨਹੀਂ ਦੱਸਿਆ ਗਿਆ?
ਉਨ੍ਹਾਂ ਕਿਹਾ ਕਿ ਰਵੀ ਸਿੰਘ ਨੇ ਖੁਦ ਸੋਸ਼ਲ ਮੀਡੀਆ 'ਤੇ ਪਾਈਆਂ ਕਿੰਨੀਆਂ ਹੀ ਵੀਡੀਓਜ਼ ਵਿਚ ਕਿਹਾ ਹੈ ਕਿ ਸਾਲ 2019 ਹੜ੍ਹਾਂ ਵਿਚ 2.4 ਮਿਲੀਆਂ ਪੌਂਡ ਇੱਕਠੇ ਹੋਏ ਸਨ, ਪਰ ਹਾਲੇ ਤਕ ਉਨ੍ਹਾਂ ਪੈਸਿਆਂ ਦਾ ਵੀ ਕੋਈ ਹਿਸਾਬ ਨਹੀਂ ਦਿੱਤਾ ਗਿਆ ਕਿ ਉਹ ਦਸਵੰਧ ਕਿਹੜੇ-ਕਿਹੜੇ ਪ੍ਰਾਜੈਕਟ 'ਤੇ ਵਰਤਿਆ ਗਿਆ ਹੈ। ਸਾਲ 2025 ਦੇ ਹੜ੍ਹ ਰਾਹਤ ਸੇਵਾਵਾਂ ਬਾਰੇ ਬੋਲਦੇ ਕਿਹਾ ਕਿ ਖਾਲਸਾ ਏਡ ਅਤੇ ਇਸ ਦੇ ਬਾਕੀ ਦੇ ਬਾਹਰਲੇ ਚੈਪਟਰਾਂ ਨੇ, ਜਿਵੇਂ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਨੇ ਕਿਉਂ ਹੁਣ ਤਕ ਇਕੱਠਾ ਹੋਇਆ ਦਸਵੰਧ ਦਾ ਸੰਗਤ ਨੂੰ ਹਿਸਾਬ ਨਹੀਂ ਦਿੱਤਾ? ਉਨ੍ਹਾਂ ਕਿਹਾ ਕਿ ਇਸ ਬਾਰੇ ਰਵੀ ਸਿੰਘ ਅਤੇ ਖਾਲਸਾ ਏਡ ਦੇ ਟਰੱਸਟੀਆਂ ਦੀ ਇਹ ਚੁੱਪ ਵੱਡੇ ਸ਼ੱਕ ਖੜ੍ਹੇ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਹੁਣ ਕੀਤੀ ਇਹ 'ਗ਼ਲਤੀ' ਤਾਂ ਕੱਟਿਆ ਜਾਵੇਗਾ 25 ਹਜ਼ਾਰ ਰੁਪਏ ਦਾ ਚਾਲਾਨ, FIR ਵੀ ਹੋਵੇਗੀ ਦਰਜ
ਉਨ੍ਹਾਂ ਕਿਹਾ ਕਿ ਖਾਲਸਾ ਏਡ ਇੰਡੀਆ ਦਾ ਮੁੱਖ ਬੈਂਕ ਖਾਤਾ ਪਿਛਲੇ ਦੋ ਸਾਲਾਂ ਤੋਂ ਬੰਦ ਪਿਆ ਹੈ ਅਤੇ ਇਸ ਨੂੰ ਚਾਲੂ ਕਰਨ ਲਈ ਯੂ.ਕੇ. ਅਤੇ ਇੰਡੀਆ ਦੇ ਟਰੱਸਟੀਆਂ ਨੇ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ। ਉਲਟਾ ਪੰਜਾਬ ਵਿਚ ਆਮ ਲੋਕਾਂ ਲਈ ਚੱਲ ਰਹੇ ਮੈਡੀਕਲ ਅਤੇ ਸਿਖਿਆ ਪ੍ਰਾਜੈਕਟਾਂ 'ਤੇ ਵੀ ਰਵੀ ਸਿੰਘ ਵੱਲੋਂ ਪਾਬੰਦੀ ਲਗਾ ਦਿਤੀ ਗਈ। ਜਿਸ ਵਿਚ ਲੱਖਾਂ ਲੋੜਵੰਦ ਮਹਿੰਗੇ ਇਲਾਜ ਤੋਂ ਛੁਟਕਾਰਾ ਪਾ ਕੇ ਮੁਫ਼ਤ ਇਲਾਜ ਅਤੇ ਲੋੜਵੰਦ ਘਰਾਂ ਦੇ ਬੱਚੇ ਉੱਚ ਪੱਧਰ ਦੀ ਸਿਖਿਆ ਮੁਫ਼ਤ ਲੈ ਰਹੇ ਸੀ।
ਦਵਿੰਦਰਜੀਤ ਸਿੰਘ ਨੇ ਪੁਰਾਣੀ ਟੀਮ ਮੁਖੀ ਅਮਰਪ੍ਰੀਤ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਸ ਵੱਲੋਂ 2019 ਹੜ੍ਹਾਂ ਤੋਂ ਬਾਅਦ ਮੁੜ ਵਸੇਬਾ ਕਾਰਜਾਂ ਅੰਦਰ ਰੋਪੜ ਦੇ ਖੈਰਾਬਾਦ ਵਿਚ ਬਣਾਏ ਘਰਾਂ ਲਈ ਬੇਹੱਦ ਘਟੀਆ ਕੁਆਲਟੀ ਦੇ ਸਮਾਨ ਦੀ ਵਰਤੋਂ ਕੀਤੀ ਗਈ,ਜਿਸ ਕਾਰਣ ਉੱਥੇ ਵਸਣ ਵਾਲੇ ਲੋਕਾਂ ਦੀ ਜ਼ਿੰਦਗੀਆਂ ਦੀ ਪਰਵਾਹ ਕਰਦਿਆਂ ਇਨਕੁਆਇਰੀ ਹੋਈ ਅਤੇ ਬਾਅਦ ਵਿਚ ਉਨ੍ਹਾਂ ਦੀ ਆਪਣੀ ਟੀਮ ਵੱਲੋਂ ਘਰਾਂ ਨੂੰ ਰਹਿਣਯੋਗ ਬਣਾਇਆ ਗਿਆ।
ਅਖ਼ੀਰ ਵਿਚ ਦਵਿੰਦਰਜੀਤ ਸਿੰਘ ਨੇ ਸਿੱਖਾਂ ਦੀ ਏਨੀ ਵੱਡੀ ਸੰਸਥਾ ਖਾਲਸਾ ਏਡ ਬਾਰੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਖਾਲਸਾ ਏਡ ਲੋਕ ਭਲਾਈ ਦੇ ਨਾਂ 'ਤੇ ਮਾੜੀ ਮੈਨੇਜਮੈਂਟ, ਪਾਰਦਰਸ਼ਤਾ ਅਤੇ ਇਕ ਵਿਅਕਤੀ ਵਿਸ਼ੇਸ਼ ਦੀ ਨਿੱਜੀ ਸਖਸ਼ੀਅਤ ਨੂੰ ਉਭਾਰਨ ਜਿਹੇ ਝੂਠੇ ਪ੍ਰਚਾਰ ਵਿੱਚ ਫਸ ਚੁੱਕੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਰਵੀ ਸਿੰਘ ਤੋਂ ਸਵਾਲ ਕਰਨ ਕਿ ਸੰਗਤ ਵੱਲੋਂ ਦਿੱਤਾ ਗਿਆ ਕਰੋੜਾਂ ਰੁਪਏ ਦਾ ਦਸਵੰਧ ਕਿੱਥੇ ਅਤੇ ਕਿਵੇਂ ਖਰਚਿਆ ਜਾ ਰਿਹਾ ਹੈ। ਜੇਕਰ ਸਮਾਂ ਰਹਿੰਦੀਆਂ ਸੰਗਤ ਦੁਆਰਾ ਇਹ ਸਵਾਲ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਖਾਲਸਾ ਏਡ ਜਿਹੀਆਂ ਸੰਸਥਾਵਾਂ (ਜੋ ਨਿਰੋਲ ਸੰਗਤ ਦੇ ਦਸਵੰਧ ਨਾਲ ਚਲਦੀਆਂ ਹਨ) ਉਨ੍ਹਾਂ ਹੱਥਾਂ ਵਿਚ ਚਲੇ ਜਾਣਗੀਆਂ, ਜੋ ਆਪਣੀ ਮਨਮਰਜ਼ੀ ਨਾਲ ਪੈਸੇ ਦੀ ਦੁਰਵਰਤੋਂ ਕਰਨਗੇ ਅਤੇ ਸੇਵਾ ਦੇ ਨਾਂ 'ਤੇ ਸੋਸ਼ਲ ਮੀਡੀਆ 'ਤੇ ਲਿਸ਼ਕਵੀਆਂ ਵੀਡੀਓਜ਼ ਪਾ ਕੇ ਸੰਗਤ ਤੋਂ ਪੈਸਾ ਲੁੱਟਦੇ ਰਹਿਣਗੇ।
ਮਾਨ ਸਰਕਾਰ ਵੱਲੋਂ ਬਜ਼ੁਰਗਾਂ ਦੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਪੂਰੀ ਕਰਨ ਦੀ ਤਿਆਰੀ
NEXT STORY