ਅੰਮ੍ਰਿਤਸਰ (ਵੜੈਚ)-ਗਠਜੋੜ ਦੇ ਕੌਂਸਲਰਾਂ ਨੇ 5 ਸਾਲਾਂ ਦੀ ਆਖਰੀ 21ਵੀਂ ਬੈਠਕ 'ਚ ਬਿਨਾਂ ਸ਼ੋਰ-ਸ਼ਰਾਬੇ ਦੇ 21 'ਚੋਂ 20 ਮਤਿਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕਾਂਗਰਸੀ ਕੌਂਸਲਰ ਸਰਬਜੀਤ ਸਿੰਘ ਲਾਟੀ ਵੱਲੋਂ ਸਹਿਮਤੀ ਨਾ ਮਿਲਣ ਕਾਰਨ ਕੀਤੇ ਇਤਰਾਜ਼ ਤੋਂ ਬਾਅਦ ਢੱਪਈ ਚੌਕ ਦਾ ਨਾਂ ਸ੍ਰੀ ਗੁਰੂ ਰਵਿਦਾਸ ਚੌਕ ਦਾ ਮਤਾ ਮੁਲਤਵੀ ਰੱਖਿਆ ਗਿਆ ਹੈ।
ਗੁਰੂ ਨਾਨਕ ਭਵਨ ਸਿਟੀ ਸੈਂਟਰ ਵਿਖੇ ਆਯੋਜਿਤ ਬੈਠਕ ਦੀ ਪ੍ਰਧਾਨਗੀ ਮੇਅਰ ਬਖਸ਼ੀ ਰਾਮ ਅਰੋੜਾ ਵੱਲੋਂ ਸੰਯੁਕਤ ਕਮਿਸ਼ਨਰ ਸੌਰਭ ਅਰੋੜਾ ਦੀ ਦੇਖ-ਰੇਖ 'ਚ ਸ਼ੁਰੂ ਕੀਤੀ ਗਈ ਜਦਕਿ ਕਮਿਸ਼ਨਰ ਅਮਿਤ ਕੁਮਾਰ ਕਿਸੇ ਕਾਰਨ ਕਰ ਕੇ ਬੈਠਕ 'ਚ 1 ਘੰਟਾ 15 ਮਿੰਟ ਲੇਟ ਆਏ। ਆਖਰੀ ਅਤੇ ਵਿਧਾਇਗੀ ਬੈਠਕ ਹੋਣ ਕਰ ਕੇ ਸਾਰੇ ਕੌਂਸਲਰਾਂ ਨੇ ਤਲਖੀ ਦੀ ਜਗ੍ਹਾ ਮਤਿਆ 'ਤੇ ਘੱਟ ਹੀ ਇਤਰਾਜ਼ ਕਰਦਿਆਂ ਬੈਠਕ ਖੁਸ਼ਨੁਮਾ ਮਾਹੌਲ 'ਚ ਖਤਮ ਕੀਤੀ।
ਬੈਠਕ ਦੌਰਾਨ ਜਿਨ੍ਹਾਂ ਮਤਿਆ 'ਤੇ ਮੋਹਰ ਲਗਾਈ ਗਈ ਉਹ ਇਸ ਪ੍ਰਕਾਰ ਰਹੇ ਹਨ। ਕਰਮਚਾਰੀ ਸਤਨਾਮ ਸਿੰਘ, ਸੁਖਵਿੰਦਰ ਸਿੰਘ, ਕੇਵਲ ਕ੍ਰਿਸ਼ਨ ਦੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਦੇਣ, ਤਰਨਤਾਰਨ ਰੋਡ 'ਤੇ ਸੀਵਰੇਜ ਤੇ ਵਾਟਰ ਸਪਲਾਈ ਦੀਆਂ ਪਾਈਪਾਂ ਨੂੰ ਬਦਲਣਾ, ਅੰਮ੍ਰਿਤ ਪ੍ਰਾਜੈਕਟ, ਰੇਨ ਵਾਟਰ ਹਾਰਵੈਸਟਰ ਸਿਸਟਮ ਪ੍ਰਾਜੈਕਟ ਪੂਰਾ ਨਾ ਹੋਣ ਸਬੰਧੀ ਜੁਰਮਾਨਾ ਫੀਸ ਲੈਣ, ਕੈਟਲ ਪਾਊਂਡ ਵਿਭਾਗ ਵੱਲੋਂ ਫੜੇ ਪਸ਼ੂਆਂ ਦੀ ਫੀਸ ਵਧਾਉਣ, ਸ਼ਹਿਰ ਦੇ ਅੰਦਰੂਨੀ ਹਿੱਸਿਆਂ 'ਚ ਟਿਊਬਵੈੱਲ ਆਊਟ ਸੋਰਸਿੰਗ ਸਿਸਟਮ ਨਾਲ ਚਲਾਉਣ, ਇਲਾਕਿਆਂ ਦੇ ਨਾਂ ਬਦਲਣ, ਘਿਓ ਮੰਡੀ ਨਜ਼ਦੀਕ ਜਲ ਸੇਵਾ ਲਈ ਜਗ੍ਹਾ ਦੇਣ, ਇਮਾਰਤਾਂ ਦਾ ਸਰਵੇਖਣ ਕਰਨ ਲਈ ਨੰਬਰ ਪਲੇਟ ਲਗਾਉਣ, ਦਿ ਪੰਜਾਬ ਮਿਊਂਸੀਪਲ ਗ੍ਰੀਨ ਬਿਲਡਿੰਗ ਇਨਸੈਂਟਿਵ ਪਾਲਿਸੀ 2016 ਸਵੀਕਾਰ ਕਰਨਾ, ਸ੍ਰੀ ਦਰਬਾਰ ਸਾਹਿਬ ਦੇ ਰਸਤਿਆਂ 'ਚ ਸਮਾਰਟ ਡਸਟਬਿਨ ਲਗਾਉਣ, ਨਿਗਮ ਇਮਾਰਤ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ, ਗੁਰੂ ਨਾਨਕ ਭਵਨ ਦਾ ਏ.ਸੀ. ਪਲਾਂਟ ਠੀਕ ਕਰਨ ਦੇ ਮਤਿਆ ਨੂੰ ਬਿਨਾਂ ਰੌਲੇ ਰੱਪੇ ਦੇ ਸਹਿਮਤੀ ਦੇ ਦਿੱਤੀ ਗਈ।
ਨਾਜਾਇਜ਼ ਉਸਾਰੀਆਂ ਦਾ ਛਾਇਆ ਮੁੱਦਾ : ਪਿਛਲੇ 10 ਸਾਲਾਂ ਤੋਂ ਹਾਊਸ 'ਚ ਗਠਜੋੜ ਕੌਂਸਲਰਾਂ ਵੱਲੋਂ ਸ਼ਹਿਰ 'ਚ ਨਾਜਾਇਜ਼ ਉਸਾਰੀਆਂ ਦੇ ਮੁੱਦੇ ਨੂੰ ਬੁਲੰਦ ਕਰਦੇ ਰਹੇ ਆਖਰੀ ਬੈਠਕ 'ਚ ਵੀ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਨਾ ਕਰਨ ਦਾ ਮੁੱਦਾ ਗਰਮ ਰਿਹਾ ਹੈ। ਕੌਂਸਲਰ ਸੁਖਵਿੰਦਰ ਪਿੰਟੂ ਨੇ ਹਰਮੁਨ ਹਸਪਤਾਲ ਬਟਾਲਾ ਰੋਡ, ਪੁਲਸ ਚੌਕੀ ਗਲਿਆਰਾ ਨੇੜੇ 5 ਮੰਜ਼ਿਲਾ ਹੋਟਲ ਨਿਰਮਾਣ ਦੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਇਮਾਰਤਾਂ ਦੇ ਅੱਗੇ ਹੋਟਲ ਸੀਲ ਕਰ ਦਿੱਤੇ ਜਾਂਦੇ ਹਨ ਪਰ ਦੀਵਾਰਾਂ ਤੋੜ ਕੇ ਪਿੱਛਲੇ ਪਾਸਿਓਂ ਉਸਾਰੀਆਂ ਜਾਰੀ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਮੁਲਾਜ਼ਮ ਤਨਖਾਹ ਨਾ ਮਿਲਣ ਤੇ ਹੜਤਾਲਾਂ ਕਰਦੇ ਹਨ ਦੂਜੇ ਪੈਸੇ ਟੈਕਸਾਂ ਦੀ ਰਿਕਵਰੀ ਨਹੀਂ ਕੀਤੀ ਜਾਂਦੀ।
ਸ਼ਹਿਰ ਦਾ ਹੋਇਆ ਚਹੁਪੱਖੀ ਵਿਕਾਸ : ਮੇਅਰ
