ਜਲੰਧਰ (ਰਮਨਦੀਪ ਸੋਢੀ) : ਨਵਜੋਤ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਪੈਦਾ ਹੋਏ ਵਿਵਾਦ ਤੋਂ ਬਾਅਦ ਪੰਜਾਬ ਕਾਂਗਰਸ ਦਾ ਕਲੇਸ਼ ਵੱਧਦਾ ਜਾ ਰਿਹਾ ਹੈ। ਹੁਣ ਸਾਬਕਾ ਵਿਧਾਇਕ ਕੁਲਬੀਰ ਜੀਰਾ ਨੇ ਨਵਜੋਤ ਸਿੱਧੂ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਕੀਤੀ ਹੈ। ਜੀਰਾ ਨੇ ਆਖਿਆ ਹੈ ਕਿ ਨਵਜੋਤ ਸਿੱਧੂ ਵਿਆਹ ਦੀ ਵਰ੍ਹੀ ’ਚ ਆਏ ਉਨ੍ਹਾਂ ਸੂਟਾਂ ਵਰਗਾ ਹੈ ਜਿਸ ਨੂੰ ਨਾ ਤਾਂ ਪਾ ਸਕਦੇ ਹਾਂ ਅਤੇ ਨਾ ਹੀ ਲਾਹ ਸਕਦੇ ਹਾਂ, ਇਸ ਕਰਕੇ ਸਾਨੂੰ ਇਸ ਦਾ ਬੜਾ ਪਛਤਾਵਾ ਹੈ। ਜੀਰਾ ਨੇ ਕਿਹਾ ਕਿ ਸਿੱਧੂ ਹਮੇਸ਼ਾ ਵੱਖਰੀ ਦੁਕਾਨ ਖੋਲ੍ਹੀ ਰੱਖਦਾ ਹੈ। ਇਸੇ ਦਾ ਨਤੀਜਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 78 ਸੀਟਾਂ ਜਿੱਤਣ ਵਾਲੀ ਕਾਂਗਰਸ 2022 ਵਿਚ ਸਿਰਫ 18 ਸੀਟਾਂ ’ਤੇ ਹੀ ਸੁੰਗੜ ਕੇ ਰਹਿ ਗਈ। ਉਨਾਂ ਮੰਗ ਕੀਤੀ ਕਿ ਸਿੱਧੂ ਵਰਗਾ ਬੰਦਾ ਜਿਸਦੀ ਕਹਿਣੀ ਅਤੇ ਕਰਨੀ ਵਿੱਚ ਬੜਾ ਫਰਕ ਹੈ ਤੇ ਉਹ ਪਾਰਟੀ ਦੀ ਪਿੱਠ ’ਚ ਛੁਰਾ ਮਾਰਦਾ ਹੈ।
ਕਾਂਗਰਸ ’ਚ ਬਣੇ ਮੌਜੂਦਾ ਘਟਨਾਕ੍ਰਮ ’ਤੇ ਤਲਖੀ ਵਿਖਾਉਂਦਿਆਂ ਜੀਰਾ ਨੇ ਕਿਹਾ ਕਿ ਸਿੱਧੂ ਸਿਰਫ ਪੰਜਾਬ ਲੀਡਰਸ਼ਿਪ ਨੂੰ ਹੀ ਨਹੀਂ ਸਗੋਂ ਸਾਡੀ ਹਾਈਕਮਾਂਡ ਨੂੰ ਵੀ ਪੁੱਠਾ ਬੋਲਦਾ ਰਿਹਾ ਹੈ ਪਰ ਇਸ ਦੇ ਬਾਵਜੂਦ ਇਸ ਨੂੰ ਅਹੁਦੇ ਦਿੱਤੇ ਜਾਂਦੇ ਰਹੇ। ਹਾਈਕਮਾਂਡ ਨੂੰ ਹੁਣ ਸਿੱਧੂ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਪਾਰਟੀ ’ਚੋਂ ਚੱਲਦਾ ਕਰਨਾ ਚਾਹੀਦਾ ਹੈ। ਸਿੱਧੂ ਨੂੰ ਸਮਝਣਾ ਚਾਹੀਦਾ ਹੈ ਕਿ ਅੱਜ ਵੀ ਉਸ ਤੋਂ ਬਿਨਾਂ ਕਪਿਲ ਸ਼ਰਮਾ ਦਾ ਸ਼ੋਅ ਚੱਲ ਰਿਹਾ ਹੈ। ਉਧਰ ਮਜੀਠੀਆ ਨਾਲ ਪਾਈ ਜੱਫੀ ’ਤੇ ਵੀ ਕੁਲਬੀਰ ਨੇ ਸਵਾਲ ਖੜਾ ਕੀਤਾ। ਜੀਰਾ ਨੇ ਕਿਹਾ ਕਿ 75/25 ਕਾਂਗਰਸੀਆਂ ਦੀ ਕਿਸੇ ਨਾਲ ਨਹੀਂ ਚੱਲ ਰਹੀ ਸਗੋਂ 75/25 ਵਾਲਾ ਅਸਲ ਕੰਮ ਸਿੱਧੂ ਅਤੇ ਮਜੀਠੀਆ ਵਿਚਾਲੇ ਚੱਲ ਰਿਹਾ ਹੈ, ਜੋ ਸਿੱਧੂ ਵਲੋਂ ਮਜੀਠੀਆ ਨੂੰ ਪਾਈ ਜੱਫੀ ਤੋਂ ਸਾਬਤ ਹੋ ਗਿਆ ਹੈ। ਜੀਰਾ ਮੰਨਦੇ ਹਨ ਕਿ ਜਦੋਂ ਤੋਂ ਸਿੱਧੂ ਨੇ ਮਜੀਠੀਆ ਨੂੰ ਜੱਫੀ ਪਾਈ ਹੈ ਉਦੋਂ ਤੋਂ ਉਹ ਮੇਰੇ ਅਤੇ ਲੋਕਾਂ ਦੇ ਮਨਾਂ ’ਚੋਂ ਵੀ ਲਹਿ ਗਿਆ ਹੈ। ਜਦੋਂ ਉਨਾਂ ਕੋਲੋਂ ਕਿਸੇ ਵਕਤ ਉਨਾਂ ਦੀ ਨਵਜੋਤ ਨਾਲ ਨੇੜਤਾ ਬਾਰੇ ਪੁੱਛਿਆ ਗਿਆ ਤਾਂ ਜਵਾਬ ਸੀ ਕਿ ਅਸੀਂ ਸਿੱਧੂ ਨਾਲ ਖੜਕੇ ਕੈਪਟਨ ਅਤੇ ਮਜੀਠੀਆ ਵਰਗੇ ਲੀਡਰਾਂ ਨਾਲ ਲੜਾਈ ਲੜੀ ਪਰ ਖੁਦ ਸਿੱਧੂ ਮਜੀਠੀਆ ਨੂੰ ਜੱਫੀਆਂ ਪਾ ਰਿਹਾ ਹੈ।ਇਸਦੇ ਨਾਲ ਹੀ ਉਨਾਂ ਤੰਜ ਕਸਿਆ ਕਿ ਮਨਪ੍ਰੀਤ ਬਾਦਲ ਅਤੇ ਸਿੱਧੂ ਨੇ ਪਾਰਟੀ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ।
ਕਾਂਗਰਸ ਤੇ ਆਪ ਦਾ ਗਠਜੋੜ ਹੋਇਆ ਤਾਂ ਲੋਕ ਜੁੱਲੀ ਬਿਸਤਰਾ ਗੋਲ ਕਰ ਦੇਣਗੇ
ਕੁਲਬੀਰ ਜੀਰਾ ਨੇ ਇੱਕ ਵਾਰ ਫਿਰ ਕਾਂਗਰਸ ਤੇ ਆਪ ਦੇ ਗਠਜੋੜ ਦੀ ਚਰਚਾ ਦਾ ਵਿਰੋਧ ਕੀਤਾ। ਉਨਾਂ ਕਿਹਾ ਕਿ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਪੰਜਾਬ ਦੇ ਲੋਕ ਕਾਂਗਰਸ ਦੀ ਜੁੱਲੀ ਬਿਸਤਰਾ ਗੋਲ ਕਰ ਦੇਣਗੇ ਤੋ ਪਾਰਟੀ ਦਾ ਸਫਾਇਆ ਹੋ ਜਾਵੇਗਾ। ਉਨਾਂ ਜ਼ੋਰ ਦੇ ਕੇ ਇਹ ਗੱਲ ਕਹੀ ਕਿ ਸੱਤਾਧਿਰ ਤੋਂ ਲੋਕ ਪ੍ਰੇਸ਼ਾਨ ਹਨ, ਕਾਂਗਰਸ ਅਤੇ ਆਪ ਦੀ ਵਿਚਰਧਾਰਾ ਵਿੱਚ ਕੋਹਾਂ ਦਾ ਫਰਕ ਹੈ ਇਸ ਲਈ ਇਹ ਗਠਜੋੜ ਕਦੇ ਵੀ ਸਫਲ ਨਹੀਂ ਹੋ ਸਕਦਾ ਹੈ। ਇਸ ਦੇ ਨਾਲ ਹੀ ਉਨਾਂ ਹਾਈਕਮਾਂਡ ਤੋਂ ਵੀ ਉਮੀਦ ਜਤਾਈ ਕਿ ਉਹ ਪੰਜਾਬੀਆਂ ਦੀ ਮੰਗ ਨੂੰ ਕਦੇ ਵੀ ਠੁਕਰਾਉਣਗੇ ਨਹੀਂ, ਪਰ ਨਾਲ ਹੀ ਕਿਹਾ ਕਿ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਘਰ ਬੈਠਣ ਨੂੰ ਹੀ ਤਰਜ਼ੀਹ ਦੇਣਗੇ। ਜੀਰਾ ਮੁਤਾਬਕ ਜਾਂ ਤਾਂ ਹੁਣ ਟਾਂਡਿਆਂ ਵਾਲੀ ਰਹੇਗੀ ਤੇ ਜਾਂ ਫਿਰ ਭਾਂਡਿਆਂ ਵਾਲੀ ਰਹੇਗੀ।
ਇਹ ਵੀ ਪੜ੍ਹੋ : ਸ਼ਹੀਦੀ ਜੋੜ ਮੇਲ ਨੂੰ ਲੈ ਕੇ ਸਰਕਾਰ ਦਾ ਫ਼ੈਸਲਾ, ਪਹਿਲੀ ਵਾਰ 27 ਦਸੰਬਰ ਨੂੰ ਸਵੇਰੇ 10 ਵਜੇ ਵੱਜਣਗੇ ਮਾਤਮੀ ਬਿਗਲ
ਸਿਹਤ ਵਿਭਾਗ ਵਲੋਂ ਰਾਜ ਪੱਧਰ ’ਤੇ ਕੋਵਿਡ ਸਬੰਧੀ ਮੀਟਿੰਗ, ਨਵਾਂ ਵੇਰੀਐਂਟ ਖ਼ਤਰਨਾਕ ਨਹੀਂ, ਸੁਚੇਤ ਰਹਿਣ ਦੀ ਲੋੜ
NEXT STORY