ਆਰਟੀਕਲ-1
ਨੋਟ: ਇਹ ਲੇਖ 3 ਮਈ,2020 ਨੂੰ ਪਹਿਲਾਂ ਪ੍ਰਕਾਸ਼ਿਤ ਹੋ ਚੁੱਕਿਆ ਹੈ। ਬਲਬੀਰ ਸਿੰਘ ਸੀਨੀਅਰ ਅੱਜ ਸਾਡੇ ਵਿੱਚ ਨਹੀਂ ਰਹੇ । ਉਨ੍ਹਾਂ ਦਾ ਅੱਜ 25 ਮਈ ਨੂੰ ਤੜਕੇ ਸਵਾ ਛੇ ਵਜੇ ਚੰਡੀਗੜ੍ਹ ਦੇ ਹਸਪਤਾਲ ਵਿਚ ਦਿਹਾਂਤ ਹੋ ਗਿਆ ਹੈ। ਇਸ ਲਈ ਅਸੀਂ ਉਨ੍ਹਾਂ ਦੇ ਸਮੁੱਚੇ ਜੀਵਨ ’ਤੇ ਝਾਤ ਪਾਉਂਦਾ ਨਵਦੀਪ ਸਿੰਘ ਗਿੱਲ ਦੁਆਰਾ ਲਿਖਿਆ ਇਹ ਰੇਖਾ ਚਿੱਤਰ ਇਕ ਵਾਰ ਫਿਰ ਤੋਂ ਤੁਹਾਡੇ ਨਾਲ ਸਾਝਾਂ ਕਰ ਰਹੇ ਹਾਂ।
ਨਵਦੀਪ ਸਿੰਘ ਗਿੱਲ
ਹਾਕੀ ਖੇਡ ਵਿਚ ਬਲਬੀਰ ਨਾਂ ਨੂੰ ਹੀ ਬਖਸ਼ਿਸ਼ ਰਹੀ ਹੈ। ਜਿੰਨੇ ਬਲਬੀਰ ਹਾਕੀ ਖੇਡ ਨੇ ਦਿੱਤੇ ਹਨ, ਉੁਨੇ ਬਾਕੀ ਸਾਰੀਆਂ ਖੇਡਾਂ ਨੇ ਮਿਲਾ ਕੇ ਹੀ ਨਹੀਂ ਦਿੱਤੇ ਹੋਣੇ। ਭਾਰਤੀ ਹਾਕੀ ਟੀਮ ਵਿਚ ਕੁੱਲ ਪੰਜ ਬਲਬੀਰ ਹੋਏ, ਜਿਨ੍ਹਾਂ ਵਿਚੋਂ ਚਾਰ ਬਲਬੀਰ ਤਾਂ ਇਕੱਠੇ ਇਕੋ ਵੇਲੇ ਟੀਮ ਵਿਚ ਖੇਡ ਹਨ। ਪੰਜ ਬਲਬੀਰਾਂ ਵਿਚੋਂ ਚਾਰ ਓਲੰਪੀਅਨ ਬਣੇ ਅਤੇ ਚੌਹਾਂ ਨੇ ਤਮਗਾ ਜਿੱਤਿਆ। ਕੌਮੀ ਤੇ ਸਟੇਟ ਪੱਧਰ ਉਤੇ ਖੇਡਣ ਵਾਲੇ ਬਲਬੀਰਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਇਕ ਵੇਲੇ ਦੇਸ਼ ਦੇ ਸਭ ਤੋਂ ਵੱਡੇ ਟੂਰਨਾਮੈਂਟ ਨਹਿਰੂ ਹਾਕੀ ਵਿਚ 9 ਬਲਬੀਰ ਖੇਡ ਰਹੇ ਸਨ। ਸਭ ਤੋਂ ਵੱਧ ਪ੍ਰਸਿੱਧੀ ਵੱਡੇ ਬਲਬੀਰ ਸਿੰਘ ਦੁਸਾਂਝ ਨੇ ਖੱਟੀ ਜਿਸ ਨੂੰ ਬਲਬੀਰ ਸਿੰਘ ਸੀਨੀਅਰ ਕਹਿੰਦੇ ਹਨ। ਇਹ ਮੋਗੇ ਵਾਲਾ ਬਲਬੀਰ ਵੀ ਅਖਵਾਇਆ। ਅੱਜ ਦੇ ਕਾਲਮ ਵਿਚ ਇਸੇ ਬਲਬੀਰ ਸਿੰਘ ਦੀ ਬੀਰ ਗਾਥਾ ਦੀ ਗੱਲ ਕਰਾਂਗੇ। ਦੇਸ਼ ਦੀ ਵੰਡ ਤੋਂ ਬਾਅਦ ਬਣੀ ਭਾਰਤ ਦੀ ਹਾਕੀ ਟੀਮ ਵਿਚ ਜਦੋਂ ਉਹ ਖੇਡਦਾ ਸੀ ਤਾਂ ਇਕੱਲਾ ਬਲਬੀਰ ਅਖਵਾਉਂਦਾ ਸੀ। ਸੱਠਵਿਆਂ ਵਿਚ ਭਾਰਤੀ ਹਾਕੀ ਵਿਚ ਜਦੋਂ 3 ਹੋਰ ਬਲਬੀਰਾਂ ਨੇ ਥਾਂ ਮੱਲੀ ਤਾਂ ਵੱਡੇ ਬਲਬੀਰ ਸਿੰਘ ਨਾਲ 'ਸੀਨੀਅਰ' ਤਖ਼ਲੱਸ ਲੱਗ ਗਿਆ ਤਾਂ ਜੋ ਆਪਸ ਵਿਚ ਕੋਈ ਭੁਲੇਖਾ ਨਾ ਪਵੇ। ਬਲਬੀਰ ਸਿੰਘ ਸੀਨੀਅਰ ਸੈਂਟਰ ਫਾਰਵਰਡ ਸੀ ਜਿਸ ਨੇ ਜਿੱਥੇ ਖਿਡਾਰੀ, ਉਪ ਕਪਤਾਨ ਅਤੇ ਕਪਤਾਨ ਰਹਿੰਦਿਆਂ ਭਾਰਤੀ ਹਾਕੀ ਟੀਮ ਨੂੰ ਓਲੰਪਿਕ ਖੇਡਾਂ ਵਿੱਚ ਤਿੰਨ ਸੋਨ ਤਮਗੇ ਜਿਤਾਏ ਉਥੇ ਬਤੌਰ ਕੋਚ/ਮੈਨੇਜਰ ਭਾਰਤ ਨੂੰ 1975 ਵਿੱਚ ਇਕਲੌਤਾ ਵਿਸ਼ਵ ਕੱਪ ਵੀ ਜਿਤਾਇਆ।
ਮੋਗਾ ਦੇ ਦੇਵ ਸਮਾਜ ਸਕੂਲ ਵਿਚ ਮੈਦਾਨ ਵਿਚ ਗੋਲਕੀਪਰ ਵਜੋਂ ਖੇਡ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਬਲਬੀਰ ਸਿੰਘ ਸੀਨੀਅਰ ਨੇ ਅੱਗੇ ਚੱਲ ਕੇ ਫਾਰਵਰਡ ਲਾਈਨ ਵਿਚ ਅਜਿਹਾ ਖੇਡਣਾ ਸ਼ੁਰੂ ਕੀਤਾ ਕਿ ਗੋਲ ਕਰਨ ਵਿਚ ਵਿਸ਼ਵ ਅਤੇ ਓਲੰਪਿਕ ਰਿਕਾਰਡ ਬਣਾਏ ਜੋ ਹਾਲੇ ਤੱਕ ਨਹੀਂ ਟੁੱਟੇ। ਉਸ ਨੇ 1948 ਦੀਆਂ ਲੰਡਨ ਓਲੰਪਿਕ, 1952 ਦੀਆਂ ਹੈਲਸਿੰਕੀ ਓਲੰਪਿਕ ਤੇ 1956 ਦੀਆਂ ਮੈਲਬਰਨ ਓਲੰਪਿਕਸ ਵਿਚ ਸੋਨ ਤਮਗੇ ਜਿੱਤ ਕੇ ਗੋਲਡਨ ਹੈਟ੍ਰਿਕ ਪੂਰੀ ਕੀਤੀ। ਆਜ਼ਾਦੀ ਤੋਂ ਬਾਅਦ ਇਹ ਭਾਰਤ ਦੇ ਲਗਾਤਾਰ ਤਿੰਨ ਸੋਨ ਤਮਗੇ ਸਨ। ਇਸ ਤੋਂ ਪਹਿਲਾਂ ਹਾਕੀ ਦੇ ਜਾਦੂਗਰ ਕਹੇ ਜਾਂਦੇ ਮੇਜਰ ਧਿਆਨ ਚੰਦ ਨੇ 1928, 1932 ਤੇ 1936 ਵਿਚ ਲਗਾਤਾਰ ਤਿੰਨ ਸੋਨ ਤਮਗੇ ਜਿਤਾਏ ਸਨ। 96 ਵਰ੍ਹਿਆਂ ਨੂੰ ਢੁੱਕੇ ਬਲਬੀਰ ਸਿੰਘ ਸੀਨੀਅਰ ਨਵੇਂ ਖਿਡਾਰੀਆਂ ਲਈ ਪ੍ਰੇਰਨਾ ਦਾ ਸ੍ਰੋਤ ਹੈ। ਭਾਰਤੀ ਹਾਕੀ ਦੇ ਸੁਨਹਿਰੀ ਹਸਤਾਖਰ ਲਿਖਣ ਵਿੱਚ ਉਸ ਦਾ ਅਹਿਮ ਯੋਗਦਾਨ ਹੈ। ਇਸੇ ਲਈ ਉਸ ਨੂੰ ਭਾਰਤੀ ਹਾਕੀ ਦਾ ਲੀਵਿੰਗ ਲੀਜੈਂਡ ਆਖਦੇ ਹਾਂ।
