ਮਾਨਸਾ (ਸੰਦੀਪ ਮਿੱਤਲ) - ਸ੍ਰੀ ਗੁਰੂ ਤੇਗ ਬਹਾਦਰ ਕਬੱਡੀ ਕਲੱਬ ਕੋਟੜਾ ਵਲੋਂ ਵਿਸ਼ਾਲ ਕਬੱਡੀ ਕੱਪ ਕਰਵਾਇਆ ਗਿਆ, ਜਿਸ ਦੀਆਂ ਗੂੰਜਾਂ ਆਉਂਦੇ ਸਾਲ ਤੱਕ ਪੈਂਦੀਆਂ ਰਹਿਣਗੀਆਂ। ਇਸ ਦੋ ਰੋਜ਼ਾ ਕਬੱਡੀ ਕੱਪ 'ਚ 75 ਕਿੱਲੋ ਅਤੇ ਓਪਨ ਕਬੱਡੀ ਦੇ ਮੁਕਾਬਲੇ ਰੱਖੇ ਗਏ ਸਨ। ਪਹਿਲੇ ਦਿਨ 75 ਕਿੱਲੋ ਵਰਗ ਦੇ ਮੁਕਾਬਲੇ ਕਰਵਾਏ ਗਏ ਅਤੇ ਦੂਸਰੇ ਦਿਨ ਦੁਨੀਆ ਭਰ ਦੇ ਮੁਲਕਾਂ ਅੰਦਰ ਕਬੱਡੀ ਖੇਡਣ ਵਾਲੇ ਖਿਡਾਰੀਆਂ ਦੇ ਕਬੱਡੀ ਖੇਡ ਜਜ਼ਬਿਆਂ ਨਾਲ ਖੇਡ ਗਰਾਊਂਡ ਨੂੰ ਨੂਰੋ ਨੂਰ ਕਰ ਦਿੱਤਾ। 75 ਕਿੱਲੋ ਵਰਗ ਦੀਆਂ 45 ਟੀਮਾਂ ਮੁਕਾਬਲੇ 'ਚ ਪਹੁੰਚੀਆਂ ਅਤੇ ਓਪਨ ਕਬੱਡੀ ਦੀਆਂ 32 ਟੀਮਾਂ ਪਹੁੰਚੀਆਂ। ਨੱਕੋ ਨੱਕ ਭਰੇ ਖੇਡ ਸਟੇਡੀਅਮ 'ਚ ਹਜ਼ਾਰਾਂ ਦੀ ਗਿਣਤੀ 'ਚ ਖੇਡ ਪ੍ਰੇਮੀ ਜਗ੍ਹਾ ਨਾ ਮਿਲਣ ਕਾਰਨ ਚੱਕਰ ਲਗਾਉਂਦੇ ਦੇਖੇ ਗਏ। ਸਭ ਤੋਂ ਵੱਡੀ ਖੂਬੀ ਇਹ ਰਹੀ ਕਿ ਇਸ ਕਬੱਡੀ ਕੱਪ ਦਾ ਲਾਈਵ ਟੈਲੀਕਾਸਟ ਵੀ ਕੀਤਾ ਗਿਆ, ਜਿਸ ਨਾਲ 5 ਲੱਖ ਦਰਸ਼ਕ ਜੁੜੇ ਹੋਏ ਸਨ।
2015 ਤੋਂ 2017 ਤੱਕ ਸੰਸਾਰ ਦੇ ਵਿਸ਼ਵ ਕੱਪਾਂ ਦੇ ਜੇਤੂ ਬੈਸਟ ਰੇਡਰ, ਬੈਸਟ ਸਟਾਪਰ, ਅੰਤਰਰਾਸ਼ਟਰੀ ਕੁਮੈਂਟੇਟਰ ਰੁਪਿੰਦਰ ਜਲਾਲ, ਅਮਨ ਲੋਪੋ ਅਤੇ ਮੰਚ ਉਪਰ ਰਾਜ ਪੱਧਰੀ ਭਾਸ਼ਣ ਵਿਜੇਤਾ ਬਲਵੰਤ ਭੀਖੀ ਖੇਡ ਮੇਲੇ ਦੇ ਜਾਹੋ ਜਲਾਲ ਨੂੰ ਕਮਾਲ ਦੀ ਖਿੱਚ ਭਰਪੂਰ ਸ਼ੈਲੀ ਨਾਲ ਖੇਡ ਦੁਨੀਆ ਦੇ ਰੰਗਾਂ ਵਿਚ ਰੰਗ ਰਹੇ ਸਨ। ਪੰਜ ਵਾਰ ਵਿਸ਼ਵ ਕਬੱਡੀ ਕੱਪ ਦੇ ਕਪਤਾਨ ਰਹੇ ਸੁਖਵੀਰ ਸਰਾਵਾਂ, ਦਰਜਨਾਂ ਕੱਪਾਂ ਦੇ ਬੈਸਟ ਜਾਫ਼ੀ ਖੁਸ਼ੀ ਦੁੱਗਾਂ, ਸ਼ੀਰਾ ਪਿੱਥੋ, ਸੁਰਖਪੁਰੀਆ ਦੁੱਲਾ, ਖਿੱਚ ਦਾ ਕੇਂਦਰ ਬਣੇ ਹੋਏ ਸਨ। ਨਾਮਵਰ ਗਰਾਊਂਡਾਂ ਦੇ ਕਬੱਡੀ ਸਟਾਰ ਬੰਨੀ ਸਮਾਣਾ ਅਤੇ ਸ਼ੀਰਾ ਕੋਟੜਾ ਨੂੰ ਪ੍ਰਬੰਧਕਾਂ ਵਲੋਂ ਨਵੇਂ ਬੁਲੇਟ ਮੋਟਰਸਾਇਕਲ ਦੇ ਕੇ ਸਨਮਾਨਿਆ ਗਿਆ। 75 ਕਿੱਲੋ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਐੱਲ.ਸੀ.ਡੀ ਦੇ ਕੇ ਸਨਮਾਨਿਆ ਗਿਆ। ਓਪਨ ਕਬੱਡੀ ਟੀਮ ਲਈ 1 ਲੱਖ ਰੁਪਏ ਦਾ ਇਨਾਮ, ਸੈਕਿੰਡ ਲਈ 75 ਹਜ਼ਾਰ ਦਾ ਇਨਾਮ ਅਤੇ ਮਾਨਸਾ ਜ਼ਿਲੇ 'ਚ ਪਹਿਲੀ ਵਾਰ ਜੇਤੂ ਜਾਫੀ ਅਤੇ ਰੇਡਰ ਨੂੰ 3600 ਫੋਰਡ ਟਰੈਕਟਰ ਦੇ ਕੇ ਵੱਡੇ ਸਨਮਾਨ ਨਾਲ ਨਿਵਾਜਿਆ ਗਿਆ। ਪੰਜਾਬ ਦੀਆਂ ਖੇਡ ਨਾਮਵਰ ਹਸਤੀਆਂ ਸੁਦਰਸ਼ਨ ਸਿੰਘ ਚਹਿਲ, ਪੰਜਾਬ ਦੇ ਖੇਡ ਕਾਲਮਾਂ ਦੇ ਸਟਾਰ ਲੇਖਕ ਸਮੇਤ ਇਲੈਕਟਰੋਨਿਕ ਅਤੇ ਪਿੰ੍ਰਟ ਮੀਡੀਆ ਭਾਰੀ ਗਿਣਤੀ ਵਿਚ ਇਸ ਮਾਲਵਾ ਦੀ ਸ਼ਾਨ ਬਣੇ ਕਬੱਡੀ ਕੱਪ ਨੂੰ ਆਪਣੇ ਚਮਕਦੇ ਲਫ਼ਜਾਂ ਨਾਲ ਸ਼ਿੰਗਾਰਨ ਲਈ ਪਹੁੰਚੇ ਹੋਏ ਸਨ। ਨਜ਼ਦੀਕੀ ਸੂਬਾ ਹਰਿਆਣਾ, ਮਾਲਵੇ ਦੇ ਸਾਰੇ ਜ਼ਿਲਿਆਂ ਦੇ ਖੇਡ ਕਲੱਬਾਂ ਦੇ ਨੁਮਾਇੰਦੇ, ਪ੍ਰਬੰਧਕ, ਕਾਲਜਾਂ ਅਤੇ ਸਕੂਲਾਂ ਦੇ ਸਮੂਹ ਖੇਡ ਆਯੋਜਨਕਰਤਾ ਇਸ ਮੇਲੇ ਦਾ ਸ਼ਿੰਗਾਰ ਤਾਂ ਬਣੇ ਹੀ ਸਨ ਉਥੇ ਰਾਜਨੀਤੀ ਅੰਦਰ ਜ਼ਿਲੇ ਦੀ ਅਗਵਾਈ ਕਰਨ ਵਾਲੇ ਸਭਨਾਂ ਪਾਰਟੀਆਂ ਦੇ ਆਗੂਆਂ ਦੀ ਮੌਜੂਦਗੀ ਪ੍ਰਬੰਧਕਾਂ ਦਾ ਹੌਂਸਲਾ ਵਧਾ ਰਹੀ ਸੀ। ਜ਼ਿਲਾ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ, ਐੱਸ.ਐੱਚ.ਓ ਭੀਖੀ ਪਰਮਜੀਤ ਸਿੰਘ, ਆਲ ਇੰਡੀਆ ਪੁਲਸ ਗੇਮਾਂ ਦੇ ਮੈਡਲ ਜੇਤੂ ਜਸਵੀਰ ਸਿੰਘ ਐੱਸ.