ਹੁਸ਼ਿਆਰਪੁਰ / ਨਡਾਲਾ (ਜੋਸ਼ੀ, ਸ਼ਰਮਾ ) : ਹਿਮਾਚਲ ਪ੍ਰਦੇਸ਼ 'ਚ ਪੈ ਰਹੇ ਮੀਂਹ ਨੇ ਪੰਜਾਬ ਦੀ ਚਿੰਤਾ ਮੁੜ ਵਧਾ ਦਿੱਤੀ ਹੈ। ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਰੋਪੜ ਜ਼ਿਲ੍ਹੇ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਉੱਚਾ ਹੋ ਗਿਆ ਹੈ, ਜਦਕਿ ਹਰੀਕੇ ਹੈੱਡ ਤੋਂ ਲਹਿੰਦੇ ਪਾਸੇ ਵੱਲ ਟੁੱਟੇ ਹੋਏ ਧੁੱਸੀ ਬੰਨ੍ਹ ਕਾਰਨ ਕਈ ਪਿੰਡ ਪਹਿਲਾਂ ਹੀ ਪਾਣੀ ਵਿੱਚ ਘਿਰੇ ਹੋਏ ਹਨ। ਹਰੀਕੇ ਹੈੱਡ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਰਕਾਰ ਨੂੰ ਚੂਨਾ ਲਾ ਰਹੇ ਸਰਕਾਰੀ ਬੱਸਾਂ ਦੇ ਡਰਾਈਵਰਾਂ-ਕੰਡਕਟਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਜਾਰੀ
ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਭਾਖੜਾ ਦੇ ਪਾਣੀ ਦਾ ਪੱਧਰ ਖ਼ਤਰੇ ਤੋਂ 8 ਫੁੱਟ ਤੱਕ ਘੱਟ ਗਿਆ ਸੀ, ਪਰ ਹੁਣ ਇਹ ਮੁੜ 1680 ਫੁੱਟ ਦੇ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ, ਜਿਸ ਤੋਂ ਬਾਅਦ ਭਾਖੜਾ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਵਿੱਚ ਅੱਜ ਪਾਣੀ ਦਾ ਪੱਧਰ 1673 ਫੁੱਟ ਕਰੀਬ ਹੈ। ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ 4 ਫੁੱਟ ਤੱਕ ਖੁੱਲ੍ਹਾ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 52810 ਕਿਊਸਿਕ ਦਰਜ ਕੀਤੀ ਗਈ ਹੈ। ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ 41143 ਕਿਊਸਿਕ ਅਤੇ ਫਲੱਡ ਗੇਟਾਂ ਰਾਹੀਂ 15358 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਬਿਆਸ ਨੇ ਬੇਘਰ ਕੀਤੇ ਲੋਕ
ਹਲਕਾ ਭੁਲੱਥ ਦੇ ਧੁੱਸੀ ਬੰਨ੍ਹ ਨਾਲ ਲੱਗਦੇ ਮੰਡ ਖੇਤਰ ’ਚ ਬਿਆਸ ਦਰਿਆ ’ਚ ਆਏ ਹੜ੍ਹ ਕਾਰਨ ਇਕ ਵਾਰ ਫਿਰ ਪਾਣੀ ਵਧਣ ਲੱਗਾ ਹੈ, ਜਿਸ ਕਰ ਕੇ ਬੇਘਰ ਹੋਏ ਲੋਕਾਂ ਦੀਆਂ ਮੁੜ ਚਿੰਤਾਵਾਂ ਵੱਧ ਗਈਆਂ ਹਨ। ਦੱਸ ਦੇਈਏ ਕਿ ਬੀਤੀ 15 ਅਗਸਤ ਦੀ ਰਾਤ 11 ਵਜੇ ਪੌਂਗ ਡੈਮ ’ਚ ਪਾਣੀ ਛੱਡਣ ਨਾਲ ਬਿਆਸ ਦਰਿਆ ’ਚ ਹੜ੍ਹ ਆ ਗਿਆ ਸੀ, ਜਿਸ ਨਾਲ ਭੁਲੱਥ ਦੇ ਧੁੱਸੀ ਬੰਨ੍ਹ ਨਾਲ ਲੱਗਦੇ 15 ਪਿੰਡ ਪ੍ਰਭਾਵਿਤ ਹੋਏ ਸਨ। ਇਸ ਆਏ ਹੜ੍ਹ ਦੇ ਪਾਣੀ ਨੇ ਜਿੱਥੇ ਲੋਕਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ, ਉੱਥੇ ਇਸ ਪਾਣੀ ’ਚ ਰੁੜ੍ਹ ਜਾਣ ਕਾਰਨ ਪਿੰਡ ਮੰਡ ਕੂਕਾ ਦੇ ਲਾਪਤਾ ਹੋਏ ਇਕ ਵਿਅਕਤੀ ਦਾ 10 ਦਿਨ ਬੀਤ ਜਾਣ ’ਤੇ ਕੋਈ ਪਤਾ ਨਹੀਂ ਲੱਗਾ, ਨੰਗਲ ਲੁਬਾਣਾ ਦੇ 2 ਵਿਅਕਤੀਆਂ ਤੇ ਧਾਲੀਵਾਲ ਬੇਟ ਦੇ 1 ਵਿਅਕਤੀ ਦੀ ਮੌਤ ਵੀ ਹੋਈ। ਇਸ ਤੋਂ ਇਲਾਵਾ ਮੰਡ ਇਬਰਾਹੀਮਵਾਲ ਤੇ ਕੂਕਾ ’ਚ 3 ਘਰਾਂ ਦਾ ਵੀ ਨੁਕਸਾਨ ਹੋਇਆ ਹੈ। ਇਸ ਸਬੰਧੀ ਡਰੇਨ ਵਿਭਾਗ ਦੇ ਐੱਸ. ਡੀ. ਓ. ਖੁਸ਼ਵਿੰਦਰ ਤੇ ਜੇ. ਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਾੜਾਂ ’ਚ ਮੀਂਹ ਪੈਣ ਨਾਲ ਪਾਣੀ ਵਧਿਆ ਹੈ ਤੇ ਬੀਤੇ ਦਿਨ ਬਿਆਸ ਦਰਿਆ ਢਿਲਵਾਂ ਖੇਤਰ ਵਿਚ 1 ਲੱਖ 39 ਹਜ਼ਾਰ ਕਿਊਸਕ ਪਾਣੀ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ-ਹਿਮਾਚਲ ਦੀ ਹੱਦ ’ਤੇ ਬੇਖ਼ੌਫ਼ ਚੱਲ ਰਿਹੈ ਕਾਲਾ ਧੰਦਾ, 1000 ਰੁ. 'ਚ ਹੁੰਦੈ ਜਿਸਮ ਦਾ ਸੌਦਾ
ਪੌਂਗ ਡੈਮ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ
ਹਿਮਾਚਲ ਤੋਂ ਪੌਂਗ ਡੈਮ ਝੀਲ ’ਚ ਪਾਣੀ ਦੀ ਆਮਦ ਵਧਣ ਨਾਲ ਝੀਲ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਿਆ ਹੈ ਪਰ ਸਥਿਤੀ ਕਾਬੂ ਹੇਠ ਹੈ I ਬੀ. ਬੀ. ਐੱਮ. ਬੀ. ਪ੍ਰਸ਼ਾਸਨ ਵੱਲੋਂ ਡੈਮ ’ਚ ਪਾਣੀ ਦੀ ਸਥਿਤੀ ਨੂੰ ਕੰਟਰੋਲ ’ਚ ਰੱਖਣ ਲਈ ਪਾਣੀ ਛੱਡਣ ਦੀ ਪ੍ਰਕਿਰਿਆ ਨੂੰ ਜਾਰੀ ਰਖਿਆ ਹੋਇਆ ਹੈ I