ਬਲਬੀਰ ਸਿੰਘ ਦਾ ਜਨਮ 31 ਦਸੰਬਰ 1923 ਨੂੰ ਅਜ਼ਾਦੀ ਘੁਲਾਟੀਏ ਗਿਆਨੀ ਦਲੀਪ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ ਉਨ੍ਹਾਂ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ, ਤਹਿਸੀਲ ਫਿਲੌਰ ਵਿਚ ਹੋਇਆ ਸੀ। ਕਾਗਜ਼ਾਂ ਵਿੱਚ ਬਲਬੀਰ ਸਿੰਘ ਦੀ ਜਨਮ ਤਰੀਕਾ 10 ਅਕਤੂਬਰ 1924 ਹੈ। ਪੁਰਾਣੇ ਵੇਲਿਆਂ ਵਿਚ ਇਸੇ ਤਰ੍ਹਾਂ ਹੁੰਦਾ ਸੀ। ਪਹਿਲਵਾਨ ਕਰਤਾਰ ਸਿੰਘ ਦੀਆਂ ਵੀ ਦੋ ਜਨਮ ਤਰੀਕਾਂ ਹਨ। ਉਦੋਂ ਕੋਈ ਅੱਜ ਵਾਂਗ ਤਰੀਕ ਦੇ ਨਾਲ ਘੰਟੇ, ਮਿੰਟਾਂ ਤੇ ਸਕਿੰਟਾਂ ਦਾ ਹਿਸਾਬ ਥੋੜੀਂ ਰੱਖਿਆ ਜਾਂਦਾ ਸੀ। ਦੇਵ ਸਮਾਜ ਸਕੂਲ ਤੋਂ ਮੁੱਢਲੀ ਸਿੱਖਿਆ ਤੋਂ ਬਾਅਦ ਕਾਲਜ ਦੀ ਇਕ ਸਾਲ ਦੀ ਪੜ੍ਹਾਈ ਡੀ.ਐੱਮ.ਕਾਲਜ ਮੋਗਾ ਤੋਂ ਕੀਤੀ। ਫੇਰ ਸਿੱਖ ਨੈਸ਼ਨਲ ਕਾਲਜ ਲਾਹੌਰ ਦਾਖਲਾ ਲੈ ਲਿਆ ਜਿੱਥੋਂ ਐੱਫ.ਏ. ਕਰਨ ਤੋਂ ਬਾਅਦ ਹਾਕੀ ਖੇਡ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਸੱਦੇ ਆਉਣ ਲੱਗੇ। ਖਾਲਸਾ ਕਾਲਜ ਵਲੋਂ ਖੇਡਦਿਆਂ ਭਾਵੇਂ ਉਸ ਨੂੰ ਕਪਤਾਨੀ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਅਗਾਂਹ ਜਾ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਤੋਂ ਲੈ ਕੇ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਜ਼ਰੂਰ ਮਿਲਿਆ।
ਪੰਜਾਬ ਦੀ ਕਪਤਾਨੀ ਕਰਦਿਆਂ ਉਨ੍ਹਾਂ ਪੰਜਾਬ ਦੀ ਨੈਸ਼ਨਲ ਚੈਂਪੀਅਨਸ਼ਿਪ ਜਿੱਤਣ ਦੀ ਹੈਟ੍ਰਿਕ ਪੂਰੀ ਕੀਤੀ। ਹੈਟ੍ਰਿਕ ਦਾ ਸ਼ੌਕ ਉਸ ਨੂੰ ਮੁੱਢ ਤੋਂ ਹੀ ਸੀ। ਇਸ ਤੋਂ ਅਗਾਂਹ ਪਹਿਲਾ ਓਲੰਪਿਕ ਖੇਡਾਂ ਵਿਚ ਗੋਲਾਂ ਦੀ ਹੈਟ੍ਰਿਕ ਅਤੇ ਫੇਰ ਓਲੰਪਿਕ ਸੋਨ ਤਮਗੇ ਦੀ ਹੈਟ੍ਰਿਕ ਨਾਲ ਇਸ ਜਾਨੂੰਨ ਨੂੰ ਸਿਖਰ ਪਹੁੰਚਾਈ। ਪੰਜਾਬ ਨੂੰ ਉਨ੍ਹਾਂ ਛੇ ਵਾਰ ਕੌਮੀ ਚੈਂਪੀਅਨ ਬਣਾਇਆ। ਚਾਰ ਵਾਰ ਪੰਜਾਬ ਪੁਲਿਸ ਨੂੰ ਆਲ ਇੰਡੀਆ ਪੁਲਸ ਖੇਡਾਂ ਦੀ ਚੈਂਪੀਅਨ ਬਣਾਇਆ। ਦੇਸ਼ ਦੀ ਵੰਡ ਤੋਂ ਪਹਿਲਾਂ ਬਲਬੀਰ ਸਿੰਘ ਸੀਨੀਅਰ ਨੇ 1947 ਵਿਚ ਸਾਂਝੇ ਪੰਜਾਬ ਦੀ ਟੀਮ ਵਲੋਂ ਕਰਨਲ ਏ.ਆਈ.ਐੱਸ.ਦਾਰਾ ਦੀ ਕਪਤਾਨੀ ਹੇਠ ਵੀ ਖੇਡਦਿਆਂ ਕੌਮੀ ਖਿਤਾਬ ਵੀ ਜਿੱਤਿਆ ਅਤੇ ਅੱਗੇ ਜਾ ਕੇ ਨਵੇਂ ਪੰਜਾਬ ਟੀਮ ਦੀ ਕਪਤਾਨੀ ਵੀ ਕੀਤੀ।
ਬਲਬੀਰ ਸਿੰਘ ਦੀ ਪਹਿਲੀ ਵਾਰ ਭਾਰਤੀ ਟੀਮ ਵਿਚ ਚੋਣ 1947 ਵਿਚ ਸ੍ਰੀਲੰਕਾ ਦੇ ਦੌਰੇ ਲਈ ਹੋਈ। ਦੇਸ਼ ਦੀ ਵੰਡ ਤੋਂ ਬਾਅਦ ਬਲਬੀਰ ਸਿੰਘ ਨੇ ਭਾਰਤੀ ਹਾਕੀ ਵਿਚ ਸੈਂਟਰ ਫਾਰਵਰਡ ਦੀ ਪੁਜੀਸ਼ਨ 'ਤੇ ਖੇਡਦਿਆਂ ਧਿਆਨ ਚੰਦ ਦੀ ਕਮੀ ਨਾ ਸਿਰਫ ਦੂਰ ਕੀਤੀ ਬਲਕਿ ਭਾਰਤੀ ਹਾਕੀ ਨੂੰ ਹੋਰ ਵੀ ਸਿਖਰਾਂ ਉਤੇ ਪਹੁੰਚਾਇਆ। ਸੰਤਾਲੀ ਵਿਚ ਪਾਕਿਸਤਾਨ ਤੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਦੇ ਭਾਰਤ ਨਾਲੋਂ ਵੰਡੇ ਜਾਣ ਕਾਰਨ ਖਿਡਾਰੀਆਂ ਦੀ ਫੀਡ ਵਾਲਾ ਅੱਧਾ ਖੇਤਰ ਦੇਸ਼ ਤੋਂ ਬਾਹਰ ਚਲਾ ਗਿਆ ਸੀ। ਬਲਬੀਰ ਸਿੰਘ ਨੇ ਇਸੇ ਟੀਮ ਵਿਚ ਖੇਡਦਿਆਂ 1948 ਵਿਚ ਲੰਡਨ ਵਿਖੇ ਆਪਣੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਬਲਬੀਰ ਸਿੰਘ ਨੇ ਅਰਜਨਟਾਈਨਾ ਖਿਲਾਫ ਪਹਿਲੇ ਮੈਚ ਵਿਚ ਹੈਟ੍ਰਿਕ ਸਮੇਤ ਛੇ ਗੋਲ ਦਾਗੇ ਅਤੇ ਭਾਰਤ ਨੇ 9-1 ਨਾਲ ਇਹ ਮੈਚ ਜਿੱਤਿਆ। ਫਾਈਨਲ ਵਿਚ ਭਾਰਤ ਨੇ ਬਰਤਾਨੀਆ ਨੂੰ 4-0 ਨਾਲ ਹਰਾਇਆ, ਜਿਸ ਵਿਚ ਬਲਬੀਰ ਸਿੰਘ ਦੇ ਦੋ ਗੋਲ ਸ਼ਾਮਲ ਸਨ।
