ਕਿਸ਼ਨਪੁਰਾ ਕਲਾਂ (ਭਿੰਡਰ) - ਦਮਦਮੀ ਟਕਸਾਲ ਦਾ ਮੁੱਖ ਕੇਂਦਰ ਵਜੋਂ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਪਿੰਡ ਭਿੰਡਰ ਕਲਾਂ ਪਿਛਲੇ ਲੰਮੇਂ ਸਮੇਂ ਤੋਂ ਅਨੇਕਾਂ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਚੱਲ ਰਿਹਾ ਹੈ। ਇਸ ਨਾਮੀ ਪਿੰਡ ਦੇ ਲੋਕਾਂ ਨੇ ਬਣਦੀਆਂ ਮਿਆਰੀ ਸਹੂਲਤਾਂ ਹਾਸਲ ਕਰਨ ਲਈ ਕਈ ਵਾਰ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਕੋਲ ਮੁੱਦਾ ਚੁੱਕਿਆ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਪਿੰਡ ਵਾਸੀਆਂ ਦੀ ਸਾਰ ਨਹੀਂ ਲਈ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਪਿੰਡ ਦੀਆਂ ਸਮੱਸਿਆਵਾਂ ਤਾਂ ਅਨੇਕਾਂ ਹੀ ਹਨ ਪਰ ਸਭ ਤੋਂ ਦੀ ਸਭ ਤੋਂ ਵੱਡੀ ਸਮੱਸਿਆਂ ਗੰਦੇ ਪਾਣੀ ਦੀ ਨਿਕਾਸੀ ਦੀ ਹੈ। ਪਾਣੀ ਦੇ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਛੱਪਡ਼ਾਂ ਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ’ਚ ਫੈਲ ਰਿਹਾ ਹੈ। ਇਸ ਅੱਤ ਦੀ ਗਰਮੀ ਦੇ ਮੌਸਮ ਦੌਰਾਨ ਜਿਥੇ ਛੱਪਡ਼ਾਂ ਦਾ ਗੰਦਾ ਪਾਣੀ ਨੇਡ਼ਿਓ ਲੰਘਣ ਵਾਲੇ ਲੋਕਾਂ ਦੇ ‘ਨੱਕ ’ਚ ਦਮ’ ਕਰ ਰਿਹਾ ਹੈ, ਉਥੇ ਇਹ ਭਿਆਨਕ ਬੀਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ, ਇਥੇ ਹੀ ਬੱਸ ਨਹੀਂ ਪਿੰਡ ਦੇ ਛੱਪਡ਼ ਦੇ ਰਕਬੇ ’ਤੇ ਕੁੱਝ ਲੋਕਾਂ ਵੱਲੋਂ ਕਥਿਤ ਨਾਜਇਜ਼ ਕਬਜ਼ੇ ਕਰਨ ਕਰਕੇ ਇਸ ਦਾ ਰਕਬਾ ਵੀ ਸੁੰਗਡ਼ ਕੇ ਰਹਿ ਗਿਆ ਹੈ, ਜਿਸ ਕਾਰਨ ਪਾਣੀ ਦੇ ਓਵਰਫਲੋਅ ਦੀ ਸਮੱਸਿਆ ਬਣੀ ਹੋਈ ਹੈ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਵੀ ਉਚੇਚੇ ਕਦਮ ਨਾ ਚੁੱਕੇ ਜਾਣ ਕਰਕੇ ਇਹ ਮੁਸ਼ਕਲ ਵੱਧਦੀ ਜਾ ਰਹੀ ਹੈ।
