ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਦਿ ਨਵਾਂਸ਼ਹਿਰ ਸ਼ੂਗਰ ਮਿੱਲ 'ਚ ਸਥਿਤ ਨਿੱਜੀ ਕੰਪਨੀ ਦੇ ਪਾਵਰ ਜਨਰੇਸ਼ਨ ਪਲਾਂਟ 'ਚ ਕਰੀਬ 200 ਫੁੱਟ ਦੀ ਉਚਾਈ 'ਤੇ ਸਥਾਪਿਤ ਬੋਆਇਲਰ 'ਤੇ ਕੰਮ ਕਰਨ ਵਾਲੇ ਮਜ਼ਦੂਰ ਦੀ ਅੱਜ ਸਵੇਰੇ ਤੜਕਸਾਰ ਡਿੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ।
ਪਾਵਰ ਪਲਾਂਟ ਜਨਰੇਸ਼ਨ ਦੇ ਚੀਫ਼ ਅਧਿਕਾਰੀ ਨੇ ਦੱਸਿਆ ਕਿ ਪਾਵਰ ਪਲਾਂਟ 'ਚ ਦਿੱਲੀ ਦੀ ਨਿੱਜੀ ਕੰਪਨੀ ਦੇ ਠੇਕੇਦਾਰ ਦੀ ਲੇਬਰ ਕੰਮ ਕਰ ਰਹੀ ਹੈ। ਅੱਜ ਸਵੇਰੇ ਤੜਕੇ ਕਰੀਬ ਢਾਈ ਵਜੇ ਲੱਗਭਗ 200 ਫੁੱਟ ਦੀ ਉਚਾਈ 'ਤੇ ਕੰਮ ਕਰ ਰਿਹਾ ਮਜ਼ਦੂਰ ਸੰਜੇ ਤਿਆਗੀ (33) ਪੁੱਤਰ ਰੂਪਰਾਮ ਨਿਵਾਸੀ ਮੋਦੀ ਨਗਰ ਗਾਜ਼ੀਆਬਾਦ ਯੂ.ਪੀ. ਦੀ ਹੇਠਾਂ ਡਿੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।
ਉਕਤ ਮਜ਼ਦੂਰ ਨਾਲ 3 ਹੋਰ ਮਜ਼ਦੂਰ ਵੀ ਕੰਮ ਕਰ ਰਹੇ ਸਨ। ਸੰਜੇ ਜਦੋਂ ਇਕ ਥਾਂ ਦਾ ਕੰਮ ਖਤਮ ਕਰਨ ਤੋਂ ਬਾਅਦ ਦੂਜੀ ਥਾਂ 'ਤੇ ਆਪਣੀ ਸੇਫਟੀ ਬੈਲਟ ਲਾ ਰਿਹਾ ਸੀ ਤਾਂ ਇਸੇ ਦੌਰਾਨ ਹਾਦਸਾ ਵਾਪਰ ਗਿਆ। ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ ਤੇ ਕੰਪਨੀ ਦੇ ਠੇਕੇਦਾਰ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਕਲੌਤਾ ਪੁੱਤਰ ਸੀ ਸੰਜੇ ਤਿਆਗੀ ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਮ੍ਰਿਤਕ ਸੰਜੇ ਤਿਆਗੀ (33) ਆਪਣਾ ਵਿਆਹ ਕਰਵਾਉਣ ਤੋਂ ਕੰਨੀਂ ਕਤਰਾਉਂਦਾ ਸੀ। ਨਵਾਂਸ਼ਹਿਰ ਦੇ ਪਾਵਰ ਪਲਾਂਟ 'ਚ ਪਿਛਲੀ 7 ਦਸੰਬਰ ਨੂੰ ਆਉਣ ਤੋਂ ਪਹਿਲਾਂ ਮ੍ਰਿਤਕ ਦੇ ਜੀਜੇ ਮੰਗੂ ਰਾਮ ਨੇ ਉਸ ਨੂੰ ਵਿਆਹ ਕਰਵਾਉਣ ਲਈ ਲੜਕੀ ਦਿਖਾਉਣ ਦਾ ਸੱਦਾ ਦਿੱਤਾ ਸੀ ਪਰ ਉਹ ਘਰ 'ਚ ਪੂਰੀ ਜਾਣਕਾਰੀ ਦਿੱਤੇ ਬਿਨਾਂ ਪੰਜਾਬ ਆਪਣੀ ਨੌਕਰੀ 'ਤੇ ਆ ਗਿਆ। ਮ੍ਰਿਤਕ ਦੀ ਮੌਤ ਦਾ ਸਮਾਚਾਰ ਮਿਲਣ ਮਗਰੋਂ ਅੱਜ ਉਸ ਦੇ ਜੱਦੀ ਪਿੰਡ ਮੋਦੀਨਗਰ ਗਾਜ਼ੀਆਬਾਦ ਤੋਂ ਨਵਾਂਸ਼ਹਿਰ ਦੇ ਜ਼ਿਲਾ ਹਸਪਤਾਲ 'ਚ ਪਹੁੰਚੇ ਰਿਸ਼ਤੇਦਾਰ ਸੰਦੀਪ ਤਿਆਗੀ, ਕਪਿਲ ਤੇ ਮੰਗੂ ਰਾਮ ਨੇ ਦੱਸਿਆ ਕਿ ਉਸ ਦੇ ਨਾਲ ਹੋਈ ਇਸ ਘਟਨਾ ਤੋਂ ਇਹ ਲੱਗਦਾ ਹੈ ਕਿ ਉਸ ਨੂੰ ਆਪਣੀ ਮੌਤ ਦੀ ਪਹਿਲਾਂ ਹੀ ਜਾਣਕਾਰੀ ਸੀ ਅਤੇ ਇਸੇ ਕਰਕੇ ਉਹ ਵਿਆਹ ਨਹੀਂ ਕਰਵਾਉਂਦਾ ਸੀ। ਮ੍ਰਿਤਕ ਦੇ ਪਿਤਾ ਰੂਪਰਾਮ ਦੀ ਕਾਫੀ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਆਪਣੀ ਮਾਤਾ ਕ੍ਰਿਸ਼ਨਾ ਦੇਵੀ (55) ਦੇ ਇਕਲੌਤੇ ਸਹਾਰੇ ਸੰਜੇ ਤਿਆਗੀ ਦੀ ਇਕ ਵੱਡੀ ਭੈਣ ਹੈ, ਜੋ ਵਿਆਹੀ ਹੋਈ ਹੈ।
ਪੁਲਸ ਨੇ ਕੀਤੀ ਧਾਰਾ 174 ਤਹਿਤ ਕਾਰਵਾਈ
ਜਾਂਚ ਅਧਿਕਾਰੀ ਏ.ਐੱਸ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਹਾਜ਼ਰ ਗਵਾਹਾਂ ਤੋਂ ਲਏ ਗਏ ਬਿਆਨਾਂ ਦੇ ਆਧਾਰ 'ਤੇ ਪੁਲਸ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕਰ ਰਹੀ ਰਹੀ ਹੈ। ਮ੍ਰਿਤਕ ਦੇ ਰਿਸ਼ਤੇਦਾਰ ਅੱਜ ਦੇਰ ਸ਼ਾਮ ਹਸਪਤਾਲ 'ਚ ਪਹੁੰਚੇ ਹਨ, ਜੇਕਰ ਉਹ ਕਿਸੇ ਵਿਅਕਤੀ ਜਾਂ ਕੰਪਨੀ ਖਿਲਾਫ਼ ਕੋਈ ਬਿਆਨ ਦਿੰਦੇ ਹਨ ਤਾਂ ਉਸ ਦੇ ਆਧਾਰ 'ਤੇ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ।
'ਮਿੰਨੀ ਕੇਜਰੀਵਾਲ' ਵੱਲੋਂ ਆਤਮਦਾਹ ਦੀ ਕੋਸ਼ਿਸ਼
NEXT STORY