ਇਸ ਤੋਂ ਅਗਲੀ ਓਲੰਪਿਕਸ 1952 ਵਿਚ ਹੈਲਸਿੰਕੀ ਵਿਖੇ ਸੀ, ਜਿੱਥੇ ਬਲਬੀਰ ਸਿੰਘ ਭਾਰਤੀ ਟੀਮ ਦਾ ਉਪ ਕਪਤਾਨ ਬਣਿਆ। ਸੈਮੀ ਫਾਈਨਲ ਵਿਚ ਬਲਬੀਰ ਸਿੰਘ ਦੇ ਤਿੰਨ ਗੋਲਾਂ ਦੀ ਬਦੌਲਤ ਭਾਰਤ ਨੇ ਬਰਤਾਨੀਆ ਨੂੰ 3-1 ਨਾਲ ਹਰਾਇਆ। ਫਾਈਨਲ ਵਿੱਚ ਭਾਰਤ ਨੇ ਹਾਲੈਂਡ ਨੂੰ 6-1 ਨਾਲ ਹਰਾਇਆ ਜਿਸ ਵਿੱਚ ਬਲਬੀਰ ਸਿੰਘ ਦੇ ਪੰਜ ਗੋਲਾਂ ਦਾ ਵੱਡਾ ਯੋਗਦਾਨ ਸੀ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਕਿਸੇ ਫਾਈਨਲ ਵਿਚ ਇਹ ਕਿਸੇ ਖਿਡਾਰੀ ਵਲੋਂ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਸੀ ਜੋ ਹਾਲੇ ਤੱਕ ਨਹੀਂ ਟੁੱਟਿਆ। ਹੈਲਸਿੰਕੀ ਵਿਚ ਭਾਰਤ ਨੇ ਕੁੱਲ 13 ਗੋਲ ਕੀਤੇ, ਜਿਨ੍ਹਾਂ ਵਿਚੋਂ ਇਕੱਲੇ ਬਲਬੀਰ ਸਿੰਘ ਦੇ ਗੋਲਾਂ ਦੀ ਗਿਣਤੀ 9 ਸੀ।
1954 ਵਿਚ ਮਲਾਇਆ ਤੇ ਸਿੰਗਾਪੁਰ ਦੇ ਦੌਰੇ ਲਈ ਚੁਣੀ ਗਈ ਭਾਰਤੀ ਟੀਮ ਦੀ ਕਪਤਾਨੀ ਪਹਿਲੀ ਵਾਰ ਬਲਬੀਰ ਸਿੰਘ ਨੂੰ ਮਿਲੀ। 1956 ਦੀਆਂ ਮੈਲਬਰਨ ਓਲੰਪਿਕ ਖੇਡਾਂ ਵਿਚ ਬਲਬੀਰ ਸਿੰਘ ਸੀਨੀਅਰ ਭਾਰਤੀ ਟੀਮ ਦਾ ਕਪਤਾਨ ਸੀ। ਮੈਲਬਰਨ ਵਿਖੇ ਉਹ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਵੀ ਸੀ। ਪਹਿਲੇ ਮੈਚ ਵਿਚ ਹੀ ਉਸ ਨੇ ਅਫਗਾਨਸਿਤਾਨ ਖਿਲਾਫ ਪੰਜ ਗੋਲ ਕੀਤੇ। ਦੂਜੇ ਮੈਚ ਵਿੱਚ ਉਸ ਦੀ ਚੀਚੀ ਨਾਲ ਦੀ ਉਂਗਲ ਟੁੱਟ ਗਈ। ਸੱਟ ਕਾਰਨ ਉਹ ਬਾਕੀ ਲੀਗ ਮੈਚ ਨਹੀਂ ਖੇਡ ਸਕਿਆ। ਸੈਮੀ ਫਾਈਨਲ ਤੇ ਫਾਈਨਲ ਮੈਚ ਉਹ ਟੁੱਟੀ ਉਂਗਲ ਨਾਲ ਹੀ ਖੇਡਿਆ ਅਤੇ ਭਾਰਤ ਨੂੰ ਜਿੱਤ ਦਿਵਾਈ।
ਭਾਰਤੀ ਟੀਮ ਨੇ ਜਿੱਥੇ ਲਗਾਤਾਰ ਛੇਵਾਂ ਓਲੰਪਿਕ ਸੋਨ ਤਮਗਾ ਜਿੱਤਿਆ ਉਥੇ ਬਲਬੀਰ ਸਿੰਘ ਦੀ ਵੀ ਗੋਲਡਨ ਹੈਟ੍ਰਿਕ ਪੂਰੀ ਕੀਤੀ। ਆਖਰੀ ਵੱਡੇ ਮੁਕਾਬਲੇ ਵਜੋਂ ਬਲਬੀਰ ਸਿੰਘ ਨੇ 1958 ਦੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਂਦਿਆਂ ਭਾਰਤੀ ਟੀਮ ਦੀ ਕਪਤਾਨੀ ਕੀਤੀ। ਹਾਲਾਂਕਿ ਫਿਟਨੈਸ ਅਤੇ ਫਾਰਮ ਨੂੰ ਦੇਖਦਿਆਂ ਉਹ 1960 ਦੀਆਂ ਰੋਮ ਓਲੰਪਿਕ ਖੇਡਾਂ ਲਈ ਵੀ ਫਿੱਟ ਸਨ ਪਰ ਟੀਮ ਵਿੱਚ ਨਹੀਂ ਚੁਣਿਆ। ਰੋਮ ਵਿਖੇ ਭਾਰਤ ਨੂੰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਸੋਨੇ ਦੇ ਤਮਗੇ ਤੋਂ ਬਿਨਾਂ ਵਾਪਸ ਪਰਤੀ। ਉਸ ਵੇਲੇ ਬਲਬੀਰ ਸਿੰਘ ਪੰਜਾਬ ਪੁਲਸ ਵਿਚ ਡੀ.ਐੱਸ.ਪੀ. ਵਜੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਸੁਰੱਖਿਆ ਵਿਚ ਤਾਇਨਾਤ ਸੀ। ਟੀਮ ਦੀ ਫਾਈਨਲ ਵਿਚ ਹਾਰ 'ਤੇ ਪ੍ਰਤਾਪ ਸਿੰਘ ਕੈਰੋਂ ਨੇ ਇਕ ਸਮਾਗਮ ਵਿਚ ਬੋਲਦਿਆਂ ਕਿਹਾ ਸੀ, ''ਟੀਮ ਸੁਆਹ ਜਿੱਤਦੀ, ਜਿਹੜਾ ਟੀਮ ਜਿਤਾਉਂਦਾ ਰਿਹਾ, ਉਹ ਤਾਂ ਔਰ ਪਿੱਛੇ ਖੜ੍ਹਾ ਹੈ ਪਿਸਤੌਲ ਪਾਈ।