ਮੇਅਰ ਬਖਸ਼ੀ ਰਾਮ ਅਰੋੜਾ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਨਿਗਮ ਦੇ ਹਰੇਕ ਵਾਰਡਾਂ 'ਚ ਕਰੋੜਾਂ ਦੀ ਲਾਗਤ ਨਾਲ ਵਿਕਾਸ ਕੰਮ ਕਰਵਾਏ ਗਏ ਹਨ। ਕੌਂਸਲਰ ਨੇ ਹਾਊਸ ਦੀਆਂ ਬੈਠਕਾਂ 'ਚ ਜਨਹਿੱਤਾਂ ਲਈ ਆਵਾਜ਼ ਬੁਲੰਦ ਕੀਤੀ ਜਿਨ੍ਹਾਂ 'ਤੇ ਗੌਰ ਕਰਦਿਆਂ ਸ਼ਹਿਰ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਸ਼ਾਂਤਮਈ ਬੈਠਕ ਲਈ ਸਾਰੇ ਵਧਾਈ ਦੇ ਪਾਤਰ ਹਨ। ਪਾਸ ਮਤਿਆਂ ਨੂੰ ਸਰਕਾਰ ਕੋਲ ਭੇਜਿਆ ਜਾਵੇਗਾ।
ਫੌਗਿੰਗ ਕਰਨ ਵਾਲਿਆਂ ਨੂੰ ਰੱਖਿਆ ਜਾਵੇ : ਟਰੱਕਾਂਵਾਲਾ
ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲਾ ਨੇ ਕਿਹਾ ਕਿ 5-6 ਸਾਲਾਂ ਤੋਂ ਫੌਗਿੰਗ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਨੌਕਰੀ ਤੋਂ ਹਟਾਉਣਾ ਠੀਕ ਨਹੀਂ ਉਨ੍ਹਾਂ ਨੂੰ ਨੌਕਰੀ 'ਤੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੀਆਂ ਬੈਠਕਾਂ ਦੌਰਾਨ ਜਾਣੇ- ਅਣਜਾਣੇ 'ਚ ਕੋਈ ਮਾੜਾ ਸ਼ਬਦ ਮੂੰਹੋਂ ਨਿਕਲਿਆ ਹੋਵੇ ਤਾਂ ਉਹ ਮੁਆਫੀ ਦੇ ਜਾਚਕ ਹੈ। ਉਨ੍ਹਾਂ ਕਿਹਾ ਕਿ ਆਪਸੀ ਭਾਈਚਾਰਾ ਮਜ਼ਬੂਤ ਰਹਿਣਾ ਚਾਹੀਦਾ ਹੈ।
ਕਾਂਗਰਸ ਨੇ ਦਿੱਤੇ ਨਾ ਕਾਬਲ ਤੋਹਫੇ : ਸੁਲਤਾਨਵਿੰਡ
ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਡਟ ਕੇ ਕੰਮ ਕਰਵਾਏ ਗਏ ਹਨ ਜਦਕਿ ਕਾਂਗਰਸੀ ਸਰਕਾਰ ਨੇ ਜਨਤਾ ਨੂੰ ਨਾ ਕਾਬਲ ਤੋਹਫੇ ਦਿੱਤੇ ਹਨ। ਸਰਕਾਰ ਨੇ ਆਉਂਦੇ ਹੀ ਚਲਦੇ ਕੰਮਾਂ ਨੂੰ ਬੰਦ ਕਰਵਾਇਆ, ਆਟਾ, ਕਣਕ ਸਕੀਮ ਬੰਦ ਕਰਵਾਈ। ਵਾਰਡਬੰਦੀ ਦੇ ਨਾਂ 'ਤੇ ਚੋਣਾਂ ਲੇਟ ਕਰ ਕੇ ਸ਼ਹਿਰਵਾਸੀਆਂ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਪੈਨਸ਼ਨਾਂ ਬੰਦ ਕਰ ਦਿੱਤੀਆਂ। ਉਨ੍ਹਾਂ ਨੇ ਕਾਂਗਰਸੀ ਕੌਂਸਲਰ ਗੁਰਿੰਦਰ ਸਿੰਘ ਰਿਸ਼ੀ ਨੂੰ ਪੰਜਾਬ ਰਤਨ ਐਵਾਰਡ ਮਿਲਣ 'ਤੇ ਵਧਾਈ ਦਿੱਤੀ।