ਪ੍ਰਾਪਤ ਜਾਣਕਾਰੀ ਅਨੁਸਾਰ ਪੌਂਗ ਡੈਮ ਤੋਂ ਬੀਤੇ ਦਿਨ ਸਪਿਲਵੇ ਰਾਹੀਂ 52300 ਅਤੇ ਪਾਵਰ ਹਾਊਸ ਰਾਹੀਂ 17172 ਕੁੱਲ 69438 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਗਿਆ I ਬੀਤੀ ਸ਼ਾਮ 7 ਵਜੇ ਪੌਂਗ ਡੈਮ ਝੀਲ ’ਚ ਪਾਣੀ ਦੀ ਆਮਦ 92069 ਕਿਊਸਿਕ ਨੋਟ ਕੀਤੀ ਗਈ ਅਤੇ ਪੌਂਗ ਡੈਮ ਝੀਲ ਦਾ ਪੱਧਰ 1391.96 ਫੁੱਟ ਨੋਟ ਕੀਤਾ ਗਿਆ, ਜੋ ਖ਼ਤਰੇ ਦੇ ਨਿਸ਼ਾਨ ਤੋਂ 1.96 ਫੁੱਟ ਜ਼ਿਆਦਾ ਹੈ I ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹ ਨਹਿਰ ਬੈਰਾਜ ’ਚੋਂ 57772 ਕਿਊਸਿਕ ਪਾਣੀ ਬਿਆਸ ਦਰਿਆ ’ਚ ਅਤੇ 11500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ’ਚ ਛੱਡਿਆ ਜਾ ਰਿਹਾ ਹੈ I
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਕਾਂਗਰਸ ਵਰਕਿੰਗ ਕਮੇਟੀ ’ਚ ਜਗ੍ਹਾ ਨਾ ਮਿਲਣ 'ਤੇ ਛਿੜੀ ਨਵੀਂ ਚਰਚਾ
ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ ਅਤੇ ਸਤਲੁਜ ਦਰਿਆ ਵਿੱਚ 35900 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜਦੋਂ ਕਿ ਨੰਗਲ ਡੈਮ ਤੋਂ 58400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਹਰੀਕੇ ਹੈੱਡ ਤੋਂ ਸਰਹੱਦੀ ਪਿੰਡਾਂ ਲਈ ਵਧਿਆ ਖ਼ਤਰਾ
ਤਰਨਤਾਰਨ ਦੇ ਹਰੀਕੇ ਹੈੱਡ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਹਰੀਕੇ ਹੈੱਡ 'ਤੇ ਕਰੀਬ 1.49 ਲੱਖ ਕਿਊਸਿਕ ਪਾਣੀ ਡਾਊਨ ਸਟ੍ਰੀਮ 'ਤੇ ਛੱਡਿਆ ਜਾ ਰਿਹਾ ਹੈ, ਜਿਸ ਨਾਲ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਲਈ ਖ਼ਤਰਾ ਬਣਿਆ ਹੋਇਆ ਹੈ। ਕਈ ਪਿੰਡਾਂ ਵਿੱਚ ਰਾਹਤ ਸਮੱਗਰੀ ਪਹੁੰਚਾਉਣਾ ਵੀ ਵੱਡੀ ਸਮੱਸਿਆ ਬਣੀ ਹੋਈ ਹੈ। ਇੰਨਾ ਹੀ ਨਹੀਂ ਪਸ਼ੂਆਂ ਲਈ ਚਾਰਾ ਵੀ ਖ਼ਤਮ ਹੋ ਗਿਆ ਹੈ। ਤਰਨਤਾਰਨ ਦੇ ਪਿੰਡ ਮੁਠਿਆਂਵਾਲੀ ਨੂੰ ਚਾਰੋਂ ਪਾਸਿਓਂ ਪਾਣੀ ਨੇ ਘੇਰ ਲਿਆ ਹੈ। ਲੋਕ ਪੰਜਾਬ ਸਰਕਾਰ ਤੋਂ ਵੀ ਮਦਦ ਦੀ ਅਪੀਲ ਕਰ ਰਹੇ ਹਨ। ਇਸ ਤੋਂ ਇਲਾਵਾ ਕੁੱਤੀਵਾਲਾ, ਵਸਤੀ ਲਾਲ, ਸਭਰਾ, ਘੜ੍ਹੰਮ, ਗੱਟੀ ਹਰੀਕੇ ਆਦਿ ਪਿੰਡਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ।