ਪ੍ਰਤਾਪ ਸਿੰਘ ਕੈਰੋਂ ਦੇ ਕਹੇ ਬੋਲਾਂ ਨੂੰ ਅੱਗੇ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਰਹੇ ਗਿਆਨੀ ਜ਼ੈਲ ਸਿੰਘ ਨੇ ਪੂਰਾ ਕੀਤਾ। 1975 ਦੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੀ ਕੋਚਿੰਗ ਦਾ ਜ਼ਿੰਮਾ ਪੰਜਾਬ ਸਰਕਾਰ ਨੇ ਲੈ ਲਿਆ ਸੀ। ਉਸ ਵੇਲੇ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਬਲਬੀਰ ਸਿੰਘ ਸੀਨੀਅਰ ਨੂੰ ਟੀਮ ਦੀ ਕਮਾਨ ਸੌਂਪੀ ਗਈ ਅਤੇ ਅੱਗੇ ਜਾ ਕੇ ਇਸੇ ਟੀਮ ਨੇ ਵਿਸ਼ਵ ਕੱਪ ਜਿੱਤਿਆ। ਬਲਬੀਰ ਸਿੰਘ ਸਿਰੜੀ ਬੰਦਾ ਸੀ। ਕੈਂਪ ਦੌਰਾਨ ਉਨ੍ਹਾਂ ਦੇ ਪਿਤਾ ਜੀ ਦੇ ਦੇਹਾਂਤ ਦੇ ਬਾਵਜੂਦ ਉਨ੍ਹਾਂ ਨੇ ਸਿਰਫ ਇਕ ਡੰਗ ਦੀ ਪ੍ਰੈਕਟਿਸ ਤੋਂ ਛੁੱਟੀ ਲਈ। ਇਸੇ ਦੌਰਾਨ ਉਸ ਦੀ ਪਤਨੀ ਸੁਸ਼ੀਲ ਨੂੰ ਬਰੇਨ ਹੈਮਰੇਜ ਹੋ ਗਿਆ ਜੋ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਰਹੀ। ਕੈਂਪ ਤੋਂ ਵਿਹਲਾ ਹੋ ਕੇ ਉਹ ਪੀ.ਜੀ.ਆਈ. ਜਾਂਦਾ ਪਰ ਟੀਮ ਦੀ ਤਿਆਰੀ ਵਿਚ ਇਕ ਦਿਨ ਵੀ ਨਾਗਾ ਨਹੀਂ ਪੈਣ ਦਿੱਤਾ। ਇਹ ਬਲਬੀਰ ਸਿੰਘ ਦੀ ਹਾਕੀ ਪ੍ਰਤੀ ਪ੍ਰਤੀਬੱਧਤਾ ਤੇ ਸਮਰਪਣ ਭਾਵਨਾ ਅਤੇ ਸਿਦਕ ਤੇ ਕੁਰਬਾਨੀ ਦਾ ਜਜ਼ਬਾ ਹੀ ਸੀ।
ਬਲਬੀਰ ਸਿੰਘ ਸੈਕੂਲਰ ਸੁਭਾਅ ਦਾ ਸੀ ਜਿਸ ਨੂੰ ਮਾਨਸਿਕ ਤੌਰ ਉਤੇ ਵੀ ਟੀਮ ਨੂੰ ਤਕੜਾ ਰੱਖਣਾ ਆਉਂਦਾ ਸੀ। ਉਹ ਖਿਡਾਰੀਆਂ ਨੂੰ ਮੰਦਿਰ, ਮਸਜਿਦ, ਗੁਰਦੁਆਰੇ ਤੇ ਗਿਰਜਾ ਘਰ ਹਰ ਜਗ੍ਹਾਂ ਸਿਜਦਾ ਕਰਵਾਉਣ ਲਈ ਲੈ ਕੇ ਜਾਂਦਾ। ਇਕ ਦਿਨ ਉਹ ਕੁਆਲਾ ਲੰਪਰ ਵਿਖੇ ਵਿਸ਼ਵ ਕੱਪ ਦੌਰਾਨ ਇਕ ਦਿਨ ਨਮਾਜ਼ ਲਈ ਅਸਲਮ ਖਾਂ ਦੇ ਨਾਲ ਮਸਜਿਦ ਗਿਆ। ਇਹੋ ਅਸਲਮ ਖਾਂ ਹੈ ਜਿਸ ਨੂੰ ਮਲੇਸ਼ੀਆ ਖਿਲਾਫ ਸੈਮੀ ਫਾਈਨਲ ਵਿਚ ਆਖਰੀ ਪਲਾਂ ਵਿਚ ਗਰਾਊਂਡ 'ਚ ਭੇਜਿਆ ਗਿਆ ਜਿੱਥੇ ਉਸ ਨੇ ਤਵੀਤ ਚੁੰਮ ਕੇ ਅਜਿਹਾ ਪੈਨਲਟੀ ਕਾਰਨਰ ਲਗਾਇਆ ਕਿ ਭਾਰਤੀ ਟੀਮ ਸਿੱਧਾ ਫਾਈਨਲ ਵਿਚ ਪੁੱਜ ਗਈ।
ਅਗਾਂਹ ਜਾ ਕੇ ਭਾਰਤ ਨੇ ਫਾਈਨਲ ਜਿੱਤ ਕੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। 1975 ਵਿਚ ਕੁਆਲਾ ਲੰਪਰ ਵਿਖੇ ਜਿੱਤਿਆ ਵਿਸ਼ਵ ਕੱਪ ਭਾਰਤੀ ਹਾਕੀ ਦਾ ਹੁਣ ਤੱਕ ਦਾ ਇਕਲੌਤਾ ਵਿਸ਼ਵ ਕੱਪ ਖਿਤਾਬ ਹੈ। ਇਸ ਤੋਂ ਇਲਾਵਾ ਉਨ੍ਹਾਂ ਕੌਮੀ ਟੀਮ ਦੇ ਕੋਚ/ਮੈਨੇਜਰ ਰਹਿੰਦਿਆਂ ਭਾਰਤ ਨੂੰ 1962 ਵਿਚ ਕੌਮਾਂਤਰੀ ਹਾਕੀ ਟੂਰਨਾਮੈਂਟ ਵਿਚ ਸੋਨੇ ਦਾ ਤਮਗਾ, 1970 ਦੀਆਂ ਏਸ਼ਿਆਈ ਖੇਡਾਂ ਵਿਚ ਚਾਂਦੀ ਦਾ ਤਮਗਾ, 1971 ਦੇ ਵਿਸ਼ਵ ਕੱਪ ਵਿਚ ਕਾਂਸੀ ਦਾ ਤਮਗਾ, 1982 ਵਿਚ ਚੈਂਪੀਅਨਜ਼ ਟਰਾਫੀ ਵਿਚ ਕਾਂਸੀ ਦਾ ਤਮਗਾ, 1982 ਦੀਆਂ ਏਸ਼ਿਆਈ ਖੇਡਾਂ ਵਿਚ ਚਾਂਦੀ ਦਾ ਤਮਗਾ ਅਤੇ 1982 ਵਿਚ ਮੈਲਬਰਨ ਵਿਖੇ ਅਸਾਂਡਾ ਕੱਪ ਵਿਚ ਚਾਂਦੀ ਦਾ ਕੱਪ ਜਿਤਾਇਆ।
ਬਲਬੀਰ ਸਿੰਘ ਸੀਨੀਅਰ ਨੂੰ 1957 ਵਿਚ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਉਸ ਨੂੰ ਭਾਰਤ ਰਤਨ ਦਿਵਾਉਣ ਲਈ ਕਈ ਮੁਹਿੰਮਾਂ ਚੱਲੀਆਂ ਪਰ ਹਾਲੇ ਤੱਕ ਇਸ ਮਹਾਨ ਖਿਡਾਰੀ ਨੂੰ ਭਾਰਤ ਸਰਕਾਰ ਵਲੋਂ ਨਹੀਂ ਦਿੱਤਾ ਗਿਆ। ਪੰਜਾਬ ਸਰਕਾਰ ਵਲੋਂ ਵੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਸਿਫਾਰਸ਼ ਕੀਤੀ ਗਈ। ਪੰਜਾਬ ਓਲੰਪਿਕ ਐਸੋਸੀਏਸ਼ਨ ਵਲੋਂ ਸਾਬਕਾ ਡੀ.ਜੀ.ਪੀ.