ਐੱਚ.ਓ ਜੋਗਾ, ਸੰਤ ਬਾਬਾ ਅੰਮ੍ਰਿਤ ਮੁਨੀ ਡੇਰਾ ਬਾਬਾ ਭਾਈ ਗੁਰਦਾਸ ਮੰਚ ਉਪਰ ਖਿਡਾਰੀਆਂ ਨੂੰ ਨਗਦ ਇਨਾਮ ਦੇ ਕੇ ਹੌਂਸਲਾ ਵਧਾਉਂਦੇ ਰਹੇ। ਇਨਾਮਾਂ ਦੀ ਵੰਡ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵਲੋਂ ਬੜੀ ਲੰਬੀ ਮੌਜੂਦਗੀ ਦਾ ਸਾਥ ਦਿੰਦਿਆਂ ਦੇਰ ਸਾਢੇ 9 ਵਜੇ ਫਾਈਨਲ ਮੁਕਾਬਲੇ ਤੱਕ ਨਿਭਾਉਣ ਲਈ ਖੇਡ ਪ੍ਰੇਮੀਆਂ ਦਾ ਦਿਲ ਜਿੱਤਦੇ ਰਹੇ। ਉਨ੍ਹਾਂ ਆਪਣੇ ਭਾਵੁਕ ਸੰਬੋਧਨ 'ਚ ਭਾਰੀ ਤਾਦਾਦ 'ਚ ਜੁੜੇ ਖੇਡ ਪ੍ਰੇਮੀਆਂ ਨੂੰ 11 ਲੱਖ ਰੁਪਏ ਦਾ ਐਲਾਨ ਕੀਤਾ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 1 ਲੱਖ ਰੁਪਏ ਅਤੇ ਆਪਣੇ ਵਲੋਂ ਅਗਲੇ ਸਾਲ ਇਸ ਖੇਡ ਸਟੇਡੀਅਮ ਲਈ ਕੀਤੇ ਵਾਅਦੇ ਨੂੰ ਨਿਭਾਉਣ ਦਾ ਐਲਾਨ ਕੀਤਾ। ਟੂਰਨਾਮੈਂਟ ਦੌਰਾਨ 75 ਕਿੱਲੋ 'ਚ ਪਹਿਲਾ ਸਥਾਨ ਪੂਹਲਾ, ਦੂਸਰਾ ਸਥਾਨ ਫਰਵਾਹੀ, ਓਪਨ ਮੁਕਾਬਲੇ ਵਿਚ ਪਹਿਲਾਂ ਸਥਾਨ ਦਿੜਬਾ ਅਤੇ ਦੂਜਾ ਸੁਰਖਪੁਰ, ਬੈਸਟ ਜਾਫ਼ੀ ਗੁਰਧਿਆਨ ਦਿੜਬਾ, ਬੈਸਟ ਰੇਡਰ ਕਾਲਾ ਧਨੌਲਾ ਅਤੇ ਵਿਨੈ ਖੱਤਰੀ ਰਹੇ। ਕਲੱਬ ਦੇ ਪ੍ਰਧਾਨ ਗੁਰਜੋਤ ਸਿੰਘ ਟੋਨੀ, ਗੁਰਤੇਜ ਸਿੰਘ, ਗਗਨਦੀਪ, ਜੱਗਾ ਸਿੰਘ, ਡਾ. ਗੁਲਜਾਰ ਸਿੰਘ, ਜਸਵੀਰ ਪਹਾੜੀਆ, ਨਿਰਭੈ ਫੌਜੀ, ਰੁਪਿੰਦਰ ਗੁਲਾਬੀ, ਬੂਟਾ ਸਰਪੰਚ ਫਰਵਾਹੀ, ਬਾਵਾ ਭੀਖੀ, ਸੋਨੀ ਫਰਵਾਹੀ ਅਤੇ ਸਮੁੱਚੀ ਟੀਮ ਵਲੋਂ ਕੀਤੇ ਲਾਮਿਸਾਲ ਪ੍ਰਬੰਧ ਹਰ ਇਕ ਦਾ ਮਨ ਮੋਹ ਰਹੇ ਸਨ।
ਪ੍ਰਧਾਨ ਤੇ ਉੱਪ ਪ੍ਰਧਾਨ ਦੇ ਅਹੁਦੇ ਲਈ ਧੜੇਬਾਜ਼ੀ ਨੇ ਕੀਤਾ ਕਾਂਗਰਸ ਦੀ ਜਿੱਤ ਦਾ ਮਜ਼ਾ ਫਿੱਕਾ
NEXT STORY