ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਪਿੰਡ ਸਲੀਣਾ ਦੀ 862 ਕਨਾਲ ਜ਼ਮੀਨ 'ਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਸਰਕਾਰੀ ਰਿਕਾਰਡ 'ਚ 'ਹੇਰ-ਫੇਰ' ਕਰ ਕੇ 862 ਕਨਾਲ ਜ਼ਮੀਨ ਨੂੰ ਕੁੱਝ ਰਸੂਖਵਾਨ ਵਿਅਕਤੀਆਂ ਵੱਲੋਂ ਆਪਣੇ ਨਾਂ ਕਰਵਾਉਣ ਦਾ ਮਾਮਲਾ ਬੇਪਰਦ ਹੋਇਆ ਹੈ। ਇਸ ਮਾਮਲੇ 'ਤੇ ਸੋਸ਼ਲਿਸਟ ਆਗੂ ਅਜੇ ਸੂਦ ਗੋਰਾ ਵੱਲੋਂ ਕੀਤੇ ਜਾ ਰਹੇ ਲੰਬੇ ਸੰਘਰਸ਼ ਮਗਰੋਂ ਆਖਿਰਕਾਰ ਜ਼ਿਲਾ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਮੁੜ ਪੜਤਾਲ ਕਰਵਾਉਣ ਦੇ ਹੁਕਮ ਦਿੱਤੇ ਹਨ, ਇਸ ਦੇ ਨਾਲ ਪਿੰਡ ਸਲੀਣਾ ਦੀ ਗ੍ਰਾਮ ਪੰਚਾਇਤ ਨੇ ਇਸ ਜ਼ਮੀਨ 'ਤੇ ਆਪਣਾ ਹੱਕ ਜਤਾਉਂਦੇ ਹੋਏ ਇਸ ਨੂੰ ਗ੍ਰਾਮ ਪੰਚਾਇਤ ਦੇ ਨਾਂ ਕਰਵਾਉਣ ਲਈ ਮਤਾ ਪਾ ਕੇ ਇਸ ਮਾਮਲੇ 'ਤੇ ਜ਼ਿਲਾ ਪ੍ਰਸ਼ਾਸਨ ਤੋਂ ਫੌਰੀ ਤੌਰ 'ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜ਼ਿਲਾ ਪ੍ਰਸ਼ਾਸਨ ਨੂੰ ਦਿੱਤੀਆਂ ਸ਼ਿਕਾਇਤਾਂ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਦਿਖਾਉਂਦੇ ਹੋਏ ਅਜੇ ਸੂਦ ਗੋਰਾ ਨੇ ਕਿਹਾ ਕਿ ਪਿੰਡ ਸਲੀਣਾ ਵਿਖੇ 1911 'ਚ ਪਿੰਡ ਵਾਸੀਆਂ ਨੇ ਸਾਂਝੇ ਤੌਰ 'ਤੇ 862 ਕਨਾਲ ਜ਼ਮੀਨ ਨੂੰ ਆਵਾਰਾ ਪਸ਼ੂਆਂ ਦੀ ਚਰਾਦ ਲਈ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ 1953 'ਚ ਜਦੋਂ ਮੁਰੱਬੇਬੰਦੀ ਹੋਈ ਉਦੋਂ ਵੀ ਪਿੰਡ 'ਚ ਵੱਖ-ਵੱਖ ਥਾਵਾਂ 'ਤੇ ਚਰਾਦ ਲਈ ਛੱਡੀ ਗਈ ਜ਼ਮੀਨ ਨੂੰ ਇਕ ਥਾਂ 'ਤੇ ਇਕੱਠਾ ਕਰ ਦਿੱਤਾ ਤੇ ਮੁਰੱਬੇਬੰਦੀ ਤੋਂ ਬਾਅਦ ਵੀ ਇਹ ਜ਼ਮੀਨ ਚਰਾਦ ਲਈ ਛੱਡੀ ਗਈ।