ਰਾਜਦੀਪ ਸਿੰਘ ਗਿੱਲ ਨੇ ਉਚੇਤੇ ਤੌਰ ਉਤੇ ਉਨ੍ਹਾਂ ਦਾ ਭਾਰਤ ਰਤਨ ਲਈ ਕੇਸ ਤਿਆਰ ਕਰਕੇ ਦੇਸ਼ ਦੇ ਨਾਮੀਂ ਖਿਡਾਰੀਆਂ ਤੋਂ ਦਸਤਖਤ ਕਰਵਾਏ ਪਰ ਹਾਲੇ ਤੱਕ ਸਭ ਤੋਂ ਵੱਧ ਖੇਡ ਪ੍ਰਾਪਤੀਆਂ ਵਾਲੇ ਇਸ ਮਹਾਨ ਖਿਡਾਰੀ ਨੂੰ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ ਨਹੀਂ ਮਿਲਿਆ। ਇਸ ਗੱਲ ਦਾ ਬਲਬੀਰ ਸਿੰਘ ਨੂੰ ਕੋਈ ਗਿਲਾ ਨਹੀਂ। ਉਹ ਰੱਬ ਦੀ ਰਜ਼ਾ ਵਿਚ ਰਹਿਣ ਵਾਲਾ ਇਨਸਾਨ ਹੈ। ਉਂਝ ਵੀ ਹਾਕੀ ਪ੍ਰੇਮੀ ਉਸ ਨੂੰ ਓਲੰਪਿਕ ਰਤਨ ਹੀ ਸਮਝਦੇ ਸਨ। ਕੌਮਾਂਤਰੀ ਓਲੰਪਿਕ ਕਮੇਟੀ ਨੇ ਉਸ ਨੂੰ ਦੁਨੀਆਂ ਦੇ ਸਭ ਤੋਂ ਵੱਕਾਰੀ ਇਸ ਇਨਾਮ ਲਈ ਚੁਣਿਆ। 2012 ਦੀਆਂ ਲੰਡਨ ਓਲੰਪਿਕ ਖੇਡਾਂ ਵੇਲੇ ਕੌਮਾਂਤਰੀ ਓਲੰਪਿਕ ਕਮੇਟੀ ਨੇ ਓਲੰਪਿਕ ਖੇਡਾਂ ਦੇ 116 ਸਾਲਾਂ ਦੇ ਇਤਿਹਾਸ ਦੇ 16 ਆਈਕੌਨਿਕ ਖਿਡਾਰੀ ਚੁਣੇ, ਜਿਨ੍ਹਾਂ ਵਿਚ 8 ਪੁਰਸ਼ ਤੇ 8 ਮਹਿਲਾ ਖਿਡਾਰੀ ਸਨ। ਬਲਬੀਰ ਸਿੰਘ ਕਿਸੇ ਵੀ ਖੇਡ ਵਿਚ ਏਸ਼ੀਆ ਦੇ ਇਕਲੌਤੇ ਪੁਰਸ਼ ਖਿਡਾਰੀ ਸਨ, ਜਿਨ੍ਹਾਂ ਨੂੰ ਆਈਕੌਨ ਖਿਡਾਰੀਆਂ ਵਿਚ ਸ਼ਾਮਲ ਕੀਤਾ ਗਿਆ। ਇੰਝ ਕਹਿ ਲਵੋ ਕਿ ਬਲਬੀਰ ਸਿੰਘ ਕਿਸੇ ਵੀ ਖੇਡ ਵਿੱਚ ਏਸ਼ੀਆ ਦਾ ਸਰਵੋਤਮ ਪੁਰਸ਼ ਖਿਡਾਰੀ ਅਤੇ ਹਾਕੀ ਵਿਚ ਵਿਸ਼ਵ ਦਾ ਸਿਖਰਲਾ ਖਿਡਾਰੀ ਹੈ।
ਬਲਬੀਰ ਸਿੰਘ ਨੇ ਆਪਣੀ ਸਵੈ-ਜੀਵਨੀ 'ਗੋਲਡਨ ਹੈਟ ਟ੍ਰਿਕ' ਐਜ਼ ਟੋਲਡ ਟੂ ਸੈਮੂਅਲ ਬੈਨਰਜੀ 1977 ਵਿਚ ਛਪਵਾਈ। ਉਨ੍ਹਾਂ ਹਾਕੀ ਦੀ ਕੋਚਿੰਗ ਬਾਰੇ 'ਦੀ ਗੋਲਡਨ ਯਾਰਡਸਟਿਕ' ਪੁਸਤਕ ਵੀ ਲਿਖੀ। ਇਸ ਪੁਸਤਕ ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਤੇ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਨੇ ਰਿਲੀਜ਼ ਕੀਤਾ ਸੀ। ਇਸ ਪੁਸਤਕ ਦਾ ਮੁੱਖ-ਬੰਦ ਕੌਮਾਂਤਰੀ ਓਲੰਪਿਕ ਕਮੇਟੀ ਦੇ ਤੱਤਕਾਲੀ ਪ੍ਰਧਾਨ ਜੈਕਸ ਰੋਜ਼ ਨੇ ਲਿਖਦਿਆ ਕਿਹਾ, ''ਇਕ ਓਲੰਪੀਅਨ ਵਜੋਂ ਮੈਨੂੰ 'ਗੋਲਡਨ ਹੈਟ ਟ੍ਰਿਕ' ਮਾਰਨ ਵਾਲੇ ਲੀਜੈਂਡਰੀ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਪੁਸਤਕ ਦਾ ਮੁੱਖ-ਬੰਦ ਲਿਖਦਿਆਂ ਖੁਸ਼ੀ ਹੋ ਰਹੀ ਹੈ। ਸਾਡੇ ਸਮੇਂ ਦੇ ਖਿਡਾਰੀਆਂ, ਕਪਤਾਨਾਂ, ਕੋਚਾਂ ਤੇ ਮੈਨੇਜਰਾਂ ਨੇ ਬਲਬੀਰ ਸਿੰਘ ਨੂੰ ਹਾਕੀ ਦਾ ਸਰਬੋਤਮ ਖਿਡਾਰੀ ਮੰਨਿਆ ਹੈ। ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਬਲਬੀਰ ਸਿੰਘ ਨੇ ਹਾਕੀ ਨਾਲ ਆਪਣਾ ਸੱਚਾ ਸਨੇਹ ਜਤਾਇਆ ਹੈ ਤੇ ਹਾਕੀ ਦਾ ਸੰਦੇਸ਼ ਭਾਰਤ ਤੇ ਬਾਹਰ ਸਾਰੀ ਦੁਨੀਆ ਤਕ ਪਹੁੰਚਾਇਆ ਹੈ। ਹਾਕੀ ਨਾਲ ਉਸ ਦੀ ਲਗਨ ਅਤੇ ਖੇਡਾਂ ਦੀਆਂ ਕਦਰਾਂ ਨਾਲ ਪਿਆਰ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਦੇਸ਼ ਵਿਦੇਸ਼ ਦੇ ਬੱਚੇ ਤੇ ਨੌਜਵਾਨ ਉਸ ਦੇ ਵਿਖਾਏ ਖੇਡ ਮਾਰਗ 'ਤੇ ਚੱਲਣਗੇ। ਓਲੰਪਿਕ ਲਹਿਰ ਬਲਬੀਰ ਸਿੰਘ ਜਿਹੇ ਖਿਡਾਰੀਆਂ ਦੀ ਰਿਣੀ ਹੈ ਜਿਨ੍ਹਾਂ ਨੇ 20ਵੀਂ ਸਦੀ ਦੇ ਖੇਡ ਇਤਿਹਾਸ ਨੂੰ ਸੁਨਹਿਰੀ ਬਣਾਇਆ।''
ਪ੍ਰਸਿੱਧ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਨੇ ਇਸ ਮਹਾਨ ਖਿਡਾਰੀ ਦੀ ਜੀਵਨੀ 'ਗੋਲਡਨ ਗੋਲ' ਲਿਖੀ ਜਿਸ ਦੇ ਮੁੱਢਲੇ ਸ਼ਬਦਾਂ ਵਿੱਚ ਬਲਬੀਰ ਦੇ ਪੂਰੇ ਖੇਡ ਜੀਵਨ 'ਤੇ ਝਾਤ ਪਾਉਂਦੇ ਲਿਖਦੇ ਹਨ, ''ਬਲਬੀਰ ਸਿੰਘ ਹਾਕੀ ਦਾ ਯੁੱਗ ਪੁਰਸ਼ ਹੈ। ਹਾਕੀ ਦੀ ਖੇਡ ਦਾ ਮਹਾਨ ਸੈਂਟਰ ਫਾਰਵਰਡ। ਉਸ ਨੂੰ 'ਗੋਲ ਕਿੰਗ' ਕਿਹਾ ਜਾਂਦਾ ਸੀ। ਲੰਡਨ ਓਲੰਪਿਕ-2012 ਵਿੱਚ ਉਹ ਆਈਕੌਨਿਕ ਓਲੰਪੀਅਨ ਐਲਾਨਿਆ ਗਿਆ ਯਾਨੀ ਓਲੰਪਿਕ ਰਤਨ। ਉਸ ਦੇ ਗੋਲਾਂ ਦਾ ਰਿਕਾਰਡ ਅਜੇ ਤੱਕ ਕਾਇਮ ਹੈ।'' ਪ੍ਰਿੰਸੀਪਲ ਸਾਹਿਬ ਇਕ ਕਵੀ ਵਾਂਗ ਬਲਬੀਰ ਦੀ ਮਹਾਨਤਾ ਨੂੰ ਕਵਿਤਾ ਵਾਂਗ ਬਿਆਨਦੇ ਹੋਏ ਲਿਖਦੇ ਹਨ, ''ਬਲਬੀਰ ਕੋਲ ਜਦੋਂ ਬਾਲ ਆਉਂਦੀ ਸੀ ਤਾਂ ਸਾਰਾ ਮੈਦਾਨ, ਸਾਰਾ ਸਟੇਡੀਅਮ, ਸਭ ਕੁਝ ਹਿੱਲ ਜਾਂਦਾ ਸੀ ਜਿਵੇਂ ਝੱਖੜ ਦਾ ਤੇਜ਼ ਬੁੱਲਾ ਚੁਫੇਰੇ ਫਿਰ ਗਿਆ ਹੋਵੇ।''
ਹਾਕੀ ਬਲਬੀਰ ਸਿੰਘ ਦੇ ਖੂਨ ਵਿਚ ਵਗਦੀ ਹੈ। ਨਰਮ ਦਿਲ ਅਤੇ ਧਰਤੀ ਨਾਲ ਜੁੜੇ ਇਸ ਮਹਾਤਮਾ ਰੂਪੀ ਇਨਸਾਨ ਨੂੰ ਮਿਲਦਿਆਂ ਤੁਹਾਨੂੰ ਕਦੇ ਵੀ ਨਹੀਂ ਲੱਗੇਗਾ ਕਿ ਤੁਸੀ ਕਿਸੇ ਵੱਡੇ ਖਿਡਾਰੀ ਨੂੰ ਮਿਲ ਰਹੇ ਹੋ। ਅੱਜ ਕੱਲ੍ਹ ਜਿੱਥੇ ਛੋਟੀ ਜਿਹੀ ਪ੍ਰਾਪਤੀ ਨਾਲ ਹੀ ਕਈ ਖਿਡਾਰੀਆਂ ਵਿੱਚ ਆਕੜ ਆ ਜਾਂਦੀ ਹੈ ਉਥੇ ਖੇਡ ਪ੍ਰਾਪਤੀਆਂ ਦੀ ਟੀਸੀ 'ਤੇ ਬੈਠੇ ਬਲਬੀਰ ਸਿੰਘ ਦੀ ਨਿਮਰਤਾ ਤੇ ਨਰਮਾਈ ਨੂੰ ਦੇਖਦਿਆਂ ਸਾਹਮਣੇ ਵਾਲਾ ਉਸ ਦੀ ਮਿਕਨਾਤੀਸੀ ਸਖਸ਼ੀਅਤ ਦੇ ਸਾਗਰਾਂ ਵਿੱਚ ਗੋਤੇ ਖਾਣ ਲੱਗ ਜਾਂਦਾ ਹੈ। ਮੈਨੂੰ ਕਈ ਮੌਕਿਆਂ ਉਤੇ ਉਨ੍ਹਾਂ ਨਾਲ ਨਿੱਜੀ ਤੌਰ 'ਤੇ ਵਿਚਰਨ ਦਾ ਮੌਕਾ ਮਿਲਿਆ। ਬਲਬੀਰ ਸਿੰਘ ਨੂੰ ਪਹਿਲੀ ਵਾਰ ਮਿਲਣ 'ਤੇ ਮੈਂ ਜਦੋਂ ਉਨ੍ਹਾਂ ਨੂੰ ਦੱਸਿਆ ਕਿ ਸਾਡੇ ਪਰਿਵਾਰ ਵਿੱਚ ਮੇਰੇ ਇਕ ਤਾਏ ਦੇ ਲੜਕੇ ਦਾ ਨਾਮ ਬਲਬੀਰ ਤੇ ਦੂਜੇ ਦਾ ਨਾਮ ਅਜੀਤ ਪਾਲ ਮੇਰੇ ਪਿਤਾ ਜੀ ਤੁਹਾਡੇ ਅਤੇ ਅਜੀਤ ਪਾਲ ਸਿੰਘ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਤਾਂ ਉਹ ਬੜੇ ਤਪਾਕ ਨਾਲ ਮਿਲੇ। ਉਦੋਂ ਉਨ੍ਹਾਂ ਮੈਂ ਇਹ ਵੀ ਦੱਸਿਆ ਕਿ ਮੇਰੇ ਨਾਨਕੇ ਮੋਗੇ ਜ਼ਿਲੇ ਵਿੱਚ ਹਨ ਤਾਂ ਉਸ ਤੋਂ ਬਾਅਦ ਉਹ ਹਰ ਵਾਰ ਮੈਨੂੰ 'ਮੋਗੇ ਵਾਲਿਓ ਕਿਵੇਂ ਹੋ' ਕਹਿ ਕੇ ਹੀ ਬੁਲਾਉਂਦੇ ਹਨ। ਇਕੇਰਾਂ ਜ਼ੀ ਪੰਜਾਬੀ ਟੀ.ਵੀ. ਚੈਨਲ 'ਚ ਡਿਬੇਟ ਵਿੱਚ ਮੈਨੂੰ ਉਨ੍ਹਾਂ ਨਾਲ ਪੈਨਲ ਵਿੱਚ ਬੈਠਣ ਦਾ ਮੌਕਾ ਮਿਲਿਆ ਤਾਂ ਉਹ ਮੇਰੀ ਕਿਸੇ ਗੱਲ ਨਾਲ ਅਸਹਿਮਤ ਹੋਣ ਦੇ ਬਾਵਜੂਦ ਮੇਰੀ ਗੱਲ ਨੂੰ ਸਿੱਧਾ ਨਹੀਂ ਕੱਟਦੇ ਸਨ। ਉਸ ਵੇਲੇ ਵਾਪਸੀ ਵੇਲੇ ਵੀ ਮੇਰੇ ਕਹਿਣ 'ਤੇ ਚੈਨਲ ਦੀ ਕਾਰ ਦੀ ਬਜਾਏ ਉਹ ਮੇਰੇ ਨਾਲ ਕਾਰ ਵਿੱਚ ਆਪਣੇ ਘਰ ਗਏ। ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਦੇ ਸਮਾਗਮ ਵਿੱਚ ਮੈਨੂੰ ਫੇਰ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਦਾ ਮੌਕਾ ਮਿਲਿਆ। ਮੈਂ ਜਦੋਂ ਵੀ ਉਨ੍ਹਾਂ ਦੇ ਘਰ ਜਾਂਦਾ ਹਾਂ ਤਾਂ ਉਹ ਪਰਿਵਾਰ ਦੇ ਮੈਂਬਰ ਵਾਂਗ ਮੇਰਾ ਸਵਾਗਤ ਕਰਕੇ ਖਾਤਰਦਾਰੀ ਕਰਦੇ ਹਨ।
ਉਨ੍ਹਾਂ ਦੇ ਦੋਹਤੇ ਕਬੀਰ ਸਿੰਘ ਨਾਲ ਸਾਂਝ ਵੱਖਰੀ ਹੈ। ਖੇਡ ਮੈਦਾਨ ਵਿੱਚ ਕਦੇ ਵੀ ਹਾਰ ਨਾ ਮੰਨਣ ਦਾ ਉਸ ਦਾ ਸੁਭਾਅ ਜ਼ਿੰਦਗੀ ਜਿਉਂਦਿਆਂ ਵੀ ਬਰਕਰਾਰ ਹੈ। ਡੇਢ ਕੁ ਸਾਲ ਪਹਿਲਾ 93ਵੇਂ ਵਰ੍ਹੇ ਦੀ ਉਮਰੇ ਗੰਭੀਰ ਬਿਮਾਰੀ ਹੋਣ ਕਾਰਨ ਉਹ ਪੀ.ਜੀ.ਆਈ.ਚੰਡੀਗੜ੍ਹ ਵਿਖੇ ਕਈ ਮਹੀਨੇ ਦਾਖਲ ਰਹੇ। ਆਪਣੇ ਪਾਲੇ ਦੀ 'ਡੀ' ਰੂਪੀ ਹਸਪਤਾਲ ਦੇ ਵੈਂਟੀਲੇਟਰ ਵਿੱਚੋਂ 'ਬਾਲ' ਰੂਪੀ ਜ਼ਿੰਦਗੀ ਨੂੰ ਆਪਣੀ ਡਰਬਲਿੰਗ ਕਲਾ ਵਰਗੇ ਜ਼ਿੰਦਾਦਿਲੀ ਤੇ ਚੜ੍ਹਦੀ ਕਲਾ ਦੇ ਸੁਭਾਅ ਸਦਕਾ ਕੱਢ ਕੇ ਪਿਛੇ ਜਿਹੇ ਉਨ੍ਹਾਂ 96ਵੇਂ ਜਨਮ ਦਿਨ ਦਾ ਕੇਕ ਕੱਟ ਕੇ 'ਗੋਲ' ਵਰਗਾ ਜਸ਼ਨ ਮਨਾਇਆ।