ਪਿੰਡ ਦੇ ਸਰਕਾਰੀ ਸਕੂਲ ਸਬੰਧੀ ਗੱਲ ਕਰਦਿਅਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾ ਨੇਡ਼ਲੇ 8 ਪਿੰਡਾਂ ਦੇ ਵਿਦਿਆਰਥੀਆਂ ਨੂੰ ਵਿੱਦਿਆ ਦਾ ਚਾਨਣ ਵੰਡਣ ’ਚ ਮੋਹਰੀ ਹੁੰਦਾ ਸੀ, ਪਰ ਅੱਜ ਸਕੂਲ ’ਚ ਆਧਿਆਪਕਾਂ ਦੀ ਵੱਡੀ ਘਾਟ ਕਰਕੇ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ। ਪਿੰਡ ਦੇ 8 ਆਂਗਨਵਾਂਡ਼ੀ ਸੈਂਟਰਾਂ ਕੋਲ ਆਪਣੀ ਬਿਲਡਿੰਗ ਦਾ ਨਾ ਹੋਣਾ ਵੀ ਬੱਚਿਆਂ ਤੇ ਮਾਪਿਆਂ ਲਈ ਵੱਡੀ ਮੁਸੀਬਤ ਸਾਬਤ ਹੋ ਰਿਹਾ ਹੈ।
ਭਾਵੇਂ ਕਿ ਦੋਹਾਂ ਪਿੰਡ ਦੇ ਵੱਖਰੇ ਹੈਲਥ ਸਬ-ਸੈਂਟਰ ਹਨ, ਦੋਵੇਂ ਹੀ ਸੈਂਟਰ ਧਰਮਸ਼ਾਲਾਵਾਂ ’ਚ ਚੱਲ ਰਹੇ ਹਨ। ਪਿੰਡ ਭਿੰਡਰ ਖੁਰਦ ਵਿਖੇ ਪਿਛਲੇ ਲੰਮੇਂ ਸਮੇਂ ਤੋਂ ਹੈਲਥ ਸਬ-ਸੈਂਟਰ ਦੀ ਅਧੂਰੀ ਪਈ ਬਿਲਡਿੰਗ ਸਿਹਤ ਸੇਵਾਵਾਂ ਦਾ ਮੂੰਹ ਚਿਡ਼ਾ ਰਹੀ ਹੈ। ਇਸ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਨੂੰ ਜੋਡ਼ਦੀਆਂ ਲਿੰਕ ਸਡ਼ਕਾਂ ਦੀ ਮੁਰੰਮਤ ਅਤੇ ਹੱਡੀ ਰੋਡ਼ੀ ਦੀ ਚਾਰਦਿਵਾਰੀ ਦਾ ਨਾ ਹੋਣਾ, ਕੁੱਤਿਅਾਂ ਤੇ ਅਾਵਾਰਾ ਪਸ਼ੂਆਂ ਦੀ ਦਿਨੋਂ-ਦਿਨ ਵੱਧ ਰਹੀ ਗਿਣਤੀ ਆਦਿ ਪਿੰਡ ਵਾਸੀਆਂ ਦੀਆਂ ਮੁੱਖ ਮੁਸ਼ਕਲਾਂ ਹਨ। ਪੰਜਾਬ ਸਰਕਾਰ ਤੋਂ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਇਤਿਹਾਸਕ ਪਿੰਡ ਦੀਆਂ ਸਮੱਸਿਆਵਾਂ ਵੱਲ ਤੁਰੰਤ ਧਿਆਨ ਦੇ ਕੇ ਇਨ੍ਹਾਂ ਮੁਸ਼ਕਲਾਂ ਤੋਂ ਪਿੰਡ ਵਾਸੀਆਂ ਨੂੰ ਨਿਜਾਤ ਦਿਵਾਈ ਜਾਵੇ।
ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਦਾ ਪੱਖ
ਇਸ ਸਬੰਧੀ ਜਦੋਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਵੱਲ ਬਹੁਤਾ ਧਿਆਨ ਨਾ ਦੇਣ ਕਰਕੇ ਹੀ ਅੱਜ ਪਿੰਡਾਂ ਦਾ ਮੁਹਦਰਾਂ ਵਿਗਡ਼ ਚੁੱਕਾ ਹੈ। ਇਸ ਦੇ ਸੁਧਾਰ ਲਈ ਕੈਪਟਨ ਸਰਕਾਰ ਵੱਲੋਂ ਨਵੀਂਅਾਂ ਨੀਤੀਆਂ ਤਿਆਰ ਕੀਤੀਆ ਜਾ ਰਹੀਆਂ ਹਨ, ਜਿਸ ਤਹਿਤ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਕੇ ਨਮੂਨੇ ਦੇ ਪਿੰਡ ਬਣਾਇਆ ਜਾਵੇਗਾ।
ਗਰਾਊਂਡ ’ਚੋਂ ਮਿਲੀ ਨੌਜਵਾਨ ਦੀ ਲਾਸ਼
NEXT STORY