ਲੋਕਾਂ ਨੂੰ ਕੀਤਾ ਜਾ ਰਿਹੈ ਗੁੰਮਰਾਹ : ਹਨੀ
ਕੌਂਸਲਰ ਰਾਜੇਸ਼ ਹਨੀ ਨੇ ਕਿਹਾ ਕਿ 10 ਸਾਲਾਂ ਤੋਂ ਲਾਈਟ ਦੀ ਮੁਸ਼ਕਲ ਨਹੀਂ ਸੀ ਹੁਣ ਬਿਜਲੀ ਕੱਟਾਂ ਤੋਂ ਲੋਕ ਦੁਖੀ ਹਨ। ਕੇਂਦਰ ਦੀਆਂ ਸਕੀਮਾਂ ਤੇ ਯੋਜਵਾਨਾਂ ਨੂੰ ਸਟੇਟ ਸਰਕਾਰ ਨਾਲ ਜੋੜ ਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਪੰਜਾਬ ਆਵਾਸ ਯੋਜਨਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਬਰਸਾਤ ਦੌਰਾਨ ਇਕੱਠੇ ਹੋਣ ਵਾਲੇ ਪਾਣੀ ਲਈ ਸੀਵਰੇਜ ਸਿਸਟਮ ਦਾ ਠੀਕ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 18 ਸਤੰਬਰ ਤੋਂ ਬਾਅਦ ਕੌਂਸਲਰਾਂ ਦੀਆਂ ਪਾਵਰਾਂ ਖਤਮ ਕਰ ਦੇਣ ਉਪਰੰਤ ਲੋਕਾਂ ਲਈ ਮੁਸ਼ਕਲਾਂ ਵਧ ਜਾਣਗੀਆਂ ਜੋ ਕਿ ਠੀਕ ਨਹੀਂ ਹੈ।
ਸਹੂਲਤਾਂ ਦੇ ਮੱਦੇਨਜ਼ਰ ਮੋਟਰਾਂ ਸਰਪਲੱਸ ਹੋਣ : ਢੋਟ
ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਟਿਊਬਵੈੱਲ ਮੋਟਰਾਂ ਖ਼ਰਾਬ ਹੋਣÎ ਉਪਰੰਤ ਲੋਕ ਪ੍ਰੇਸ਼ਾਨ ਹੁੰਦੇ ਹਨ। ਸਹੂਲਤਾਂ ਦੇ ਮੱਦੇਨਜ਼ਰ ਸਰਪਲਸ ਮੋਟਰਾਂ ਹੋਣੀਆਂ ਚਾਹੀਦੀਆਂ ਹਨ। ਸੀਵਰੇਜ ਵਾਟਰ ਸਪਲਾਈ ਲਈ ਘਰਾਂ ਦੇ ਫ੍ਰੀ ਕੁਨੈਕਸ਼ਨ ਦਿੱਤੇ ਜਾਣ, ਕੋਟ ਰਲੀਆਂ ਰਾਮ, ਬਹਾਦਰ ਨਗਰ 'ਚ ਪਾਣੀ ਦੀ ਦੂਸ਼ਿਤ ਸਪਲਾਈ ਠੀਕ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੁਲਤਾਨਵਿੰਡ ਰੋਡ ਤੋਂ ਤਰਨਤਾਰਨ ਰੋਡ ਤੱਕ ਬਣਾਈ ਨਵੀਂ ਸੜਕ ਦਾ ਨਾਂ ਧੰਨ-ਧੰਨ ਬਾਬਾ ਦੀਪ ਸਿੰਘ ਮਾਰਗ ਰੱਖਿਆ ਜਾਵੇ।