ਬਲਬੀਰ ਸਿੰਘ ਦੇ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਦੌਰਾਨ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸਭ ਤੋਂ ਪਹਿਲਾਂ ਮਿਜਾਜ਼ਪੁਰਸ਼ੀ ਲਈ ਪੁੱਜੇ। ਉਨ੍ਹਾਂ ਨਾਲ ਹਾਕੀ ਓਲੰਪੀਅਨ ਬਲਦੇਵ ਸਿੰਘ ਤੇ ਅਜੀਤ ਸਿੰਘ ਅਤੇ 'ਸ਼ਹਿਰ ਪਟਿਆਲੇ ਦੇ' ਵਾਲਾ ਪ੍ਰਸਿੱਧ ਗਾਇਕ ਹਰਦੀਪ ਵੀ ਸੀ। ਹਾਲਾਂਕਿ ਉਸ ਵੇਲੇ ਉਹ ਵੈਂਟੀਲੇਟਰ 'ਤੇ ਹੋਣ ਕਰਕੇ ਉਨ੍ਹਾਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਸੰਭਵ ਨਹੀਂ ਹੋਈ। ਰਾਣਾ ਸੋਢੀ ਹੁਰਾਂ ਨੇ ਬਲਬੀਰ ਸਿੰਘ ਦਾ ਇਲਾਜ ਕਰ ਰਹੇ ਡਾਕਟਰਾਂ ਤੋਂ ਸਿਹਤ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੇ ਦੋਹਤੇ ਕਬੀਰ ਸਿੰਘ ਨੂੰ ਮਿਲ ਕੇ ਪੰਜਾਬ ਸਰਕਾਰ ਵੱਲੋਂ ਇਲਾਜ ਦਾ ਸਾਰਾ ਖਰਚਾ ਉਠਾਉਣ ਦੀ ਜ਼ਿੰਮੇਵਾਰੀ ਚੁੱਕਣ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਥੋੜੇਂ ਦਿਨਾਂ ਬਾਅਦ ਹੀ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਸਮਾਰੋਹ ਕਰਵਾਇਆ ਗਿਆ। ਇਸ ਐਵਾਰਡ ਦੀ ਸ਼ੁਰੂਆਤ 1978 ਵਿੱਚ ਹੋਈ ਕਰਕੇ ਉਸ ਤੋਂ ਪਹਿਲਾ ਦੇ ਸਮੇਂ ਵਾਲੇ ਖਿਡਾਰੀ ਕਦੇ ਵੀ ਇਹ ਐਵਾਰਡ ਨਹੀਂ ਹਾਸਲ ਕਰ ਸਕੇ ਸਨ। ਪੰਜਾਬ ਸਰਕਾਰ ਨੇ ਪਹਿਲੀ ਵਾਰ ਖੇਡ ਨੀਤੀ ਵਿੱਚ ਬਦਲਾਅ ਕਰਦਿਆਂ ਪੁਰਾਣੇ ਖਿਡਾਰੀਆਂ ਨੂੰ ਵੀ ਐਵਾਰਡ ਦੇਣ ਦਾ ਫੈਸਲਾ ਕੀਤਾ ਜਿਸ ਕਾਰਨ 101 ਖਿਡਾਰੀਆਂ ਦੀ ਸੂਚੀ ਵਿੱਚ ਪਹਿਲਾ ਨਾਮ ਬਲਬੀਰ ਸਿੰਘ ਸੀਨੀਅਰ ਦਾ ਸੀ। ਉਸ ਵੇਲੇ ਉਹ ਪੀ.ਜੀ.ਆਈ. ਵਿਖੇ ਵੈਂਟੀਲੇਟਰ ਤੋਂ ਕਮਰੇ ਵਿੱਚ ਸ਼ਿਫਟ ਹੋ ਗਏ ਸਨ ਪਰ ਤੁਰਨ ਫਿਰਨ ਦੀ ਹਾਲਤ ਵਿੱਚ ਨਹੀਂ ਸੀ। 9 ਜੁਲਾਈ 2019 ਨੂੰ ਚੰਡੀਗੜ੍ਹ ਵਿਖੇ ਇਸ ਐਵਾਰਡ ਸਮਾਰੋਹ ਤੋਂ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਚੇਚੇ ਤੌਰ 'ਤੇ ਪੀ.ਜੀ.ਆਈ. ਜਾ ਕੇ ਨਿੱਜੀ ਤੌਰ 'ਤੇ ਬਲਬੀਰ ਸਿੰਘ ਸੀਨੀਅਰ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਸੌਂਪਿਆ।
ਬਲਬੀਰ ਸਿੰਘ ਸੀਨੀਅਰ ਫੇਰ ਸਿਹਤਯਾਬ ਹੋ ਕੇ ਚੰਡੀਗੜ੍ਹ ਦੇ ਸੈਕਟਰ 36 ਸਥਿਤ ਘਰ ਪੁੱਜੇ ਜਿੱਥੇ ਉਨ੍ਹਾਂ ਦੀ ਧੀ ਸੁਸ਼ਬੀਰ ਕੌਰ ਤੇ ਦੋਹਤਾ ਕਬੀਰ ਸਿੰਘ ਪੂਰੀ ਸੰਭਾਲ ਕਰ ਰਹੇ ਹਨ। ਸ਼ੁਰੂ-ਸ਼ੁਰੂ ਵਿੱਚ ਕਿਸੇ ਨੂੰ ਮਿਲਣ ਦੀ ਆਗਿਆ ਨਹੀਂ ਸੀ। ਫੇਰ ਬਲਬੀਰ ਸਿੰਘ ਨੇ ਆਪਣੀ ਜ਼ਿੰਦਾਦਿਲੀ ਨਾਲ ਇਸ ਦੌਰ ਵਿੱਚੋਂ ਵੀ ਉਭਰਦਿਆਂ ਮੁੜ ਸਰਗਰਮੀਆਂ ਸ਼ੁਰੂ ਕੀਤੀਆਂ। ਹੁਣ ਉਹ ਤੰਦਰੁਸਤੀ ਦੀ ਜ਼ਿੰਦਗੀ ਜਿਉਂ ਰਹੇ ਹਨ ਪਰ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਦਾ ਦੋਹਤਾ ਕਬੀਰ ਸਿੰਘ ਆਪਣੇ ਨਾਨੇ ਦੀ ਬੱਚਿਆਂ ਵਾਂਗ ਦੇਖਭਾਲ ਕਰਦਾ ਹੈ। 31 ਦਸੰਬਰ ਨੂੰ ਆਪਣੇ 96ਵੇਂ ਜਨਮ ਦਿਨ ਦਾ ਕੇਕ ਕੱਟਿਆ। ਇਸ ਸਾਲ ਦੇ ਜਨਵਰੀ ਮਹੀਨੇ ਸ਼ੁਰੂ ਹੋਈ ਪ੍ਰੋ. ਹਾਕੀ ਲੀਗ ਦੇ ਇਕ ਮੈਚ ਵਿੱਚ ਜਦੋਂ ਭਾਰਤ ਨੇ ਹਾਲੈਂਡ ਨੂੰ ਹਰਾਇਆ ਤਾਂ ਬਲਬੀਰ ਸਿੰਘ ਸੀਨੀਅਰ ਦੇ ਟੀ.ਵੀ. ਉਪਰ ਮੈਚ ਦੇਖਦਿਆਂ ਭੰਗੜਾ ਪਾਉਂਦੇ ਦੀਆਂ ਵੀਡਿਓ ਦੇਖ ਕੇ ਹਾਕੀ ਪ੍ਰੇਮੀਆਂ ਦੇ ਕਾਲਜੇ ਠੰਢ ਪਈ। ਬਲਬੀਰ ਸਿੰਘ ਨੇ ਇਕ ਨੌਜਵਾਨ ਗਾਇਕ ਤੋਂ ਆਪਣੀ ਪਸੰਦੀਦਾ 'ਹੀਰ' ਵੀ ਸੁਣੀ।
