ਜਲੰਧਰ (ਧਵਨ) - ਪੰਜਾਬ ਦੀ ਪਾਕਿਸਤਾਨ ਨਾਲ ਲਗਦੀ 553 ਕਿ. ਮੀ. ਲੰਬੀ ਸਰਹੱਦ ਵਿਖੇ ਮੌਜੂਦ 'ਗੈਪਸ' ਨੂੰ ਭਰਨ 'ਚ ਹੁਣ 'ਲੇਜ਼ਰ ਵਾਲ' ਕਾਰਗਰ ਸਿੱਧ ਹੋਈ ਹੈ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਵਾਲੇ ਖੇਤਰਾਂ 'ਚ ਕੰਡਿਆਲੀ ਵਾੜ ਲਾਉਣੀ ਸੰਭਵ ਨਹੀਂ ਸੀ, ਇਸ ਕਾਰਨ ਬੀ. ਐੱਸ. ਐੱਫ. ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਬੇਨਤੀ ਕਰ ਕੇ ਇਨ੍ਹਾਂ ਖੇਤਰਾਂ 'ਚ 'ਗੈਪਸ' ਨੂੰ ਭਰਨ ਲਈ 'ਲੇਜ਼ਰ ਵਾਲ' ਲੁਆਈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਸਭ ਦਰਿਆਵਾਂ ਦੇ ਕੰਢਿਆਂ ਵਾਲੇ ਖੇਤਰਾਂ ਨੂੰ 'ਲੇਜ਼ਰ ਵਾਲ' ਲਾ ਕੇ ਸੁਰੱਖਿਅਤ ਕਰ ਦਿੱਤਾ ਗਿਆ ਹੈ, ਜੇ ਸਰਹੱਦ ਪਾਰ ਤੋਂ ਕੋਈ ਅੱਤਵਾਦੀ ਜਾਂ ਘੁਸਪੈਠੀਆ ਨਸ਼ੀਲੀਆਂ ਵਸਤਾਂ ਲੈ ਕੇ 'ਗੈਪਸ' ਵਾਲੇ ਖੇਤਰ 'ਚੋਂ ਲੰਘਣ ਦੀ ਕੋਸ਼ਿਸ਼ ਕਰੇਗਾ ਤਾਂ ਤੁਰੰਤ ਅਲਾਰਮ ਵੱਜਣਾ ਸ਼ੁਰੂ ਹੋ ਜਾਏਗਾ। ਇਸ 'ਤੇ ਸਰਹੱਦ ਨੇੜੇ ਡਿਊਟੀ ਦੇ ਰਹੇ ਜਵਾਨ ਅਲਰਟ ਹੋ ਜਾਣਗੇ।
'ਲੇਜ਼ਰ ਵਾਲ' ਦੇ ਨਾਲ ਹੀ ਕੁਝ ਥਾਵਾਂ 'ਤੇ 'ਇਨਫ੍ਰਾ ਰੈੱਡ ਵਾਲ' ਵੀ ਸਥਾਪਤ ਕੀਤੀ ਗਈ ਹੈ। 'ਲੇਜ਼ਰ ਵਾਲ' ਦਾ ਪਤਾ ਲਾਉਣ ਵਾਲੀ ਤਕਨੀਕ ਦਾ ਪਿਛਲੇ ਕੁਝ ਸਮੇਂ ਦੌਰਾਨ ਘੁਸਪੈਠੀਆਂ ਨੂੰ ਪਤਾ ਲਗ ਗਿਆ ਸੀ, ਉਸ ਪਿੱਛੋਂ ਕਈ ਥਾਵਾਂ 'ਤੇ 'ਇਨਫ੍ਰਾ ਰੈੱਡ ਵਾਲ' ਨੂੰ ਸਥਾਪਤ ਕੀਤਾ ਗਿਆ। ਪਠਾਨਕੋਟ ਵਿਚ ਜਦੋਂ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਤਾਂ ਉਨ੍ਹਾਂ ਦੇ ਸਰਹੱਦ ਪਾਰ ਤੋਂ ਆਉਣ ਸਬੰਧੀ ਖਬਰਾਂ ਮਿਲੀਆਂ ਸਨ ਪਰ ਬੀ. ਐੱਸ. ਐੱਫ. ਨੇ ਇਸ ਨੂੰ ਰੱਦ ਕੀਤਾ ਸੀ। ਹੁਣ ਗੁਰਦਾਸਪੁਰ ਸੈਕਟਰ 'ਚ ਆਉਂਦੇ ਸਰਹੱਦੀ ਖੇਤਰਾਂ ਦੇ 'ਗੈਪਸ' ਨੂੰ 'ਲੇਜ਼ਰ ਵਾਲ' ਜਾਂ ਇਨਫ੍ਰਾ ਰੈੱਡ ਤਕਨੀਕ ਨਾਲ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਬੀ. ਐੱਸ. ਐੱਫ. ਦੇ ਸੂਤਰਾਂ ਨੇ ਦੱਸਿਆ ਕਿ ਲੇਜ਼ਰ ਵਾਲ ਲੱਗਣ ਪਿੱਛੋਂ ਸਰਹੱਦ ਪਾਰੋਂ ਹੈਰੋਇਨ ਅਤੇ ਹੋਰਨਾਂ ਨਸ਼ੀਲੀਆਂ ਵਸਤਾਂ ਦੀ ਸਮੱਗਲਿੰਗ 'ਤੇ ਰੋਕ ਲਗ ਗਈ ਹੈ। 'ਲੇਜ਼ਰ ਵਾਲ' ਸਿਰਫ ਦਰਿਆਵਾਂ ਦੇ ਕੰਢਿਆਂ ਵਾਲੇ ਖੇਤਰਾਂ 'ਚ ਪਾਏ ਜਾਣ ਵਾਲੇ 'ਗੈਪਸ' 'ਤੇ ਲੱਗੀ ਹੈ। ਇਨ੍ਹਾਂ ਗੈਪਸ ਰਾਹੀਂ ਸਰਹੱਦ ਪਾਰ ਤੋਂ ਨਸ਼ੀਲੀਆਂ ਵਸਤਾਂ ਜਾਂ ਹਥਿਆਰ ਭੇਜੇ ਜਾਂਦੇ ਸਨ। 'ਲੇਜ਼ਰ ਵਾਲ' ਅਧੀਨ ਸੈਂਸਰ ਥਾਂ-ਥਾਂ 'ਤੇ ਸਥਾਪਤ ਕੀਤੇ ਗਏ ਹਨ।
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਨੇ ਗੱਡੀ ਹੇਠਾਂ ਆ ਕੇ ਕੀਤੀ ਖੁਦਕੁਸ਼ੀ
NEXT STORY