ਫਰੀਦਕੋਟ (ਹਾਲੀ) - ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ 25 ਅਗਸਤ ਨੂੰ ਹੋਣ ਵਾਲੀ ਅਦਾਲਤ ਦੀ ਪੇਸ਼ੀ ਦੇ ਮੱਦੇਨਜ਼ਰ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਵੀਡੀਓ, ਪੋਸਟਾਂ ਤੇ ਪੱਤਰ ਵਾਇਰਲ ਹੋ ਰਹੇ ਹਨ। ਇਸ ਸਬੰਧੀ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਲਾਅ ਐਂਡ ਆਰਡਰ ਵੱਲੋਂ ਹਾਲ ਹੀ ਵਿਚ ਜਾਰੀ ਕੀਤਾ ਗਿਆ ਇਕ ਪੱਤਰ ਵਾਇਰਲ ਹੋਇਆ ਹੈ, ਜੋ ਸੂਬੇ ਦੇ ਸਾਰੇ ਜ਼ੋਨਾਂ ਦੇ ਆਈ. ਜੀ., ਰੇਂਜਾਂ ਦੇ ਡੀ. ਆਈ. ਜੀ., ਪੁਲਸ ਕਮਿਸ਼ਨਰਾਂ ਤੇ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨਾਂ ਨੂੰ ਲਿਖਿਆ ਗਿਆ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਫਰੀਦਕੋਟ ਜ਼ਿਲੇ ਦੇ ਨਾਮ ਚਰਚਾ ਘਰਾਂ ਵਿਚ ਕਾਫ਼ੀ ਕੁਝ ਅਜਿਹਾ ਸਟੋਰ ਕੀਤਾ ਗਿਆ ਹੈ, ਜਿਸ ਕਾਰਨ ਹਾਲਾਤ ਖਰਾਬ ਹੋ ਸਕਦੇ ਹਨ। ਪੱਤਰ 'ਚ ਡੀ. ਜੀ. ਪੀ. ਨੇ ਕਿਹਾ ਕਿ ਜ਼ਿਲੇ ਦੇ ਨਾਮ ਚਰਚਾ ਘਰਾਂ ਵਿਚ ਪ੍ਰੇਮੀਆਂ ਨੇ ਪੈਟਰੋਲ ਤੇ ਡੀਜ਼ਲ ਡਰੰਪਾਂ ਦੇ ਹਿਸਾਬ ਨਾਲ ਸਟੋਰ ਕੀਤਾ ਹੈ। ਇਸ ਤੋਂ ਇਲਾਵਾ ਭਾਰੀ ਮਾਤਰਾ ਵਿਚ ਪੱਥਰ ਤੇ ਤੇਜ਼ਧਾਰ ਹਥਿਆਰ ਵੀ ਰੱਖ ਲਏ ਹਨ। ਉਨ੍ਹਾਂ ਪੱਤਰ ਵਿਚ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਨਾਮ ਚਰਚਾ ਘਰਾਂ ਦੀ ਸੁਰੱਖਿਆ ਵਧਾਈ ਜਾਵੇ ਤੇ ਇਥੋਂ ਪੁਲਸ ਦੇ ਵੱਧ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਪੱਤਰ ਦੇ ਵਾਇਰਲ ਹੋਣ ਤੋਂ ਬਾਅਦ ਸਾਰੇ ਜ਼ਿਲੇ ਵਿਚ ਪੈਂਦੇ ਨਾਮ ਚਰਚਾ ਘਰਾਂ ਦੀ ਸੁਰੱਖਿਆ ਪੁਲਸ ਨੇ ਸਖਤ ਕਰ ਦਿੱਤੀ ਹੈ ਅਤੇ ਨਾਮ ਚਰਚਾ ਘਰਾਂ ਵਿਚ ਆਉਣ-ਜਾਣ ਵਾਲਿਆਂ 'ਤੇ ਨਜ਼ਰ
ਰੱਖੀ ਜਾ ਰਹੀ ਹੈ।
6 ਪੈਰਾਮਿਲਟਰੀ ਫ਼ੋਰਸਾਂ ਦੀਆਂ ਕੰਪਨੀਆਂ ਤੇ 2 ਹਜ਼ਾਰ ਪੁਲਸ ਕਰਮੀ ਤਾਇਨਾਤ
ਪੁਲਸ ਕਪਤਾਨ ਡਾ. ਨਾਨਕ ਸਿੰਘ ਨੇ ਪੱਤਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਪੱਤਰ ਸਿਰਫ ਚੌਕਸੀ ਵਰਤਣ ਲਈ ਸਾਧਾਰਨ ਤੌਰ 'ਤੇ ਭੇਜਿਆ ਗਿਆ ਹੈ। ਇਸ ਵਿਚ ਦਰਜ ਸਾਮਾਨ ਦੀ ਪੁਸ਼ਟੀ ਨਹੀਂ ਕੀਤੀ ਗਈ, ਬਲਕਿ ਇਸ ਤਰ੍ਹਾਂ ਦੇ ਹਥਿਆਰ ਤੇ ਦੂਸਰੀਆਂ ਵਸਤੂਆਂ ਬਾਰੇ ਜਾਂਚ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਫਰੀਦਕੋਟ ਦੇ ਨਾਮ ਚਰਚਾ ਘਰਾਂ ਨੂੰ ਡੇਰਾ ਆਗੂਆਂ ਨੂੰ ਨਾਲ ਲੈ ਕੇ ਚੈੱਕ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਦਾ ਕੁਝ ਵੀ ਸਟੋਰ ਨਹੀਂ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਹਾਲਾਤ ਖਰਾਬ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਜ਼ਿਲੇ ਅੰਦਰ 6 ਪੈਰਾਮਿਲਟਰੀ ਫ਼ੋਰਸਾਂ ਦੀਆਂ ਕੰਪਨੀਆਂ ਤੋਂ ਇਲਾਵਾ ਪੰਜਾਬ ਪੁਲਸ ਦੇ 2 ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲੇ ਅੰਦਰ ਅਮਨ ਸ਼ਾਂਤੀ ਬਣਾਈ ਰੱਖਣ ਲਈ ਸ਼ਰਾਰਤੀ ਅਨਸਰਾਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਜ਼ਿਲੇ ਵਿਚ ਫ਼ਲੈਗ ਮਾਰਚ ਕਰਨ ਦੇ ਨਾਲ-ਨਾਲ ਇੰਟਰ ਡਿਸਟਿਕ ਨਾਕੇ ਲਾਏ ਗਏ ਹਨ ਅਤੇ ਪੂਰੇ ਜ਼ਿਲੇ ਨੂੰ ਸੀਲ ਕਰਨ ਲਈ ਸਾਰੇ ਪੁਆਇੰਟਾਂ ਦੀ ਸ਼ਨਾਖਤ ਕਰ ਕੇ ਉਥੇ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲੇ ਅੰਦਰ ਹਰ ਆਉਣ-ਜਾਣ ਵਾਲੇ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ
NEXT STORY