ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) - ਕੋਲਕਾਤਾ ’ਚ ਮਹਿਲਾ ਡਾਕਟਰ ਦੀ ਜਬਰ-ਜ਼ਿਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ ’ਚ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੇਂਦਰ ਤੇ ਪੱਛਮੀ ਬੰਗਾਲ ਸਰਕਾਰ ਤੋਂ ਪੀੜਤ ਡਾਕਟਰ ਦੇ ਮਾਪਿਆਂ ਲਈ 10 ਕਰੋੜ ਰੁਪਏ ਦੇ ਐਕਸ-ਗ੍ਰੇਸ਼ੀਆ ਤੋਂ ਇਲਾਵਾ ਪੀੜਤ ਲਈ ਜਲਦੀ ਨਿਆਂ ਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਦੇਸ਼ ਭਰ ’ਚ ਮੈਡੀਕਲ ਪੇਸ਼ੇਵਰਾਂ ਵਿਰੁੱਧ ਹਿੰਸਾ ਰੋਕਣ ਲਈ ਸਖ਼ਤ ਕੇਂਦਰੀ ਕਾਨੂੰਨ ਲਿਆਉਣ ਦੀ ਵੀ ਅਪੀਲ ਕੀਤੀ।
ਉਨ੍ਹਾਂ ਨੇ ਪੰਜਾਬ ਭਵਨ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.), ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ (ਪੀ.ਸੀ.ਐੱਮ.ਐੱਸ.) ਐਸੋਸੀਏਸ਼ਨ, ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਤੇ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਅੰਦੋਲਨਕਾਰੀ ਡਾਕਟਰਾਂ ਨੂੰ ਭਰੋਸਾ ਦਿੱਤਾ ਕਿ ਉਹ ਮੈਡੀਕਲ ਪੇਸ਼ੇਵਰਾਂ ਖ਼ਿਲਾਫ਼ ਹਮਲੇ ਰੋਕਣ ਲਈ ਕੇਂਦਰੀ ਕਾਨੂੰਨ ਲਿਆਉਣ ਲਈ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਲਿਖਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਡਾਕਟਰਾਂ ਖ਼ਾਸ ਕਰਕੇ ਮਹਿਲਾ ਹੈਲਥਕੇਅਰ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੈਡੀਕਲ ਪੇਸ਼ੇਵਰਾਂ ਖ਼ਾਸ ਕਰਕੇ ਮਹਿਲਾ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ’ਚ ਸੁਰੱਖਿਆ ਆਡਿਟ ਕਰਨ ਲਈ ਜ਼ਿਲਾ ਸਿਹਤ ਬੋਰਡਾਂ ਦਾ ਗਠਨ ਕੀਤਾ ਜਾਵੇ। ਉਨ੍ਹਾਂ ਸਰਕਾਰੀ ਸਿਹਤ ਸੰਸਥਾਵਾਂ ਦੇ ਮੁਖੀਆਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਸੁਰੱਖਿਆ ਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸ. ਓ. ਪੀਜ਼) ਨੂੰ ਆਪਣੇ ਅਦਾਰਿਆਂ ’ਚ ਲਾਗੂ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ’ਚ ਕਿਤੇ ਵੀ ਡਾਰਕ ਸਪਾਟ ਨਹੀਂ ਹੋਣਾ ਚਾਹੀਦਾ ਤੇ ਰਾਤ ਦੀ ਸ਼ਿਫਟ ਦੌਰਾਨ ਜਦੋਂ ਵੀ ਮਹਿਲਾ ਮੈਡੀਕਲ ਪੇਸ਼ੇਵਰ ਨੇ ਦੂਰ ਦੇ ਵਾਰਡਾਂ ’ਚ ਮਰੀਜ਼ਾਂ ਨੂੰ ਦੇਖਣ ਜਾਣਾ ਹੋਵੇ ਤਾਂ ਉਨ੍ਹਾਂ ਨਾਲ ਦੋ ਪੁਰਸ਼ ਸਟਾਫ ਮੈਂਬਰ ਜ਼ਰੂਰ ਹੋਣੇ ਚਾਹੀਦੇ ਹਨ।
ਇਸ ਦੌਰਾਨ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜੀਵ ਸੂਦ, ਸਕੱਤਰ ਸਿਹਤ ਕੁਮਾਰ ਰਾਹੁਲ, ਪੀ. ਐੱਸ. ਐੱਚ. ਸੀ. ਦੇ ਐੱਮ. ਡੀ. ਵਰਿੰਦਰ ਕੁਮਾਰ ਸ਼ਰਮਾ, ਆਈ. ਜੀ. (ਹੈੱਡਕੁਆਰਟਰ) ਡਾ. ਸੁਖਚੈਨ ਸਿੰਘ ਗਿੱਲ, ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ, ਸਿਹਤ ਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਡਾ. ਹਿਤਿੰਦਰ ਕੌਰ ਆਦਿ ਹਾਜ਼ਰ ਸਨ।
ਇਨ੍ਹਾਂ ਤੋਂ ਇਲਾਵਾ ਆਈ. ਐੱਮ. ਏ.,ਪੰਜਾਬ ਦੇ ਪ੍ਰਧਾਨ ਡਾ. ਸੁਨੀਲ ਕਤਿਆਲ, ਪੀ. ਸੀ. ਐੱਮ. ਐੱਸ. ਏ. ਦੇ ਪ੍ਰਧਾਨ ਡਾ. ਅਖਿਲ ਸਰੀਨ, ਮੈਡੀਕਲ ਤੇ ਡੈਂਟਲ ਅਧਿਆਪਕ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਰਸ਼ਨਜੀਤ, ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਮ ਮੇਹਰ ਸ਼ਰਮਾ , ਡਾ. ਸ਼ਿਵਾਂਸ਼ੀ, ਡਾ. ਅਕਸ਼ੈ (ਪਟਿਆਲਾ) ਤੇ ਮੈਡੀਕਲ ਕਾਲਜਾਂ ਦੇ ਡਾਇਰੈਕਟਰ-ਕਮ-ਪ੍ਰਿੰਸੀਪਲਜ਼ ਡਾ. ਰਾਜੀਵ ਦੇਵਗਨ, ਡਾ. ਰਾਜਨ ਸਿੰਗਲਾ ਤੇ ਡਾ. ਸੰਜੇ ਗੁਪਤਾ ਸਮੇਤ ਹੋਰ ਪਤਵੰਤੇ ਮੌਜੂਦ ਸਨ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਡਾਕਟਰ ਭਾਈਚਾਰੇ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਡਾ. ਬਲਬੀਰ ਸਿੰਘ ਨੇ ਸਾਰੇ ਡਾਕਟਰਾਂ ਨੂੰ ਆਪਣੀ ਹੜਤਾਲ ਖ਼ਤਮ ਕਰ ਕੇ ਡਿਊਟੀ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ।
ਪਹਿਲਾਂ ਔਰਤ ਨੂੰ ਲਾਇਆ ਸਰਕਾਰੀ ਨੌਕਰੀ ਦਾ ਲਾਰਾ, ਫਿਰ ਨਸ਼ੀਲੀ ਕੋਲਡ ਡਰਿੰਕ ਪਿਆ ਕੇ ਬਣਾਈ ਅਸ਼ਲੀਲ ਵੀਡੀਓ
NEXT STORY