ਉਨ੍ਹਾਂ ਆਖਿਆ ਕਿ ਇਸ ਜ਼ਮੀਨ ਦੇ ਵੱਖ-ਵੱਖ ਤੌਰ 'ਤੇ ਤਿੰਨ ਵੱਡੇ ਟੁਕੜੇ ਇਕ ਸੂਰਜ ਕੌਰ, ਸੂਦ ਫੈਮਿਲੀ ਤੇ ਕੁੱਝ ਹੋਰਨਾਂ ਦੇ ਨਾਂ 'ਤੇ ਰਿਕਾਰਡ 'ਚ ਬੋਲਦੇ ਰਹੇ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦਾ ਇਕ ਵੱਡਾ ਹਿੱਸਾ ਇਕ ਧਾਰਮਕ ਸੰਸਥਾ ਦੇ ਮੁਖੀ ਨੂੰ ਦਾਨ ਕਰ ਦਿੱਤਾ ਗਿਆ। ਸੋਸ਼ਲਿਸਟ ਆਗੂ ਅਜੇ ਸੂਦ ਗੋਰਾ ਨੇ ਕਿਹਾ ਕਿ 1967-68 ਦੌਰਾਨ ਧਾਰਮਕ ਸੰਸਥਾ ਦੇ ਮੁਖੀ ਨੇ ਪਿੰਡ ਵਾਸੀਆਂ ਨਾਲ ਇਸ ਜ਼ਮੀਨ 'ਤੇ ਕਈ ਸਮਾਜਕ ਕੰਮ ਕਰਨ ਦਾ ਵਾਅਦਾ ਕੀਤਾ ਪਰ ਕਥਿਤ ਤੌਰ 'ਤੇ ਕੋਈ ਵੀ ਵਾਅਦਾ ਵਫਾ ਨਾ ਹੋਇਆ। ਉਨ੍ਹਾਂ ਕਿਹਾ ਕਿ 1984-85 ਮਗਰੋਂ ਅੱਤਵਾਦ ਦੇ ਦੌਰ ਦੌਰਾਨ ਇਸ ਜ਼ਮੀਨ 'ਤੇ ਕਥਿਤ ਤੌਰ 'ਤੇ ਕੁੱਝ ਉੱਚੀ ਪਹੁੰਚ ਵਾਲਿਆਂ ਨੇ ਕਬਜ਼ੇ ਹੀ ਨਹੀਂ ਕੀਤੇ, ਸਗੋਂ ਰਿਕਾਰਡ 'ਚ ਕਥਿਤ ਹੇਰ-ਫੇਰ ਕਰ ਕੇ ਇਸ ਜ਼ਮੀਨ ਨੂੰ ਆਪਣੇ ਨਾਂ ਵੀ ਕਰਵਾ ਲਿਆ। ਉਨ੍ਹਾਂ ਕਿਹਾ ਕਿ ਇਸ ਜ਼ਮੀਨ 'ਚੋਂ ਸਿਰਫ 4 ਕਨਾਲ ਜ਼ਮੀਨ ਕੋਸਟੋਰੀਅਲ ਲੈਂਡ ਛੱਡੀ ਗਈ ਸੀ ਪਰ ਹੈਰਾਨੀ ਜਨਕ ਗੱਲ ਹੈ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਕਥਿਤ ਹੇਰ-ਫੇਰ ਕਰ ਕੇ ਇਸ ਜ਼ਮੀਨ ਨੂੰ ਆਪਣੇ ਨਾਂ ਕਰਵਾ ਲਿਆ।
ਗੋਰਾ ਸੂਦ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ 2007 ਤੋਂ ਸੰਘਰਸ਼ ਕਰਦੇ ਆ ਰਹੇ ਹਨ ਅਤੇ ਉਦੋਂ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਇਹ ਜ਼ਮੀਨ ਪੰਚਾਇਤ ਦੇ ਨਾਂ ਨਹੀਂ ਹੋ ਜਾਂਦੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੂੰ ਇਸ ਮਾਮਲੇ ਸਬੰਧੀ ਕੀਤੀ ਗਈ ਸ਼ਿਕਾਇਤ 'ਤੇ ਕਰਵਾਈ ਸ਼ੁਰੂ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਪੜਤਾਲ ਕਰਵਾਈ ਜਾਵੇ। ਇਸ ਸਬੰਧੀ ਸੰਪਰਕ ਕਰਨ 'ਤੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਫਾਈਲ ਦੀ ਮੁੜ ਪੜਤਾਲ ਕਰ ਰਹੇ ਹਨ।
ਖੂੰਖਾਰ ਕੁੱਤਿਆਂ ਨੇ ਬੱਚੇ 'ਤੇ ਕੀਤਾ ਹਮਲਾ
NEXT STORY