ਕੌਂਸਲਰਾਂ ਤੇ ਕਰਮਚਾਰੀਆਂ ਨੂੰ ਮਿਲਣ ਸਹੂਲਤਾਂ : ਢੋਟ
ਕੌਂਸਲਰ ਜਰਨੈਲ ਸਿੰਘ ਢੋਟ ਨੇ ਕਿਹਾ ਕਿ ਰੇਲਵੇ, ਬਿਜਲੀ, ਟੈਲੀਫੋਨ ਵਿਭਾਗ ਦੇ ਮੁਲਾਜ਼ਮਾਂ ਦੀ ਤਰ੍ਹਾਂ ਨਿਗਮ ਦੇ ਅਧਿਕਾਰੀਆਂ, ਕਰਮਚਾਰੀਆਂ, ਮੌਜੂਦਾ ਤੇ ਸਾਬਕਾ ਕੌਂਸਲਰ ਨੂੰ ਸਹੂਲਤਾਂ ਦਿੱਤੀਆਂ ਜਾਣ।
ਸਾਡਾ ਫੋਨ ਵੀ ਚੁੱਕ ਲਿਆ ਕਰਨ : ਲਾਲੀ
ਕੌਂਸਲਰ ਅਮਰੀਕ ਸਿੰਘ ਲਾਲੀ ਨੇ ਅਧਿਕਾਰੀਆਂ ਪ੍ਰਤੀ ਚੁਸਕੀ ਲੈਂਦੇ ਕਿਹਾ ਕਿ ਪਾਵਰ ਖਤਮ ਹੋਣ ਬਾਅਦ ਸਾਡਾ ਫੋਨ ਜ਼ਰੂਰ ਚੁੱਕ ਲਿਆ ਕਰਨ। ਉਨ੍ਹਾਂ ਕਿਹਾ ਪਿਛਲੀਆਂ ਬੈਠਕਾਂ ਦੌਰਾਨ ਕੁੱਤਿਆਂ ਦੀ ਵਧਦੀ ਗਿਣਤੀ 'ਤੇ ਕੋਈ ਗੌਰ ਨਹੀਂ ਕੀਤਾ ਗਿਆ।
ਰਾਜ ਨਹੀਂ ਸੇਵਾ ਦਾ ਵਾਅਦਾ ਨਿਭਾਇਆ
ਸਹਿਗਲ : ਕੌਂਸਲਰ ਮੀਨੂੰ ਸਹਿਗਲ ਨੇ ਕਿਹਾ ਕਿ ਗਠਜੋੜ ਸਰਕਾਰ ਨੇ ਰਾਜ ਨਹੀਂ ਸੇਵਾ ਦਾ ਵਾਅਦਾ ਪੂਰੀ ਤਰ੍ਹਾਂ ਨਾਲ ਨਿਭਾਇਆ ਹੈ ਜਦਕਿ ਕਾਂਗਰਸ ਸਰਕਾਰ ਨੇ ਸਾਰੀਆਂ ਸਕੀਮਾਂ ਯੋਜਨਾਵਾਂ 'ਤੇ ਬ੍ਰੇਕਾਂ ਲਗਾ ਦਿੱਤੀਆਂ ਹਨ। ਕਾਂਗਰਸ ਦੀਆਂ ਹੁਣ ਮੋਦੀ ਸਰਕਾਰ ਵੱਲ ਫੰਡਾਂ ਲਈ ਨਿਗਾਹਾਂ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਕੌਂਸਲਰ ਪ੍ਰੀਤੀ ਤਨੇਜਾ ਤੇ ਪ੍ਰਿੰਸੀਪਲ ਰਮਾ ਮਹਾਜਨ ਤੇ ਪਿਛਲੀ ਟਰਮ ਦੌਰਾਨ ਕੀਤੇ ਕੰਮਾਂ ਦੀ ਸਰਾਹਨਾ ਕੀਤੀ। ਡਾ. ਅਨੂਪ ਨੇ ਕਿਹਾ ਕਿ ਵਿਕਾਸ ਦੀਆਂ ਗੱਲਾਂ ਅਰਬਾਂ -ਕਰੋੜਾਂ ਦੀਆਂ ਕੀਤੀਆਂ ਜਾਂਦੀਆਂ ਰਹੀਆਂ ਪਰ ਮੁਲਾਜ਼ਮ ਤਨਖਾਹਾਂ ਲਈ ਹੜਤਾਲ 'ਤੇ ਹੀ ਰਹੇ ਹਨ।
ਸਟਰੀਟ ਲਾਈਟਸ ਲਈ ਮੁਲਾਜ਼ਮ ਨਹੀਂ : ਵੈਦ
