ਫ਼ਰੀਦਕੋਟ (ਰਾਜਨ) : ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਿਟੀ-2 ਫ਼ਰੀਦਕੋਟ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ 50 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਬਰਾਮਦ ਕੀਤੀ ਸ਼ਰਾਬ ਕਬਜ਼ੇ ਵਿਚ ਲੈ ਕੇ ਮੁਲਜ਼ਮ ਖ਼ਿਲਾਫ਼ ਪੰਜਾਬ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਨਾਨਕਸਰ ਬਸਤੀ, ਫ਼ਰੀਦਕੋਟ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਥਾਣਾ ਸਿਟੀ-2 ਫ਼ਰੀਦਕੋਟ ਦੇ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਪੁਲਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਦੋਂ ਪੁਲਸ ਪਾਰਟੀ ਸਾਦਿਕ ਚੌਕ ਇਲਾਕੇ ਵਿਚ ਮੌਜੂਦ ਸੀ ਤਾਂ ਇਕ ਭਰੋਸੇਯੋਗ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਉਕਤ ਵਿਅਕਤੀ ਫਿਰੋਜ਼ਪੁਰ ਰੋਡ ਨੇੜੇ ਸਥਿਤ ਦੇਹ ਸੰਭਾਲ ਕੇਂਦਰ ਕੋਲ ਕੱਚੇ ਰਸਤੇ ’ਤੇ ਨਾਜਾਇਜ਼ ਸ਼ਰਾਬ ਵੇਚ ਰਿਹਾ ਹੈ।
ਸੂਚਨਾ ਮਿਲਦੇ ਹੀ ਪੁਲਸ ਨੇ ਤੁਰੰਤ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ, ਜਿਸ ਨੂੰ ਪੁਲਸ ਨੇ ਕਬਜ਼ੇ ਵਿੱਚ ਲੈ ਲਿਆ। ਇਸ ਉਪਰੰਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ-2 ਫ਼ਰੀਦਕੋਟ ਵਿਚ ਪੰਜਾਬ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਇਹ ਨਾਜਾਇਜ਼ ਸ਼ਰਾਬ ਕਿੱਥੋਂ ਲਿਆਉਂਦਾ ਸੀ ਅਤੇ ਇਸ ਧੰਦੇ ਨਾਲ ਹੋਰ ਕੌਣ-ਕੌਣ ਵਿਅਕਤੀ ਜੁੜੇ ਹੋਏ ਹਨ। ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ।
ਬੇਅਦਬੀ ਮਾਮਲੇ 'ਚ ਨਿਹੰਗ ਸਿੰਘ ਜਥੇਬੰਦੀਆਂ ਨੇ ਖੋਲ੍ਹਿਆ ਮੋਰਚਾ, ਜਾਮ ਕੀਤਾ ਹਾਈਵੇਅ
NEXT STORY