ਕੋਰੋਨਾਵਾਇਰਸ ਦੇ ਕਹਿਰ ਦੌਰਾਨ ਲੌਕਡਾਊਨ/ਕਰਫਿਊ ਕਾਰਨ ਜਦੋਂ ਜ਼ਿੰਦਗੀ ਇਕ ਵਾਰ ਥੰਮ੍ਹ ਗਈ ਤਾਂ ਕਬੀਰ ਨੂੰ ਆਪਣੇ ਨਾਨੇ ਦੀ ਚੌਵੀਂ ਘੰਟੇ ਮੈਡੀਕਲ ਖਿਆਲ ਰੱਖਣ ਲਈ ਲੋੜੀਂਦੀ ਨਰਸ ਅਤੇ ਕੇਅਰ ਟੇਕਰ ਨੂੰ ਮੁਹਾਲੀ ਤੋਂ ਚੰਡੀਗੜ੍ਹ ਲਿਆਉਣ ਦਾ ਫਿਕਰ ਸੀ। ਕਬੀਰ ਨੇ ਮੇਰੇ ਨਾਲ ਗੱਲ ਸਾਂਝੀ ਕਰਦਿਆਂ ਕਿਹਾ ਕਿ ਉਹ ਨਾਨਾ ਜੀ ਦੀ ਕੇਅਰ ਲਈ ਘਰ ਆਉਣ ਵਾਲੀਆਂ ਨਰਸ ਤੇ ਕੇਅਰ ਟੇਕਰ ਦਾ ਇਹਤਿਆਤ ਵਜੋਂ ਕੋਰੋਨਾ ਟੈਸਟ ਕਰਵਾਉਣਾ ਚਾਹੁੰਦਾ ਹੈ ਜਿਸ ਲਈ ਉਹ ਕੋਲੋਂ ਖਰਚ ਕੇ ਪ੍ਰਾਈਵੇਟ ਹਸਪਤਾਲ ਤੋਂ ਵੀ ਕਰਵਾਉਣ ਦਾ ਇਛੁੱਕ ਸੀ। ਪ੍ਰਿੰਸੀਪਲ ਸਰਵਣ ਸਿੰਘ ਨੇ ਜਿਵੇਂ ਜਸਵੰਤ ਸਿੰਘ ਕੰਵਲ ਦਾ ਇਕ-ਇਕ ਸਾਲ ਗਿਣ ਕੇ ਉਮਰ ਦਾ ਸੈਂਕੜਾ ਪੂਰਾ ਕਰਨ ਦਾ ਖੁਆਬ ਪੂਰਾ ਕੀਤਾ, ਹੁਣ ਉਨ੍ਹਾਂ ਦਾ ਸੁਫਨਾ ਬਲਬੀਰ ਸਿੰਘ ਸੀਨੀਅਰ ਤੋਂ ਉਮਰ ਦਾ ਸੈਂਕੜਾ ਪੂਰਾ ਕਰਨ ਦਾ ਖੁਆਬ ਹੈ। ਬਲਬੀਰ ਸਿੰਘ ਨੂੰ ਚਾਹੁਣ ਵਾਲਾ ਹਰ ਕੋਈ ਇਹੋ ਅਰਦਾਸ ਕਰ ਰਿਹਾ ਹੈ।
ਬਲਬੀਰ ਸਿੰਘ ਦੇ ਤਿੰਨ ਪੁੱਤਰਾਂ ਦੇ ਨਾਂ ਕੰਵਲਬੀਰ ਸਿੰਘ, ਕਰਨਬੀਰ ਸਿੰਘ ਤੇ ਗੁਰਬੀਰ ਸਿੰਘ ਅਤੇ ਇਕ ਲੜਕੀ ਦਾ ਨਾਂ ਸੁਸ਼ਬੀਰ ਕੌਰ ਹੈ। ਬਲਬੀਰ ਸਿੰਘ ਨੂੰ ਨੇੜਿਓ ਜਾਣਨ ਵਾਲੇ ਜਾਣਦੇ ਹਨ ਕਿ ਕਿਵੇਂ ਕਬੀਰ ਉਨ੍ਹਾਂ ਦਾ ਪਲ-ਪਲ ਖਿਆਲ ਰੱਖਦਾ ਹੈ। ਵੱਡੀ ਉਮਰ ਦੇ ਬਾਵਜੂਦ ਬਲਬੀਰ ਸਿੰਘ ਖੇਡ ਪ੍ਰੇਮੀਆਂ ਵੱਲੋਂ ਮਿਲੇ ਸੱਦਿਆਂ ਨੂੰ ਨਾਂਹ ਨਹੀਂ ਕਰਦੇ। 2018 ਵਿਚ ਵੀ ਉਨ੍ਹਾਂ ਦੀ ਸਿਹਤ ਉਸ ਵੇਲੇ ਵਿਗੜ ਗਈ ਸੀ ਜਦੋਂ ਉਹ ਕਿਸੇ ਖੇਡ ਸਮਾਗਮ ਵਿੱਚ ਹਿੱਸਾ ਲੈਣ ਲਈ ਭੋਪਾਲ ਪੁੱਜੇ ਹੋਏ ਸਨ। ਇਸੇ ਸੁਭਾਅ ਕਰਕੇ ਕਬੀਰ ਆਪਣੇ ਨਾਨੇ ਨੂੰ ਸਤਿਕਾਰ ਨਾਲ ਘੂਰ ਵੀ ਲੈਂਦਾ ਹੈ ਅਤੇ ਕਈ ਵਾਰ ਗੁੱਸੇ ਵੀ ਹੋ ਜਾਂਦਾ ਹੈ। ਸਮਾਗਮਾਂ ਵਿੱਚ ਬਲਬੀਰ ਸਿੰਘ ਸੀਨੀਅਰ ਆਪਣੇ ਖੁੱਲ੍ਹ ਦਿਲੇ ਸੁਭਾਅ ਕਾਰਨ ਕਿਸੇ ਵੀ ਪ੍ਰਸੰਸਕ ਜਾਂ ਪ੍ਰਬੰਧਕ ਨੂੰ ਫੋਟੋ ਖਿਚਵਾਉਣ ਜਾਂ ਵਿਚਰਨ ਤੋਂ ਨਾਂਹ ਨਹੀਂ ਕਰਦੇ ਪਰ ਕੋਲ ਖੜ੍ਹਾ ਕਬੀਰ ਆਪਣੇ ਨਾਨੇ ਦੀ ਸਿਹਤ ਦਾ ਖਿਆਲ ਰੱਖਦਾ ਹੋਇਆ ਕਈਆਂ ਦੀ ਨਾਰਾਜ਼ਗੀ ਵੀ ਮੁੱਲ ਲੈ ਲੈਂਦਾ। ਚਿੱਟੀ ਦੁੱਧ ਰੰਗੀ ਦਾੜ੍ਹੀ ਵਾਲੇ ਬਲਬੀਰ ਸਿੰਘ ਸੀਨੀਅਰ ਜਦੋਂ ਗੂੜ੍ਹੀ ਲਾਲ ਪੱਗ ਬੰਨ੍ਹ ਕੇ ਕਿਸੇ ਸਮਾਗਮ ਵਿਚ ਜਾਂਦੇ ਹਨ ਤਾਂ ਹਾਕੀ ਪ੍ਰੇਮੀਆਂ ਲਈ ਉਸ ਨੂੰ ਤੱਕਣ ਦਾ ਨਜ਼ਾਰਾ ਕਿਸੇ ਜੰਨਤ ਤੋਂ ਘੱਟ ਨਹੀਂ ਹੁੰਦਾ। 'ਗੋਲਡਨ ਗੋਲ' ਵਿਚ ਪ੍ਰਿੰਸੀਪਲ ਸਰਵਣ ਸਿੰਘ ਨੇ ਅੰਤਲੀਆਂ ਸਤਰਾਂ ਵਿੱਚ ਲਿਖਿਆ ਹੈ, ''ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਤਾਂ ਉਸ ਨੂੰ ਓਲੰਪਿਕ ਰਤਨ ਬਣਾ ਹੀ ਦਿੱਤਾ ਹੈ, ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ? ਬਲਬੀਰ ਸਿੰਘ ਦਾ ਕਹਿਣਾ ਹੈ, “ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਟਰਾ ਟਾਈਮ ਵਿੱਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ। ਜਦੋਂ 'ਗੋਲਡਨ ਗੋਲ' ਹੋ ਗਿਆ ਤਾਂ ਖੇਡ ਮੁੱਕ ਜਾਣੀ ਹੈ।
ਹੰਦਵਾੜਾ 'ਚ ਸ਼ਹੀਦ ਹੋਏ ਨਾਇਕ ਰਾਜੇਸ਼ ਕੁਮਾਰ ਦਾ ਸੋਮਵਾਰ ਨੂੰ ਫੌਜੀ ਸਨਮਾਨਾਂ ਨਾਲ ਹੋਵੇਗਾ ਸਸਕਾਰ
NEXT STORY