ਕੋਟਕਪੂਰਾ,(ਨਰਿੰਦਰ): ਸ਼ਹਿਰ 'ਚ ਅੱਜ ਸ਼ਾਮ ਕਰੀਬ 7 ਵਜੇ ਗੋਲੀ ਚੱਲਣ ਦੀ ਘਟਨਾ 'ਚ ਇਕ ਨੌਜਵਾਨ ਦੀ ਮੌਤ ਤੇ ਦੂਜੇ ਦੇ ਜ਼ਖਮੀ ਹੋਣ ਦੀ ਖਬਰ ਹੈ। ਬਲਕਾਰ ਸਿੰਘ ਸੰਧੂ ਡੀ. ਐੱਸ. ਪੀ. ਕੋਟਕਪੂਰਾ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਰਣਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਫਰੀਦਕੋਟ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਸ਼ੈਲਰ ਮਾਲਕਾਂ ਨੂੰ ਝੋਨਾ ਜਾਂ ਬਾਸਮਤੀ ਦਿਵਾਉਣ ਦੀ ਦਲਾਲੀ ਦਾ ਕੰਮ ਕਰਦੇ ਹਨ।
ਅੱਜ ਨੇੜਲੇ ਪਿੰਡ ਲਾਲੇਆਣਾ ਵਿਖੇ ਸਥਿਤ ਕਿਸਾਨ ਰਾਈਸ ਮਿੱਲ ਦੇ ਮਾਲਕ ਗੁਰਦੇਵ ਸਿੰਘ ਨੇ ਖੁਦ ਫੋਨ ਕਰ ਕੇ ਉਸ ਨੂੰ ਤੇ ਉਸ ਦੇ ਦੋਸਤ ਮਨਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਫਰੀਦਕੋਟ ਨੂੰ ਆਪਣੀ ਬਕਾਇਆ ਰਕਮ ਲਿਜਾਣ ਲਈ ਆਖਿਆ। ਜਦ ਉਹ ਅਜੇ ਸ਼ੈਲਰ ਦੇ ਬਾਹਰ ਦਰਵਾਜ਼ੇ ਤੱਕ ਹੀ ਪੁੱਜੇ ਸੀ ਤਾਂ ਉੱਥੇ ਹਾਜ਼ਰ ਗੁਰਦੇਵ ਸਿੰਘ ਅਤੇ ਉਸ ਦੇ ਪੁੱਤਰ ਗਗਨਦੀਪ ਸਿੰਘ ਨੇ ਡੱਬ 'ਚੋਂ ਪਿਸਤੌਲ ਕੱਢ ਕੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ। ਸ਼ਿਕਾਇਤ ਕਰਤਾ ਅਨੁਸਾਰ ਉਹ ਖੁਦ ਖਤਰਾ ਭਾਂਪ ਕੇ ਜ਼ਮੀਨ 'ਤੇ ਲੇਟ ਗਿਆ ਜਦਕਿ ਉਸ ਦੇ ਦੋਸਤ ਮਨਦੀਪ ਸਿੰਘ ਦੇ ਗੋਲੀ ਲੱਗਣ ਕਾਰਣ ਉਸ ਦੀ ਮੌਤ ਹੋ ਗਈ। ਡੀ. ਐੱਸ. ਪੀ. ਨੇ ਦੱਸਿਆ ਕਿ ਲਾਸ਼ ਸਿਵਲ ਹਸਪਤਾਲ ਦੀ ਮੌਰਚਰੀ 'ਚ ਰੱਖੀ ਗਈ ਹੈ ਅਤੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਸ਼ੈਲਰ ਮਾਲਕਾਂ ਖਿਲਾਫ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਕਰੋੜਾਂ ਦੀ ਹੈਰੋਇਨ ਸਮੇਤ ਜੱਗੂ ਭਗਵਾਨਪੁਰੀਆ ਦਾ ਸਾਥੀ ਗ੍ਰਿਫਤਾਰ
NEXT STORY