ਉਧਰ ਰੋਪੜ 'ਚ ਸਤਲੁਜ ਦੇ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸਤਲੁਜ ਦੇ ਕੰਢੇ ਵਸੇ ਲੋਕਾਂ ਦੇ ਘਰ ਇੱਕ ਵਾਰ ਫਿਰ ਖ਼ਾਲੀ ਕਰਵਾ ਲਏ ਗਏ ਹਨ। ਪਿੰਡ ਹਰਸ਼ਾ ਬੇਲਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਸਤਲੁਜ ਦੇ ਪਾਣੀ ਜਾਣ ਦਾ ਖ਼ਤਰਾ ਵਧ ਗਿਆ ਹੈ।
ਇਹ ਵੀ ਪੜ੍ਹੋ : ਸੰਨੀ ਦਿਓਲ ਦੀ ਸਿਆਸਤ ਤੋਂ ਤੌਬਾ ਭਾਜਪਾ ਲਈ ਸਬਕ, ਨਵਾਂ ਚਿਹਰਾ ਪਾਰਟੀ ਲਈ ਬਣਿਆ ਚੁਣੌਤੀ
ਧੁੱਸੀ ਬੰਨ੍ਹ ਨੂੰ ਭਰਨ ਦਾ ਕੰਮ ਚੱਲ ਰਿਹਾ ਹੈ
ਤਰਨਤਾਰਨ ਦੇ ਘੜ੍ਹੰਮ ਵਿਖੇ ਧੁੱਸੀ ਬੰਨ੍ਹ ਦੇ ਪਾੜ ਨੂੰ ਭਰਨ ਦਾ ਕੰਮ ਜਾਰੀ ਹੈ। ਪਿਛਲੇ 4 ਦਿਨਾਂ ਵਿੱਚ ਪਾੜ ਦਾ 50 ਫ਼ੀਸਦੀ ਤੋਂ ਵਧੇਰੇ ਕੰਮ ਪੂਰਾ ਹੋ ਚੁੱਕਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਪਾੜ ਪੂਰੀ ਤਰ੍ਹਾਂ ਭਰ ਜਾਵੇਗਾ। ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਲੋਕ ਮਿੱਟੀ ਦੀਆਂ ਟਰਾਲੀਆਂ ਲੈ ਕੇ ਲਗਾਤਾਰ ਪਹੁੰਚ ਰਹੇ ਹਨ।
ਹਿਮਾਚਲ 'ਚ ਯੈਲੋ ਅਲਰਟ
ਉਧਰ ਹਿਮਾਚਲ ਵਿੱਚ ਸਥਾਨਕ ਮੌਸਮ ਵਿਭਾਗ ਨੇ 25 ਅਗਸਤ ਨੂੰ ਸੂਬੇ ਵਿੱਚ ਮੋਹਲੇਧਾਰ ਮੀਂਹ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਦਫ਼ਤਰ ਨੇ 30 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਭਾਰਤ ਮੌਸਮ ਵਿਭਾਗ (IMD) ਮੌਸਮ ਦੀਆਂ ਚੇਤਾਵਨੀਆਂ ਲਈ 4 'ਕਲਰ ਕੋਡ' ਦੀ ਵਰਤੋਂ ਕਰਦਾ ਹੈ, ਜਿਸ ਵਿੱਚ 'ਹਰਾ' (ਕੋਈ ਕਾਰਵਾਈ ਦੀ ਲੋੜ ਨਹੀਂ), 'ਪੀਲਾ' (ਨਜ਼ਰ ਰੱਖੋ ਅਤੇ ਤਿਆਰ ਰਹੋ), 'ਸੰਤਰੀ' (ਤਿਆਰ ਰਹੋ) ਅਤੇ 'ਲਾਲ' (ਕਾਰਵਾਈ ਕਰੋ) ਸ਼ਾਮਲ ਹਨ। ਸਥਿਤੀ ਦੇ ਮੁਤਾਬਕ ਇਨ੍ਹਾਂ ਰੰਗਾਂ ਦੇ ਅਲਰਟ ਜਾਰੀ ਕੀਤੇ ਜਾਂਦੇ ਹਨ। ਇਹ ਅਲਰਟ 'ਗ੍ਰੀਨ ਅਲਰਟ', 'ਯੈਲੋ ਅਲਰਟ', 'ਓਰੇਂਜ ਅਲਰਟ' ਅਤੇ 'ਰੈੱਡ ਅਲਰਟ' ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਪਰਿਵਾਰਾਂ 'ਚ ਹੋਈ ਲੜਾਈ, ਮਾਮਲਾ ਦਰਜ
NEXT STORY