ਨਵਾਂਸ਼ਹਿਰ, (ਤ੍ਰਿਪਾਠੀ)- ਪੁਰਾਣੀ ਬਿਲਡਿੰਗ ਤੋਂ ਚੰਡੀਗੜ੍ਹ ਰੋਡ ਸਥਿਤ ਨਵੀਂ ਬਿਲਡਿੰਗ ਵਿਚ ਸ਼ਿਫਟ ਹੋਏ ਜ਼ਿਲਾ ਹਸਪਤਾਲ ਨਾ ਸਿਰਫ 50 ਬੈੱਡ ਤੋਂ ਪ੍ਰਮੋਟ ਹੋ ਕੇ 100 ਬੈੱਡ ਦਾ ਦਰਜਾ ਹਾਸਲ ਕਰ ਚੁੱਕਿਆ ਹੈ, ਸਗੋਂ ਕਾਇਆ ਕਲਪ ਪ੍ਰੋਗਰਾਮ ਤਹਿਤ ਰਾਜ ਭਰ ਵਿਚ ਨੰਬਰ ਵਨ ਦਾ ਰੁਤਬਾ ਹਾਸਲ ਕਰਨ ਦੇ ਬਾਵਜੂਦ ਜ਼ਿਲਾ ਹਸਪਤਾਲ ਵਿਚ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਰੜਕ ਰਹੀ ਹੈ, ਜਿਸ ਕਾਰਨ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਹੈਲਥ ਦੀਆਂ ਵੱਖ-ਵੱਖ ਸਕੀਮਾਂ ਤਹਿਤ ਲੋਕਾਂ ਨੂੰ ਮੁਫਤ ਮੈਡੀਕਲ ਸਹੂਲਤਾਂ ਸਰਕਾਰੀ ਹਸਪਤਾਲ ਵਿਚ ਉਪਲੱਬਧ ਕਰਵਾਉਣ ਦੇ ਨਾਲ-ਨਾਲ ਔਰਤਾਂ ਦੀ ਡਲਿਵਰੀ ਇੰਸਟੀਚਿਊਟ ਵਿਚ ਕਰਵਾਉਣ ਅਤੇ ਹੋਰ ਸਹੂਲਤਾਂ ਦੇ ਦਾਅਵੇ ਪੂਰੀ ਤਰ੍ਹਾਂ ਨਾਲ ਝੂਠੇ ਸਿੱਧ ਹੋ ਰਹੇ ਹਨ।
ਮਨਜ਼ੂਰ ਅਹੁਦਿਆਂ 'ਚ ਹੋਰ ਵਾਧਾ ਕਰਨ ਦੀ ਲੋੜ
50 ਬੈੱਡ ਦੇ ਜ਼ਿਲਾ ਸਰਕਾਰੀ ਹਸਪਤਾਲ 'ਚ ਸੀਨੀਅਰ ਮੈਡੀਕਲ ਅਧਿਕਾਰੀ ਤੋਂ ਇਲਾਵਾ ਕੁੱਲ 13 ਡਾਕਟਰਾਂ ਦਾ ਮਨਜ਼ੂਰਸ਼ੁਦਾ ਸਥਾਨ ਹੈ। ਜਦੋਂਕਿ ਹੁਣ ਹਸਪਤਾਲ 100 ਬੈੱਡ ਦਾ ਹੋ ਜਾਣ ਤੋਂ ਬਾਅਦ ਮੈਡੀਕਲ ਡਾਕਟਰਾਂ ਦੀ ਜ਼ਰੂਰਤ ਕਰੀਬ 25 ਦੱਸੀ ਜਾ ਰਹੀ ਹੈ। 50 ਬੈੱਡ ਦੇ ਹਸਪਤਾਲ ਦੇ ਸਮੇਂ ਹਸਪਤਾਲ ਵਿਚ ਅੱਖਾਂ ਦੇ 2, ਡੈਂਟਲ ਸਰਜਨ, ਸਕਿਨ, ਗਾਇਨੀਕੋਲੋਜਿਸਟ, ਆਰਥੋ ਮੈਡੀਸਨ, ਪੈਥਰਾਲੋਜਿਸਟ, ਮਾਨਸਿਕ ਰੋਗਾਂ ਦੇ ਮਾਹਿਰ, ਐਨਥੀਜਿਆ, ਈ. ਐੱਨ. ਟੀ. ਅਤੇ ਰਿਆਲੋਜਿਸਟ ਦਾ 1-1 ਅਹੁਦਾ ਮਨਜ਼ੂਰ ਸੀ। ਜਦੋਂਕਿ ਜ਼ਿਲਾ ਹਸਪਤਾਲ ਦੇ ਤੌਰ 'ਤੇ 50 ਬੈੱਡ ਤੋਂ 100 ਬੈੱਡ ਦੇ ਪ੍ਰਮੋਟ ਹਸਪਤਾਲ 'ਚ ਪਹਿਲਾਂ ਤੋਂ ਮਨਜ਼ੂਰ ਅਹੁਦਿਆਂ 'ਚ ਹੋਰ ਵਾਧਾ ਕਰਨ ਦੀ ਲੋੜ ਹੈ।

5 ਸਟਾਫ ਨਰਸਾਂ ਅਤੇ 18 ਅਟੈਂਡੈਂਟਸ ਦੀਆਂ ਪੋਸਟਾਂ ਖਾਲੀ
ਹਸਪਤਾਲ ਵਿਚ ਮਾਈਕ੍ਰੋਬਾਲੋਜਿਸਟ ਅਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਦੇ ਜਿੱਥੇ ਅਹੁਦੇ ਖਾਲੀ ਹਨ, ਉੱਥੇ ਹਸਪਤਾਲ ਵਿਚ 38 ਸਟਾਫ ਨਰਸਾਂ ਦੀ ਜ਼ਰੂਰਤ ਹੈ ਜਦੋਂ ਕਿ ਕੰਮ 33 ਨਰਸਾਂ ਕਰ ਰਹੀਆਂ ਹਨ। ਇਸੇ ਤਰ੍ਹਾਂ ਮੈਡੀਕਲ ਅਫਸਰ ਦੇ ਕਮਰੇ ਦੇ ਬਾਹਰ ਅਟੈਂਡੈਂਟ ਬੁਆਏ ਨਾ ਹੋਣ ਕਰ ਕੇ ਕਈ ਵਾਰ ਡਾਕਟਰ ਨੂੰ ਖੁਦ ਹੀ ਮਰੀਜ਼ਾਂ ਦੀ ਪਰਚੀ ਦੀ ਆਵਾਜ਼ ਲਾਉਣੀ ਪੈਂਦੀ ਹੈ। ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਹਸਪਤਾਲ ਵਿਚ 26 ਮਨਜ਼ੂਰਸ਼ੁਦਾ ਅਟੈਂਡੈਂਟ ਦੀਆਂ ਪੋਸਟਾਂ ਹਨ ਪਰ ਸਿਰਫ 8 ਮੌਜੂਦ ਹਨ ਅਤੇ 18 ਪੋਸਟਾਂ ਖਾਲੀ ਹਨ।
ਇੰਸਟੀਚਿਊਟ ਡਲਿਵਰੀ ਨੂੰ ਪ੍ਰਮੋਟ ਕਰਨ ਲਈ ਗਾਇਨੀਕੋਲੋਜਿਸਟ ਦੀ ਘਾਟ
ਹਸਪਤਾਲ 'ਚ ਜਿਥੇ ਇੰਸਟੀਚਿਊਟ ਡਲਿਵਰੀ ਨੂੰ ਪ੍ਰਮੋਟ ਕਰਨ ਲਈ ਇਕ ਵੀ ਲੇਡੀ ਡਾਕਟਰ ਨਹੀਂ ਹੈ, ਉਥੇ ਮਾਨਸਿਕ ਰੋਗਾਂ ਅਤੇ ਰਿਆਲੋਜਿਸਟ ਦੇ ਨਾ ਹੋਣ ਕਾਰਨ ਕੰਮਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਇੰਸਟੀਚਿਊਟ ਡਲਿਵਰੀ ਨੂੰ ਪ੍ਰਮੋਟ ਕਰਨ ਲਈ ਗਰਭਵਤੀ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਐਲਾਨ ਕੀਤੀਆਂ ਗਈਆਂ ਹਨ ਅਤੇ ਲੋਕ ਵੀ ਸਰਕਾਰੀ ਹਸਪਤਾਲਾਂ ਵੱਲ ਆਕਰਸ਼ਿਤ ਹੋ ਰਹੇ ਹਨ ਪਰ ਬਾਵਜੂਦ ਇਸ ਦੇ ਜ਼ਿਲਾ ਹਸਪਤਾਲ ਹੀ ਬਿਨਾਂ ਗਾਇਨੀਕੋਲੋਜਿਸਟ ਡਾਕਟਰ ਦੇ ਚੱਲ ਰਿਹਾ ਹੈ। ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਹਸਪਤਾਲ 'ਚ ਗਾਇਨੀਕੋਲੋਜਿਸਟ ਦੇ 2 ਮਨਜ਼ੂਰਸ਼ੁਦਾ ਅਹੁਦੇ ਹਨ, ਜਦੋਂਕਿ 3 ਡਾਕਟਰਾਂ ਦੀ ਲੋੜ ਹੈ ਪਰੰਤੂ ਹਸਪਤਾਲ 'ਚ 1 ਹੀ ਗਾਇਨੀਕੋਲੋਜਿਸਟ ਡਾਕਟਰ ਉਪਲੱਬਧ ਹੈ। ਇਸੇ ਤਰ੍ਹਾਂ ਹਸਪਤਾਲ 'ਚ 5 ਜਨਰਲ ਮੈਡੀਕਲ ਅਧਿਕਾਰੀ ਘੱਟ ਹਨ।
ਸਰਕਾਰ ਕੋਲ ਨਹੀਂ ਹੈ ਟਰੋਮਾ ਸੈਂਟਰ ਖੋਲ੍ਹਣ ਦੀ ਤਜਵੀਜ਼
ਨਵਾਂਸ਼ਹਿਰ 'ਚ ਬਾਈਪਾਸ ਅਤੇ ਵਨ-ਵੇ ਮਾਰਗ ਨਾ ਹੋਣ ਕਰ ਕੇ ਰੋਜ਼ਾਨਾ ਹੁੰਦੇ ਭਾਰੀ ਟ੍ਰੈਫਿਕ 'ਚ ਆਏ ਦਿਨ ਵਾਪਰ ਰਹੇ ਹਾਦਸਿਆਂ ਕਰ ਕੇ ਇਹ ਖੇਤਰ ਦੁਰਘਟਨਾ ਜ਼ੋਨ 'ਚ ਗਿਣਿਆ ਜਾਣ ਲੱਗਾ ਹੈ, ਜਿਸ ਕਾਰਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਆਧੁਨਿਕ ਹਸਪਤਾਲ ਵਿਚ ਟਰੋਮਾ ਸੈਂਟਰ ਦੀ ਅਤਿ ਜ਼ਰੂਰਤ ਹੈ ਪਰ ਸਰਕਾਰ ਕੋਲ ਇਹ ਸੈਂਟਰ ਖੋਲ੍ਹਣ ਦੀ ਤਜਵੀਜ਼ ਹੈ ਹੀ ਨਹੀਂ।
ਨਾਈਟ ਡਿਊਟੀ ਦੇਣ ਵਾਲੇ ਡਾਕਟਰਾਂ ਦਾ ਕੰਮਕਾਜ ਹੁੰਦੈ ਪ੍ਰਭਾਵਿਤ
ਹਸਪਤਾਲ 'ਚ ਨਾਈਟ ਅਤੇ ਐਂਮਰਜੈਂਸੀ ਡਿਊਟੀ ਦੇਣ ਦੇ ਲਈ ਅਲੱਗ ਤੋਂ ਡਾਕਟਰ ਹੋਣਾ ਤਾਂ ਦੂਰ ਦੀ ਗੱਲ ਹੈ, ਨਿਯਮਿਤ ਡਾਕਟਰਾਂ ਦੀ ਵੀ ਕਿੱਲਤ ਬਣੀ ਹੋਈ ਹੈ, ਜਿਸ ਕਰ ਕੇ ਨਾਈਟ ਅਤੇ ਐਂਮਰਜੈਂਸੀ ਡਿਊਟੀ ਤੇ ਨਿਯਮਿਤ ਡਾਕਟਰਾਂ ਦੀ ਡਿਊਟੀ ਦੇਣੀ ਪੈਂਦੀ ਹੈ। ਨਾਈਟ ਡਿਊਟੀ ਦੇਣ ਵਾਲਾ ਡਾਕਟਰ ਅਗਲੇ ਦਿਨ ਛੁੱਟੀ 'ਤੇ ਰਹਿੰਦਾ ਹੈ ਜਿਸ ਕਰ ਕੇ ਉਸ ਡਾਕਟਰ ਦੇ ਕੋਲ ਆਉਣ ਵਾਲੇ ਮਰੀਜ਼ਾਂ ਨੂੰ ਡਾਕਟਰ ਦੀ ਉਪਲੱਬਧਤਾ ਨਾ ਹੋਣ ਕਰ ਕੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮਰੀਜ਼ਾਂ ਨੇ ਦੱਸਿਆ ਕਿ ਅਜਿਹਾ ਹਰ ਵੇਲੇ ਵੀ ਹੋ ਜਾਂਦਾ ਹੈ ਕਿ ਕਾਫੀ ਦੂਰ-ਦਰਾਜ ਤੋਂ ਹਸਪਤਾਲ ਪਹੁੰਚਣ 'ਤੇ ਪਤਾ ਚੱਲਦਾ ਹੈ ਕਿ ਅੱਜ ਡਾਕਟਰ ਨਾਈਟ ਡਿਊਟੀ ਕਰ ਕੇ ਦਿਨ ਦੇ ਸਮੇਂ ਮਰੀਜ਼ਾਂ ਦੀ ਜਾਂਚ ਨਹੀਂ ਕਰੇਗਾ।
ਕੀ ਕਹਿੰਦੇ ਨੇ ਸੀਨੀਅਰ ਮੈਡੀਕਲ ਅਧਿਕਾਰੀ
ਸੀਨੀਅਰ ਮੈਡੀਕਲ ਅਧਿਕਾਰੀ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਹਸਪਤਾਲ 'ਚ ਖਾਲੀ ਪਏ ਡਾਕਟਰਾਂ ਦੇ ਅਹੁਦਿਆਂ ਸਬੰਧੀ ਸਰਕਾਰ ਅਤੇ ਵਿਭਾਗ ਨੂੰ ਲਿਖਿਆ ਗਿਆ ਹੈ। ਹੋਰ ਸਮੱਸਿਆਵਾਂ ਨੂੰ ਵੀ ਹਸਪਤਾਲ ਪ੍ਰਸ਼ਾਸਨ ਵਲੋਂ ਆਪਣੇ ਤੌਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਐਮਰਜੈਂਸੀ ਦੌਰਾਨ ਨਾਈਟ ਡਿਊਟੀ ਸਿਰਫ ਉਨ੍ਹਾਂ ਡਾਕਟਰਾਂ ਦੀ ਲਾਈ ਜਾਂਦੀ ਹੈ, ਜਿਨ੍ਹਾਂ ਨੂੰ ਓ. ਪੀ. ਡੀ. ਲਈ ਆਉਣ ਵਾਲੇ ਮਰੀਜ਼ਾਂ ਨੂੰ ਸਮੱਸਿਆਵਾਂ ਨਾ ਆਵੇ। ਗਾਇਨੀਕੋਲੋਜਿਸਟ ਸਮੱਸਿਆ 'ਤੇ ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਸਰਕਾਰ ਤੋਂ ਫੌਰੀ ਮੰਗ ਕੀਤੀ ਗਈ ਹੈ।
ਖਾਲੜਾ ਮਿਸ਼ਨ ਨੇ ਟਰੂਡੋ ਨੂੰ ਪੰਜਾਬ ਦੌਰੇ ਤੋਂ ਪਹਿਲਾਂ ਲਿਖਿਆ ਪੱਤਰ
NEXT STORY