ਕੌਂਸਲਰ ਰਾਕੇਸ਼ ਵੈਦ ਨੇ ਕਿਹਾ ਕਿ ਵਾਰਡ 'ਚ ਸਟਰੀਟ ਲਾਈਟਸ ਲਈ ਨਾ ਸਾਮਾਨ ਹੈ ਅਤੇ ਨਾ ਹੀ ਕਰਮਚਾਰੀ ਹਨ। ਉਨ੍ਹਾਂ ਕਿਹਾ ਕਿ ਸਟਰੀਟ ਲਾਈਟਸ ਦਾ ਕੰਮ ਕਰਦੇ ਮੁਲਾਜ਼ਮ ਨੂੰ ਦੁਰਘਟਨਾ ਦੌਰਾਨ ਸੱਟ ਲੱਗ ਗਈ ਜਿਸ ਉਪਰੰਤ ਹਾਊਸ 'ਚ ਜ਼ਖਮੀ ਮੁਲਾਜ਼ਮ ਲਈ 50 ਹਜ਼ਾਰ ਦੇਣ ਦਾ ਭਰੋਸਾ ਦਿੱਤਾ ਗਿਆ। ਕੌਂਸਲਰ ਅਵਿਨਾਸ਼ ਜੌਲੀ ਨੇ ਡੀ. ਸਿਲਟਿੰਗ ਕਰਨ ਵਾਲਿਆਂ ਨੂੰ ਪੈਸੇ ਦੇਣ ਦੀ ਮੰਗ ਕੀਤੀ।
ਗੁਰਦੁਆਰਾ ਸਾਹਿਬ ਦੇ ਰਸਤੇ ਦੀ ਲਈ ਜਾਵੇ ਸਾਰ : ਅੰਮੂ
ਕੌਂਸਲਰ ਅੰਮੂ ਗੁੰਮਟਾਲਾ ਨੇ ਗੁਰਦੁਆਰਾ ਪਲਾਹ ਸਾਹਿਬ ਦੇ ਮੇਲੇ ਨੂੰ ਧਿਆਨ 'ਚ ਰੱਖਦਿਆਂ ਰਸਤੇ ਨੂੰ ਦਰੁਸਤ ਕਰਨ ਤੇ ਲਾਈਟਸ ਲਗਾਉਣ ਦੀ ਮੰਗ ਕੀਤੀ। ਕੌਂਸਲਰ ਰਜਨੀ ਸ਼ਰਮਾ ਨੇ ਗੁਰਦੁਆਰਾ ਛੇਹਰਟਾ ਸਾਹਿਬ ਦੇ ਸ਼ਰਧਾਲੂਆਂ ਲਈ ਟਾਇਲਟ ਸੈੱਟ ਬਣਾਉਣ ਤੇ ਡਵਾਈਡਰਾਂ 'ਚੋਂ ਲੰਘਣ ਲਈ ਦੂਰ-ਦੂਰ ਤੱਕ ਰਸਤਾ ਨਾ ਹੋਣ ਦੀਆਂ ਮੁਸ਼ਕਲਾਂ ਸਬੰਧੀ ਦੱਸਿਆ। ਕੌਂਸਲਰ ਡਾ. ਰਾਮ ਚਾਵਲਾ ਨੇ ਨਿਗਮ ਦੀ ਲੈਬਾਰਟਰੀ ਦੇ ਟੈਕਨੀਸ਼ੀਅਨ ਦੇ ਹੱਕ 'ਚ ਆਵਾਜ਼ ਉਠਾਈ।
ਡੀ.ਸੀ. ਰੇਟਾਂ ਵਾਲੇ ਹੋਏ ਗਦ-ਗਦ
ਨੌਕਰੀਆਂ ਤੋਂ ਹਟਾਏ ਗਏ ਡੀ.ਸੀ. ਰੇਟਾਂ ਵਾਲਿਆਂ ਨੂੰ ਦੁਬਾਰਾ ਰੱਖਣ ਲਈ ਪਾਸ ਕੀਤੇ ਮੱਤੇ ਨੂੰ ਪਾਸ ਹੋਣ ਉਪਰੰਤ ਡੀ.ਸੀ. ਰੇਟਾਂ ਵਾਲਿਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਨੇ ਮੇਅਰ ਬਖਸ਼ੀ ਰਾਮ ਅਰੋੜਾ ਦਾ ਧੰਨਵਾਦ ਕੀਤਾ ਤੇ ਢੋਲ ਦੀ ਥਾਪ 'ਤੇ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।
ਮਾਮਲਾ ਕੁਲੀਆਂ ਵਲੋਂ ਕੀਤੀ ਹੜਤਾਲ ਦਾ : ਤੀਜੇ ਦਿਨ ਵੀ ਬੰਦ ਰਿਹਾ ਭਾਰਤ-ਪਾਕਿ ਕਾਰੋਬਾਰ
NEXT STORY